ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਗੰਭੀਰ ਹੁੰਦੀ ਪਰਵਾਸ ਦੀ ਤ੍ਰਾਸਦੀ

Posted On July - 30 - 2019

ਸੰਦੀਪ ਸਿੰਘ ਸਰਾਂ

ਆਪਣੀ ਜਨਮ ਨੂੰ ਭੂਮੀ ਨੂੰ ਛੱਡਣਾ ਬਹੁਤ ਔਖਾ ਹੁੰਦਾ ਹੈ। ਜਨਮ ਭੂਮੀ ਨੂੰ ਛੱਡਣ ਦੇ ਹਟਕੋਰੇ ਇਨਸਾਨ ਨੂੰ ਜ਼ਿੰਦਗੀ ਭਰ ਤੜਫਾਉਂਦੇ ਰਹਿੰਦੇ ਹਨ, ਪਰ ਬੇਵੱਸ ਇਨਸਾਨ ਚਾਹੁੰਦਾ ਹੋਇਆ ਵੀ ਕੁਝ ਕਰ ਸਕਣ ਤੋਂ ਅਸਮਰੱਥ ਹੁੰਦਾ ਹੈ। ਬਣਿਆ ਬਣਾਇਆ ਆਲ੍ਹਣਾ ਤਾਂ ਇਕ ਪੰਛੀ ਲਈ ਵੀ ਛੱਡਣਾ ਔਖਾ ਹੁੰਦਾ ਹੈ। ਫਿਰ ਕੀ ਕਾਰਨ ਹੈ ਕਿ ਅੱਜ ਪੰਜਾਬੀਆਂ ਦਾ ਆਪਣੇ ਹੀ ਪੰਜਾਬ ਤੋਂ ਮੋਹ ਭੰਗ ਹੋਣ ਲੱਗਾ ਹੈ। ਕਿਉਂ ਸਾਡੀ ਨੌਜਵਾਨ ਪੀੜ੍ਹੀ ਨੇ ਆਪਣੇ ਹੀ ਪੰਜਾਬ ਨੂੰ ਛੱਡ ਕੇ ਵਿਦੇਸ਼ੀ ਧਰਤੀ ਵੱਲ ਮੁਹਾਣ ਕਰ ਲਿਆ ਹੈ। ਕੀ ਸਾਡੀ ਮਿੱਟੀ ਵਿਚ ਉਹ ਮਹਿਕ ਨਹੀਂ ਰਹੀ ਜਿਸ ਵਿਚੋਂ ਬਾਤਾਂ ਉਪਜਦੀਆਂ ਸਨ। ਕੀ ਸਾਡੇ ਪੌਣ ਪਾਣੀ ਵਿਚ ਸਦਾ ਸੰਘਰਸ਼ ਲਈ ਤਤਪਰ ਰਹਿਣ ਦਾ ਜਜ਼ਬਾ ਨਹੀਂ ਰਿਹਾ। ਪੰਜਾਬੀਆਂ ਨੇ ਭਾਵੇਂ ਹਰ ਖੇਤਰ ਵਿਚ ਵਿਦਵਾਨ ਅਤੇ ਖੋਜੀ ਮਨੁੱਖ ਪੈਦਾ ਕੀਤੇ ਹਨ, ਪਰ ਅਸੀਂ ਆਜ਼ਾਦ ਹੋਣ ਤੋਂ ਬਾਅਦ ਵੀ ਆਪਣਾ ਭਵਿੱਖ ਸੁਨਿਸ਼ਚਿਤ ਨਹੀਂ ਕਰ ਸਕੇ। ਇਹ ਸਵਾਲ ਆਪਣੀ ਜਨਮ-ਭੂਮੀ ਨੂੰ ਪਿਆਰ ਕਰਨ ਵਾਲੇ ਅਤੇ ਆਪਣੇ ਆਪ ’ਤੇ ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰਨ ਵਾਲੇ ਹਰ ਸੂਝਵਾਨ ਪੰਜਾਬੀ ਚਿੰਤਕ ਦੇ ਮਨ ਵਿਚ ਉਬਾਲੇ ਮਾਰ ਰਹੇ ਹਨ, ਪਰ ਵਿਚਾਰਨ ਦਾ ਸਬੱਬ ਕਿਧਰੇ ਨਹੀਂ ਬਣ ਰਿਹਾ।
ਅੱਜ ਸੋਹਣਾ ਪੰਜਾਬ ਉਦਾਸ ਹੈ। ਉਦਾਸੀ ਦਾ ਕਾਰਨ ਸਾਡੀਆਂ ਪੁੰਗਰਦੀਆਂ ਲਗਰਾਂ, ਸਾਡੇ ਪੁੱਤਰਾਂ-ਧੀਆਂ, ਭੈਣਾਂ-ਭਾਈਆਂ ਦਾ ਵਿਦੇਸ਼ਾਂ ਵੱਲ ਪਰਵਾਸ ਹੈ। ਸਾਡੇ ਨੌਜਵਾਨ ਮੁੱਢਲੀ ਪੜ੍ਹਾਈ ਤੋਂ ਬਾਅਦ ਵਿਦੇਸ਼ਾਂ ਵੱਲ ਉਡਾਰੀ ਮਾਰ ਰਹੇ ਹਨ। ਜਿਸ ਨੌਜਵਾਨ ਵਰਗ ਨੇ ਪੜ੍ਹ-ਲਿਖ ਕੇ ਸਾਡੇ ਪ੍ਰਬੰਧਕੀ, ਸਮਾਜਿਕ ਅਤੇ ਆਰਥਿਕ ਢਾਂਚੇ ਦਾ ਆਧਾਰ ਬਣਨਾ ਹੁੰਦਾ ਹੈ, ਉਸਦਾ ਵਿਦੇਸ਼ਾਂ ਵੱਲ ਮੁਹਾਣ ਸਵਾਲ ਖੜ੍ਹੇ ਕਰਦਾ ਹੈ। ਇਸਦਾ ਸਭ ਤੋਂ ਵੱਡਾ ਕਾਰਨ ਸਿੱਖਿਆ ਦਾ ਵਪਾਰੀਕਰਨ, ਰੁਜ਼ਗਾਰ ਦੀ ਘਾਟ ਅਤੇ ਗ਼ਲਤ ਸਰਕਾਰੀ ਨੀਤੀਆਂ ਹਨ। ਕਦੇ ਰਾਜ ਵਿਚ ਸਰਕਾਰੀ ਖੇਤਰ ਦੀਆਂ ਸਿਰਫ਼ ਚਾਰ ਯੂਨੀਵਰਸਿਟੀਆਂ ਹੁੰਦੀਆਂ ਸਨ ਅਤੇ ਯੂਨੀਵਰਸਿਟੀ ਦੀ ਉਚੇਰੀ ਪੜ੍ਹਾਈ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ। 2005 ਵਿਚ ਪ੍ਰਾਈਵੇਟ ਯੂਨੀਵਰਸਿਟੀ ਐਕਟ ਪਾਸ ਹੋਣ ਨਾਲ ਯੂਨੀਵਰਸਿਟੀਆਂ ਵੀ ਦੁਕਾਨਾਂ ਵਾਂਗ ਖੁੱਲ੍ਹਣ ਲੱਗੀਆਂ ਹਨ। ਸਰਕਾਰ ਦੀ ‘ਕਮਾਓ ਤੇ ਚਲਾਓ’ ਦੀ ਨੀਤੀ ਅਧੀਨ ਸਿੱਖਿਆ ਦਾ ਖੇਤਰ ਵੀ ਵੱਡੇ ਕਾਰੋਬਾਰਾਂ ਲਈ ਮੁਨਾਫੇ ਦਾ ਧੰਦਾ ਬਣ ਚੁੱਕਿਆ ਹੈ ਜਿੱਥੇ ਯੋਗਤਾ ਦੀ ਬਜਾਏ ਪੈਸਿਆਂ ਨਾਲ ਵੱਖ-ਵੱਖ ਕੋਟਿਆਂ ਅਧੀਨ ਮਾਸਟਰ, ਡਾਕਟਰ, ਪ੍ਰੋਫੈਸਰ ਅਤੇ ਵਕੀਲ ਆਸਾਨੀ ਨਾਲ ਬਣਿਆ ਜਾ ਸਕਦਾ ਹੈ। ਛੋਟੇ ਜਿਹੇ ਸੂਬੇ ਪੰਜਾਬ ਵਿਚ ਹੀ ਸਰਕਾਰੀ ਖੇਤਰ ਦੀਆਂ 11 ਯੂਨੀਵਰਸਿਟੀਆਂ ਤੋਂ ਇਲਾਵਾ ਨਿੱਜੀ ਖੇਤਰ ਦੀਆਂ 16 ਯੂਨੀਵਰਸਿਟੀਆਂ ਚੱਲ ਰਹੀਆਂ ਹਨ, 4 ਹੋਰ ਖੁੱਲ੍ਹਣ ਜਾ ਰਹੀਆਂ ਹਨ। ਇਨ੍ਹਾਂ ਨਾਲ ਸਬੰਧਿਤ ਸਰਕਾਰੀ ਅਤੇ ਗ਼ੈਰ-ਸਰਕਾਰੀ ਕਾਲਜਾਂ ਦੀ ਗਿਣਤੀ ਵੱਖਰੀ ਹੈ। ਯੋਗਤਾ ਦੀ ਬਜਾਏ ਲੱਖਾਂ ਰੁਪਏ ਖ਼ਰਚ ਕੇ ਹਾਸਲ ਕੀਤੀਆਂ ਡਿਗਰੀਆਂ ਸਾਡੇ ਲਈ ਧੱਕੇ ਨਾਲ ਸਨਮਾਨਯੋਗ ਅਹੁਦਿਆਂ ਉੱਪਰ ਗ਼ੈਰ ਪੇਸ਼ੇਵਰ ਲੋਕਾਂ ਨੂੰ ਬਿਠਾ ਰਹੀਆਂ ਹਨ ਜਿਸ ਕਰਕੇ ਵਧੀ ਹੋਈ ਭੀੜ ਵਿਚ ਆਰਥਿਕ ਤੌਰ ’ਤੇ ਕਮਜ਼ੌਰ ਨੌਜਵਾਨ ਯੋਗ ਹੋਣ ਦੇ ਬਾਵਜੂਦ ਰੁਜ਼ਗਾਰ ਦੇ ਮੌਕਿਆਂ ਤੋਂ ਵਾਂਝੇ ਰਹਿ ਰਹੇ ਹਨ। ਇਸਦੇ ਨਾਲ-ਨਾਲ ਹਰ ਖੇਤਰ ਵਿਚ ਗ਼ੈਰ-ਯੋਗਤਾ ਪ੍ਰਾਪਤ ਵਿਅਕਤੀਆਂ ਦੇ ਦਖਲ ਨਾਲ ਸਾਡਾ ਹਰ ਖੇਤਰ ਵਿਚ ਮਿਆਰ ਡਿੱਗ ਰਿਹਾ ਹੈ ਜਿਸਤੋਂ ਨੌਜਵਾਨ ਵਰਗ ਨਿਰਾਸ਼ਾ ਦਾ ਸ਼ਿਕਾਰ ਹੈ। ਇੱਥੋਂ ਦੇ ਉੱਚ ਵਿਦਿਅਕ ਅਦਾਰਿਆਂ ਤੋਂ ਪੜ੍ਹ-ਲਿਖ ਕੇ ਵੀ ਕੋਈ ਰੁਜ਼ਗਾਰ ਨਾ ਮਿਲਣ ’ਤੇ ਨੌਜਵਾਨ ਵਿਦੇਸ਼ੀ ਵੱਸਣ ਦਾ ਅੱਕ ਚੱਬ ਰਹੇ ਹਨ। ਮਾਪੇ ਨਾ ਚਾਹੁੰਦੇ ਹੋਏ ਵੀ ਜ਼ਮੀਨਾਂ-ਜਾਇਦਾਦਾਂ ਵੇਚ ਕੇ ਧੀਆਂ ਪੁੱਤਰਾਂ ਨੂੰ ਵਿਦੇਸ਼ਾਂ ਵੱਲ ਭੇਜਣ ਲਈ ਮਜਬੂਰ ਹਨ। ਇਹੀ ਵਜ੍ਹਾ ਹੈ ਕਿ ਹੁਣ ਸਾਡੇ ਹਰ ਵੱਡੇ-ਛੋਟੇ ਸ਼ਹਿਰ ਵਿਚ ਆਈਲੈੱਟਸ ਸੈਂਟਰਾਂ ਦਾ ਕਾਰੋਬਾਰ ਵੱਧ-ਫੁੱਲ ਰਿਹਾ ਹੈ। ਇਕ ਅਨੁਮਾਨ ਅਨੁਸਾਰ ਨੌਜਵਾਨ ਆਈਲੈੱਟਸ ਫੀਸ ਦੇ ਰੂਪ ਵਿਚ ਹੀ ਸਾਲਾਨਾ 425 ਕਰੋੜ ਰੁਪਏ ਭਰ ਰਹੇ ਹਨ। ਪੀ.ਆਰ. ਹੋਣ ਲਈ ਭਰੀਆਂ ਜਾ ਰਹੀਆਂ ਫੀਸਾਂ ਅਤੇ ਸਟੱਡੀ ਵੀਜ਼ਾ ਤੇ ਵਿਦੇਸ਼ਾਂ ਵਿਚ ਭਰੀ ਫੀਸ ਦੇ ਅੰਕੜੇ ਵੱਖਰੇ ਹਨ। ਆਰਥਿਕ ਰੂਪ ਵਿਚ ਕਮਜ਼ੋਰ ਹੋ ਰਹੇ ਪੰਜਾਬੀਆਂ ਲਈ ਇਹ ਅੰਕੜੇ ਹੈਰਾਨ ਕਰਨ ਵਾਲੇ ਹਨ। ਸਾਡੇ ਮੌਜੂਦਾ ਢਾਂਚੇ ਵਿਚ ਸਰਕਾਰੀ ਨੌਕਰੀ ਤੋਂ ਇਲਾਵਾ ਕਿਸੇ ਖੇਤਰ ਵਿਚ ਵੀ ਕੋਈ ਆਰਥਿਕ ਜਾਂ ਸਮਾਜਿਕ ਸੁਰੱਖਿਆ ਨਹੀਂ ਹੈ।

ਸੰਦੀਪ ਸਿੰਘ ਸਰਾਂ

ਸਰਕਾਰਾਂ ਸਹਾਇਕ ਧੰਦੇ ਜਾਂ ਸਵੈ-ਰੁਜ਼ਗਾਰ ਸ਼ੁਰੂ ਕਰਨ ਦੀਆਂ ਅਪੀਲਾਂ ਤਾਂ ਕਰ ਰਹੀਆਂ ਹਨ, ਪਰ ਸਰਕਾਰੀ ਅਣਦੇਖੀ ਕਾਰਨ ਸਹਾਇਕ ਧੰਦੇ ਸ਼ੁਰੂ ਹੋਣ ਸਾਰ ਹੀ ਦਮ ਤੋੜ ਦਿੰਦੇ ਹਨ। ਜੇਕਰ ਕੋਈ ਸਹਾਇਕ ਧੰਦੇ ਦੇ ਤੌਰ ’ਤੇ ਡੇਅਰੀ ਫਾਰਮਿੰਗ ਨੂੰ ਅਪਣਾਉਣਾ ਚਾਹੁੰਦਾ ਹੈ ਤਾਂ ਸਿੰਥੈਟਿਕ ਦੁੱਧ ਦੀ ਪੈਦਾਵਾਰ ਨੇ ਹਰ ਪਾਸੇ ਪੈਰ ਪਸਾਰਿਆ ਹੋਇਆ ਹੈ। ਜੇਕਰ ਕਿਸਾਨ ਸਬਜ਼ੀਆਂ-ਫ਼ਲਾਂ ਦੀ ਕਾਸ਼ਤ ਕਰਦਾ ਹੈ ਤਾਂ ਮੌਸਮੀ ਕਰੋਪੀਆਂ ਅਤੇ ਫ਼ਸਲਾਂ/ਸਬਜ਼ੀਆਂ ਦੇ ਡਿੱਗਦੇ ਭਾਅ ਕੱਖੋਂ ਹੌਲਾ ਕਰ ਦਿੰਦੇ ਹਨ। ਦਿਨੋਂ-ਦਿਨ ਵਧ ਰਹੀਆਂ ਗੰਭੀਰ ਬਿਮਾਰੀਆਂ ਨੇ ਤਾਂ ਸੱਜਦੇ-ਪੁੱਜਦੇ ਘਰਾਂ ਦੀ ਆਰਥਿਕਤਾ ਦਾ ਵੀ ਲੱਕ ਤੋੜ ਦਿੱਤਾ ਹੈ। ਮਾਪਿਆਂ ਲਈ ਸਿੰਥੈਟਿਕ ਨਸ਼ਿਆਂ ਦਾ ਫੈਲਿਆਂ ਜਾਲ ਹੋਰ ਡਰਾਉਣੀ ਤਸਵੀਰ ਪੇਸ਼ ਕਰ ਰਿਹਾ ਹੈ। ਗੱਲ ਕੀ ਹਰ ਪਾਸੇ ਗਿਰ ਚੁੱਕੇ ਪ੍ਰਬੰਧਕੀ ਢਾਂਚੇ ਦੀ ਮੂੰਹ-ਬੋਲਦੀ ਤਸਵੀਰ ਸਾਡੇ ਆਮ ਨਾਗਰਿਕਾਂ ਨੂੰ ਉਦਾਸ ਤੇ ਹਤਾਸ਼ ਕਰ ਰਹੀ ਹੈ, ਜਿਸ ਕਰਕੇ ਸਿਰੜੀ ਕਹਾਉਣ ਵਾਲੇ ਪੰਜਾਬੀ ਵੀ ਹੁਣ ਵਿਗੜ ਰਹੇ ਹਾਲਾਤ ਅੱਗੇ ਬੇਵੱਸ ਹੋਣ ਲੱਗੇ ਹਨ।
ਕਦੇ ਪੰਜਾਬ ਦੇ ਘਰਾਂ ਵਿਚ ਪੁੱਤਰਾਂ ਨੂੰ ਧੀਆਂ ਤੋਂ ਸਿਰਫ਼ ਇਸੇ ਕਰਕੇ ਵਡਿਆਇਆ ਜਾਂਦਾ ਸੀ ਕਿ ਪੁੱਤ ਨਾ ਹੋਣ ’ਤੇ ਘਰ ਨੂੰ ਇਕ ਨਾ ਇਕ ਦਿਨ ਜਿੰਦਾ ਲੱਗ ਜਾਵੇਗਾ ਕਿਉਂਕਿ ਧੀਅ ਸਹੁਰੇ ਘਰ ਚਲੀ ਜਾਵੇਗੀ, ਪਰ ਹੁਣ ਪੁੱਤਰਾਂ ਦੇ ਹੁੰਦਿਆਂ-ਸੁੰਦਿਆਂ ਵੀ ਘਰਾਂ ਨੂੰ ਲੱਗੇ ਜਿੰਦੇ ਪੰਜਾਬ ਦੀ ਰੂਹ-ਏ-ਹਵਾ ਨੂੰ ਉਦਾਸੀ ਦੇ ਆਲਮ ਵੱਲ ਧੱਕ ਰਹੇ ਹਨ। ਚਿਰਾਂ ਤੋਂ ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਦੀਆਂ ਨਵੀਆਂ ਪੀੜ੍ਹੀਆਂ ਤਾਂ ਆਪਣੇ ਜੱਦੀ ਪਿੰਡਾਂ ਨਾਲੋਂ ਸੰਪਰਕ ਲਗਪਗ ਤੋੜ ਚੁੱਕੀਆਂ ਹਨ ਕਿਉਂਕਿ ਉੱਧਰ ਦੀ ਜੰਮੀ-ਪਲੀ ਨੌਜਵਾਨੀ ਲਈ ਇੱਧਰ ਆ ਕੇ ਨਵੇਂ ਮਾਹੌਲ ਵਿਚ ਵਸਣਾ ਅਸੰਭਵ ਹੋ ਚੁੱਕਿਆ ਹੈ। ਦੁਆਬੇ ਤੋਂ ਬਾਅਦ ਹੁਣ ਪੰਜਾਬ ਦੇ ਮਾਲਵੇ ਖਿੱਤੇ ਦੀਆਂ ਆਲੀਸ਼ਾਨ ਕੋਠੀਆਂ ਅਤੇ ਛੋਟੇ-ਛੋਟੇ ਮੱਧਵਰਗੀ ਘਰ ਵੀ ਜਿੰਦਿਆਂ ਦੇ ਗ਼ੁਲਾਮ ਬਣਨ ਲੱਗੇ ਹਨ। ਸਰਕਾਰਾਂ ਬਦਲ ਰਹੀਆਂ ਹਨ, ਪਰ ਇਸ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਨੀਤੀਗਤ ਬਦਲਾਅ ਦਾ ਝਲਕਾਰਾ ਪੈਂਦਾ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ। ਸਾਡੇ ਨੌਜਵਾਨ ਵਰਗ ਦਾ ਭਵਿੱਖ ਸੁਰੱਖਿਅਤ ਕਰਨ ਲਈ ਮੁਫ਼ਤ ਮੋਬਾਇਲ ਫੋਨ, ਮੁਫ਼ਤ ਬਿਜਲੀ-ਪਾਣੀ ਜਾਂ ਮੁਫ਼ਤ ਆਟਾ-ਦਾਲ ਵਰਗੀਆਂ ਸਕੀਮਾਂ ਦੀ ਨਹੀਂ ਬਲਕਿ ਅਜਿਹੀਆਂ ਸਕੀਮਾਂ ਦੀ ਜ਼ਰੂਰਤ ਹੈ ਜਿਸ ਵਿਚ ਹਰ ਵਰਗ ਲਈ ਰੁਜ਼ਗਾਰ ਦੇ ਨਾਲ-ਨਾਲ ਮੁਫ਼ਤ ਇਲਾਜ, ਸਮਾਜਿਕ ਸੁਰੱਖਿਆ, ਬਿਹਤਰ ਕਾਨੂੰਨ ਪ੍ਰਬੰਧ ਵਰਗੀਆਂ ਤਰਜੀਹਾਂ ਸ਼ਾਮਲ ਹੋਣ। ਸਮੁੱਚੇ ਸਿਸਟਮ ਨੂੰ ਨਵਿਆਉਣ ਲਈ ਦ੍ਰਿੜ ਇੱਛਾ ਸ਼ਕਤੀ ਦੀ ਲੋੜ ਹੈ। ਵਿਦੇਸ਼ਾਂ ਵੱਲ ਗਈਆਂ ਅਤੇ ਜਾਣ ਲਈ ਤਿਆਰ ਖੜ੍ਹੀਆਂ ਪੰਜਾਬ ਦੀਆਂ ਅਜੋਕੀਆਂ ਪੀੜ੍ਹੀਆਂ ਕਦੇ ਆਪਣੇ ਵਤਨ ਵੱਲ ਮੁੜ ਪਰਤਣਗੀਆਂ ਜਾਂ ਨਹੀਂ, ਇਹ ਸਵਾਲ ਅਜੇ ਭਵਿੱਖ ਦੇ ਗਰਭ ਵਿਚ ਛੁਪਿਆ ਹੋਇਆ ਹੈ, ਪਰ ਪੰਜਾਬ ਦੀ ਮਿੱਟੀ ਆਪਣੇ ਜਾਇਆਂ ਦੀ ਉਡੀਕ ਸਦਾ ਕਰਦੀ ਰਹੇਗੀ ਤਾਂ ਜੋ ਜਿੰਦਾ ਲੱਗੇ ਘਰਾਂ ਵਿਚ ਮੁੜ ਪਹਿਲਾਂ ਵਾਲੀਆਂ ਰੌਣਕਾਂ ਪਰਤ ਆਉਣ।

ਸੰਪਰਕ : 85588-76251


Comments Off on ਗੰਭੀਰ ਹੁੰਦੀ ਪਰਵਾਸ ਦੀ ਤ੍ਰਾਸਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.