ਨਾਭਾ ਜੇਲ੍ਹ ’ਚ ਬੇਅਦਬੀ ਖ਼ਿਲਾਫ਼ ਬੰਦੀ ਸਿੰਘਾਂ ਵੱਲੋਂ ਭੁੱਖ ਹੜਤਾਲ !    ਜਾਨ੍ਹਵੀ ਕਪੂਰ ਨੇ ਆਪਣੀ ਮਾਂ ਨੂੰ ਯਾਦ ਕੀਤਾ !    ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    

ਚੰਦਾ ਮਾਮਾ ਦੂਰ ਕੇ, ਪੂਰੇ ਪਕਾਏਂ ਬੂਰ ਕੇ

Posted On July - 15 - 2019

ਐੱਸ ਪੀ ਸਿੰਘ*

‘ਚੰਦਰਯਾਨ 2’ ਦੇ ਲਾਂਚ ਦੀ ਤਿਆਰੀ

ਛੋਟੇ ਹੁੰਦਿਆਂ ਤੋਂ ਹੀ ਉਹ ਮੇਰਾ ਮਾਮਾ ਲੱਗਦਾ ਸੀ ਅਤੇ ਭਾਵੇਂ ਕਿੰਨੀ ਵੀ ਦੂਰ ਸੀ, ਬਹੁਤੇ ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਵਾਰੀ ਸਾਡੀ ਛੱਤ ਉੱਤੇ ਝਾਤੀ ਮਾਰਨ ਬਹੁੜਦਾ ਸੀ। ਘਟਦਾ, ਵਧਦਾ, ਛਿਪਦਾ, ਨਿਕਲਦਾ, ਯਾਰਾਂ ਦੀ ਮੁਹੱਬਤ ਦੇ ਕਿੱਸਿਆਂ ’ਚ ਸੁਣੀਂਦਾ, ਕਦੀ ਦੂਜ ਦਾ, ਕਦੀ ਚੌਦ੍ਹਵੀਂ ਦਾ ਅਤੇ ਕਦੇ ਈਦ ਦਾ ਹੁੰਦਾ, ਇਹ ਮੇਰੇ ਨਿੱਕੇ ਹੁੰਦੇ ਦਾ ਮਾਮਾ ਬੜੀਆਂ ਸੰਗਰਾਂਦਾਂ ਅਤੇ ਪੂਰਨਮਾਸ਼ੀਆਂ ਵਿਚਦੀ ਲੰਘ ਆਇਆ। ਰਾਜਨੀਤੀ ਦੀ ਦੌੜ ਵਿੱਚ ਸਿਆਸਤਦਾਨਾਂ ਇਹਨੂੰ ਕਈ ਵਾਰ ਚੜ੍ਹਾਇਆ।
ਅੱਜ ਫਿਰ ਇਹ ਸੁਰਖ਼ੀਆਂ ਵਿੱਚ ਹੈ। ਵਿਗਿਆਨ ਅਤੇ ਵਿਕਰਾਲ ਸਿਆਸੀ ਅਕਾਂਖਿਆਵਾਂ ਦਾ ਚਿਰੋਕਣਾ ਗੂੜ੍ਹਾ ਰਿਸ਼ਤਾ ਰਿਹਾ ਹੈ। ਇਨ੍ਹਾਂ ਦੇ ਮੇਲ ਵਿੱਚੋਂ ਮਨੁੱਖਤਾ ਦੀ ਭਲਾਈ ਵਾਲੀਆਂ ਵਡਮੁੱਲੀਆਂ ਦਾਤਾਂ ਅਤੇ ਉਹਨੂੰ ਤਬਾਹ ਕਰਨ ਵਾਲੀਆਂ ਬੇਸ਼ੁਮਾਰ ਗਰਕਣੀਆਂ ਵਸਤਾਂ ਨਿਕਲੀਆਂ ਹਨ। ਕਈ ਭਿਆਨਕ ਬਿਮਾਰੀਆਂ ਦੇ ਤੋੜ ਵੀ ਇਸੇ ਰਿਸ਼ਤੇ ਦੀ ਦੇਣ ਹਨ ਅਤੇ ਐਟਮ ਬੰਬ ਵੀ ਸਾਡੀ ਝੋਲੀ ਉਦੋਂ ਡਿੱਗਿਆ ਜਦੋਂ ਰਾਜਨੀਤੀ ਤੇ ਵਿਗਿਆਨ ਰਲਗੱਡ ਹੋਏ।
ਅੱਜ ਤੁਹਾਡੇ ਅਖ਼ਬਾਰ ਦੀਆਂ ਸੁਰਖ਼ੀਆਂ ’ਚ ਚੰਨ ਚੜ੍ਹਿਆ ਪਿਆ ਹੈ। ਚਾਰੋਂ ਪਾਸੇ ਚੰਦਰਯਾਨ ਦੀ ਯਾਤਰਾ ਦਾ ਜ਼ਿਕਰ ਹੈ। ਹਰਮਨ ਪਿਆਰੇ ਕਿਸੇ ਨੇਤਾ ਦਾ ਖ਼ੁਆਬ ਹੈ ਕਿ ਜਿਹੜਾ ਤਿਰੰਗਾ ਚਾਂਦਨੀ ਤੋਂ ਪਹਿਲੋਂ ਲਾਹ ਲਈਦਾ ਹੈ, ਉਹ ਚੰਦ ਉੱਤੇ ਜ਼ਰੂਰ ਝੁੱਲੇ। ਸੋ ਵਿਗਿਆਨ ਠਿੱਲ੍ਹ ਪਿਆ ਹੈ। ਭਾਰਤ ਦਾ ਇਹ ਨਾਮ ਰੌਸ਼ਨ ਕਰੇਗਾ, ਮਨੁੱਖਤਾ ਨੂੰ ਮਹਾਨ ਫ਼ਾਇਦੇ ਪਹੁੰਚਾਏਗਾ, ਇਹ ਸਭ ਬਿਰਤਾਂਤਕਾਰੀ ਦਾ ਮਾਮਲਾ ਹੁੰਦਾ ਹੈ। ਤਿੰਨ ਚੌਥਾਈ ਸਦੀ ਪਿੱਛੇ ਜਾਓ ਅਤੇ ਅਖ਼ਬਾਰੀ ਸੁਰਖ਼ੀਆਂ ਪੜ੍ਹੋ। ਵਿਗਿਆਨਕ ਬਿਰਤਾਂਤਾਂ ਦੇ ਸ਼ਾਹ ਅਸਵਾਰ ਜਚਾ ਰਹੇ ਸਨ ਕਿ ਮਨੁੱਖਤਾ ਸੋਚ ਵੀ ਨਹੀਂ ਸਕਦੀ ਕਿ ਐਟਮ ਬੰਬ ਨਾਲ ਕਿੱਡਾ ਵੱਡਾ ਫ਼ਾਇਦਾ ਹੋਣਾ ਹੈ।
ਵੈਸੇ ਇਸ ਚੰਨ-ਚੜ੍ਹਾਊ ਪਾਰਟੀ ’ਚ ਅਸੀਂ ਬੜੀ ਦੇਰ ਨਾਲ ਪਹੁੰਚੇ ਹਾਂ। ਅਮਰੀਕਾ ਨੇ 1961 ਦੀਆਂ ਗਰਮੀਆਂ ਵਿੱਚ ਹੀ ਟੀਚਾ ਐਲਾਨ ਦਿੱਤਾ ਸੀ ਕਿ ਦਹਾਕਾ ਵੰਞਣ ਤੋਂ ਪਹਿਲੋਂ ਪਹਿਲੋਂ ਅਸਾਂ ਬੰਦਾ ਚੰਨ ’ਤੇ ਲਾਹ ਦੇਣਾ ਏ। ਉਦੋਂ ਅਜੇ ਬਾਂਦਰ ਵੀ ਖ਼ਲਾਅ ’ਚ ਨਹੀਂ ਸੀ ਭੇਜਿਆ, ਪਰ ਸਿਆਸਤ ਚੁੰਮਣ ਲੈ ਲਵੇ ਵਿਗਿਆਨ ਦਾ ਤਾਂ ਫਿਰ ਪਿੱਛੇ ਮੁੜ ਕੇ ਕੌਣ ਵੇਖਦਾ ਏ? ਚੰਨ ’ਤੇ ਜਾਣਾ ਲਾਜ਼ਮੀ ਕੌਮੀ ਕਾਰਜ ਹੋ ਗਿਆ। ਹਿਊਸਟਨ ਵਿੱਚ ਮਿਸ਼ਨ ਕੰਟਰੋਲ ਸੈਂਟਰ ਖੁੱਲ੍ਹ ਗਿਆ। 1961 ਤੋਂ 1966 ਤੱਕ ਮਰਕਰੀ ਅਤੇ ਜੈਮਿਨੀ ਖਟੋਲਿਆਂ ’ਚ 16 ਵਾਰੀ ਬੰਦੇ ਖ਼ਲਾਅ ’ਚ ਚੱਕਰ ਮਾਰ ਆਏ। ਭਖੀ ਹੋਈ ਸਿਆਸਤ ਵਿਗਿਆਨ ਦੀ ਝੋਲੀ ਖੁੱਲ੍ਹਾ ਪੈਸਾ ਸੁੱਟ ਰਹੀ ਸੀ। 1968 ਦੇ ਅੰਤਲੇ ਅਤੇ 1969 ਦੇ ਸ਼ੁਰੂਆਤੀ ਹਫ਼ਤਿਆਂ ਵਿੱਚ ਨਾਸਾ ਨੇ ਚੰਨ ਤੋਂ ਨਿਗਾਹ ਨਹੀਂ ਹਟਾਈ। ਹਰ ਢਾਈ ਮਹੀਨੇ ਬਾਅਦ ਕੋਈ ਨਾ ਕੋਈ ਅਪੋਲੋ ’ਤਾਂਹ ਨੂੰ ਜਾਂਦਾ ਰਿਹਾ। ਅੰਤ ਅਪੋਲੋ-11 ’ਤੇ ਚੜ੍ਹ, ਐਤਵਾਰ 20 ਜੁਲਾਈ, 1969 ਨੂੰ ਨੀਲ ਆਰਮਸਟਰੌਂਗ ਨੇ ਆਪਣਾ ਸਾਢੇ ਨੌਂ ਨੰਬਰ ਦਾ ਬੂਟ ਮਾਮੇ ਦੀ ਹਿੱਕ ’ਤੇ ਰੱਖ, ਆਖਿਆ ਬਈ ਇਹ ਮਨੁੱਖ ਲਈ ਇੱਕ ਛੋਟਾ ਕਦਮ ਅਤੇ ਮਨੁੱਖਤਾ ਲਈ ਇੱਕ ਵੱਡੀ ਪੁਲਾਂਘ ਹੈ।

ਦਾਰਾ ਸਿੰਘ ਦੀ ਫਿਲਮ ‘ਚਾਂਦ ਪਰ ਚੜ੍ਹਾਈ’ ਦਾ ਪੋੋਸਟਰ।

ਪੁਲਾਂਘ ਦਾ ਅੰਦਾਜ਼ਾ ਤਾਂ ਸਿਆਸਤਦਾਨ ਨੂੰ ਚੋਖਾ ਸੀ। ਰਾਸ਼ਟਰਪਤੀ ਰਿਚਰਡ ਨਿਕਸਨ ਨੇ ਚੰਨ ਤੋਂ ਮੁੜਿਆਂ ਨਾਲ ਹੱਥ ਮਿਲਾਇਆ ਅਤੇ ਮੁਲਕੋ-ਮੁਲਕੀਂ ਘੁੰਮਣ ਨਿਕਲ ਪਿਆ। ਭਾਰਤ, ਪਾਕਿਸਤਾਨ ਵੀ ਫੇਰਾ ਪਾਇਆ। ਫਿਰ ਯੂਰੋਪ ਵੀ ਗਾਹਿਆ। ਚੰਨ ’ਤੇ ਬੰਦਾ ਚਾੜ੍ਹ ਉਹ ਪ੍ਰੈਜ਼ੀਡੈਂਸ਼ੀਅਲ ਲੱਗਣ ਲੱਗ ਪਿਆ ਸੀ।
ਟੈਲੀਵਿਜ਼ਨ ਦੇ ਯੁੱਗ ਵਿੱਚ ਹਰਮਨ ਪਿਆਰਾ ਨੇਤਾ ਕਿਸ ਬਲਾ ਦਾ ਨਾਮ ਹੈ, ਇਹ ਰਾਸ਼ਟਰਪਤੀ ਜੌਹਨ ਐੱਫ. ਕੈਨੇਡੀ ਸਿਖਾ ਗਿਆ ਸੀ। ਟੈਲੀਵਿਜ਼ਨ ਦੇ ਕੈਮਰੇ ਅਤੇ ਕੈਨੇਡੀ ਆਸ਼ਕ-ਮਾਸ਼ੂਕ ਵਾਂਗ ਵਿਚਰਦੇ। ਸਕਰੀਨ ਉਹਦੀ ਮੁਹੱਬਤ ਵਿੱਚ ਗੜੁੱਚ ਰਹਿੰਦੀ। 1963 ’ਚ ਆਪਣੇ ਕਤਲ ਤੋਂ ਪਹਿਲਾਂ ਪਹਿਲਾਂ ਉਹ ਟੀਵੀ ਅਤੇ ਨੇਤਾ ਦਾ ਰਿਸ਼ਤਾ ਪ੍ਰੀਭਾਸ਼ਤ ਕਰ ਗਿਆ ਸੀ। ਨਿਕਸਨ ਵੀ ਚਾਹੁੰਦਾ ਸੀ ਕਿ ਉਹਦਾ ਅਕਸ ਵੀ ਪ੍ਰੈਜ਼ੀਡੈਂਸ਼ੀਅਲ ਹੋਵੇ।
ਜਦੋਂ ਨੀਲ ਆਰਮਸਟਰੌਂਗ ਤਿੰਨ ਲੱਖ ਡਾਲਰ ਦਾ ਸੂਟ ਪਾ ਕੇ ਨੌਂ ਡੰਡਿਆਂ ਵਾਲੀ ਪੌੜੀ ਰਾਹੀਂ ਚੰਨ ’ਤੇ ਪਹਿਲੀ ਵਾਰੀ ਉਤਰਿਆ ਤਾਂ ਦੂਜੇ ਡੰਡੇ ’ਤੇ ਹੀ ਪਹੁੰਚ, ਰੱਸੀ ਖਿੱਚ ਕੇ ਪਹਿਲਾਂ ਟੀਵੀ ਦਾ ਕੈਮਰਾ ਚਾਲੂ ਕੀਤਾ। ਫਿਰ ਚੰਨ ਦੀ ਧਰਤੀ ’ਤੇ ਸੀਖ ਗੱਡ ਕੇ ਉਹਦੇ ’ਤੇ ਟੀਵੀ ਕੈਮਰਾ ਫਿੱਟ ਕੀਤਾ ਤਾਂ ਜੋ ਦੁਨੀਆਂ ਵੇਖ ਸਕੇ ਕਿ ਕਿਵੇਂ ਉਹ ਤੇ ਸਾਥੀ ਬਜ਼ ਆਲਡਰਿਨ ਛੜੱਪੇ ਮਾਰਦੇ ਫੁਦਕ ਰਹੇ ਸਨ, ਅਮਰੀਕੀ ਝੰਡਾ ਗੱਡ ਉਹਨੂੰ ਸਲੂਟ ਮਾਰ ਰਹੇ ਸਨ। ਮੁਲਕ ਮਹਾਨ ਦੀ ਸਾਖ ਥੱਲੇ ਮਾਤਲੋਕ ਵਿੱਚ ਉਤਾਰ ਰਹੇ ਸਨ।
ਨੇਤਾ ਹੁਣ ਆਪਣਾ ਅਕਸ ਹੀ ਸੀ। ਅਕਸ ਹੀ ਨੇਤਾ ਸੀ। ਲੋਕ ਅਕਸ ਨੂੰ ਪਿਆਰ ਕਰਦੇ ਸਨ। ਉਸੇ ਨੂੰ ਨੇਤਾ ਮੰਨਦੇ ਸਨ। ਆਪਣੇ ਸਮਿਆਂ ਦੇ ਸੰਦਰਭਾਂ ਅਤੇ ਅਜੋਕੀਆਂ ਚੁਣੌਤੀਆਂ ਦੇ ਹਾਣ ਦੇ ਹੋਣ ਦੇ ਨਾਲ ਨਾਲ ਟੀਵੀ ’ਤੇ ਪੇਸ਼ ਹੋਣ ਲਾਇਕ ਹੋਣਾ ਵੀ ਨੇਤਾ ਦਾ ਜ਼ਰੂਰੀ ਗੁਣ ਹੋ ਗਿਆ ਸੀ। ਨਿਕਸਨ ਮੁੜ ਜਵਾਨ ਨਹੀਂ ਹੋ ਸਕਦਾ ਸੀ, ਪਰ ਚੰਨ ਉੱਤੇ ਬੰਦਾ ਚਾੜ੍ਹ, ਚੰਨੋਂ-ਮੁੜਿਆਂ ਨਾਲ ਹੱਥ ਮਿਲਾ ਪ੍ਰੈਜ਼ੀਡੈਂਸ਼ੀਅਲ ਮੈਟੀਰੀਅਲ ਹੋ ਗਿਆ ਸੀ। ਭਾਵੇਂ ਬਾਅਦ ਵਿੱਚ ਵਾਟਰਗੇਟ ਸਕੈਂਡਲ ਵਿੱਚ ਉਹਨੇ ਜਿਹੜਾ ਚੰਨ ਚੜ੍ਹਾਇਆ, ਉਹਦੀ ਸ਼ਰਮ ਅਜੇ ਵੀ ਬਾਕੀ ਏ।
ਆਪਣੇ ਅਕਸ ਲਈ ਨੇਤਾਵਾਂ ਨੇ ਵਿਗਿਆਨ ਨੂੰ ਬੜੀ ਵਾਰੀ ਧਰੀਕ ਕੇ ਸਿਆਸੀ ਕੀਤਾ ਹੈ, ਪਰ ਇਸ ਲਈ ਅਸਲੀ ਜ਼ਿੰਮੇਵਾਰ ਕੌਣ ਹੈ? ਇਹ ਅਕਸ ਕਿਸ ਨੂੰ ਪਰੋਸਿਆ ਜਾਂਦਾ ਹੈ? ਨੇਤਾ ਦੇ ਬਿੰਬ ਦੇ ਖਪਤਕਾਰ ਕੌਣ ਹਨ?
ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਵੀਂ ਪਿਰਤ ਪਾਈ। ਅਖੇ, ਮੈਂ 4 ਜੁਲਾਈ ਨੂੰ ਸਾਲਾਨਾ ਪਰੇਡ ’ਚ ਵਾਸ਼ਿੰਗਟਨ ਡੀਸੀ ਦੀਆਂ ਸੜਕਾਂ ’ਤੇ ਟੈਂਕ ਭਜਾਉਣੇ ਹਨ। ਲੋਕਾਂ ਬਥੇਰਾ ਵਰਜਿਆ ਕਿ ਇਸ ਰਾਸ਼ਟਰੀ ਪਰੇਡ ’ਚ ਕਦੀ ਟੈਂਕ ਵਗੈਰਾ ਨਹੀਂ ਹੁੰਦੇ, ਪਰ ਕਿੱਥੇ ਜੀ? ਰਾਸ਼ਟਰਪਤੀ ਟਰੰਪ ਦੁਨੀਆ ਨੂੰ ਵਿਖਾਉਣਾ ਚਾਹੁੰਦਾ ਹੈ ਕਿ ਉਹ ਤਾਕਤਵਰ ਹੈ। ਉਹਨੇ ਵੀ ਤਾਂ ਆਪਣੇ ਮੁਲਕ ਨੂੰ ਮਹਾਨ ਕਰਨ/ਜਚਾਉਣ ਦਾ ਤਹੱਈਆ ਕੀਤਾ ਹੋਇਆ ਹੈ। ਮਾਹਿਰਾਂ ਕਿਹਾ, ਜੀ ਟੈਂਕ ਸੜਕ ’ਤੇ ਟੁਰੇ ਤਾਂ ਸੜਕਾਂ ਟੁੱਟ ਜਾਣਗੀਆਂ, ਪਰ ਅਕਸ ਦਾ ਕੈਦੀ ਅੜ ਗਿਆ। ਜ਼ਿੱਦ ਪੁਗਾ ਕੇ ਰਿਹਾ।
