ਦਮਨ ਸਿੰਘ ਨੇ 50 ਕਿਲੋਮੀਟਰ ਪੈਦਲ ਚਾਲ ਟਰਾਫ਼ੀ ਜਿੱਤੀ !    ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    ਕਾਵਿ ਕਿਆਰੀ !    ਜਦੋਂ ਮੈਨੂੰ ਪੁਰਸਕਾਰ ਮਿਲਿਆ! !    

‘ਚੱਲ ਅੰਮ੍ਰਿਤਸਰ ਲੰਡਨ ਚੱਲੀਏ’

Posted On July - 6 - 2019

ਰਾਸ ਰੰਗ

ਡਾ. ਸਾਹਿਬ ਸਿੰਘ

ਨਾਟਕ ਦਾ ਸਿਰਲੇਖ ਨਾਟਕ ਤੋਂ ਪਹਿਲਾਂ ਬੋਲਣਾ ਆਰੰਭ ਕਰਦਾ ਹੈ, ਦਰਸ਼ਕ-ਪਾਠਕ ਇਸ ਸਿਰਲੇਖ ’ਤੇ ਕਿਆਫ਼ੇ ਲਾਉਣ ਲੱਗਦਾ ਹੈ ਕਿ ਨਾਟਕ ਕਿਸ ਤਰ੍ਹਾਂ ਦੀ ਕਰਵਟ ਲਵੇਗਾ। ਨਾਟਕ ਦੇ ਸੱਦਾ ਪੱਤਰ ਉੱਤੇ ਛਪਿਆ ਹੋਇਆ ਹੈ ਕਿ ਇਹ ਨਾਟਕ ਜੱਲ੍ਹਿਆਂਵਾਲਾ ਬਾਗ਼ ਦੇ ਕਾਂਢ ਨੂੰ ਸਮਰਪਿਤ ਹੈ, ਇਹ ਸਿਰਲੇਖ ਗੁਰਦੁਆਰੇ ਦੇ ਸਪੀਕਰ ’ਚੋਂ ਵੱਜੀ ਹਾਕ ਵਾਂਗੂ ਦਰਸ਼ਕ ਨੂੰ ਹਾਲ ਵੱਲ ਖਿੱਚ ਲੈਂਦਾ ਹੈ। ਖ਼ੂਬਸੂਰਤ ਤੇ ਅਰਥਾਂ ਨਾਲ ਲਬਰੇਜ਼ ਸਿਰਲੇਖ ‘ਚੱਲ ਅੰਮ੍ਰਿਤਸਰ ਲੰਡਨ ਚੱਲੀਏ’ ਤੇ ਜਦੋਂ ਨਾਟਕ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੁੰਦੀਆਂ ਹਨ ਤਾਂ ਅੰਮ੍ਰਿਤਸਰ ਤੇ ਲੰਡਨ ਦੇ ਸਫ਼ਰ ਦੌਰਾਨ ਆਉਂਦੇ ਨਿੱਕੇ-ਵੱਡੇ ਟਰਮੀਨਲ ਇਸ ਨਾਟਕ ਨੂੰ ਸਾਰਥਕਤਾ ਪ੍ਰਦਾਨ ਕਰਦੇ ਹਨ। ਨਾਟਕ ਦੀ ਉਡਾਣ ਅਮਰੀਕਾ, ਲਾਹੌਰ, ਸੁਨਾਮ ਦੀਆਂ ਹਵਾਵਾਂ ਨੂੰ ਵੀ ਕੰਬਣ ਲਾ ਦਿੰਦੀ ਹੈ ਤੇ ਨਾਇਕ ਅੰਦਰਲੇ ਇਨਸਾਨ ਦੀਆਂ ਪਰਤਾਂ ਫਰੋਲਣ ਲਈ ਇਹ ਉਡਾਣ ਗੁਲਾਬੀ ਰੌਸ਼ਨੀ ’ਚ ਭਿੱਜੇ ਕੋਠਿਆਂ ਅੰਦਰਲੀ ‘ਹਨੇਰ ਰੌਸ਼ਨੀ’ ਨੂੰ ਵੀ ਨਹੀਂ ਬਖ਼ਸ਼ਦੀ। ਨਾਟਕ ਇਵੇਂ ਲਿਖਿਆ ਗਿਆ ਹੈ ਜਿਵੇਂ ਕਲਮ ਨਾਲ ਨਹੀਂ, ਸੁਰਖ ਹੱਥੌੜੇ ਨਾਲ ਲਿਖਿਆ ਗਿਆ ਹੋਵੇ। ਉਸ ਕਾਂਢ ਤੋਂ ਕੁਝ ਹੀ ਅਰਸਾ ਬਾਅਦ ਦਰਬਾਰੀ ਜਥੇਦਾਰਾਂ ਵੱਲੋਂ ਜਨਰਲ ਡਾਇਰ ਨੂੰ ਦਿੱਤੇ ਸਿਰੋਪੇ ਦੀਆਂ ਲੀਰਾਂ ਵੀ ਉਧੇੜ ਦਾ ਹੈ ਤੇ ‘ਰਾਸ਼ਟਰ ਪਿਤਾ’ ਦੀ ‘ਸਵੱਛ ਐਨਕ’ ਅੰਦਰ ਪਈਆਂ ਤਰੇੜਾਂ ਤੋਂ ਵੀ ਧੂੜ ਲਾਹੁੰਦਾ ਹੈ। ਐਡਵੋਕੇਟ ਮੈਨਨ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਸੰਵਾਦ ਵੀ ਰਚਾਉਂਦਾ ਹੈ ਤੇ ਮੁਹੰਮਦ ਸਿੰਘ ਆਜ਼ਾਦ ਦੇ ਨਾਂ ਨਾਲ ਬਾਅਦ ’ਚ ਜੋੜ ਲਏ ਗਏ ਰਾਮ ਬਾਰੇ ਵੀ ਤਬਸਰਾ ਕਰਦਾ ਹੈ। ਇਹ ਨਾਟਕ ਸਵਾਲਾਂ ਦੇ ਜਵਾਬ ਦਿੰਦਾ ਹੈ, ਪਰ ਉਸ ਤੋਂ ਵੀ ਜ਼ਿਆਦਾ ਸਵਾਲ ਖੜ੍ਹੇ ਕਰਦਾ ਹੈ। ਅੱਜ ਤਕ ਜਿਸ ਊਧਮ ਸਿੰਘ ਨੂੰ ਬਾਗ਼ ਦੀ ਮਿੱਟੀ ਆਪਣੇ ਮੱਥੇ ਨਾਲ ਛੁਹਾ ਕੇ ਕਸਮ ਖਾਂਦਿਆਂ ਦੇਖਿਆ ਹੈ, ਉਸ ਬਾਰੇ ਇਹ ਨਾਟਕ ਇਕ ਟਿੱਪਣੀ ਕਰਦਾ ਹੈ ਕਿ 1919 ਵਿਚ ਊਧਮ ਸਿੰਘ ਉੱਥੇ ਮੌਜੂਦ ਹੀ ਨਹੀਂ ਸੀ ਤੇ ਉਦੋਂ ਉਹ ਊਧਮ ਵੀ ਨਹੀਂ ਸੀ। ਅਜਿਹੇ ਅਨੇਕਾਂ ਤੀਰ ਇਸ ਨਾਟਕ ਦੇ ਭੱਥੇ’ ਚੋਂ ਨਿਕਲੇ ਹਨ ਤੇ ਪਤਾ ਨਹੀਂ ਕਿਸ-ਕਿਸ ਦੀ ਛਾਤੀ ’ਚ ਵੱਜਣਗੇ ਤੇ ਕਿੰਨੇ ਤੀਰ ਵਾਪਸ ਨਾਟਕਕਾਰ ਦੀ ਹਿੱਕ ’ਤੇ ਵੱਜਣਗੇ।
ਨਾਟਕਕਾਰ ਸ਼ਬਦੀਸ਼ ਆਪਣੇ ਨਾਟਕ ਰਾਹੀਂ ਇਤਿਹਾਸਕਾਰਾਂ, ਖੋਜੀਆਂ, ਵਿਦਵਾਨਾਂ ਨੂੰ ਮੰਚ ਤੋਂ ਚੁਣੌਤੀ ਦਿੰਦਾ ਹੈ। ਇਸ ਚੁਣੌਤੀ ਨੂੰ ਕਿੰਨੇ ਸਵੀਕਾਰ ਕਰਨਗੇ, ਵਕਤ ਦੱਸੇਗਾ। ਪਰ ਮੇਰੇ ਲਈ ਤਸੱਲੀ ਵਾਲੀ ਗੱਲ ਇਹ ਹੈ ਕਿ ਜਿਸ ਸ਼ਬਦੀਸ਼ ਦੀਆਂ ਪਹਿਲੀਆਂ ਨਾਟ-ਲੇਖਣੀਆਂ ਵਿਚ ਨਾਟ-ਭਾਸ਼ਾ ਦੀ ਅਣਹੋਂਦ ਚੁੱਭਦੀ ਸੀ, ਉਸ ਨੇ ਆਖਿਰ ਇਸ ਨਾਟਕ ਵਿਚ ਉਹ ਭਾਸ਼ਾ ਲੱਭਣ ਵੱਲ ਪਹਿਲਾ ਕਦਮ ਪੁੱਟਿਆ ਹੈ। ਇਸ ਲਈ ਮੈਂ ‘ਚੱਲ ਅੰਮ੍ਰਿਤਸਰ ਲੰਡਨ ਚੱਲੀਏ’ ਦਾ ਮਨੋਂ ਸਵਾਗਤ ਕਰਦਾ ਹਾਂ।

