ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਜਾਗਰੂਕ ਵੋਟਰ ਸਿਹਤਮੰਦ ਜਮਹੂਰੀਅਤ

Posted On July - 22 - 2019

ਲਕਸ਼ਮੀਕਾਂਤਾ ਚਾਵਲਾ

ਭਾਰਤ ਜਿਹੀ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਵਿਚ ਹਰ ਪੰਜ ਸਾਲ ਬਾਅਦ ਇਹ ਆਵਾਜ਼ ਸੁਣਾਈ ਦਿੰਦੀ ਹੈ ਕਿ ਨੇਤਾਵਾਂ ਦੇ ਪੰਜ ਸਾਲ ਅਤੇ ਵੋਟਰ ਦਾ ਇਕ ਦਿਨ। ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਤਮਾ ਦੀ ਆਵਾਜ਼ ਸੁਣ ਕੇ ਮਤਦਾਨ ਕਰਨ; ਕਿਸੇ ਡਰ, ਦਬਾਅ ਜਾਂ ਲਾਲਚ ਨਾਲ ਨਹੀਂ। ਦੇਸ਼ ਦੇ ਵੋਟਰਾਂ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਜਾਗਰੂਕ ਵੋਟਰ ਹੀ ਸਿਹਤਮੰਦ ਜਮਹੂਰੀਅਤ ਨੂੰ ਅੱਗੇ ਵਧਾ ਸਕਦਾ ਹੈ। ਇਹ ਵੀ ਸੱਚ ਹੈ ਕਿ ਅੱਜ ਤਕ ਲੋਕਤੰਤਰ ਤੋਂ ਵਧੀਆ ਸ਼ਾਸਨ ਪ੍ਰਣਾਲੀ ਪੂਰੀ ਦੁਨੀਆਂ ਵਿਚ ਨਹੀਂ। ਜਿਸ ਦਿਨ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਪੂਰੀ ਸ਼ਾਨ ਨਾਲ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਨੂੰ ਲੱਗਦਾ ਹੈ ਜਿਵੇਂ ਉਨ੍ਹਾਂ ਨੂੰ ਸੰਵਿਧਾਨ ਵਿਚ ਲਿਖੀ ਪਰਿਭਾਸ਼ਾ ਮੁਤਾਬਿਕ- ਲੋਕਾਂ ਦਾ ਰਾਜ, ਲੋਕਾਂ ਲਈ, ਲੋਕਾਂ ਦੁਆਰਾ- ਸਰਕਾਰ ਮਿਲੇਗੀ। ਪਰ ਹੌਲੀ ਹੌਲੀ ਕੌੜਾ ਸੱਚ ਇਹ ਹੋ ਗਿਆ ਕਿ ਜਨਤਾ ਰਾਜਾ ਬਣਾਉਂਦੀ ਤਾਂ ਹੈ, ਪਰ ਉਨ੍ਹਾਂ ਲਈ ਕੁਝ ਨਹੀਂ ਹੁੰਦਾ। ਵਿਚਾਰੀ ਜਨਤਾ ਇਹ ਵੇਖ ਕੇ ਠੱਗਿਆ ਕਰਦੀ ਹੈ ਕਿ ਜਿਸ ਵਿਚਾਰਾਧਾਰਾ ਅਤੇ ਵਿਅਕਤੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਮਤਦਾਨ ਕੀਤਾ; ਜਿਸ ਦੇ ਹੱਥਾਂ ਵਿਚ ਆਪਣੇ ਦੇਸ਼, ਸੂਬੇ, ਆਪਣੇ ਸਨਮਾਨ ਅਤੇ ਸੁਰੱਖਿਆ ਦੀ ਵਾਗਡੋਰ ਸੌਂਪੀ ਸੀ, ਉਹੀ ਉਨ੍ਹਾਂ ਦਾ ਨਹੀਂ ਰਿਹਾ। ਉਸ ਦੀ ਵਫ਼ਾਦਾਰੀ ਬਦਲ ਗਈ ਹੈ। ਉਸ ਦੇ ਗਲੇ ਵਿਚ ਪਾਏ ਪਟਕੇ ਦਾ ਰੰਗ ਬਦਲਣੇ ਦੇ ਨਾਲ ਨਾਲ ਜ਼ੁਬਾਨ ਵੀ ਬਦਲ ਗਈ। ਦਲ ਬਦਲਣ ਨਾਲ ਦਿਲ ਬਦਲਦਾ ਹੈ ਜਾਂ ਨਹੀਂ, ਇਹ ਤਾਂ ਉਹੀ ਹੀ ਜਾਣੇ, ਪਰ ਉਸ ਦੇ ਭਾਸ਼ਣ ਅਤੇ ਰੰਗ-ਢੰਗ ਪੂਰੀ ਤਰ੍ਹਾਂ ਬਦਲ ਜਾਂਦੇ ਹਨ। ਜਿਨ੍ਹਾਂ ਨੂੰ ਜਿਤਾਉਣ ਲਈ ਲੋਕ ਦਿਨ ਰਾਤ ਇਕ ਕਰ ਦਿੰਦੇ ਹਨ, ਇਕ ਦਿਨ ਜਦੋਂ ਉਹੀ ਨੇਤਾ ਆਪਣੀ ਸਹੂਲਤ ਅਤੇ ਸੱਤਾ ਦਾ ਸੁਆਦ ਵਧੇਰੇ ਚਿਰ ਚੱਖਣ ਲਈ ਦਲ ਬਦਲ ਕੇ ਕਿਸੇ ਵੀ ਸੂਬੇ ਦੀ ਕੈਬਨਿਟ ਵਿਚ ਦਾਖ਼ਲ ਹੋ ਜਾਂਦਾ ਹੈ ਤਾਂ ਜਨਤਾ ਦੀ ਹਾਲਤ ਪ੍ਰਸਿੱਧ ਕਵੀ ਨੀਰਜ ਦੇ ਇਸ ਸ਼ਿਅਰ ਵਰਗੀ ਹੋ ਜਾਂਦੀ ਹੈ- ਕਾਰਵਾਂ ਗੁਜ਼ਰ ਗਯਾ ਗੁਬਾਰ ਦੇਖਤੇ ਰਹੇ। ਵਿਚਾਰਾ ਵੋਟਰ ਏਨਾ ਵਿਆਕੁਲ ਹੋ ਜਾਂਦਾ ਹੈ ਕਿ ਗੁਬਾਰ ਸਹਿਣ ਦੀ ਵੀ ਉਸ ਵਿਚ ਹਿੰਮਤ ਨਹੀਂ ਰਹਿੰਦੀ।
ਵੋਟਰ ਜਾਗਰੂਕ ਹੋਵੇ ਜਾਂ ਨਾ, ਪਰ ਇਹ ਸੱਚ ਹੈ ਕਿ ਵੱਡੀ ਗਿਣਤੀ ਖਪਤਕਾਰ ਆਪਣੇ ਅਧਿਕਾਰਾਂ ਅਤੇ ਆਪਣੀ ਜੇਬ੍ਹ ਪ੍ਰਤੀ ਜਾਗਰੂਕ ਹੋ ਗਏ ਹਨ। ਵੱਡੀ ਮਸ਼ੀਨਰੀ ਦੀ ਗੱਲ ਤਾਂ ਹੀ ਕੀ, ਇਕ ਬਲਬ, ਚੁੱਲ੍ਹੇ ਦਾ ਲਾਈਟਰ ਜਾਂ ਕੱਪੜੇ ਪ੍ਰੈੱਸ ਕਰਨ ਲਈ ਛੋਟੀ ਜਿਹੀ ਮਸ਼ੀਨ ਵੀ ਲੈਣ ਸਮੇਂ ਵੀ ਉਹ ਦੁਕਾਨਦਾਰ ਤੋਂ ਗਾਰੰਟੀ ਕਾਰਡ ਮੰਗਦਾ ਹੈ। ਉਸ ਨੂੰ ਮਿਲਦਾ ਵੀ ਹੈ। ਜੇਕਰ ਕੋਈ ਦੁਕਾਨਦਾਰ ਜ਼ਰੂਰੀ ਰਾਹਤ ਨਹੀਂ ਦਿੰਦਾ ਤਾਂ ਉਸ ਲਈ ਖਪਤਕਾਰ ਕਮਿਸ਼ਨ ਬਣੇ ਹੈ ਜਿੱਥੋਂ ਉਹ ਆਪਣੇ ਨਾਲ ਹੋਈ ਠੱਗੀ ਦਾ ਇਲਾਜ ਲਗਪਗ ਲੱਭ ਹੀ ਲੈਂਦਾ ਹੈ, ਪਰ ਸਾਰੀ ਹੱਦਾਂ ਉਲੰਘਦਿਆਂ ਵੋਟਰਾਂ ਨੂੰ ਠੱਗਣ ਵਾਲੇ ਆਪਣੀ ਪਾਰਟੀ ਨੂੰ ਅੰਗੂਠਾ ਦਿਖਾ ਕੇ ਸੱਤਾ ਦਾ ਸ਼ਾਰਟਕੱਟ ਚਾਹੁਣ ਵਾਲੇ ਲੋਕਾਂ ਦੇ ਪ੍ਰਤੀਨਿਧਾਂ ਵੱਲੋਂ ਲੋਕਾਂ ਨਾਲ ਕੀਤੀ ਗਈ ਧੋਖਾਧੜੀ ਦਾ ਮੁਆਵਜ਼ਾ ਦੇਣ ਲਈ ਅਜੇ ਤਕ ਕੋਈ ਕਮਿਸ਼ਨ ਨਹੀਂ ਬਣਿਆ। ਜਦੋਂ ਸਾਡੇ ਮੁਲਕ ਵਿਚ ਦਲ ਬਦਲੀ ਸਬੰਧੀ ਕਾਨੂੰਨ ਬਣਿਆ ਸੀ ਤਾਂ ਜਮਹੂਰੀ ਪ੍ਰਣਾਲੀ ਦੇ ਵੋਟਰਾਂ ਨੂੰ ਇਹ ਵਿਸ਼ਵਾਸ ਬੱਝਿਆ ਸੀ ਕਿ ਹੁਣ ਆਇਆ ਰਾਮ ਗਿਆ ਰਾਮ ਦੀ ਰੀਤ ਨੂੰ ਠੱਲ੍ਹ ਪੈ ਜਾਵੇਗੀ। ਪਰ ਸਕਤੇ ਦਾ ਸੱਤੀਂ ਵੀਹੀਂ ਸੌ। ਦਲ ਬਦਲੀ ਕਾਨੂੰਨ ਤਹਿਤ ਇਹ ਨਿਯਮ ਬਣਿਆ ਕਿ ਇਕ-ਤਿਹਾਈ ਜਾਂ ਉਸ ਤੋਂ ਜ਼ਿਆਦਾ ਮੈਂਬਰ ਪਾਰਟੀ ਬਦਲ ਲੈਣ ਤਾਂ ਇਹ ਅਪਰਾਧ ਨਹੀਂ। ਗੱਲ ਇਹ ਹੈ ਕਿ ਛੋਟੇ ਅਪਰਾਧ ਲਈ ਸਜ਼ਾ ਦਾ ਪ੍ਰਾਵਧਾਨ ਹੈ ਜਦੋਂਕਿ ਜ਼ਿਆਦਾ ਵਿਅਕਤੀਆਂ ਦੁਆਰਾ ਕੀਤੇ ਗਏ ਵੱਡੇ ਅਪਰਾਧ ਲਈ ਕੋਈ ਸਜ਼ਾ ਨਹੀਂ। ਮੰਤਰੀ ਬਣਨ ਮੌਕੇ ਚੁੱਕੀ ਸੰਵਿਧਾਨ ਦੀ ਸਹੁੰ ਅਤੇ ਚੋਣਾਂ ਲੜਨ ਤੋਂ ਪਹਿਲਾਂ ਵੋਟਰਾਂ ਨਾਲ ਕੀਤੇ ਵਾਅਦਿਆਂ ਨੂੰ ਨੇਤਾ ਵਿਸਾਰ ਦਿੰਦੇ ਹਨ।
ਵੋਟਰਾਂ ਨਾਲ ਧੋਖਾ ਕਰਕੇ ਸੱਤਾ ਮਾਣਨ ਵਾਲੇ ਬੇਸ਼ੱਕ ਕੁਝ ਦਿਨ ਤਾਂ ਸੁਖ ਨਾਲ ਜਿਊਂ ਲੈਣ, ਪਰ ਇਸ ਕਾਰਨ ਸਮਾਜਿਕ ਅਤੇ ਰਾਜਨੀਤਕ ਮਾਨਤਾਵਾਂ ਦੇ ਹੁੰਦੇ ਪਤਨ ਨੂੰ ਉਹ ਨਹੀਂ ਵੇਖ ਸਕਦੇ। ਨਿੱਤ ਇਹ ਸੁਣਨ ਨੂੰ ਮਿਲਦਾ ਹੈ ਕਿ ਵਿਧਾਇਕਾਂ, ਸੰਸਦ ਮੈਂਬਰਾਂ ਨੂੰ ਖਰੀਦਣ ਲਈ ਵੱਡੀਆਂ ਪਾਰਟੀਆਂ ਕਰੋੜਾਂ ਰੁਪਏ ਦੀ ਰਿਸ਼ਵਤ ਦਿੰਦੀਆਂ ਹਨ, ਹਾਰਸ ਟਰੇਡਿੰਗ ਤਾਂ ਹੁਣ ਘਸਿਆ-ਪਿਟਿਆ ਸ਼ਬਦ ਜਾਪਦਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕਾਰਕੁਨਾਂ ਨੂੰ ਟਿਕਟ ਦੇਣ ਤੋਂ ਪਹਿਲਾਂ ਸਿਆਸੀ ਪਾਰਟੀਆਂ ਉਨ੍ਹਾਂ ਦੀ ਭਰੋਸੇਯੋਗਤਾ ਕਿਉਂ ਨਹੀਂ ਪਰਖਦੀਆਂ?