ਟਰੰਪ ਜਾਣਦਾ ਹੈ ਕਿ ਟੈਂਕਾਂ ਨਾਲ ਉਹ ਲੋਕ ਪ੍ਰਭਾਵਿਤ ਹੋਣਗੇ ਜਿਹੜੇ ਨੇਤਾ ਦੇ ਅਕਸ ਤੋਂ ਉਸ ਦਾ ਸੀਨਾ ਮਾਪਦੇ ਹਨ। ਤੀਜੀ ਦੁਨੀਆਂ ਦੇ ਬੜੇ ਦੇਸ਼ਾਂ ਵਿੱਚ ਰਾਸ਼ਟਰੀ ਤਿਉਹਾਰਾਂ ਮੌਕੇ ਖ਼ਲਕਤ ਨੂੰ ਮੁਲਕ ਦੇ ਇਸ ਮਹਾਂ-ਵਿਗਿਆਨ ਦੇ ਦੀਦਾਰ ਕਰਵਾਏ ਜਾਂਦੇ ਹਨ। ਦਿੱਲੀ ਦੇ ਰਾਜਪੱਥ ’ਤੇ ਮਾਰੂ ਮਿਜ਼ਾਈਲਾਂ, ਲੜਾਕੂ ਜਹਾਜ਼ਾਂ ਅਤੇ ਟੈਂਕਾਂ ਦੀ ਯਾਤਰਾ ਕਿੰਨੀ ਦੁਸ਼ਮਣ ਨੂੰ ਡਰਾਉਣ ਲਈ ਹੁੰਦੀ ਹੈ ਅਤੇ ਕਿੰਨੀ ਆਪਣੇ ਹੀ ਮੁਲਕ ਦੇ ਬਾਸ਼ਿੰਦਿਆਂ ਨੂੰ ਧਮਕਾਉਣ ਲਈ, ਇਹ ਰਾਜਨੀਤਕ ਵਿਗਿਆਨ ਦੇ ਮਾਹਿਰ ਭਲੀ-ਭਾਂਤ ਜਾਣਦੇ ਹਨ। ਹਰਮਨ ਪਿਆਰੇ ਹੋਣ ਦੀ ਇੱਛਾ ਰੱਖਦੇ ਨੇਤਾ ਜਾਣਦੇ ਹਨ ਕਿ ਲੋਕਾਂ ਨੂੰ ਅਤੀਤ ਦੇ ਸਰਲ ਜ਼ਮਾਨੇ ਜ਼ਿਆਦਾ ਸੌਖ ਨਾਲ ਸਮਝ ਆਉਂਦੇ ਸਨ। ਇਸੇ ਲਈ ਟਰੰਪ ਨੂੰ ਤਾਕਤ ਦੇ ਮੁਜ਼ਾਹਰੇ ਲਈ ਟੈਂਕ ਚਾਹੀਦੇ ਸਨ, ਵਰਨਾ ਦੁਨੀਆਂ ਵਿੱਚ ਹੁਣ ਯੁੱਧ ਦੇ ਉਹ ਮੈਦਾਨ ਕਿੱਥੇ ਹਨ ਜਿੱਥੇ ਟੈਂਕਾਂ ਨੇ ਕੋਈ ਕਾਰਨਾਮਾ ਕਰਨਾ ਹੋਵੇ? ਜੰਗ ਹੁਣ ਸਾਈਬਰ ਸਪੇਸ ਵਿੱਚ ਹੋ ਰਹੀ ਹੈ। ਹਮਲੇ ਡਰੋਨ ਨਾਲ ਕੀਤੇ ਜਾ ਰਹੇ ਹਨ। ਮਿਜ਼ਾਈਲਾਂ ਸੈਂਕੜੇ ਮੀਲਾਂ ਦੀ ਦੂਰੀ ਤੋਂ ਦਾਗ਼ੀਆਂ ਜਾਂਦੀਆਂ ਹਨ। ਵਿਚਾਰਧਾਰਾ ਦਾ ਪ੍ਰਚਾਰ ਕਰ ਕੇ ਕੋਈ ਤੁਹਾਡੇ ਹੀ ਮੁਲਕ ਦੇ ਕਿਸੇ ਬਾਸ਼ਿੰਦੇ ਨੂੰ ਮਨੁੱਖੀ ਬੰਬ ਵਿੱਚ ਤਬਦੀਲ ਕਰ ਰਿਹਾ ਹੈ, ਪਰ ਨੇਤਾ ਸੜਕ ਉੱਤੇ ਟੈਂਕ ਭਜਾ ਰਿਹਾ ਹੈ ਕਿਉਂਕਿ ਟੀਵੀ ’ਤੇ ਇਸ ਭਾਰੀ ਭਰਕਮ ਲੋਹੇ ਦੇ ਦੈਂਤ ਨੂੰ ਦਨਦਨਾਉਂਦਿਆਂ ਵੇਖ ਭੋਲੀ ਜਨਤਾ ਨੂੰ ਨੇਤਾ ਮਜ਼ਬੂਤ ਜਾਪਦਾ ਹੈ।
