ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਗੁਰ ਮੂਰਤਿ: ਦਰਸ਼ਨ ਤੋਂ ਦਰਸ਼ਣ ਵੱਲ

Posted On July - 7 - 2019

ਲੇਖ ਲੜੀ – ੬

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਲੇਖਾਂ ਦੀ ਲੜੀ ਵਿਚ ਇਸ ਵਾਰ ਅਵਤਾਰ ਸਿੰਘ (ਪ੍ਰੋ.) ਦਾ ਲੇਖ ਪ੍ਰਕਾਸ਼ਿਤ ਕਰ ਰਹੇ ਹਾਂ। ਇਸ ਵਿਚ ਉਹ ਦੱਸਦੇ ਹਨ ਕਿ ਗੁਰੂ ਨਾਨਕ ਦਾ ਦਰਸ਼ਣ ਸਮਕਾਲੀ ਸੀ ਤੇ ਦਰਸ਼ਨ ਅਕਾਲੀ। ਗੁਰੂ ਨਾਨਕ ਦੇ ਸਮਕਾਲੀਆਂ ਨੇ ਦਰਸ਼ਣ ਵਿੱਚੋਂ ਦਰਸ਼ਨ ਪੜ੍ਹ ਲਿਆ ਸੀ। ਸਾਡੇ ਕੋਲ ਗੁਰੂ ਨਾਨਕ ਦਾ ਦਰਸ਼ਨ ਹੈ ਜੋ ਸਾਡੀ ਅਗਵਾਈ ਕਰਦਾ ਹੈ। ਸਮਕਾਲੀਆਂ ਦਾ ਕੰਮ ਰਤਾ ਸੌਖਾ ਸੀ, ਸਾਡਾ ਰਤਾ ਮੁਸ਼ਕਿਲ ਹੈ। ਸਮਕਾਲ ਤੋਂ ਅਕਾਲ ਵੱਲ ਜਾਣ ਨਾਲੋਂ ਅਕਾਲ ਤੋਂ ਸਮਕਾਲ ਵੱਲ ਪਰਤਣਾ ਕਠਿਨ ਹੈ।

ਅਵਤਾਰ ਸਿੰਘ (ਪ੍ਰੋ)

ਚਿੱਤਰ: ਗੁਰੂ ਨਾਨਕ ਦੇਵ ਜੀ ਜਨਮ ਸਾਖੀ ਭਾਈ ਵੀਰ ਸਿੰਘ ਦਾ ਟਾਈਟਲ

ਅਰਦਾਸ ਵਿਚ ਆਉਂਦਾ ਹੈ “ਪ੍ਰਥਮਿ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ”। ਇਸ ਦਾ ਭਾਵ ਹੈ ਨਿਰੰਕਾਰ ਨੂੰ ਯਾਦ ਕਰਨ ਉਪਰੰਤ ਗੁਰੂ ਨਾਨਕ ਨੂੰ ਧਿਆਨ ਵਿਚ ਲਿਆਉਣਾ। ਧਿਆਨ ਸ਼ਬਦ ਭਾਰਤੀ ਮੱਤ ਮਤਾਂਤਰਾਂ ਦਾ ਅਹਿਮ ਕੇਂਦਰੀ ਨੁਕਤਾ ਹੈ। ਇਹ ‘ਧਿ’ ਅਤੇ ‘ਆਨ’ ਦੇ ਜੋੜ ਨਾਲ ਬਣਿਆ ਹੈ ਜਿਸ ਦਾ ਅਰਥ ਹੈ ਹਿਰਦੇ ਵਿਚ ਆਉਣਾ, ਲਿਆਉਣਾ ਤੇ ਵਸਾਉਣਾ।
ਅੰਗਰੇਜ਼ੀ ਅਖਾਣ ਹੈ: ਦਿ ਫੇਸ ਇਜ਼ ਦਿ ਇੰਡੈਕਸ ਅਵ ਮਾਈਂਡ। ਇਸ ਦਾ ਭਾਵ ਹੈ ਕਿ ਮੱਥੇ ਤੋਂ ਮਨ ਤੱਕ ਪੁੱਜਿਆ ਜਾ ਸਕਦਾ ਹੈ। ਮਨ ਅੰਦਰ ਮੱਤ ਹੁੰਦੀ ਹੈ ਜਿਸ ਨੂੰ ਮੱਥੇ ਤੋਂ ਪੜ੍ਹਿਆ ਜਾ ਸਕਦਾ ਹੈ। ਮਨ ਦੀਆਂ ਵਿਚਾਰਾਂ ਨੂੰ ਛੁਪਾਉਣ ਦੇ ਕੋਈ ਜਿੰਨੇ ਮਰਜ਼ੀ ਖੇਖਣ ਕਰੇ, ਲੇਕਿਨ ਪਾਰਖੂ ਨਜ਼ਰ ਤੋਂ ਕੁਝ ਵੀ ਗੁੱਝਾ ਨਹੀਂ ਰਹਿੰਦਾ। ਡਾ. ਇਕਬਾਲ ਨੇ ਲਿਖਿਆ: ਅਫਕਾਰ ਜਵਾਨੋ ਕੇ ਖਫੀ ਹੋਂ ਕਿ ਜਲੀ ਹੋਂ, ਪੋਸ਼ੀਦਾ ਨਹੀਂ ਮਰਦਿ ਕਲੰਦਰ ਕੀ ਨਿਗਾਹ ਸੇ। ਦਰਸ਼ਨ ਦਾ ਅਰਥ ਹੈ ਵਿਚਾਰ ਅਤੇ ਦਰਸ਼ਣ ਦਾ ਮਾਇਨਾ ਹੈ ਦੀਦਾਰ। ਦਰਸ਼ਨ ਅਤੇ ਦਰਸ਼ਣ ਦੋ ਹੋ ਕੇ ਵੀ ਇੱਕੋ ਗੱਲ ਹੈ।
ਗੁਰੂ ਨਾਨਕ ਦਾ ਮਸਤਕ ਅਤੇ ਮੱਤ ਇੱਕੋ ਸ਼ੈਅ ਹੈ। ਉਨ੍ਹਾਂ ਦਾ ਮੱਤ ਉਨ੍ਹਾਂ ਦੇ ਸ਼ਬਦ ਵਿਚ ਨਿਹਿਤ ਹੈ। ਗੁਰੂ ਨਾਨਕ ਦਾ ਸ਼ਬਦ ਅਸੀਂ ਪੜ੍ਹ ਸਕਦੇ ਹਾਂ, ਸੁਣ ਸਕਦੇ ਤੇ ਆਪਣੇ ਮਨ ਵਿਚ ਵਸਾ ਸਕਦੇ ਹਾਂ। ਉਹ ਲੋਕ ਕਿੰਨੇ ਕਰਮਾਂ ਵਾਲੇ ਹੋਣਗੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਦਰਸ਼ਣ ਵਿੱਚੋਂ ਗੁਰੂ ਨਾਨਕ ਦਾ ਦਰਸ਼ਨ ਪਾ ਲਿਆ ਹੋਵੇਗਾ। ਸੱਜਣ ਠੱਗ, ਕੌਡਾ ਰਾਖਸ਼, ਭੂਮੀਆਂ ਚੋਰ, ਵਲੀ ਕੰਧਾਰੀ ਅਤੇ ਕਾਮਰੂਪ ਦੀਆਂ ਜਾਦੂਗਰਨੀਆਂ ਨੇ ਗੁਰੂ ਨਾਨਕ ਦੇ ਦਰਸ਼ਣ ਵਿਚੋਂ ਉਨ੍ਹਾਂ ਦਾ ਦਰਸ਼ਨ ਪੜ੍ਹ ਕੇ ਆਪਣਾ ਜੀਵਨ ਸਵਾਰ ਲਿਆ ਅਤੇ ਜਨਮ ਸਫਲਾ ਕਰ ਲਿਆ ਸੀ।
ਗੁਰੂ ਨਾਨਕ ਦਾ ਸ਼ਬਦ ਰੂਪ ਅਰਥਾਤ ਦਰਸ਼ਨ ਅਨਾਦੀ ਅਤੇ ਅਕਾਲੀ ਹੈ। ਪਰ ਉਨ੍ਹਾਂ ਦੇ ਦਰਸ਼ਣ ਦੀਦਾਰੇ ਇਤਿਹਾਸ ਦੇ ਮੁਥਾਜ ਸਨ ਅਤੇ ਹਨ। ਜਿਨ੍ਹਾਂ ਦੀ ਵੀ ਅੱਖ ਨੇ ਗੁਰੂ ਨਾਨਕ ਨੂੰ ਤੱਕ ਲਿਆ ਉਹ ਧੰਨ ਹੋ ਗਏ। ਸਾਰੇ ਸਮਕਾਲੀ ਲਾਹਾ ਲੈ ਗਏ। ਗੁਰੂ ਨਾਨਕ ਦਾ ਦਰਸ਼ਣ ਸਮਕਾਲੀ ਸੀ ਤੇ ਦਰਸ਼ਨ ਅਕਾਲੀ। ਗੁਰੂ ਨਾਨਕ ਦੇ ਸਮਕਾਲੀਆਂ ਨੇ ਦਰਸ਼ਣ ਵਿੱਚੋਂ ਦਰਸ਼ਨ ਪੜ੍ਹ ਲਿਆ ਸੀ। ਸਾਡੇ ਕੋਲ ਗੁਰੂ ਨਾਨਕ ਦਾ ਅਕਾਲੀ ਦਰਸ਼ਨ ਹੈ ਜਿਸ ਵਿੱਚੋਂ ਅਸੀਂ ਗੁਰੂ ਨਾਨਕ ਦੇ ਸਮਕਾਲੀ ਦਰਸ਼ਣ ਕਰਨੇ ਹਨ। ਸਮਕਾਲੀਆਂ ਦਾ ਕੰਮ ਰਤਾ ਸੌਖਾ ਸੀ, ਸਾਡਾ ਰਤਾ ਮੁਸ਼ਕਿਲ ਹੈ। ਸਮਕਾਲ ਤੋਂ ਅਕਾਲ ਵੱਲ ਜਾਣ ਨਾਲੋਂ ਅਕਾਲ ਤੋਂ ਸਮਕਾਲ ਵੱਲ ਪਰਤਣਾ ਕਠਿਨ ਹੈ।

