ਨਾਭਾ ਜੇਲ੍ਹ ’ਚ ਬੇਅਦਬੀ ਖ਼ਿਲਾਫ਼ ਬੰਦੀ ਸਿੰਘਾਂ ਵੱਲੋਂ ਭੁੱਖ ਹੜਤਾਲ !    ਜਾਨ੍ਹਵੀ ਕਪੂਰ ਨੇ ਆਪਣੀ ਮਾਂ ਨੂੰ ਯਾਦ ਕੀਤਾ !    ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    

ਜਦੋਂ ਇਮਰਾਨ ਖ਼ਾਨ ਨੂੰ ਗੁੱਸਾ ਆਇਆ…

Posted On July - 1 - 2019

ਵਾਹਗਿਓਂ ਪਾਰ

ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ।

ਵਿਰੋਧੀ ਧਿਰ ਵੱਲੋਂ ਇਮਰਾਨ ਖ਼ਾਨ ਨੂੰ ‘ਮੁੰਤਖ਼ਬ’ (ਚੁਣਿਆ ਹੋਇਆ) ਵਜ਼ੀਰੇ ਆਜ਼ਮ ਮੰਨੇ ਜਾਣ ਦੀ ਥਾਂ ‘ਨਾਮਜ਼ਦ’ ਵਜ਼ੀਰੇ ਆਜ਼ਮ ਵਾਰ ਵਾਰ ਦੱਸੇ ਜਾਣ ਉੱਤੇ ਆਖ਼ਰ ਇਮਰਾਨ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਕੌਮੀ ਅਸੈਂਬਲੀ ਦੇ ਬਜਟ ਇਜਲਾਸ ਦੇ ਆਖ਼ਰੀ ਦਿਨ ਵਿਰੋਧੀ ਧਿਰ ਦੀ ਗ਼ੈਰਹਾਜ਼ਰੀ ਵਿਚ ਸਦਨ ਨੂੰ ਮੁਖ਼ਾਤਿਬ ਹੁੰਦਿਆਂ ਇਮਰਾਨ ਨੇ ਕਿਹਾ ਕਿ ਉਸ ਬਾਰੇ ‘ਬੇਹੂਦਾ ਵਿਸ਼ੇਸ਼ਣ’ ਵਰਤਣ ਵਾਲੇ ਖ਼ੁਦ ‘‘ਫ਼ੌਜੀ ਤਾਨਾਸ਼ਾਹੀ ਦੀ ਨਰਸਰੀ ਦੇ ਜੰਮ-ਪਲ ਹਨ।’’ ਇਸ ਪ੍ਰਸੰਗ ਵਿਚ ਉਸ ਨੇ ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਕੌਂਡੀਲੀਜ਼ਾ ਰਾਈਸ ਦੀ ਸਵੈ-ਜੀਵਨੀ ਦੇ ਹਵਾਲੇ ਨਾਲ ਕਿਹਾ ਕਿ ਰਾਈਸ ਨੇ ਸਪਸ਼ਟ ਕੀਤਾ ਹੈ ਕਿ ਅਮਰੀਕਾ ਸਰਕਾਰ ਨੇ 21ਵੀਂ ਸਦੀ ਦੇ ਮੁੱਢ ਵਿਚ (ਤਤਕਾਲੀ) ਫ਼ੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ਼ ਨੂੰ ਨਵਾਜ਼ ਸ਼ਰੀਫ਼ ਤੇ ਉਸ ਦੇ ਕੁਨਬੇ ਅਤੇ ਬੇਨਜ਼ੀਰ ਭੁੱਟੋ ਦੇ ਕੁਨਬੇ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮੁਕੱਦਮੇ ਵਾਪਸ ਲੈਣ ਲਈ ਕਿਹਾ ਸੀ। ਦਰਅਸਲ, ਅਮਰੀਕਾ ਨੇ ਹੀ ਪਾਕਿਸਤਾਨ ਸਰਕਾਰ ਨੂੰ ਕੌਮੀ ਸੁਲ੍ਹਾ-ਸਹਿਮਤੀ ਆਰਡੀਨੈਂਸ (ਐੱਨਆਰਓ) ਲਿਆਉਣ ਲਈ ਮਜਬੂਰ ਕੀਤਾ ਸੀ। ਇਸ ਆਰਡੀਨੈਂਸ ਦੀ ਬਦੌਲਤ ਪੀਐੱਮਐੱਲ (ਐੱਨ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂਆਂ ਖ਼ਿਲਾਫ਼ ਮੁਕੱਦਮੇ ਵਾਪਸ ਹੋਏ ਅਤੇ ਉਨ੍ਹਾਂ ਨੇ ਪਾਕਿਸਤਾਨ ਦੇ ਗੁਆਂਢ ’ਚ ਅਮਰੀਕੀ ਸਰਗਰਮੀਆਂ ਦੀ ਸਿੱਧੀ-ਅਸਿੱਧੀ ਮੁਖ਼ਾਲਫ਼ਤ ਤਿਆਗ ਦਿੱਤੀ।
ਉਰਦੂ ਰੋਜ਼ਨਾਮਾ ‘ਦੁਨੀਆ’ ਅਨੁਸਾਰ ਵਜ਼ੀਰੇ ਆਜ਼ਮ ਨੇ ਅਫ਼ਸੋਸ ਜ਼ਾਹਿਰ ਕੀਤਾ ਕਿ ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਈਆ ਬਹੁਤ ਕਮਜ਼ੋਰ ਹੋ ਚੁੱਕਾ ਹੈ ਅਤੇ ਡਾਲਰ 165-170 ਰੁਪਏ ਵਿਚ ਵਿਕ ਰਿਹਾ ਹੈ। ਪਰ ਨਾਲ ਹੀ ਉਸ ਨੇ ਇਸ ਸਥਿਤੀ ਵਾਸਤੇ ਦੋਸ਼ ਪਿਛਲੀ ਪੀਐੱਮਐੱਲ (ਐੱਨ) ਸਰਕਾਰ ਦੇ ਸਿਰ ਮੜ੍ਹਿਆ। ਇਮਰਾਨ ਦਾ ਦਾਅਵਾ ਸੀ ਕਿ ਮੌਜੂਦਾ ਸਥਿਤੀ ਉਸ ਦੀ ਸਰਕਾਰ ਨੂੰ ਵਿਰਸੇ ’ਚ ਮਿਲੇ 19.5 ਅਰਬ ਡਾਲਰਾਂ ਦੇ ਚਲੰਤ ਖਾਤਾ ਖਸਾਰੇ (ਸੀਏਡੀ) ਕਾਰਨ ਪੈਦਾ ਹੋਈ। ਉਸ ਨੇ ਦੋਸ਼ ਲਾਇਆ ਕਿ ਮੁਲਕ ਵਿਚ ਮੌਜੂਦ ਸਾਰੇ ਡਾਲਰ ਤਾਂ ‘‘ਮੇਰੇ ਨਿੰਦਕਾਂ ਨੇ ਵਿਦੇਸ਼ੀ ਮੁਲਕਾਂ ਵਿਚ ਜ਼ਮੀਨ-ਜਾਇਦਾਦਾਂ ਤੇ ਮਿਲਖ਼ਾਂ ਨਾਜਾਇਜ਼ ਤੌਰ ’ਤੇ ਖਰੀਦਣ ਦੇ ਲੇਖੇ ਲਾ ਦਿੱਤੇ। ਹੁਣ ਉਹ ਡਾਲਰ ਨਾ ਹੋਣ ਦਾ ਰੋਣਾ ਰੋਈ ਜਾ ਰਹੇ ਹਨ। ਇਸ ਦੰਭ ਨੂੰ ਪਾਕਿਸਤਾਨੀ ਕੌਮ ਮੁਆਫ਼ ਨਹੀਂ ਕਰੇਗੀ।’’
* * *

ਲਹਿੰਦੇ ਪੰਜਾਬ ਵਿਚ ਇਕ ਕਣਕ ਦੇ ਗੋਦਾਮ ਦਾ ਦ੍ਰਿਸ਼।

ਕਣਕ ਤੇ ਆਟੇ ਦਾ ਸੰਕਟ
ਬਾ ਪੰਜਾਬ ਦੇ ਮਹਿਕਮਾ ਖ਼ੁਰਾਕ ਨੇ ਖੁੱਲ੍ਹੇ ਬਾਜ਼ਾਰ ਵਿਚ ਕਣਕ ਤੇ ਆਟੇ ਦੀਆਂ ਵੇਚ-ਕੀਮਤਾਂ ਤੈਅ ਕਰਨ ਲਈ ਸੂਬਾਈ ਵਜ਼ਾਰਤ ਨੂੰ ਪੰਜ ਸਿਫ਼ਾਰਸ਼ਾਂ ਕੀਤੀਆਂ ਹਨ। ਇਨ੍ਹਾਂ ਅਨੁਸਾਰ ਖੁੱਲ੍ਹੇ ਬਾਜ਼ਾਰ ਵਿਚ ਕਣਕ ਦਾ ਭਾਅ 1300 ਰੁਪਏ ਤੋਂ 1700 ਰੁਪਏ ਫੀ ਮਣ (40 ਕਿਲੋ) ਤਕ ਨਿਸ਼ਚਿਤ ਕੀਤਾ ਜਾ ਸਕਦਾ ਹੈ। ਅਸਲ ਭਾਅ ਕਿੰਨਾ ਹੋਵੇ, ਇਹ ਕੁਝ ਮਹਿਕਮਾ ਖ਼ਜ਼ਾਨਾ ਵੱਲੋਂ ਪ੍ਰਤੀ ਕਿਲੋ ਦਿੱਤੀ ਜਾਣ ਵਾਲੀ ਸਬਸਿਡੀ ’ਤੇ ਨਿਰਭਰ ਕਰੇਗਾ। ਅੰਗਰੇਜ਼ੀ ਰੋਜ਼ਨਾਮਾ ‘ਦਿ ਨਿਊਜ਼’ ਦੀ ਰਿਪੋਰਟ ਅਨੁਸਾਰ ਮਹਿਕਮਾ ਖੁਰਾਕ ਵੱਲੋਂ ਉਪਰਲੀ ਹੱਦ 1700 ਰੁਪਏ ਸੁਝਾਏ ਜਾਣ ਦੇ ਬਾਵਜੂਦ ਵਜ਼ੀਰੇ ਆਲ੍ਹਾ ਉਸਮਾਨ ਬੁਜ਼ਦਾਰ ਕਣਕ ਦੀ ਕੀਮਤ 1325 ਤੋਂ 1375 ਰੁਪਏ ਫੀ ਮਣ ਤੋਂ ਵੱਧ ਲਿਜਾਣ ਲਈ ਰਾਜ਼ੀ ਨਹੀਂ ਹੋਣਗੇ। ਇੰਜ ਹੀ ਆਟੇ ਦੇ 20 ਕਿਲੋ ਦੇ ਥੈਲੇ ਦੀ ਕੀਮਤ 800 ਰੁਪਏ ਤੈਅ ਕੀਤੀ ਜਾਵੇਗੀ। ਇਹ ਵੱਖਰੀ ਗੱਲ ਹੈ ਕਿ ਦੁਕਾਨਦਾਰ ਨੂੰ ਗਾਹਕ ਪਾਸੋਂ ਥੈਲੇ ਦੀ ਕੀਮਤ ਵੱਖਰੇ ਤੌਰ ’ਤੇ ਵਸੂਲਣ ਦੀ ਖੁੱਲ੍ਹ ਹੋਵੇਗੀ।
ਸੂਬਾ ਪੰਜਾਬ ਵਿਚ ਪਿਛਲੇ ਸਾਲ ਕਣਕ ਦੇ ਭਰਪੂਰ ਜ਼ਖੀਰੇ ਮੌਜੂਦ ਸਨ। ਇਸ ਵਾਰ ਹਾਲਤ ਬਹੁਤੀ ਸੁਖਾਵੀਂ ਨਹੀਂ। ਕਣਕ ਦੀ ਪੈਦਾਵਾਰ ਪਿਛਲੇ ਸਾਲ ਨਾਲੋਂ ਘੱਟ ਰਹੀ। ਉਪਰੋਂ ਫ਼ੌਜ ਤੇ ਗੁਆਂਢੀ ਸੂਬਿਆਂ ਦੀ ਮੰਗ ਵੀ ਵਧ ਗਈ। ਸਿੰਧ ਵਿਚ ਪਹਿਲਾਂ ਹੀ ਕਣਕ ਦੀ ਕਾਲਾਬਾਜ਼ਾਰੀ ਚੱਲ ਰਹੀ ਹੈ। ਖ਼ੈਬਰ-ਪਖ਼ਤੂਨਵਾ ਤੇ ਬਲੋਚਿਸਤਾਨ ’ਚ ਵੀ ਹਾਲਾਤ ਬਦਤਰ ਹਨ। ਇਨ੍ਹਾਂ ਸੂਬਿਆਂ ਦੇ ਆਗੂ ਪੰਜਾਬ ਨੂੰ ਗਾਲ੍ਹਾਂ ਕੱਢਦੇ ਆ ਰਹੇ ਹਨ ਕਿ ਉਹ ‘ਕੌਮੀ ਜ਼ਖੀਰਿਆਂ’ ਉੱਤੇ ਕਬਜ਼ਾ ਜਮਾਈ ਬੈਠਾ ਹੈ।
* * *
ਸ਼ਾਹਜਹਾਨੀ ਨੁਸਖ਼ੇ ਤੇ ਜ਼ਾਇਕੇ
ਬਾਬ, ਕੁਲਫ਼ੀ ਤੇ ਕੋਰਮੇ ਕਿਸ ਯੁੱਗ ਦੀ ਪੈਦਾਇਸ਼ ਹਨ? ਸਲਮਾ ਯੂਸਫ਼ ਹੁਸੈਨ ਦੀ ਕਿਤਾਬ ‘ਦਿ ਮੁਗ਼ਲ ਫੀਸਟ’ ਇਨ੍ਹਾਂ ਪਕਵਾਨਾਂ ਦੀ ਪੈਦਾਇਸ਼ ਨੂੰ ਹਿੰਦੋਸਤਾਨ ਦੇ ਮੁਗ਼ਲ ਕਾਲ ਨਾਲ ਜੋੜਦੀ ਹੈ। ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਦੇ

ਪੁਸਤਕ ਦੀ ਲੇਖਕ ਸਲਮਾ ਯੂਸਫ਼ ਹੁਸੈਨ (ਉੱਪਰ)।