ਚੰਨ ’ਤੇ ਵਾਰ-ਵਾਰ ਬੰਦੇ ਭੇਜ ਅਮਰੀਕਾ ਨਿੱਠ ਕੇ ਬਹਿ ਗਿਆ, ਅਗਲੇ ਪੰਜਾਹ ਸਾਲ ਚੰਨ ’ਤੇ ਕੋਈ ਨਹੀਂ ਗਿਆ। ਚੰਦ ’ਤੇ ਚੜ੍ਹਾਈ ਨਾਲ ਮਨੁੱਖਤਾ ਕਿੰਨੀ ਅੱਗੇ ਵਧੀ ਅਤੇ ਧਰਤੀ ਉੱਤੇ ਵਸਦੇ ਮਨੁੱਖਾਂ ਲਈ ਸਿਆਸਤ ਨੇ ਇਨ੍ਹਾਂ ਸਾਲਾਂ ਵਿੱਚ ਕੀ ਕੀਤਾ, ਇਹ ਨਾਪ ਤੋਲ ਕਰਨਾ ਸਾਡਾ ਤੁਹਾਡਾ ਨੈਤਿਕ ਕਾਰਜ ਹੈ।
ਮੁਲਕ ਭਰ ਵਿੱਚ ਨਫ਼ਰਤੀ ਹਿੰਸਾ, ਸਮੂਹਿਕ ਕਤਲਾਂ ਦੇ ਵਾਇਰਲ ਹੁੰਦੇ ਵੀਡੀਓ, ਕਿਸੇ ਦੀ ਜ਼ੁਬਾਨ ਤੋਂ ਜਬਰੀ ਆਪਣੇ ਭਗਵਾਨ ਦੀ ਜੈ ਦਾ ਨਾਅਰਾ ਸੁਣਨ ’ਤੇ ਆਤੁਰ ਹੋਈ ਭੀੜ, ਡਰ ਅਤੇ ਭੈਅ ਦਾ ਮਾਹੌਲ, ਕਲਮਾਂ ਅਤੇ ਜ਼ੁਬਾਨਾਂ ਦੀ ਤਾਲੇਬੰਦੀ, ਲੋਕਤੰਤਰੀ ਪਰੰਪਰਾਵਾਂ ਦੀ ਨਿੱਤ ਅਵੱਗਿਆ ਅਤੇ ਇਸ ਸਭ ਨੂੰ ਵੇਖ ਸਾਜ਼ਿਸ਼ੀ ਚੁੱਪ ਵੱਟ ਲੈਣ ਤੇ ਨਿਰਲੇਪ ਰਹਿ ਜਾਣ ਦੀ ਕਲਾ। ਇਸ ਵਰਤਾਰੇ ਲਈ ਮਜ਼ਬੂਤ ਨੇਤਾ ਦੀ ਛਵੀ ਦਰਕਾਰ ਹੁੰਦੀ ਹੈ ਜਿਹੜਾ ਸਦਾ ਵੱਡਾ ਸੋਚੇ, ਦੁਸ਼ਮਣ ’ਤੇ ਕਰਾਰੀ ਕੋਈ ਮਾਰ ਕਰੇ, ਚੰਨ ਨੂੰ ਵੀ ਪਾਰ ਕਰੇ।
ਛੋਟੇ ਹੁੰਦਿਆਂ ਜਦੋਂ ਚੰਨ ਮੇਰਾ ਮਾਮਾ ਲੱਗਦਾ ਸੀ ਤਾਂ ਮਜ਼ਬੂਤ ਆਦਮੀ ਦੀ ਤਸ਼ਬੀਹ ਦਾਰਾ ਸਿੰਘ ਹੁੰਦਾ ਸੀ। ਨੀਲ ਆਰਮਸਟਰਾਂਗ ਦੇ ਚੰਨ ’ਤੇ ਜਾਣ ਤੋਂ ਦੋ ਸਾਲ ਪਹਿਲਾਂ, 1967 ਵਿੱਚ ਦਾਰਾ ਸਿੰਘ ਚੰਨ ’ਤੇ ਗਿਆ ਸੀ। ਟੀ.