ਸਲਮਾਨ ਖ਼ਾਨ ਦਾ ‘ਨੱਚ ਬੱਲੀਏ 9’
ਸਟਾਰ ਪਲੱਸ ਦੇ ਸ਼ੋਅ ‘ਨੱਚ ਬੱਲੀਏ’ ਦੇ ਇਸ ਸੀਜ਼ਨ ਦਾ ਨਿਰਮਾਤਾ ਸਲਮਾਨ ਖ਼ਾਨ ਹੈ। ਇਹ ਸ਼ੋਅ ਡਾਂਸ ਰਿਐਲਿਟੀ ਸ਼ੋਅ ਦੇ ਇਤਿਹਾਸ ਵਿਚ ਸਭ ਤੋਂ ਵੱਡੇ ਪ੍ਰੀਮੀਅਰ ਦਾ ਗਵਾਹ ਬਣੇਗਾ। ਕੱਲ੍ਹ ਸ਼ੁਰੂ ਹੋਇਆ ਇਹ ਤਿੰਨ ਰੋਜ਼ਾ ਪ੍ਰੀਮੀਅਰ ਕੱਲ੍ਹ ਯਾਨੀ ਐਤਵਾਰ (21 ਜੁਲਾਈ) ਤਕ ਚੱਲੇਗਾ। ਪਿਛਲੇ ਸੀਜ਼ਨ ਦੇ ਪ੍ਰਤੀਯੋਗੀ ਇਸਦੇ ਸ਼ਾਨਦਾਰ ਮੰਚ ’ਤੇ ਪੇਸ਼ਕਾਰੀ ਕਰ ਰਹੇ ਹਨ। ਨਾਲ ਹੀ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਇਸ ਸੀਜ਼ਨ ਦੇ ਪ੍ਰਤੀਯੋਗੀਆਂ ਦੀ ਜਾਣ ਪਛਾਣ ਅਲੱਗ ਢੰਗ ਨਾਲ ਕੋਰਿਓਗ੍ਰਾਫੀ ਐਕਟ ਜ਼ਰੀਏ ਕਰਵਾਈ ਜਾ ਰਹੀ ਹੈ।
ਸਲਮਾਨ ਖ਼ਾਨ ਨੂੰ ਲੱਗਦਾ ਹੈ ਕਿ ਇਸ ਸੀਜ਼ਨ ਦਾ ਰੂਪ ਵਿਲੱਖਣ ਹੈ ਅਤੇ ਦਰਸ਼ਕਾਂ ਵਿਚ ਕਾਫ਼ੀ ਜ਼ਿਆਦਾ ਉਤਸੁਕਤਾ ਹੈ, ਇਸ ਲਈ ਉਸਨੇ ਨਿਯਮਾਂ ਨੂੰ ਤੋੜਨ ਅਤੇ ਪਹਿਲੇ ਹਫ਼ਤੇ ਲਗਾਤਾਰ ਤਿੰਨ ਤਿਨਾਂ ਤਕ ਇਸਦਾ ਪ੍ਰੀਮੀਅਰ ਪੇਸ਼ ਕਰਨ ਦਾ ਫੈ਼ਸਲਾ ਕੀਤਾ ਹੈ। ਇਸ ਵਿਚ ਸਲਮਾਨ ਖ਼ਾਨ ਵੱਲੋਂ ਕਾਫ਼ੀ ਯੋਗਦਾਨ ਪਾਇਆ ਗਿਆ ਹੈ। ‘ਨੱਚ ਬੱਲੀਏ 9’ ਵਿਚ ਪੰਜ ਪੁਰਾਣੀਆਂ ਜੋੜੀਆਂ ਅਤੇ ਪੰਜ ਮੌਜੂਦਾ ਜੋੜੀਆਂ ਇਸ ਅਹਿਮ ਟਰਾਫੀ ਨੂੰ ਜਿੱਤਣ ਲਈ ਇਕ ਦੂਜੇ ਨਾਲ ਮੁਕਾਬਲਾ ਕਰਦੀਆਂ ਹੋਈਆਂ ਨਜ਼ਰ ਆਉਣਗੀਆਂ। ਪ੍ਰੀਮੀਅਰ ਤੋਂ ਬਾਅਦ ਇਹ ਸ਼ੋਅ ਹਰ ਹਫ਼ਤੇ ਸ਼ਨਿਚਰਵਾਰ ਤੇ ਐਤਵਾਰ ਨੂੰ ਪ੍ਰਸਾਰਿਤ ਹੋਵੇਗਾ।
ਸੋਨੀ ਸਬ ਦੀ ਨਵੀਂ ਬਰਾਂਡ ਫਿਲਾਸਫੀ
ਸੋਨੀ ਸਬ ਹੁਣ ਆਪਣੀ ਇਕ ਨਵੀਂ ਪਛਾਣ ਸਥਾਪਤ ਕਰਨ ਲਈ ਤਿਆਰ ਹੈ। ਇਸ ਦਿਸ਼ਾ ਵਿਚ ਇਕ ਨਵਾਂ ਸਿਧਾਂਤ ਤੈਅ ਕੀਤਾ ਗਿਆ ਹੈ ਜੋ ਇਸ ਗਿਆਨ ’ਤੇ ਆਧਾਰਿਤ ਹੈ ਕਿ ‘ਜਿੰਨੀ ਇਨਸਾਨ ਦੀ ਖੁਸ਼ੀ ਵਧਦੀ ਹੈ, ਦੁਨੀਆਂ ਵਿਚ ਓਨੀ ਹੀ ਇਨਸਾਨੀਅਤ ਵੀ ਵਧਦੀ ਹੈ।’ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸੋਨੀ ਸਬ ਨੇ ਇਹ ਬਰਾਂਡ ਮੁਹਿੰਮ ਸ਼ੁਰੂ ਕੀਤੀ ਹੈ ਜੋ ਨਵੀਂ ਟੈਗਲਾਈਨ ‘ਖੁਸ਼ੀਓਂ ਵਾਲੀ ਫੀਲਿੰਗ’ ਨਾਲ ਇਸ ਮਹੱਤਵਪੂਰਨ ਤਬਦੀਲੀ ਨੂੰ ਰੇਖਾਂਕਿਤ ਕਰਦੀ ਹੈ।
ਲੋਕਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆਉਣ ਵਾਲੇ ਸ਼ੋਅ ਅਤੇ ਕਿਰਦਾਰਾਂ ਰਾਹੀਂ ਸੋਨੀ ਸਬ ਨੇ ਚੰਗਾ ਮੁਕਾਮ ਹਾਸਲ ਕੀਤਾ ਹੈ। ਤਾਜ਼ਾ ਪ੍ਰੋਗਰਾਮਾਂ ਨੂੰ ਹਲਕੇ ਫੁਲਕੇ ਭਾਵਾਂ ਨਾਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਹ ਚੈਨਲ ਰੋਜ਼ਾਨਾ ਪਰਿਵਾਰਕ ਹਾਸੇ ਤੋਂ ਲੈ ਕੇ ਸੰਕਲਪਨਾਵਾਂ ਤਕ ਪਰਿਵਾਰ ਨਾਲ ਬੈਠ ਕੇ ਆਨੰਦ ਲੈਣ ਵਾਲੇ ਮੌਕਿਆਂ ਨੂੰ ਪ੍ਰੋਤਸਾਹਨ ਦੇਣ ਪ੍ਰਤੀ ਸਮਰਪਿਤ ਹੈ। ਇਸ ਵਿਚ ਪਰਿਵਾਰ ਦੇ ਹਰ ਮੈਂਬਰ ਨੂੰ ਆਕਰਸ਼ਿਤ ਅਤੇ ਅਨੰਦਿਤ ਕਰਨ ਲਈ ਕੁਝ ਨਾ ਕੁਝ ਜ਼ਰੂਰ ਹੁੰਦਾ ਹੈ।
ਨਵੀਂ ਬਰਾਂਡ ਫਿਲਾਸਫੀ ਨਾਲ ਸੋਨੀ ਸਬ ਜੀਵਨ ਵਿਚ ਵੱਡੇ ਉਦੇਸ਼ ਲਈ ਖੜ੍ਹਾ ਰਹੇਗਾ, ਇਸਦਾ ਟੀਚਾ ਲੋਕਾਂ ਨੂੰ ਖੁਸ਼ ਕਰਨ ਲਈ ਅਜਿਹੇ ਪਲ ਅਤੇ ਅਹਿਸਾਸ ਪੇਸ਼ ਕਰਨਾ ਹੈ ਜੋ ਦਰਸ਼ਕਾਂ ਦੇ ਦਿਲ ਨੂੰ ਖੁਸ਼ ਅਤੇ ਮਨ ਨੂੰ ਸਕੂਨ ਪ੍ਰਦਾਨ ਕਰਕੇ ਬਿਹਤਰ ਇਨਸਾਨ ਬਣਾਉਣ ਵਿਚ ਸਹਾਇਕ ਹੋਣ। 60 ਸੈਕੰਡ ਵਾਲੇ ਤਿੰਨ ਇਸ਼ਤਿਹਾਰਾਂ ਵਿਚ ਰੋਜ਼ਾਨਾ ਜੀਵਨ ਦੀਆਂ ਘਟਨਾਵਾਂ ਦੇ ਸਹਾਰੇ ਬਰਾਂਡ ਟੈਗਲਾਈਨ ‘ਖੁਸ਼ੀਓਂ ਵਾਲੀ ਫੀਲਿੰਗ’ ਨੂੰ ਬਹੁਤ ਰਚਨਾਤਮਕ ਢੰਗ ਨਾਲ ਦਿਖਾਇਆ ਗਿਆ ਹੈ। ਇਹ ਇਸ ਤੱਥ ਨੂੰ ਮੁੜ ਸਥਾਪਤ ਕਰਦੇ ਹਨ ਕਿ ਖੁਸ਼ੀਆਂ ਨਾਲ ਇਨਸਾਨੀਅਤ ਪੈਦਾ ਹੁੰਦੀ ਹੈ।
ਅਗਾਮੀ ਮਹੀਨਿਆਂ ਵਿਚ ਸੋਨੀ ਸਬ ਇਕ ਰੁਮਾਂਚਕ ਨਿਊਜ਼ ਸ਼ੋਅ ਸ਼ੁਰੂ ਕਰਨ ਜਾ ਰਿਹਾ ਹੈ ਜਿਸ ਨਾਲ ਇਸ ਬਰਾਂਡ ਦੀਆਂ ਖੁਸ਼ੀਆਂ ਫੈਲਾਉਣ ਦੀ ਰਫ਼ਤਾਰ ਹੋਰ ਵੀ ਤੇਜ਼ ਹੋਵੇਗੀ। ਇਸ ਵਿਚ ਸਦਾਬਹਾਰ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’, ਹਾਲ ਹੀ ਵਿਚ 500 ਐਪੀਸੋਡ ਪੂਰੇ ਕਰ ਚੁੱਕੇ ‘ਤੇਨਾਲੀ ਰਾਮ’, ‘ਅਲਾਦੀਨ-ਨਾਮ ਤੋਂ ਸੁਨਾ ਹੋਗਾ‘, ‘ਜੀਜਾ ਜੀ ਛੱਤ ਪਰ ਹੈਂ’ ਅਤੇ ‘ਭਾਖਰਵੜੀ’ ਵਰਗੇ ਧਮਾਕੇਦਾਰ ਸ਼ੋਅਜ਼ ਜ਼ਰੀਏ ਦਰਸ਼ਕਾਂ ਦਾ ਮਨੋਰੰਜਨ ਜਾਰੀ ਰਹੇਗਾ।