ਡਾ. ਸਾਹਿਬ ਸਿੰਘ

ਨਾਟਕ ਅੰਦਰ ਸਾਦਤ ਹਸਨ ਮੰਟੋ ਦੀ ਜੱਲ੍ਹਿਆਂਵਾਲਾ ਬਾਗ਼ ਕਾਂਢ ਤੋਂ ਬਾਅਦ ਲਿਖੀ ਕਹਾਣੀ ਵਿਚਲਾ ਕੰਜਰ ਇਸ ਨਾਟਕ ਦਾ ਸੂਤਰਧਾਰ ਬਣ ਗਿਆ ਜੋ ਸਮੇਂ, ਸਥਾਨ ਤੋਂ ਉੱਪਰ ਉੱਠ ਸਾਡੇ ਨਾਇਕ ਨਾਲ ਸੰਵਾਦ ਰਚਾ ਸਕਦਾ ਹੈ। ਇਹ ਸੰਵਾਦ ਨਾਟਕੀ ਜੁਗਤ ਬਣ ਸਭ ਮੁਸ਼ਕਿਲਾਂ ਦਾ ਇਲਾਜ ਬਣ ਜਾਂਦਾ ਹੈ, ਨਾਟਕਕਾਰ ਇਹ ਖੁੱਲ੍ਹ ਲੈ ਲੈਂਦਾ ਹੈ ਕਿ ਉਹ ਕਿਸੇ ਵੀ ਕਾਲ ਅੰਦਰ ਵਾਪਰੀ ਘਟਨਾ ਜਾਂ ਵਰਤਾਰੇ ਬਾਰੇ ਟਿੱਪਣੀ ਕਰਨ ਦੇ ਸਮਰੱਥ ਹੋ ਜਾਂਦਾ ਹੈ। ਹੌਲੀ-ਹੌਲੀ ਊਧਮ ਸਿੰਘ ਦੀ ਕਾਲ ਕੋਠੜੀ ਤੋਂ ਬਾਹਰ ਨਿਕਲ ਕੇ ਨਾਟਕ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ ਦੇ ਜਿਸਮ ਤੇ ਰੂਹ ਅੰਦਰ ਪ੍ਰਵੇਸ਼ ਕਰਦਾ ਹੈ। ਗੱਦਾਰੀ ਦਾ ਪਰਦਾਫਾਸ਼ ਕਰਦਾ ਹੈ। ਰਤਨ ਦੇਵੀ ਦੇ ਦਰਦ ਨੂੰ ਗਲਵੱਕੜੀ ਪਾਉਂਦਾ ਹੈ, ਡਾਇਰ ਤੇ ਉਡਵਾਇਰ ਦੀ ਬੇਰਹਿਮ ਕਾਰਵਾਈ ਨੂੰ ਦਰਸ਼ਕ ਦੇ ਰੂਬਰੂ ਕਰਦਾ ਹੈ, ਕਚਹਿਰੀ ਅੰਦਰ ਊਧਮ ਸਿੰਘ ਵੱਲੋਂ ਦਿੱਤੇ ਸਪੱਸ਼ਟ ਤੇ ਦਲੇਰ ਬਿਆਨਾਂ ਨੂੰ ਕਲਮਬੰਦ ਕਰਦਾ ਹੈ ਜੋ ਬ੍ਰਿਟਿਸ਼ ਹਕੂਮਤ ਨੇ ਨਸ਼ਰ ਨਹੀਂ ਹੋਣ ਦਿੱਤਾ ਸੀ। ਊਧਮ ਸਿੰਘ ਦੇ ਦੋਸਤਾਂ ਦਾ ਹਾਸਾ, ਸ਼ਰਾਰਤਾਂ, ਦਰਦ, ਪਛਤਾਵਾ ਵੀ ਇਸ ਨਾਟਕ ਦਾ ਅੰਗ ਬਣਦਾ ਹੈ। ਓਡਵਾਇਰ ਨੂੰ ਮਾਰਨ ਤੋਂ ਪਹਿਲਾਂ ਜਦੋਂ ਊਧਮ ਸਿੰਘ ਆਪਣੇ ਬੇਲੀਆਂ ਅੱਗੇ ਦੁੱਧ-ਜਲੇਬੀਆਂ ਦੀ ਫਰਮਾਇਸ਼ ਰੱਖਦਾ ਹੈ ਤੇ ਮੁੜ ਨਾ ਮਿਲਣ ਦੇ ਇਸ਼ਾਰੇ ਸੁੱਟਦਾ ਹੈ ਤਾਂ ਇਤਿਹਾਸ ਤੋਂ ਜਾਣੂ ਦਰਸ਼ਕ ਦੀਆਂ ਅੱਖਾਂ ਨਮ ਹੋਣੋਂ ਨਹੀਂ ਰਹਿੰਦੀਆਂ। ਇਹ ਨਾਟਕ ਨਾਇਕ ਨੂੰ ਉਸ ਦੀ ਸਮੁੱਚਤਾ ’ਚ ਪੇਸ਼ ਕਰਨ ਕਰਕੇ ਨਿਵਕੇਲਾ ਜਾਣਿਆ ਜਾਵੇਗਾ, ਪਰ ਤੱਥਾਂ ਦੀ ਤਫਤੀਸ਼ ਖੋਜੀ ਇਤਿਹਾਸਕਾਰ ਤੇ ਵਿਦਵਾਨ ਕਰਨਗੇ।
ਨਾਟਕ ਦੇ ਸਾਰੇ ਅਦਾਕਾਰਾਂ ਨੇ ਜੀਅ ਜਾਨ ਲਾ ਕੇ ਇਸ ਨੂੰ ਜੀਵਿਆ ਹੈ। ਪੰਜਾਬੀ ਰੰਗਮੰਚ ਦੇ ਸਿਰਕੱਢ ਨੌਜਵਾਨ ਮਨਦੀਪ ਮਨੀ ਨੇ ਊਧਮ ਸਿੰਘ ਦੀ ਭੂਮਿਕਾ ਨੂੰ ਜੋ ਆਪਣਾਪਣ ਬਖ਼ਸ਼ਿਆ, ਉਹ ਚਿਰਾਂ ਤਕ ਯਾਦ ਰਹੇਗਾ। ਉਸ ਦਾ ਨਾਇਕਾਂ ਦੀ ਤਰ੍ਹਾਂ ਖੜ੍ਹਨ ਦਾ ਅੰਦਾਜ਼, ਛਾਤੀ ਦਾ ਭਾਵਪੂਰਨ ਅਕੜਾਅ, ਅੱਖਾਂ ਨੂੰ ਇਕ-ਬਿੰਦੂ ’ਤੇ ਠਹਿਰਾਉਣਾ ਤੇ ਬਿਨਾਂ ਪਲਕ ਝਪਕਿਆਂ ਉਚਾਈ ਤਕ ਲੈ ਕੇ ਜਾਣਾ ਉਸ ਦੇ ਅੰਦਰ ਵਸੇ ਕਿਰਦਾਰ ਦੀ ਥਾਹ ਪਾਉਂਦਾ ਸੀ। ਨਾਟਕ ਦੀ ਨਿਰਦੇਸ਼ਕ ਅਨੀਤਾ ਸ਼ਬਦੀਸ਼ ਨੇ ਵੱਡੀ ਗਿਣਤੀ ਵਿਚ ਮੌਜੂਦ ਕਲਾਕਾਰਾਂ ਨੂੰ ਇਕ ਲੜੀ ’ਚ ਪਰੋ ਕੇ ਨਾਟਕ ਦੀ ਗਤੀ ਬਰਕਰਾਰ ਰੱਖੀ। ਗੀਤ-ਸੰਗੀਤ ਨਾਟਕ ਦਾ ਅਹਿਮ ਹਿੱਸਾ ਸੀ, ਪਰ ਇਹ ਸਭ ਤੋਂ ਕਮਜ਼ੋਰ ਹਿੱਸਾ ਸੀ। ਗੀਤਾਂ ਦੀ ਲੰਬਾਈ ਮਾਪਣ ਦੀ ਲੋੜ ਹੈ ਤੇ ਸੰਗੀਤ ਤਿਆਰ ਕਰਨ ਵਾਲੇ ਕਲਾਕਾਰ ਨੂੰ ਰੰਗਮੰਚ ਦੀ ਸੁਰ ਅਤੇ ਤਾਲ ਸਮਝਣ ਦੀ ਲੋੜ ਹੈ, ਨਾਟਕ ਦੀ ਸੁਰ ਅਤੇ ਤਾਲ ਵਿਚਾਰਸ਼ੀਲ ਸੀ, ਪਰ ਗੀਤ-ਸੰਗੀਤ ਇਸ ਦੇ ਉਲਟ ਉਤੇਜਨਸ਼ੀਲ ਸੀ ਸਿਰਫ਼ ਸਿਕੰਦਰ ਸਲੀਮ ਜਦੋਂ ਆਪਣੀ ਲੈਅ ਅਤੇ ਤਾਲ ’ਚ ਬਿਨਾਂ ਸੰਗੀਤਕਾਰ ਦਾ ਸ਼ੇਰੀਲਾ ਰਿਦਮ ਪਕੜਿਆ, ਗਾਉਂਦਾ ਸੀ ਤਾਂ ਸਕੂਨ ਮਿਲਦਾ ਸੀ। ਨਿਰਦੇਸ਼ਕ ਨੂੰ ਇਸ ਸੰਤੁਲਨ ਵੱਲ ਧਿਆਨ ਦੇਣਾ ਚਾਹੀਦਾ ਹੈ। ਨਾਟਕ ਆਸਾਨ ਨਹੀਂ ਸੀ, ਪਟਕਥਾ ਵਜ਼ਨਦਾਰ ਹੈ ਤੇ ਮੈਂ ਆਸ ਕਰਦਾ ਹਾਂ ਕਿ ਨਿਰਦੇਸ਼ਕ ਉਸ ਵਜ਼ਨ ਦੇ ਹਿਸਾਬ ਨਾਲ ਹੋਰ ਵਧੇਰੇ ਕਲਪਨਾਸ਼ੀਲ ਡਿਜ਼ਾਈਨਿੰਗ ਕਰਕੇ ਦ੍ਰਿਸ਼ਾਂ ਦੀ ਕੋਰੀਓਗ੍ਰਾਫੀ ਨੂੰ ਹੋਰ ਅਮੀਰ ਕਰ ਲਵੇਗੀ।

ਸੰਪਰਕ: 98880-11096


Comments Off on ‘ਚੱਲ ਅੰਮ੍ਰਿਤਸਰ ਲੰਡਨ ਚੱਲੀਏ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.