ਪੀ. ਸੁੰਦਰਮ ਦੀ ‘ਚਾਂਦ ਪਰ ਚੜ੍ਹਾਈ’ ਵਿੱਚ ਭਾਰਤੀਆਂ ਨੇ ਪਹਿਲਾਂ ਹੀ ਚੰਨ ’ਤੇ ਕੈਂਪ ਲਾ ਲਿਆ ਸੀ ਅਤੇ ਉਨ੍ਹਾਂ ਉੱਥੇ ਰਹਿੰਦੇ ਖਲਾਈ ਮਖਲੂਕਾਂ ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਇਹ ਭਾਰਤ ਮਹਾਨ ਦੀ ਚੰਨ ਅਤੇ ਸਕਰੀਨ ਉੱਤੇ ਛਵੀ ਦੀ ਪਹਿਲੀ ਸਾਂਝੀ ਸਫ਼ਲ ਯਾਤਰਾ ਸੀ।
ਚੰਦਰਯਾਨ ਵਾਲੀ ਇਹ ਫੇਰੀ ਵੀ ਸਫਲ ਰਹਿਣੀ ਹੈ, ਇਹ ਮੇਰਾ ਯਕੀਨ ਹੈ ਕਿਉਂਕਿ ਇਸਰੋ ਦੇ ਮੁਖੀ ਅਤੇ ਵੱਡੇ ਵਿਗਿਆਨੀ ਕੇ. ਸਿਵਾਨ, ਨਾ ਕੇਵਲ ਇਹ ਖਟੋਲਾ ਦਾਗਣ ਤੋਂ ਪਹਿਲਾਂ ਤਿਰੂਮਾਲਾ ਦੇ ਮੰਦਿਰ ਹੋ ਕੇ ਆਏ ਹਨ ਸਗੋਂ ਉਡੀਪੀ ਦੇ ਸ੍ਰੀ ਕ੍ਰਿਸ਼ਨਾ ਮੱਠ ਵੀ ਪੂਜਾ ਕਰ ਆਏ ਸਨ। ਇੱਕ ਵਾਰੀ ਇਹ ਮਿਸ਼ਨ ਸਿਰੇ ਚੜ੍ਹ ਗਿਆ ਤਾਂ ਟੀਵੀ ’ਤੇ ਹਰਮਨ ਪਿਆਰੇ ਨੇਤਾ ਦਾ ਜਾਦੂ ਖ਼ਲਕਤ ਦੇ ਸਿਰ ਚੜ੍ਹ ਬੋਲੇਗਾ। ਜੇ ਕਿਤੇ ਛਟਾਕੀ ਪਾਣੀ ਦੀ ਵੀ ਲੱਭ ਪਈ ਤਾਂ ਚੱਪਣੀ ’ਚ ਭਰ, ਵਿਰੋਧੀ ਨੂੰ ਟੋਲੇਗਾ।
(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਛਵੀ ਦੇ ਜ਼ੁਲਮ ਤੋਂ ਨਿਜਾਤ ਪਾ, ਚਲੋ ਦਿਲਦਾਰ ਚਲੋ, ਚਾਂਦ ਕੇ ਪਾਰ ਚਲੋ ਦੀ ਮਨਸੂਬਾਬੰਦੀ ਕਰ ਰਿਹਾ ਹੈ।)


Comments Off on ਚੰਦਾ ਮਾਮਾ ਦੂਰ ਕੇ, ਪੂਰੇ ਪਕਾਏਂ ਬੂਰ ਕੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.