ਗੁਰਨਾਮ ਸਿੰਘ ਚੌਹਾਨ
ਪਾਤੜਾਂ, 16 ਜੁਲਾਈ
ਪਿੰਡ ਹਰਿਆਊ ਖੁਰਦ ਵਿਖੇ ਮੀਂਹ ਦੌਰਾਨ ਪੰਜ ਬੱਚੇ ਛੱਪੜ ਵਿੱਚ ਨਹਾ ਰਹੇ ਸਨ। ਇਸ ਦੌਰਾਨ ਮੌਜ ਮਸਤੀ ਕਰਦੇ ਹੋਏ ਦੋ ਬੱਚੇ ਅਚਾਨਕ ਛੱਪੜ ਵਿੱਚ ਡੁੱਬ ਗਏ ਸਨ। ਦੂਸਰੇ ਸਾਥੀਆਂ ਵੱਲੋਂ ਰੌਲਾ ਪਾਉਣ ਉੱਤੇ ਪਿੰਡ ਵਾਸੀਆਂ ਨੇ ਦੋਹਾਂ ਬੱਚਿਆਂ ਨੂੰ ਬਾਹਰ ਕੱਢਿਆ ਤੇ ਇਲਾਜ ਲਈ ਹਸਪਤਾਲ ਵਿੱਚ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਇੱਕ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਦੂਸਰਾ ਬੱਚਾ ਜ਼ੇਰੇ ਇਲਾਜ ਹੈ।
ਜਾਣਕਾਰੀ ਅਨੁਸਾਰ ਪਿੰਡ ਹਰਿਆਊ ਖੁਰਦ ਦੇ ਪੰਜ ਬੱਚੇ ਅੱਜ ਸਵੇਰੇ ਆਪਣੀ ਮਸਤੀ ਵਿੱਚ ਛੱਪੜ ਵਿੱਚ ਨਹਾ ਰਹੇ ਸਨ। ਖੇਡਦੇ ਸਮੇਂ ਦੋ ਬੱਚੇ ਅਚਾਨਕ ਡੁੱਬ ਗਏ ਸਨ। ਦੂਸਰੇ ਬੱਚਿਆਂ ਵੱਲੋਂ ਰੌਲਾ ਪਾਏ ਜਾਣ ’ਤੇ ਪਿੰਡ ਵਾਸੀਆਂ ਨੇ ਬੱਚਿਆਂ ਨੂੰ ਬਾਹਰ ਕੱਢਿਆ ਤੇ ਇਲਾਜ ਲਈ ਤੁਰੰਤ ਪਾਤੜਾਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ, ਜਿਥੇ ਡਾਕਟਰਾਂ ਨੇ ਸ਼ਰਨਦੀਪ ਸਿੰਘ ਗਰੀਬ (12) ਨੂੰ ਮ੍ਰਿਤਕ ਐਲਾਨ ਦਿੱਤਾ ਕਿ ਜਦੋਂ ਕਿ ਦੂਸਰੇ ਬੱਚੇ ਦਾ ਇਲਾਜ ਚੱਲ ਰਿਹਾ ਹੈ। ਪਿੰਡ ਦੇ ਸਰਪੰਚ ਗੁਲਾਬ ਸਿੰਘ ਹਰਿਆਊ ਨੇ ਦੱਸਿਆ ਹੈ ਕਿ ਪਿੰਡ ਦੇ ਛੱਪੜ ਦੀ ਹਾਲ ਹੀ ’ਚ ਪੁਟਾਈ ਕੀਤੀ ਗਈ ਸੀ। ਬਰਸਾਤ ਦੌਰਾਨ ਛੱਪੜ ਦਾ ਕੰਮ ਬੰਦ ਹੋਣ ਕਾਰਨ ਪੰਜ ਬੱਚੇ ਛੱਪੜ ਵਿੱਚ ਨਹਾ ਰਹੇ ਸਨ।
ਇਸੇ ਦੌਰਾਨ ਆਪਸ ’ਚ ਚਚੇਰੇ ਭਰਾ ਸ਼ਰਨਦੀਪ ਸਿੰਘ ਤੇ ਅਭਿਜੋਤ ਸਿੰਘ ਡੁੱਬ ਗਏ। ਸੂਚਨਾ ਮਿਲਣ ’ਤੇ ਪਿੰਡ ਵਾਸੀਆਂ ਨੇ ਮੌਕੇ ’ਤੇ ਪਹੁੰਚ ਕੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਕ ਬੱਚੇ ਦੀ ਮੌਤ ਹੋ ਗਈ।