ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ

Posted On July - 23 - 2019

ਸ਼ਿਵ ਇੰਦਰ ਸਿੰਘ

ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਨੇ ਬੇਮਿਸਾਲ ਜਿੱਤ ਹਾਸਲ ਕਰਕੇ ਦੂਜੀ ਵਾਰ ਸਰਕਾਰ ਬਣਾਈ ਹੈ। ਇਸ ਜਿੱਤ ਤੋਂ ਬਾਅਦ ਮੋਦੀ ਨੇ ਆਪਣੇ ਜੁਮਲੇਨੁਮਾ ਨਾਅਰੇ ‘ਸਭ ਕਾ ਸਾਥ, ਸਭ ਕਾ ਵਿਕਾਸ’ ਨਾਲ ਇਕ ਹੋਰ ਸ਼ਬਦ ‘ਸਭ ਕਾ ਵਿਸ਼ਵਾਸ’ ਜੋੜ ਦਿੱਤਾ, ਪਰ ਕੁਝ ਦਿਨਾਂ ਵਿਚ ਹੀ ਇਸਦਾ ਸੱਚ ਵੀ ਸਾਹਮਣੇ ਆਉਣ ਲੱਗਾ। ਖਦਸ਼ੇ ਪੈਦਾ ਹੋਣ ਲੱਗੇ ਕਿ ਘੱਟ ਗਿਣਤੀਆਂ ਦੇ ਮਨਾਂ ਵਿਚ ਜੋ ਡਰ ਤੇ ਸਹਿਮ ਦਾ ਮਾਹੌਲ ਪਿਛਲੇ ਪੰਜ ਸਾਲਾਂ ਵਿਚ ਬਣਿਆ ਹੈ ਉਹ ਹੋਰ ਵਧੇਗਾ। ਦੇਸ਼ ਦੀ ਵਿਭਿੰਨਤਾ ’ਤੇ ਹਮਲੇ ਹੁੰਦੇ ਰਹਿਣਗੇ, ਰਾਸ਼ਟਰਵਾਦ ਦੇ ਨਾਂ ’ਤੇ ਦੇਸ਼ ਦੀ ਬਹੁਲਤਾ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਵਿਰੋਧੀ ਵਿਚਾਰਾਂ ਨੂੰ ਖ਼ਤਮ ਕਰਨ ਦਾ ਸਿਲਸਿਲਾ ਜਾਰੀ ਰਹੇਗਾ।
ਇਸ ਜਿੱਤ ਤੋਂ ਬਾਅਦ ਰਾਸ਼ਟਰੀ ਸੇਵਕ ਸੰਘ ਨਾਲ ਸਬੰਧਿਤ ਜਥੇਬੰਦੀਆਂ ਦੇ ਹੌਸਲੇ ਹੋਰ ਬੁਲੰਦ ਹੋ ਗਏ। ਘੱਟ ਗਿਣਤੀਆਂ ’ਤੇ ਹਮਲੇ ਤੇਜ਼ ਹੋ ਗਏ ਹਨ। ਹਜੂਮੀ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ। ਆਏ ਦਿਨ ਗਊ ਰੱਖਿਆ ਦੇ ਨਾਮ ’ਤੇ ਮੁਸਲਮਾਨਾਂ ਤੇ ਦਲਿਤਾਂ ਦੀ ਮਾਰ-ਕੁਟਾਈ ਦੇ ਮਾਮਲੇ ਸਾਹਮਣੇ ਆ ਰਹੇ ਹਨ। ਭਾਜਪਾ ਵਿਧਾਇਕ ਤੇ ਸੰਸਦ ਮੈਂਬਰ ਆਪਹੁਦਰੀਆਂ ’ਤੇ ਉਤਰ ਆਏ ਹਨ। ਮੋਦੀ ਹਕੂਮਤ ਨੇ ਸਪੱਸ਼ਟ ਰੂਪ ਵਿਚ ਸੰਘ ਪਰਿਵਾਰ ਦੇ ਏਜੰਡੇ ਨੂੰ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਸੋਚ ਵਿਚੋਂ ਇਕ ਰਾਸ਼ਟਰ ਇਕ ਚੋਣ, ਨਵੀਂ ਸਿੱਖਿਆ ਨੀਤੀ ਦੀ ਗੱਲ ਤੇ ਜੰਮੂ-ਕਸ਼ਮੀਰ ਦੀ ਹਲਕਾਬੰਦੀ ਦੀ ਗੱਲ ਆਦਿ ਨਿਕਲ ਕੇ ਸਾਹਮਣੇ ਆ ਰਹੀ ਹੈ। ਦੁਨੀਆਂ ਭਰ ਦੇ ਦੇਸ਼ ਭਾਰਤ ਵਿਚ ਘੱਟ ਗਿਣਤੀਆਂ ’ਤੇ ਹੋ ਰਹੇ ਹਮਲਿਆਂ ਬਾਰੇ ਆਪਣੀ ਚਿੰਤਾ ਪ੍ਰਗਟ ਕਰ ਚੁੱਕੇ ਹਨ।
ਮੁਲਕ ਦੇ ਮਾੜੇ ਆਰਥਿਕ-ਸਮਾਜਿਕ ਹਾਲਾਤ, ਮਹਿੰਗਾਈ ਤੇ ਬੇਰੁਜ਼ਗਾਰੀ ਦੀ ਮਾਰ ਦੇ ਬਾਵਜੂਦ ਭਾਜਪਾ ਦੀ ਵੱਡੀ ਜਿੱਤ ਦਾ ਕਾਰਨ ਬਹੁਤੇ ਧਰਮ ਨਿਰਪੱਖ ਵਿਦਵਾਨ ਮੋਦੀ ਸਰਕਾਰ ਵੱਲੋਂ ਧਨ ਦੀ ਵਰਤੋਂ, ਚੋਣ ਕਮਿਸ਼ਨ ਸਣੇ ਸਭ ਲੋਕਤੰਤਰੀ ਸੰਸਥਾਵਾਂ ਦਾ ਦੁਰਪ੍ਰਯੋਗ ਤੇ ਵੋਟਿੰਗ ਮਸ਼ੀਨਾਂ ’ਚ ਗੜਬੜੀ ਨੂੰ ਦੱਸ ਰਹੇ ਹਨ। ਇਹ ਤੱਥ ਕੁਝ ਹੱਦ ਤਕ ਤਾਂ ਸਹੀ ਹੋ ਸਕਦੇ ਹਨ, ਪਰ ਪੂਰੀ ਤਰ੍ਹਾਂ ਨਹੀਂ। ਅੱਖੋਂ-ਪਰੋਖੇ ਕੀਤਾ ਜਾਣ ਵਾਲਾ ਮੁੱਖ ਤੱਥ ਹੈ ਭਾਜਪਾ ਤੇ ਉਸਦੀ ਸੋਚ ਵਾਲੀਆਂ ਧਿਰਾਂ ਵੱਲੋਂ ਹਿੰਦੂ ਰਾਸ਼ਟਰ ਦੇ ਨਾਂ ਥੱਲੇ ਦੇਸ਼ ਦੇ ਬਹੁਗਿਣਤੀ ਭਾਈਚਾਰੇ ਅੰਦਰ ਘੱਟ ਗਿਣਤੀ ਮੁਸਲਿਮ ਭਾਈਚਾਰੇ ਪ੍ਰਤੀ ਨਫ਼ਰਤ ਤੇ ਡਰ ਦਾ ਮਾਹੌਲ ਪੈਦਾ ਕਰਨਾ। ਇਸਨੂੰ ਭਾਰਤੀ ਲੋਕਤੰਤਰ ਦੀ ਤ੍ਰਾਸਦੀ ਹੀ ਕਿਹਾ ਜਾ ਸਕਦਾ ਹੈ ਕਿ 1984 ’ਚ ਰਾਜੀਵ ਗਾਂਧੀ ਨੇ ਸਿੱਖ ਭਾਈਚਾਰੇ ਦੇ ਕਤਲੇਆਮ ਦੀ ਤੁਲਨਾ ‘ਵੱਡੇ ਦਰੱਖਤ ਦੇ ਡਿੱਗਣ’ ਤੇ ‘ਧਰਤੀ ਕੰਬਣ’ ਨਾਲ ਕੀਤੀ। ਪੂਰੇ ਤੀਹ ਸਾਲ ਬਾਅਦ ਇਕ ਅਜਿਹਾ ਵਿਅਕਤੀ ਪ੍ਰਧਾਨ ਮੰਤਰੀ ਬਣਦਾ ਹੈ ਜੋ ਦੂਜੇ ਘੱਟ ਗਿਣਤੀ ਭਾਈਚਾਰੇ ਦੇ ਕਤਲੇਆਮ ਦੀ ਤੁਲਨਾ ‘ਨਿਊਟਨ ਦੇ ਤੀਜੇ ਗਤੀ ਨਿਯਮ’ ਨਾਲ ਕਰਦਾ ਹੈ। ਆਪਣੇ ਪੰਜ ਸਾਲਾਂ ’ਚ ਉਹ ਅਜਿਹਾ ਮਾਹੌਲ ਤਿਆਰ ਕਰ ਦਿੰਦਾ ਹੈ ਜਿੱਥੇ ਘੱਟ ਗਿਣਤੀਆਂ ਦੀ ਹੱਤਿਆ ਤੇ ਮਾਰ ਕੁਟਾਈ ਆਮ ਗੱਲ ਹੋ ਗਈ ਹੋਵੇ। ਮੁਸਲਿਮ ਭਾਈਚਾਰੇ ਨੂੰ ਗਾਲ੍ਹਾਂ ਕੱਢਣੀਆਂ ‘ਰਾਸ਼ਟਰਵਾਦ’ ਬਣ ਗਿਆ ਹੋਵੇ ਤੇ ਭੀੜਾਂ ਰਾਹੀਂ ਕੀਤੀ ਹਿੰਸਾ ‘ਲੋਕਾਂ ਵੱਲੋਂ ਕੀਤਾ ਇਨਸਾਫ’ ਬਣ ਗਿਆ ਹੋਵੇ।

ਸ਼ਿਵ ਇੰਦਰ ਸਿੰਘ

ਨਫ਼ਰਤ ਦਾ ਮਾਹੌਲ ਪੈਦਾ ਕਰਕੇ ਲਏ ਫਤਵੇ ’ਚ ਹੀ ਕੁਝ ਅਜਿਹੇ ਤੱਥ ਪਏ ਹਨ ਜੋ ਮੋਦੀ ਸਰਕਾਰ ਦੇ ‘ਸਭ ਕਾ ਸਾਥ, ਸਭ ਕਾ ਵਿਕਾਸ’, ‘ਇਕ ਰਾਸ਼ਟਰ’ ਆਦਿ ਨਾਅਰਿਆਂ ਨੂੰ ਝੂਠ ਸਾਬਤ ਕਰਦੇ ਹਨ। ਇਸਨੂੰ ਸਮਝਣ ਲਈ ਭਾਰਤ ਦੇ ਉਨ੍ਹਾਂ ਰਾਜਾਂ ਦੇ ਨਤੀਜਿਆਂ ਵੱਲ ਝਾਤ ਮਾਰਨੀ ਪਵੇਗੀ ਜਿੱਥੇ ਦੇਸ਼ ਦੀ ਬਹੁਗਿਣਤੀ ਹਿੰਦੂ ਆਬਾਦੀ ਨਾਲੋਂ ਗ਼ੈਰ ਹਿੰਦੂ ਆਬਾਦੀ ਵਧੇਰੇ ਹੈ ਤੇ ਉਹ ਰਾਜ ਜਿੱਥੇ ਸੰਘ ਪਰਿਵਾਰ ਦੇ ਭਗਵੇਂਕਰਨ ਦਾ ਅਸਰ ਨਹੀਂ ਹੈ। ਪੰਜਾਬ, ਕੇਰਲ, ਕਸ਼ਮੀਰ ਘਾਟੀ, ਉੱਤਰ-ਪੁਰਬ ਦੇ ਕੁਝ ਰਾਜ ਤੇ ਦ੍ਰਾਵਿੜ ਲਹਿਰ ਦਾ ਗੜ੍ਹ ਰਿਹਾ ਤਾਮਿਲਨਾਡੂ ਇਸ ’ਚ ਉਚੇਚੇ ਤੌਰ ’ਤੇ ਸ਼ਾਮਿਲ ਹਨ।
