ਜੋਗਿੰਦਰ ਸਿੰਘ ਮਾਨ
ਮਾਨਸਾ, 22 ਜੁਲਾਈ
ਪੰਜਾਬ ਦੇ ਮਾਨਸਾ ਸਮੇਤ ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਲੰਬੇ ਸਮੇਂ ਤੋਂ ਘੱਗਰ ਕਿਸਾਨਾਂ ਦੀਆਂ ਫ਼ਸਲਾਂ ਸਮੇਤ ਆਮ ਲੋਕਾਂ ਦੀ ਜਾਨ-ਮਾਲ ਦਾ ਨੁਕਸਾਨ ਕਰਦਾ ਆ ਰਿਹਾ ਹੈ, ਪਰ ਇਸ ਦੀ ਰੋਕਥਾਮ ਲਈ ਕਈ ਦਹਾਕਿਆਂ ਤੋਂ ਕੋਈ ਸਰਕਾਰੀ ਬੰਦੋਬਸਤ ਨਹੀਂ ਹੋਏ ਹਨ। ਦੋ ਮਹੀਨੇ ਪਹਿਲਾਂ ਹੋਈਆਂ ਚੋਣਾਂ ਦੌਰਾਨ ਵੀ ਕਿਸੇ ਸਿਆਸੀ ਪਾਰਟੀ ਨੇ ਘੱਗਰ ਦਰਿਆ ਦੀ ਤਕਲੀਫ਼ ਨੂੰ ਆਪਣੇ ਪ੍ਰਚਾਰ ਦੌਰਾਨ ਨਹੀਂ ਉਭਾਰਿਆ ਸੀ। ਇਸ ਘੱਗਰ ਦਰਿਆ ਵਿੱਚ ਆਮ ਦਿਨਾਂ ਦੌਰਾਨ ਫੈਕਟਰੀਆਂ ਦੇ ਸੁੱਟੇ ਜਾਂਦੇ ਦੂਸ਼ਿਤ ਪਾਣੀ ਕਾਰਨ ਕੈਂਸਰ, ਕਾਲਾ ਪੀਲੀਆ ਅਤੇ ਹੋਰ ਅਨੇਕਾਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ, ਪਰ ਸੱਤਾਧਾਰੀਆਂ ਸਮੇਤ ਵਿਰੋਧੀ ਧਿਰਾਂ ਨੇ ਇਸ ਦੇ ਸੁਧਾਰ ਲਈ ਮੂੰਹ ਬੰਦ ਹੀ ਰੱਖੇ ਹਨ।
ਇਹ ਘੱਗਰ ਦਰਿਆ ਬਠਿੰਡਾ, ਸੰਗਰੂਰ ਅਤੇ ਪਟਿਆਲਾ ਲੋਕ ਸਭਾ ਹਲਕਿਆਂ ਨਾਲ ਸਬੰਧਤ ਏਰੀਏ ਦਾ ਨੁਕਸਾਨ ਕਰਦਾ ਹੈ। ਇਸ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਪਿਛਲੇ ਲੰਬੇ ਸਮੇਂ ਤੋਂ ਕੋਈ ਪੈਸਾ ਜਾਰੀ ਨਹੀਂ ਹੋਇਆ ਹੈ। ਬਠਿੰਡਾ ਲੋਕ ਸਭਾ ਹਲਕੇ ਤੋਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਪਟਿਆਲਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਪਰਨੀਤ ਕੌਰ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਅਤੇ ਇਸ ਖੇਤਰ ਦੇ ਸਿਰਕੱਢ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਪਿਛਲੇ ਲੰਬੇ ਸਮੇਂ ਤੋਂ ਘੱਗਰ ਦਰਿਆ ਰਾਹੀਂ ਹੁੰਦੇ ਲੋਕਾਂ ਦੇ ਜਾਨ-ਮਾਲ ਦੇ ਨੁਕਸਾਨ ਦਾ ਠੀਕਰਾ ਇਕ-ਦੂਜੇ ਸਿਰ ਭੰਨਦੇ ਰਹੇ ਹਨ।