ਐਤਵਾਰੀ ਮੈਗਜ਼ੀਨ ਵਿਚ ਪ੍ਰਕਾਸ਼ਿਤ ਇਸ ਕਿਤਾਬ ਦੇ ਅੰਸ਼ਾਂ ਮੁਤਾਬਿਕ ਨਵੇਂ ਨਵੇਂ ਪਕਵਾਨਾਂ ਤੇ ਜ਼ਾਇਕਿਆਂ ਨੂੰ ਸਭ ਤੋਂ ਵੱਧ ਹੁਲਾਰਾ ਸ਼ਾਹਜਹਾਨੀ ਰਾਜ-ਕਾਲ ਦੌਰਾਨ ਮਿਲਿਆ। ਉਸ ਸਮੇਂ ਦਿੱਲੀ ਦਰਬਾਰ ਨਾ ਸਿਰਫ਼ ਹਿੰਦੋਸਤਾਨੀ ਤੇ ਫ਼ਾਰਸੀ ਜ਼ਾਇਕਿਆਂ ਤੇ ਫੈਸ਼ਨਾਂ ਦਾ ਸੁਮੇਲ ਸੀ ਸਗੋਂ ਪਾਕ-ਪਕਵਾਨਾਂ ਨੂੰ ਯੂਰੋਪੀਅਨ, ਮੱਧ ਏਸ਼ਿਆਈ ਤੇ ਪੂਰਬੀ ਏਸ਼ਿਆਈ ਤੱਤਾਂ ਦਾ ਤੜਕਾ ਲੱਗਣਾ ਵੀ ਸ਼ੁਰੂ ਹੋ ਗਿਆ ਸੀ।
ਪੁਰਤਗੀਜ਼ਾਂ ਨਾਲ ਮੁਗ਼ਲਾਂ ਦਾ ਸਿੱਧਾ ਰਾਬਤਾ ਸਾਲ 1556 ’ਚ ਹੋਇਆ। ਉਹ ਸਭ ਤੋਂ ਪਹਿਲਾਂ ਬਾਦਸ਼ਾਹ ਅਕਬਰ ਦੇ ਦਰਬਾਰ ’ਚ ਹਾਜ਼ਰ ਹੋਏ। ਬਾਦਸ਼ਾਹ ਜਹਾਂਗੀਰ ਨੂੰ ਉਨ੍ਹਾਂ ਨੇ ਯੂਰੋਪੀਅਨ ਸ਼ਰਾਬਾਂ ਅਤੇ ਤਮਾਕੂ ਪੀਣ ਦੀ ਲਤ ਲਾਈ। ਸ਼ਾਹਜਹਾਨ ਨੂੰ ਉਨ੍ਹਾਂ ਨੇ ਲਾਤੀਨੀ ਅਮਰੀਕਾ ਤੋਂ ਆਏ ਖੁਰਾਕੀ ਪਦਾਰਥਾਂ ਦੇ ਪੌਦੇ ਤੇ ਬੀਜ ਸੌਂਪੇ ਅਤੇ ਇਸ ਤਰ੍ਹਾਂ ਹਰੀ ਮਿਰਚ (ਤੇ ਲਾਲ ਮਿਰਚ), ਟਮਾਟਰਾਂ ਅਤੇ ਆਲੂਆਂ ਨੂੰ ਸ਼ਾਹੀ ਦਸਤਰਖ਼ਾਨ ਵਿਚ ਥਾਂ ਮਿਲਣੀ ਸ਼ੁਰੂ ਹੋਈ। ਮੁਗ਼ਲਈ ਬਾਵਰਚੀਆਂ ਨੇ ਇਨ੍ਹਾਂ ਪਦਾਰਥਾਂ ਨੂੰ ਹਿੰਦੋਸਤਾਨੀ ਜ਼ਾਇਕਿਆਂ ਮੁਤਾਬਿਕ ਢਾਲਣ ਵਿਚ ਦੇਰ ਨਹੀਂ ਲਾਈ। ਆਲੂ ਦੇ ਪਰਾਂਠਿਆਂ ਤੇ ਰੋਗਨ ਜੋਸ਼ ਦਾ ਮੁੱਢ ਵੀ ਉਨ੍ਹਾਂ ਦਿਨਾਂ ਵਿਚ ਹੀ ਬੱਝਿਆ।
* * *
ਇਸਲਾਮਾਬਾਦ ਤੇ ਸਾਂਝੀ ਵਿਰਾਸਤ