ਲੋਕ ਸਭਾ ਨਤੀਜਿਆਂ ਤੋਂ ਬਾਅਦ ਹਿੰਦੂ ਰਾਸ਼ਟਰ ਨੂੰ ਮੰਨਣ ਵਾਲਿਆਂ ਤੇ ਨਾ ਮੰਨਣ ਵਾਲਿਆਂ ਵਿਚਕਾਰ ਇਕ ਲਕੀਰ ਖਿੱਚੀ ਗਈ ਹੈ। ਇਨ੍ਹਾਂ ਰਾਜਾਂ ’ਚ ਨਾ ਮੋਦੀ ਲਹਿਰ ਦਾ ਅਸਰ ਦਿਖਿਆ ਨਾ ਮੋਦੀ ਪ੍ਰਸ਼ਾਸਨ ਦਾ, ਨਾ ਹੀ ਇੱਥੇ ਹਿੰਦੂ ਰਾਸ਼ਟਰਵਾਦ ਦਾ ਅਸਰ ਹੈ, ਪਰ ਇਸਦੇ ਬਾਵਜੂਦ ਇਨ੍ਹਾਂ ਰਾਜਾਂ ਵਿਚੋਂ ਫ਼ੌਜ ਵਿਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਮੋਦੀ ਪ੍ਰਭਾਵ ਵਾਲੇ ਰਾਜਾਂ ਤੋਂ ਕਿਤੇ ਵਧੇਰੇ ਹੈ। ਗੱਲ ਸਾਫ਼ ਹੈ ਕਿ ਇਨ੍ਹਾਂ ਦੀ ਦੇਸ਼ ਭਗਤੀ ਤੇ ਰਾਸ਼ਟਰਵਾਦ ਵਿਚ ਕੋਈ ਕਮੀ ਨਹੀਂ, ਪਰ ਭਗਵੀਂ ਸੋਚ ਰਾਹੀਂ ਥੋਪਿਆ ਰਾਸ਼ਟਰਵਾਦ ਇਨ੍ਹਾਂ ਨੂੰ ਕਬੂਲ ਨਹੀਂ। ਇਹੀ ਕਾਰਨ ਹੈ ਕਿ ਉਹ ਮੋਦੀ ਨੂੰ ਵੋਟ ਨਹੀਂ ਪਾਉਂਦੇ। ਉਨ੍ਹਾਂ ਨੂੰ ਮੋਦੀ ਦੇ ‘ਨਵੇਂ ਭਾਰਤ’ ’ਚ ਆਪਣੀ ਕੋਈ ਭੂਮਿਕਾ ਨਜ਼ਰ ਨਹੀਂ ਆ ਰਹੀ।
ਇਨ੍ਹਾਂ ਸੂਬਿਆਂ ਤੋਂ ਇਲਾਵਾ ਮੋਦੀ ਦੇ ‘ਨਵੇਂ ਭਾਰਤ’ ਦੇ ਵਿਰੋਧ ’ਚ ਹੋਰ ਵੀ ਵਧੇਰੇ ਆਵਾਜ਼ਾਂ ਸੁਣਾਈ ਦੇਣਗੀਆਂ। ਸਭ ਤੋਂ ਪਹਿਲਾਂ ਮੁਸਲਮਾਨ ਹਨ ਜੋ ਇਸ ਮੁਲਕ ਦੇ ਵੱਖ-ਵੱਖ ਹਿੱਸਿਆਂ ’ਚ ਫੈਲੇ ਹੋਏ ਹਨ। ਇਹ ਭਾਈਚਾਰਾ ਭਾਜਪਾ ਦੇ ਹਰ ਵੱਡੇ-ਛੋਟੇ ਨੇਤਾ ਦੇ ਨਿਸ਼ਾਨੇ ’ਤੇ ਹੈ। ਇਹ ਵਰਗ ਮੋਦੀ ਦੇ ‘ਨਵੇਂ ਭਾਰਤ’ ’ਚ ਆਪਣੇ ਆਪਣੇ ਆਪ ਨੂੰ ਸਭ ਤੋਂ ਵੱਧ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੂੰ ਆਪਣਾ ਕਹਿਣ ਵਾਲੀਆਂ ਪਾਰਟੀਆਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਹੈ। ਫਿਰ ਇਸ ‘ਨਵੇਂ ਭਾਰਤ’ ਤੋਂ ਅਸੰਤੁਸ਼ਟ ਵਰਗਾਂ ’ਚ ਦਲਿਤਾਂ, ਆਦਿਵਾਸੀਆਂ ਤੇ ਇਸਾਈਆਂ ਦਾ ਨਾਮ ਆਉਂਦਾ ਹੈ ਜੋ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ। ਉਦਾਰ, ਤਰਕਸ਼ੀਲ ਤੇ ਖੱਬੇ ਪੱਖੀ ਵਿਚਾਰਾਂ ਵਾਲਿਆਂ ਦੀ ਵੀ ‘ਨਵੇਂ ਭਾਰਤ’ ਵਿਚ ਕੋਈ ਥਾਂ ਨਹੀਂ ਹੈ। ਇਹ ਵਰਗ ਕੱਟੜਵਾਦੀ ਹਿੰਦੂਤਵ ਦਾ ਵਿਚਾਰਧਾਰਕ ਤੌਰ ’ਤੇ ਮੁਕਾਬਲਾ ਕਰਨ ਦੀ ਹਿੰਮਤ ਰੱਖਦਾ ਹੈ।
ਹਿੰਦੂਤਵੀ ਰਾਸ਼ਟਰਵਾਦ ਵਿਰੁੱਧ ਉਨ੍ਹਾਂ ਉਦਾਰ ਹਿੰਦੂਆਂ ਦੀ ਭੂਮਿਕਾ ਨੂੰ ਵੀ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ ਜੋ ਸੰਘ ਦੇ ਰਾਸ਼ਟਰਵਾਦ ਨੂੰ ਨਹੀਂ ਮੰਨਦੇ। ਇਹ ਆਮ ਬੋਲੀ ’ਚ ਫਿਰਕੂ ਧਿਰਾਂ ਨੂੰ ਸਵਾਲ ਕਰ ਸਕਦੇ ਹਨ ਕਿ ਹਿੰਦੂ ਧਰਮ ਕਿੱਥੇ ਕਹਿੰਦਾ ਹੈ ਕਿ ਬੇਕਸੂਰਾਂ ਦਾ ਕਤਲ ਕਰੋ ? ਸੰਘ ਦਾ ਹਿੰਦੁਤਵ ਹਿੰਦੂ ਧਰਮ ਦੀ ਸਹਿਣਸ਼ੀਲਤਾ ਤੋਂ ਕਿਵੇਂ ਵੱਡਾ ਹੋ ਗਿਆ ? ਸੰਘ ਸਾਰੇ ਹਿੰਦੂਆਂ ਦੀ ਅਗਵਾਈ ਕਰਨ ਵਾਲਾ ਕਿਸ ਆਧਾਰ ’ਤੇ ਹੋ ਗਿਆ ? ਇਹ ਮੂਲ ਸਵਾਲ ਉਦਾਰ ਕਿਸਮ ਦੇ ਹਿੰਦੂ ਹੀ ਪੁੱਛ ਸਕਦੇ ਹਨ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਿਆਸੀ ਤੌਰ ’ਤੇ ਉਹ ਕਿਹੜੀ ਪਾਰਟੀ ਹੈ ਜੋ ਭਗਵੀਂ ਸੋਚ ਤੋਂ ਅਸੰਤੁਸ਼ਟ ਵਰਗਾਂ ਨੂੰ ਆਪਣੇ ਨਾਲ ਲੈ ਕੇ ਚੱਲ ਸਕੇ? ਬਹੁਤੇ ‘ਸੈਕੂਲਰ’ ਕਿਸਮ ਦੇ ਬੁੱਧੀਜੀਵੀ ਹੁਣ ਵੀ ਸਾਹ-ਸੱਤਹੀਣ ਹੋ ਚੁੱਕੀ ਕਾਂਗਰਸ ਤੋਂ ਆਸਾਂ ਲਾਈ ਬੈਠੇ ਹਨ ਕਿ ਉਹ ਭਾਜਪਾ ਤੇ ਆਰ .