ਆਈਡੀਪੀ ਦੇ ਆਗੂ ਡਾ. ਬਿਕਰਜੀਤ ਸਿੰਘ ਸਾਧੂਵਾਲਾ ਨੇ ਕਿਹਾ ਕਿ ਘੱਗਰ ਦਰਿਆ ਨੇ ਤਿੰਨ ਜ਼ਿਲ੍ਹਿਆਂ ਦਾ ਅੱਜ ਤੱਕ ਜਿੰਨਾ ਨੁਕਸਾਨ ਕੀਤਾ ਹੈ ਅਤੇ ਉਸ ਉਪਰ ਤਬਾਹੀ ਵਜੋਂ ਜਿੰਨਾ ਪੈਸਾ ਬੇਕਾਰ ਗਿਆ ਹੈ, ਇਸ ਨੂੰ ਜੇਕਰ ਵਿਕਾਸ ਕਾਰਜਾਂ ਉਤੇ ਖਰਚਿਆ ਜਾਂਦਾ ਤਾਂ ਘੱਟੋ-ਘੱਟ ਮਾਲਵਾ ਪੱਟੀ ਦਾ ਪੱਛੜਿਆਪਣ ਦੂਰ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਸਭ ਤੋਂ ਵੱਧ ਵਾਰ ਮੁੱਖ ਮੰਤਰੀ ਬਣਨ ਵਾਲੇ ਪ੍ਰਕਾਸ਼ ਸਿੰਘ ਬਾਦਲ ਅਤੇ ਦੋ ਵਾਰ ਮੁੱਖ ਮੰਤਰੀ ਬਣਨ ਵਾਲੇ ਕੈਪਟਨ ਅਮਰਿੰਦਰ ਸਿੰਘ, ਚਾਹੁੰਦੇ ਤਾਂ ਘੱਗਰ ਉੱਪਰ ਬਹੁਤ ਸਮਾਂ ਪਹਿਲਾਂ ਪੱਕੇ ਬੰਨ੍ਹ ਬਣ ਜਾਣੇ ਸਨ।
ਸਿੰਜਾਈ ਵਿਭਾਗ ਦੇ ਇਕ ਸੇਵਾ ਮੁਕਤ ਅਧਿਕਾਰੀ ਅਤੇ ਰੈਡੀਕਲ ਪੀਪਲਜ਼ ਫੋਰਮ ਦੇ ਆਗੂ ਸੁਖਦਰਸ਼ਨ ਸਿੰਘ ਨੱਤ ਨੇ ਇਸ ਸਬੰਧੀ ਇਕੱਤਰ ਕੀਤੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਸਾਉਣੀ ਦੇ ਸੀਜ਼ਨ ਵਿੱਚ ਘੱਗਰ ਪੰਜਾਬ ਵਿੱਚ ਜ਼ਿਆਦਾ ਮਾਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਘੱਗਰ ਦੀ ਕੁੱਲ ਲੰਬਾਈ 242 ਕਿਲੋਮੀਟਰ ਹੈ, ਜਿਸ ਵਿਚੋਂ ਪੰਜਾਬ ਵਾਲਾ ਜ਼ਿਆਦਾ ਹਿੱਸਾ 165 ਕਿਲੋਮੀਟਰ ਹੀ ਇਸ ਦੀ ਮਾਰ ਹੇਠ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਘੱਗਰ ਮੁਬਾਰਕਪੁਰ ਤੋਂ ਸ਼ੁਰੂ ਹੋ ਕੇ ਬਨੂੜ, ਘਨੌਰ, ਡਕਾਲਾ, ਸਮਾਣਾ, ਸ਼ੁਤਰਾਣਾ, ਲਹਿਰਾਗਾਗਾ (ਸੰਗਰੂਰ), ਬਰੇਟਾ-ਸਰਦੂਲਗੜ੍ਹ (ਮਾਨਸਾ) ਰਾਹੀਂ ਹਰਿਆਣਾ ਦੇ ਸਿਰਸਾ ਖੇਤਰ ਵਿੱਚ ਹੁੰਦਾ ਹੋਇਆ ਹਨੂਮਾਨਗੜ੍ਹ ਰਾਹੀਂ ਅੱਗੇ ਗੰਗਾਨਗਰ ਵਿਚ ਜਾ ਵੜਦਾ ਹੈ, ਜਿਸ ਦੀ ਮਾਰ ਕਿਸਾਨਾਂ ਨੂੰ ਝੱਲਣੀ ਪੈਂਦੀ ਹੈ।