ਕਿਸਤਾਨੀ ਰਾਜਧਾਨੀ ਇਸਲਾਮਾਬਾਦ ਦੀ ਉਸਾਰੀ ਭਾਵੇਂ 1960 ਵਿਚ ਸ਼ੁਰੂ ਹੋਈ ਅਤੇ ਇਸ ਨੂੰ ਪੱਛਮੀ ਸਲੀਕੇ ਦੇ ਸ਼ਹਿਰ ਵਾਂਗ ਵਿਕਸਿਤ ਕੀਤਾ ਗਿਆ, ਪਰ ਇਸ ਦੀਆਂ ਜੜ੍ਹਾਂ ਵਿਚ ਅਜੇ ਵੀ ਉਹ ਸਾਂਝਾ ਵਿਰਸਾ ਮੌਜੂਦ ਹੈ ਜੋ ਕਦੇ ਅਲਹਿੰਦ (ਹਿੰਦੋਸਤਾਨ) ਦਾ ਖਾਸਾ ਹੋਇਆ ਕਰਦਾ ਸੀ। ਅੰਗਰੇਜ਼ੀ ਹਫਤਾਵਾਰੀ ‘ਫਰਾਈਡੇਅ ਟਾਈਮਜ਼’ ਵਿਚ ਪ੍ਰਕਾਸ਼ਿਤ ਪੁਰਾਤੱਤਵ ਵਿਗਿਆਨੀ ਜ਼ੁਲਫ਼ਿਕਾਰ ਅਲੀ ਕਲਹੋਰੋ ਦੇ ਲੇਖ ਮੁਤਾਬਿਕ ਇਸਲਾਮਾਬਾਦ

ਪਾਕਿਸਤਾਨ ਵਿਚਲਾ ਇਕ ਪ੍ਰਾਚੀਨ ਮੰਦਿਰ।

ਤੇ ਇਸ ਦੇ ਜੁੜਵੇਂ ਸ਼ਹਿਰ ਰਾਵਲਪਿੰਡੀ ਦੇ ਅੰਦਰ ਤੇ ਆਸ-ਪਾਸ ਮੁਸਲਮਾਨਾਂ ਤੋਂ ਇਲਾਵਾ ਹਿੰਦੂਆਂ, ਸਿੱਖਾਂ ਤੇ ਬੋਧੀਆਂ ਦੀਆਂ ਦਰਜਨਾਂ ਯਾਦਗਾਰਾਂ ਮੌਜੂਦਾ ਹਨ ਜੋ ਸਾਂਝੇ ਅਤੀਤ ਦੀ ਖੁਸ਼ਗਵਾਰੀ ਦੀ ਨੁਮਾਇੰਦਗੀ ਕਰਦੀਆਂ ਹਨ। ਇਨ੍ਹਾਂ ਯਾਦਗਾਰਾਂ ਦੀ ਸਲੀਕੇਦਾਰ ਸੰਭਾਲ ਰਾਹੀਂ ਪਾਕਿਸਤਾਨ ਨਾ ਸਿਰਫ਼ ਸੈਲਾਨੀਆਂ ਤੋਂ ਡਾਲਰ ਕਮਾ ਸਕਦਾ ਹੈ ਸਗੋਂ ਤੁਅੱਸਬੀ ਮੁਲਕ ਵਾਲਾ ਅਕਸ ਵੀ ਮਿਟਾ ਸਕਦਾ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਇਹ ਯਾਦਗਾਰਾਂ ਪੂਰਵ ਇਤਿਹਾਸਕ ਕਾਲ ਤੋਂ ਲੈ ਕੇ ਪਾਕਿਸਤਾਨ ਦੀ ਸਥਾਪਨਾ ਤਕ ਦੇ ਸਮੇਂ ਦੀਆਂ ਹਨ।
