ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    ਮਿੰਨੀ ਕਹਾਣੀ !    ਬਹੁਪੱਖੀ ਜਾਣਕਾਰੀ ਵਾਲਾ ਸਫ਼ਰਨਾਮਾ !    ਲੋਕ ਸਰੋਕਾਰਾਂ ਦੀ ਗੱਲ !    ਬੌਲੀਵੁੱਡ ’ਚ ਭੈਣ-ਭਰਾਵਾਂ ਦਾ ਜਲਵਾ !    ‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ !    

ਘੜਾ ਵੱਜਦਾ ਘੜੋਲੀ ਵੱਜਦੀ…

Posted On July - 6 - 2019

ਲਖਬੀਰ ਸਿੰਘ ਦੌਦਪੁਰ

ਪਹੀਏ ਦੀ ਖੋਜ ਨੇ ਮਨੁੱਖੀ ਜੀਵਨ ਨੂੰ ਅਜਿਹੀ ਗਤੀ ਪ੍ਰਦਾਨ ਕੀਤੀ ਕਿ ਮਨੁੱਖੀ ਸੱਭਿਅਤਾ ਇਕ ਤੋਂ ਇਕ ਮੰਜ਼ਿਲਾਂ ਸਰ ਕਰਦੀ ਹੋਈ ਨਿਰੰਤਰ ਅੱਗੇ ਵਧਦੀ ਗਈ। ਪਹੀਏ ਦੀ ਖੋਜ ਨੇ ਨਾ ਸਿਰਫ਼ ਮਨੁੱਖ ਲਈ ਆਵਾਜਾਈ, ਢੋਆ-ਢੁਆਈ ਆਦਿ ਵਰਗੇ ਕੰਮ ਸੁਖਾਲੇ ਕੀਤੇ ਸਗੋਂ ਮਨੁੱਖੀ ਜੀਵਨ ਦੇ ਹੋਰ ਵੀ ਬਹੁਤ ਸਾਰੇ ਪਹਿਲੂਆਂ ਵਿਚ ਸੌਖ ਤੇ ਸਹਿਜਤਾ ਲੈ ਆਂਦੀ। ਮਨੁੱਖ ਨੇ ਖੇਤੀ ਕਰਨੀ ਸ਼ੁਰੂ ਕੀਤੀ, ਪਸ਼ੂ ਪਾਲਣ ਲੱਗਿਆ, ਇਸ ਨਾਲ ਹੀ ਖਾਣ ਪੀਣ ਦੀਆਂ ਵਸਤਾਂ ਆਦਿ ਨੂੰ ਸੰਗ੍ਰਹਿ ਕਰਕੇ ਰੱਖਣ ਦੀ ਜ਼ਰੂਰਤ ਵੀ ਮਹਿਸੂਸ ਹੋਈ। ਪਾਣੀ, ਦੁੱਧ, ਅਨਾਜ ਆਦਿ ਨੂੰ ਲੰਮੇ ਸਮੇਂ ਤਕ ਪ੍ਰਯੋਗ ਕਰਨ ਲਈ ਇਨ੍ਹਾਂ ਨੂੰ ਸੰਗ੍ਰਹਿ ਕਰਕੇ ਰੱਖਣਾ ਮਨੁੱਖੀ ਲੋੜ ਬਣ ਗਈ ਜਿਸ ਸਦਕਾ ਮਿੱਟੀ ਦੇ ਭਾਂਡੇ ਬਣਾਉਣੇ ਸ਼ੁਰੂ ਹੋਏ। ਪਹਿਲਾਂ-ਪਹਿਲ ਹੱਥਾਂ ਨਾਲ ਤੇ ਫਿਰ ਪਹੀਏ ਦੀ ਖੋਜ ਮਗਰੋਂ ‘ਚੱਕ’ ਆਉਣ ਨਾਲ ਇਸ ਕਾਰਜ ਵਿਚ ਤੇਜ਼ੀ ਵੀ ਆਈ ਅਤੇ ਸੁੰਦਰਤਾ ਵੀ। ਭਾਵੇਂ ਤਾਂਬੇ, ਪਿੱਤਲ ਤੇ ਕਾਂਸੀ ਦੇ ਭਾਂਡੇ ਮਨੁੱਖੀ ਜੀਵਨ ਵਿਚ ਪ੍ਰਵੇਸ਼ ਕਰ ਗਏ, ਪਰ ਫਿਰ ਵੀ ਮਿੱਟੀ ਦੇ ਭਾਂਡਿਆਂ ਨੁੂੰ ਜਨ-ਸਾਧਾਰਨ ਨੇ ਸਦਾ ਹੀ ਜੀਵਨ ਪੰਧ ਦੇ ਸਾਥੀ ਬਣਾਈ ਰੱਖਿਆ। ਭਾਵੇਂ ਸਮੇਂ ਸਮੇਂ ’ਤੇ ਇਨ੍ਹਾਂ ਭਾਂਡਿਆਂ ਦੇ ਰੂਪ, ਸਰੂਪ, ਦਿੱਖ, ਆਕਾਰ ਆਦਿ ਵਿਚ ਤਬਦੀਲੀ ਵੇਖਣ ਨੂੰ ਮਿਲੀ, ਪਰ ਇਨ੍ਹਾਂ ਦੀ ਸੁੰਦਰਤਾ, ਗੁਣਵੱਤਾ ਤੇ ਲੋਕਪ੍ਰਿਅਤਾ ਵਿਚ ਵਾਧਾ ਹੀ ਹੋਇਆ। ਇਹ ਪੰਜਾਬ ਦੇ ਲੋਕਾਂ ਦੇ ਜੀਵਨ ਦਾ ਅਟੁੱਟ ਅੰਗ ਰਹੇ ਹਨ। ਘੜੇ, ਮੱਘੇ, ਚਾਟੀਆਂ, ਤੌੜੀਆਂ, ਮੱਟ, ਕੁੱਜੇ, ਕੁੱਜੀਆਂ, ਗਾਗਰਾਂ, ਚੱਪਣ, ਚੱਪਣੀਆਂ, ਦੀਵੇ, ਝਾਂਮ੍ਹੇ ਆਦਿ ਨੇ ਲੋਕਾਂ ਦੇ ਜੀਵਨ ਨੂੰ ਸੁਖਾਲਾ ਤਾਂ ਬਣਾਈ ਹੀ ਰੱਖਿਆ, ਸਗੋਂ ਸੱਭਿਆਚਾਰਕ ਰੰਗ ਵੀ ਬਖ਼ਸ਼ੇ। ਭੜੋਲੇ, ਭੜੋਲੀਆਂ ਅਤੇ ਹਾਰਿਆਂ ਨੂੰ ਵੀ ਜੇਕਰ ਇਸ ਸ਼੍ਰੇਣੀ ਵਿਚ ਸ਼ਾਮਲ ਕਰ ਲਈਏ ਤਾਂ ਗ਼ਲਤ ਨਹੀਂ ਹੋਵੇਗਾ। ਪੰਜਾਬੀ ਸੰਸਕ੍ਰਿਤੀ ਤੇ ਸੱਭਿਆਚਾਰ ਪੱਖੋਂ ਜੇਕਰ ਇਨ੍ਹਾਂ ਭਾਂਡਿਆਂ ’ਤੇ ਝਾਤ ਪਾਈਏ ਤਾਂ ਇਹ ਕੇਵਲ ਰੋਜ਼-ਮਰ੍ਹਾ ਦੇ ਕੰਮ ਹਿੱਤ ਪ੍ਰਯੋਗ ਕੀਤੇ ਜਾਣ ਵਾਲੇ ਭਾਂਡੇ ਹੀ ਨਾ ਹੋ ਕੇ ਪੰਜਾਬੀ ਲੋਕ ਮਨਾਂ ਦੇ ਵਲਵਲੇ ਅਤੇ ਭਾਵਨਾਵਾਂ ਦੇ ਵਾਹਕ ਵੀ ਹੋ ਨਿਬੜੇ। ਘੜਾ ਜਿੱਥੇ ਪਾਣੀ ਭਰਕੇ ਲਿਆਉਣ ਜਾਂ ਸੰਗ੍ਰਹਿ ਕਰਕੇ ਰੱਖਣ ਦੇ ਕੰਮ ਆਉਂਦਾ ਹੈ ਉੱਥੇ ਹੀ ਇਹ ਸਾਡੇ ਜੀਵਨ ਦੇ ਹਰ ਦੁਖ-ਸੁਖ ਦਾ ਸਾਥੀ ਵੀ ਰਿਹਾ ਹੈ। ਇਹ ਜਨਮ ਤੋਂ ਮੌਤ ਤਕ ਦੇ ਸੰਸਕਾਰਾਂ ਵਿਚ ਆਪਣੀ ਭੂਮਿਕਾ ਨਿਭਾਉਂਦਾ ਹੈ। ਗੀਤਾਂ, ਲੋਕ ਬੋਲੀਆਂ, ਟੱਪਿਆਂ ਆਦਿ ਵਿਚ ਘੜੇ ਨੂੰ ਕੇਂਦਰ ਵਿਚ ਰੱਖ ਕੇ ਮਨੁੱਖੀ ਮਨ ਦੇ ਵਲਵਲੇ ਤੇ ਭਾਵ ਉਜਾਗਰ ਕੀਤੇ ਮਿਲਦੇ ਹਨ:
ਘੜਾ ਵੱਜਦਾ ਘੜੋਲੀ ਵੱਜਦੀ
ਕਿਤੇ ਗਾਗਰ ਵੱਜਦੀ ਸੁਣ ਮੁੰਡਿਆ
ਇਸੇ ਤਰ੍ਹਾਂ ਮਿੱਟੀ ਦੇ ਹੋਰ ਭਾਂਡੇ ਵੀ ਪੰਜਾਬੀ ਜਨਜੀਵਨ ਵਿਚ ਅਹਿਮ ਥਾਂ ਰੱਖਦੇ ਹਨ। ਪੰਜਾਬੀ ਵਿਚ ਰਚੇ ਗਏ ਹਰ ਤਰ੍ਹਾਂ ਦੇ ਸਾਹਿਤ ਵਿਚ ਮਿੱਟੀ ਦੇ ਭਾਂਡੇ ਵੱਡਾ ਮੁਕਾਮ ਹਾਸਲ ਕਰ ਗਏ। ਸਾਡੇ ਗੁਰੂਆਂ, ਭਗਤਾਂ ਆਦਿ ਨੇ ਵੀ ਆਪਣੀ ਬਾਣੀ ਵਿਚ ਮਿੱਟੀ ਦੇ ਭਾਂਡਿਆਂ ਦੇ ਕਿੰਨੇ ਹੀ ਦ੍ਰਿਸ਼ਟਾਂਤ ਤੇ ਹਵਾਲੇ ਦੇ ਕੇ ਮਨੁੱਖੀ ਜੀਵਨ ਦੀ ਅਸਲ ਸੱਚਾਈ ਨੂੰ ਬਿਆਨ ਕੀਤਾ ਹੈ। ਇਕ ਸਮਾਂ ਸੀ ਜਦੋਂ ਪੰਜਾਬ ਦੇ ਘਰਾਂ ਅੰਦਰ ਮੱਝਾਂ-ਲਵੇਰੀਆਂ ਦੀ ਭਰਮਾਰ ਹੁੰਦੀ ਸੀ, ਲੋਕ ‘ਦੱਬਕੇ ਵਾਹ ਤੇ ਰੱਜ ਕੇ ਖਾ’ ਵਾਲੇ ਸਿਧਾਂਤ ਨੂੰ ਅਪਣਾ ਕੇ ਜੀਵਨ ਬਸ਼ਰ ਕਰਦੇ ਸਨ। ਦੁੱਧ, ਦਹੀਂ, ਲੱਸੀ ਆਦਿ ਖੁੱਲ੍ਹਾ ਤੇ ਭਰਭੂਰ ਮਿਲਦਾ ਸੀ। ਮਿੱਟੀ ਦੇ ਹਾਰਿਆਂ ਵਿਚ ਦੁੱਧ ਦੀਆਂ ਤੌੜੀਆਂ ਕੜ੍ਹਦੀਆਂ ਰਹਿੰਦੀਆਂ ਸਨ। ਵੱਡੇ ਤੜਕਿਆਂ ਤੋਂ ਹੀ ਚਾਟੀਆਂ ਵਿਚ ਮਧਾਣੀਆਂ ਦਾ ਫਿਰਨਾਂ ਵੱਖਰੀ ਤਰ੍ਹਾਂ ਦੀਆਂ ਸੁਰਾਂ ਛੇੜ ਦਿੰਦਾ ਸੀ। ‘ਹੀਰ ਵਾਰਸ’ ਵਿਚ ਅਜਿਹੇ ਬਹੁਤ ਸਾਰੇ ਹਵਾਲੇ ਮਿਲਦੇ ਹਨ।

ਲਖਬੀਰ ਸਿੰਘ ਦੌਦਪੁਰ

ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਾਹਿਤ ਰੂਪ ਜਿਵੇਂ ਗੀਤ, ਲੋਕ ਬੋਲੀਆਂ, ਟੱਪੇ ਆਦਿ ਹਨ ਜਿਨ੍ਹਾਂ ਵਿਚ ਮਿੱਟੀ ਦੇ ਭਾਂਡਿਆਂ ਦੇ ਹਵਾਲੇ ਮਿਲਦੇ ਹਨ। ਬਹੁਤ ਸਾਰੇ ਅਖਾਣ, ਮੁਹਾਵਰੇ ਆਦਿ ਵੀ ਇਨ੍ਹਾਂ ਦੁਆਲੇ ਘੜੇ ਗਏ ਜਿਵੇਂ ‘ਚੱਪਣੀ ’ਚ ਨੱਕ ਡੋਬ ਕੇ ਮਰਨਾ’, ‘ਹੱਥ ’ਚ ਠੂਠਾ ਫੜਾਉਣਾ’ ਆਦਿ।
ਮਿੱਟੀ ਦੇ ਇਨ੍ਹਾਂ ਭਾਂਡਿਆਂ ’ਚੋਂ ਹੀ ‘ਮੱਟ’ ਵੀ ਇਕ ਵੱਡ ਆਕਾਰੀ ਭਾਂਡਾ ਹੈ ਜਿਸਦੀ ਦਿੱਖ ਘੜੇ ਵਰਗੀ ਹੁੰਦੀ ਹੈ। ਇਸ ਦੇ ਵੱਡੇ ਆਕਾਰ ਕਰਕੇ ਇਸ ਵਿਚ ਵੱਧ ਮਾਤਰਾ ਵਿਚ ਪਾਣੀ ਜਾਂ ਹੋਰ ਕੋਈ ਵੀ ਖਾਦ ਪਦਾਰਥ ਸੰਗ੍ਰਹਿ ਕਰਕੇ ਰੱਖਿਆ ਜਾ ਸਕਦਾ ਹੈ। ਅਜੋਕੇ ਸਮੇਂ ਇਹ ਵੱਡ ਆਕਾਰੀ ਮੱਟ ਘਰੇਲੂ ਪ੍ਰਯੋਗ ਵਿਚੋਂ ਅਲੋਪ ਹੋ ਗਿਆ, ਪਰ ਗਰਮੀਆਂ ਵਿਚ ਸ਼ਕੰਜਵੀਂ, ਜਲਜ਼ੀਰਾ ਆਦਿ ਵੇਚਣ ਵਾਲਿਆਂ ਦੀਆਂ ਰੇਹੜੀਆਂ ’ਤੇ ਇਸ ਦਾ ਛੋਟਾ ਰੂਪ ਵੇਖਿਆ ਜਾ ਸਕਦਾ ਹੈ। ਮਿੱਟੀ ਦੇ ਇਹ ਭਾਂਡੇ ਜਿੱਥੇ ਪੀਣ ਵਾਲੇ ਤਰਲ ਪਦਾਰਥਾਂ ਨੂੰ ਕੁਦਰਤੀ ਰੂਪ ਵਿਚ ਠੰਢਾ ਰੱਖਦੇ ਤੇ ਗਰਮੀ ਦੇ ਮੌਸਮ ਸਮੇਂ ਜਨ-ਸਾਧਾਰਨ ਨੂੰ ਰਾਹਤ ਪ੍ਰਦਾਨ ਕਰਦੇ, ਉੱਥੇ ਹੀ ਸਰੀਰ ਨੂੰ ਇਨ੍ਹਾਂ ਵਿਚ ਖਾਣਾ ਖਾਣ ਤੇ ਪਕਾਉਣ ਆਦਿ ਦਾ ਨੁਕਸਾਨ ਨਹੀਂ ਸਗੋਂ ਲਾਭ ਹੀ ਸੀ। ਤੌੜੀਆਂ ਵਿਚ ਕੜ੍ਹਿਆ ਦੁੱਧ, ਦਾਲ਼, ਸਾਗ, ਦਲ਼ੀਆ ਆਦਿ ਅੱਜ ਦੁਰਲੱਭ ਹੋ ਗਏ ਹਨ। ਹੋਰ ਵੀ ਬਹੁਤ ਸਾਰੇ ਭਾਂਡੇ ਰੋਜ਼ਾਨਾ ਘਰੇਲੂ ਪ੍ਰਯੋਗ ਵਿਚੋਂ ਬਾਹਰ ਹੋ ਗਏ ਜਾਂ ਹੋ ਰਹੇ ਹਨ। ਮਿੱਟੀ ਦੇ ਇਹ ਭਾਂਡੇ ਸਿਰਫ਼ ਸੜਕਾਂ ਕਿਨਾਰੇ ਵਿਕਣ ਲਈ ਪਏ ਦਿਸਦੇ ਹਨ, ਪਰ ਖ਼ਰੀਦਦਾਰ ਬਹੁਤ ਘੱਟ ਹਨ। ਜਿਸ ਕਰਕੇ ਇਸ ਪੇਸ਼ੇ ਨਾਲ ਜੁੜੇ ਹੋਏ ਲੋਕ ਵੀ ਅਜੀਵਿਕਾ ਕਮਾਉਣ ਦੇ ਹੋਰ ਵਿਕਲਪ ਤਲਾਸ਼ ਰਹੇ ਹਨ। ਬਿਮਾਰੀਆਂ ਤੋਂ ਬਚਣ ਲਈ ਜਿੱਥੇ ਇਨ੍ਹਾਂ ਦੇ ਪ੍ਰਯੋਗ ਦੀ ਬੜੀ ਲੋੜ ਹੈ ਉੱਥੇ ਮਿੱਟੀ ਦੇ ਬਣੇ ਕੁਲ੍ਹੜਾਂ, ਕੁੱਜਿਆਂ ਆਦਿ ਨੂੰ ਵਰਤ ਕੇ ਪਲਾਸਟਿਕ, ਥਰਮੋਕੋਲ ਆਦਿ ਦੇ ਕਚਰੇ ਤੋਂ ਧਰਤੀ ਨੂੰ ਬਚਾਇਆ ਜਾ ਸਕਦਾ ਹੈ।

ਸੰਪਰਕ : 99924-00948


Comments Off on ਘੜਾ ਵੱਜਦਾ ਘੜੋਲੀ ਵੱਜਦੀ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.