ਐੱਸ . ਐੱਸ. ਦੇ ਹਿੰਦੂਤਵ ਦਾ ਮੁਕਾਬਲਾ ਕਰ ਸਕਦੀ ਹੈ। ਅਸਲ ’ਚ ਕਾਂਗਰਸ ਨੂੰ ਧਰਮਨਿਰਪੱਖ ਪਾਰਟੀ ਮੰਨਣ ਵਾਲੇ ਸ਼ਾਇਦ ਕਿਤੇ ਟਪਲਾ ਖਾ ਰਹੇ ਹਨ। ਆਜ਼ਾਦੀ ਤੋਂ ਪਹਿਲਾਂ ਹੀ ਕਾਂਗਰਸ ’ਚ ਇਕ ਧੜਾ ਕੱਟੜਵਾਦੀ ਸੋਚ ਵਾਲਾ ਸੀ। ਜਿਸਦਾ ਪ੍ਰਭਾਵ ਬਾਅਦ ਵਿਚ ਵੀ ਦਿਖਾਈ ਦਿੰਦਾ ਹੈ। ਇੰਦਰਾ ਗਾਂਧੀ ਜਦੋਂ 1977 ’ਚ ਚੋਣ ਹਾਰਦੀ ਹੈ ਤਾਂ ਉਹ ਕਹਿੰਦੀ ਹੈ, ‘ਹੁਣ ਮੈਂ ਬਹੁਗਿਣਤੀ ਦੀ ਸਿਆਸਤ ਕਰਾਂਗੀ।’ 1984 ’ਚ ਦਰਬਾਰ ਸਾਹਿਬ ’ਤੇ ਫ਼ੌਜੀ ਹਮਲਾ ਤੇ ਨਵੰਬਰ 1984 ਦੇ ਸਿੱਖ ਕਤਲੇਆਮ ਵੇਲੇ ਹਿੰਦੂ ਕੱਟੜਵਾਦੀਆਂ ਦੀ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨੂੰ ਹਮਾਇਤ ਪ੍ਰਾਪਤ ਸੀ।
ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਕਾਂਗਰਸ ਵੱਲੋਂ ਟਿਕਟਾਂ ਦੇਣੀਆਂ ਤੇ ਉੱਚ ਅਹੁਦਿਆਂ ’ਤੇ ਬਿਠਾਉਣਾ ਉਹ ਉਦਾਹਰਨਾਂ ਹਨ ਜੋ ਕਾਂਗਰਸ ਦੇ ਅਖੌਤੀ ਧਰਮ ਨਿਰਪੱਖ ਕਿਰਦਾਰ ਨੂੰ ਨੰਗਾ ਕਰਦੀਆਂ ਹਨ। ਕੁਝ ਸਿਆਸੀ ਮਾਹਿਰਾਂ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਕੱਟੜਵਾਦੀ ਹਿੰਦੂਤਵ ਦੇ ਮੁਕਾਬਲੇ ਕਾਂਗਰਸ ਨਰਮ ਹਿੰਦੂਤਵ ਦਾ ਪੱਤਾ ਖੇਡ ਰਹੀ ਹੈ। ਰਾਹੁਲ ਗਾਂਧੀ ਆਪਣੇ ਆਪ ਨੂੰ ਸ਼ਿਵ ਭਗਤ ਆਖ ਰਿਹਾ ਹੈ। ਕੋਈ ਕਾਂਗਰਸੀ ਨੇਤਾ ਆਪਣੇ ਆਪ ਨੂੰ ਸ਼ੁੱਧ ਬ੍ਰਾਹਮਣ ਆਖ ਰਿਹਾ ਹੈ। ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਵੱਡੇ ਨੇਤਾ ਮੰਦਰਾਂ ਦੇ ਘੰਟੇ ਵਜਾਉਂਦੇ ਨਜ਼ਰ ਆਏ। ਗੁਜਰਾਤ ਤੇ ਹੋਰ ਕਈ ਥਾਈਂ ਕਾਂਗਰਸ ਨੇਤਾ ਮੁਸਲਮਾਨਾਂ ਦੇ ਮੁਹੱਲਿਆਂ ’ਚ ਵੋਟਾਂ ਮੰਗਣ ਨਹੀਂ ਗਏ ਕਿਉਂਕਿ ਡਰ ਸੀ ਕਿ ਕਿਤੇ ਅਜਿਹਾ ਕਰਕੇ ਬਹੁਗਿਣਤੀਵਾਦ ਵਿਰੋਧੀ ਨਾ ਹੋ ਜਾਣ। ਦਲਿਤਾਂ ਨੂੰ ਆਪਣੇ ਵੋਟ ਬੈਂਕ ਲਈ ਵਰਤਣ ਵਾਲੀ ਕਾਂਗਰਸ ਦੇ ਉੱਪਰਲੀ ਕਤਾਰ ਦੇ ਨੇਤਾ ਸਦਾ ਹਿੰਦੂ ਉੱਚ ਜਾਤੀ ਦੇ ਰਹੇ ਹਨ। ਅਸਲ ’ਚ ਹਿੰਦੂ ਕੱਟਣਵਾਦ ਦਾ ਮੁਕਾਬਲਾ ਨਾ ਤਾਂ ਨਰਮ ਹਿੰਦੂਤਵ ਨਾਲ ਕੀਤਾ ਜਾ ਸਕਦਾ ਹੈ ਨਾ ਹੀ ਚੁੱਪ ਰਹਿ ਕੇ। ਜੋ ਪਾਰਟੀ ਅਜਿਹਾ ਕਰਦੀ ਹੈ ਜਾਂ ਕਰਨ ਦੀ ਸਲਾਹ ਦਿੰਦੀ ਹੈ ਅਸਲ ’ਚ ਉਹ ਖ਼ੁਦ ਇਸ ਵਿਚਾਰਧਾਰਾ ਦੀ ਗਾਹੇ-ਬਗਾਹੇ ਪੈਰੋਕਾਰ ਹੈ।
ਸਿਆਸੀ ਤੌਰ ’ਤੇ ਭਾਜਪਾ ਦੀ ਵਿਚਾਰਧਾਰਾ ਦਾ ਮੁਕਾਬਲਾ ਉਹ ਪਾਰਟੀ ਕਰ ਸਕਦੀ ਹੈ ਜੋ ਉੱਤੇ ਦੱਸੇ ਹਿੰਦੂਤਵ ਤੋਂ ਅਸੰਤੁਸ਼ਟ ਵਰਗਾਂ ਨੂੰ ਨਾਲ ਲੈ ਕੇ ਚੱਲ ਸਕੇ ਤੇ ਸੱਤਾ ’ਚ ਆਪਣਾ ਭਾਗੀਦਾਰ ਬਣਾਵੇ,ਪਰ ਕਾਂਗਰਸ ਤੇ ਹੋਰ ਰਵਾਇਤੀ ਪਾਰਟੀਆਂ ਇਸ ਯੋਗ ਦਿਖਾਈ ਨਹੀਂ ਦੇ ਰਹੀਆਂ।

ਸੰਪਰਕ : 99154-11894


Comments Off on ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.