ਲੇਖ ਮੁਤਾਬਿਕ ਸੈਦਪੁਰ ਦਾ ਇਤਿਹਾਸਕ ਮੰਦਿਰ, ਰਵਾਲ ਝੀਲ ਅੰਦਰ ਸਥਿਤ ਪ੍ਰਾਚੀਨ ਮੰਦਿਰ, ਗੋਲੜਾ ਸ਼ਰੀਫ਼ ਦਾ ਸ਼ਿਵ ਮੰਦਿਰ ਅਤੇ ਕੁਰੀ ਸਥਿਤ ਸਿੱਖ ਅਸਥਾਨ ਖੰਡਰ ਬਣਦੇ ਜਾ ਰਹੇ ਹਨ। ਇਨ੍ਹਾਂ ਨੂੰ ਪੁਰਾਤੱਤਵੀ ਲੀਹਾਂ ਤੇ ਮਿਆਰਾਂ ਮੁਤਾਬਿਕ ਸੰਭਾਲੇ ਜਾਣ ਦੀ ਲੋੜ ਹੈ। ਇਸਲਾਮਾਬਾਦ ਦੇ ਜੀ-12 ਸੈਕਟਰ (ਮਿਹਰਾਬਾਦ) ਵਿਚ ਹਾਲ ਹੀ ’ਚ ਪੁਟਾਈ ਦੌਰਾਨ ਵੱਡਾ ਸਤੂਪ ਮਿਲਿਆ ਜਿਸ ਉਪਰ ਬੁੱਧ-ਕਾਲ ਦੇ ਜੀਵਨ ਦੀਆਂ ਝਲਕਾਂ ਤੋਂ ਇਲਾਵਾ ਪ੍ਰਾਕਿਤ ਲਿੱਪੀ ’ਚ ਕਈ ਹਦਾਇਤਾਂ ਵੀ ਖੁਣੀਆਂ ਹੋਈਆਂ ਹਨ। ਇਸ ਸਤੂਪ ਨੂੰ ਇਸ ਦੀ ਮੌਜੂਦਗੀ ਵਾਲੇ ਸਥਾਨ ’ਤੇ ਹੀ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ। ਰਾਵਲਪਿੰਡੀ ਦਾ ਅਹਾਤਾ ਮਿੱਠੂ ਖ਼ਾਨ ਕਦੇ ਸਰਬ ਧਰਮ ਸਮਭਾਵ ਦੀ ਮਿਸਾਲ ਸੀ। ਉੱਥੇ ਇਕ ਕਿਲੋਮੀਟਰ ਦੇ ਘੇਰੇ ਅੰਦਰ ਕ੍ਰਿਸ਼ਨ ਮੰਦਿਰ, ਗੁਰਦੁਆਰਾ, ਜੈਨ ਸਥਾਨਕ, ਦਾਊਦੀ ਬੋਹਰਾ ਭਾਈਚਾਰੇ ਦਾ ਜਮਾਤਖ਼ਾਨਾ, ਸ਼ੀਆ ਮੁਸਲਮਾਨਾਂ ਦਾ ਇਮਾਮਬਾੜਾ, ਸੁੰਨੀਆਂ ਦੀ ਅਸ਼ਰਫੀ ਮਸਜਿਦ ਅਤੇ 1935 ਵਿਚ ਬਣਿਆ ਗਿਰਜਾਘਰ ਸਥਿਤ ਹਨ। ਅਸ਼ਰਫੀ ਮਸਜਿਦ ਨੂੰ ਛੱਡ ਕੇ ਬਾਕੀ ਸਾਰੇ ਅਸਥਾਨਾਂ ਨੂੰ ਮੁਰੰਮਤ ਤੇ ਸੁਚੱਜੀ ਦੇਖਭਾਲ ਦੀ ਜ਼ਰੂਰਤ ਹੈ। ਇਹ ਪੂਰੀ ਕੀਤੀ ਜਾਣੀ ਚਾਹੀਦੀ ਹੈ।
– ਪੰਜਾਬੀ ਟ੍ਰਿਬਿਊਨ ਫੀਚਰ


Comments Off on ਜਦੋਂ ਇਮਰਾਨ ਖ਼ਾਨ ਨੂੰ ਗੁੱਸਾ ਆਇਆ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.