ਲਕਸ਼ਮੀਕਾਂਤਾ ਚਾਵਲਾ

ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਬੋਰਡਾਂ ਅਤੇ ਨਿਗਮਾਂ ਦੇ ਚੇਅਰਮੈਨ ਬਣਾਉਣ ਤੋਂ ਪਹਿਲਾਂ ਸੰਭਾਵੀ ਵਿਅਕਤੀਆਂ ਦੇ ਚਰਿੱਤਰ ਆਦਿ ਦੀ ਜਾਂਚ ਕੀਤੀ ਜਾਵੇਗੀ। ਇਸ ਮਗਰੋਂ ਹੀ ਕੋਈ ਅਹੁਦਾ ਦਿੱਤਾ ਜਾਵੇਗਾ। ਇਹ ਜਾਂਚ ਪੁਲੀਸ ਤੋਂ ਕਰਵਾਈ ਜਾਵੇਗੀ। ਮੁੱਖ ਮੰਤਰੀ ਅਤੇ ਦੇਸ਼ ਦੇ ਹੋਰ ਨੇਤਾਵਾਂ ਨੂੰ ਮੇਰਾ ਸਵਾਲ ਹੈ ਕਿ ਕੀ ਪੁਲੀਸ ਏਨੀ ਭਰੋਸੇਯੋਗ ਹੋ ਗਈ ਕਿ ਸਿਆਸਤਦਾਨਾਂ ਦੇ ਮਾਮਲੇ ਵਿਚ ਡਰ ਅਤੇ ਦਬਾਅ ਤੋਂ ਮੁਕਤ ਹੋ ਕੇ ਕੋਈ ਰਿਪੋਰਟ ਦੇ ਸਕੇਗੀ? ਕੀ ਦੇਸ਼ ਦੀ ਪੁਲੀਸ ਵਿਚ ਪਾਣੀ ’ਚ ਰਹਿ ਕੇ ਮਗਰਮੱਛ ਨਾਲ ਵੈਰ ਸਹੇੜਨ ਦੀ ਹਿੰਮਤ ਹੈ? ਕੀ ਪੁਲੀਸ ਦੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਇਮਾਨਦਾਰੀ ਦੀ ਜਾਂਚ ਦੇਸ਼ ਦੇ ਨੇਤਾਵਾਂ ਨੇ ਪਹਿਲਾਂ ਕਰਵਾਈ ਹੈ? ਜੇਕਰ ਸਿਆਸੀ ਪਾਰਟੀਆਂ ਦੇ ਸਿਖਰਲੇ ਆਗੂ ਚੋਣਾਂ ਲਈ ਟਿਕਟ ਦੇਣ ਤੋਂ ਪਹਿਲਾਂ ਚੋਣ ਮੈਦਾਨ ’ਚ ਨਿੱਤਰਨ ਵਾਲੇ ਨੇਤਾਵਾਂ ਦੀ ਇਮਾਨਦਾਰੀ, ਵਫ਼ਾਦਾਰੀ ਆਦਿ ਸਬੰਧੀ ਨਿਰਪੱਖ ਢੰਗ ਨਾਲ ਜਾਂਚ ਕਰਵਾ ਲੈਣ ਤਾਂ ਸ਼ਾਇਦ ਸਾਰਾ ਤੰਤਰ ਹੀ ਸੁਧਰ ਜਾਵੇਗਾ। ਦਾਗੀ, ਭ੍ਰਿਸ਼ਟਾਚਾਰੀ, ਲੋਕਾਂ ਦੇ ਹਿੱਤਾਂ ਨੂੰ ਵੇਚਣ ਵਾਲੇ ਪੰਚਾਇਤ ਤੋਂ ਲੈ ਕੇ ਸੰਸਦ ਤਕ ਕਿਤੇ ਵੀ ਪੁੱਜ ਨਹੀਂ ਸਕਣਗੇ। ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ। ਇਸ ਦੇ ਨਾਲ ਹੀ ਭਾਰਤ ਦੇ ਵੋਟਰਾਂ ਨੂੰ ਸੱਚਮੁੱਚ ਜਾਗਰੂਕ ਹੋਣਾ ਪਵੇਗਾ।


Comments Off on ਜਾਗਰੂਕ ਵੋਟਰ ਸਿਹਤਮੰਦ ਜਮਹੂਰੀਅਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.