ਚੜਿਆ ਸੋਧਣਿ ਧਰਿਤੀ ਲੁਕਾਈ

ਇਤਿਹਾਸ ਬਾਬਤ ਲੀਓਪੋਲਡ ਵੌਨ ਰੈਂਕ ਲਿਖਦਾ ਹੈ ਕਿ ਜੇ ਚੌਵੀ ਘੰਟੇ ਪਹਿਲਾਂ ਸਿਖਰ ਦੁਪਹਿਰੇ ਵਾਪਰੀ ਕਿਸੇ ਦੁਰਘਟਨਾ ਦੀ ਅਸਲੀਅਤ ਦਾ ਪਤਾ ਲਾਉਣਾ ਨਾਮੁਮਕਿਨ ਹੈ ਤਾਂ ਦਸ ਸਦੀਆਂ ਦੇ ਅੰਧਕਾਰ ਵਿਚ ਲਿਪਟੇ ਤੱਥ ਨੂੰ ਸੱਚ ਕਿਵੇਂ ਮੰਨਿਆ ਜਾ ਸਕਦਾ ਹੈ?
ਭਾਈ ਵੀਰ ਸਿੰਘ ਨੇ ਲਿਖਿਆ ਹੈ: ‘ਇਤਿਹਾਸ ਸਾਡਾ ਧਰਮ ਨਹੀਂ ਤੇ ਨਾ ਸਾਡੇ ਧਰਮ ਦਾ ਨਿਰਭਾਹ ਇਤਿਹਾਸ ਪਰ ਹੈ … ਤਵਾਰੀਖੀ ਵਾਕਿਆਤ ਪਰਮੇਸ਼ਰ ਦੇ ਤੱਤ ਗਿਆਨ ਨੂੰ ਅਦਲ ਬਦਲ ਨਹੀਂ ਸਕਦੇ … ਨਿਊਟਨ ਦੇ ਸਾਫ ਹਿਰਦੇ ਨੇ ਅਕਰਸ਼ਣ ਸ਼ਕਤੀ ਨੂੰ ਸਮਝਿਆ, ਉਸਦੇ ਅਸੂਲ ਦਰਿਆਫ਼ਤ ਕੀਤੇ … ਹੁਣ ਜੇ ਨਿਊਟਨ ਰੋਟੀ ਖਾਂਦਾ ਸੀ ਜਾਂ ਦੁੱਧ ਪੀਂਦਾ ਸੀ? ਧੁੱਪੇ ਬੈਠ ਕੇ ਲਿਖਦਾ ਸੀ ਜਾਂ ਛਾਵੇਂ? ਇੰਗਲੈਂਡ ਵਿਚ ਜੰਮਿਆਂ ਸੀ ਜਾਂ ਫਰਾਂਸ ਵਿਚ? ਕੁਆਰਾ ਸੀ ਕਿ ਵਿਆਹਿਆ? ਇਹ ਸਾਰੇ ਇਤਿਹਾਸਿਕ ਵਾਕਿਆਤ ਇਹ ਕਦੀ ਨਹੀਂ ਕਰ ਸਕਦੇ ਕਿ ਅਕਰਸ਼ਣ ਸ਼ਕਤੀ ਦਾ ਗਿਆਨ ਝੂਠਾ ਹੋ ਜਾਵੇ’।
ਛੇਵੇਂ ਪਾਤਸ਼ਾਹ ਕੋਲ ਸਿੱਖਾਂ ਨੇ ਫ਼ਰਿਆਦ ਕੀਤੀ ਸੀ ਕਿ ਸੰਗਤ ਵਿਚ ਮੁਸੱਵਰ ਆਇਆ ਹੈ, ਤਸਵੀਰ ਬਣਵਾਉਣ ਦੀ ਇਜਾਜ਼ਤ ਦਿੱਤੀ ਜਾਵੇ। ਪਾਤਸ਼ਾਹ ਨੇ ਇਨਕਾਰ ਕਰ ਦਿੱਤਾ ਅਤੇ ਬਚਨ ਕੀਤਾ: ਗੁਰ ਮੂਰਤਿ ਗੁਰ ਸਬਦੁ ਹੈ। ਗੁਰੂ ਦੀ ਮੂਰਤ ਦੀ ਗੁਰੂ ਦੇ ਸ਼ਬਦ ਨਾਲ ਉਹੀ ਸਾਂਝ ਹੈ ਜੋ ਤਸਵੀਰ ਦੀ ਕੈਨਵਸ ਨਾਲ ਹੈ: ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ।
ਸਾਖੀ ਹੈ ਕਿ ਨੌਵੇਂ ਪਾਤਸ਼ਾਹ ਢਾਕੇ ਗਏ ਤਾਂ ਸੇਵਕ ਬਲਾਕੀ ਦਾਸ ਦੀ ਬਿਰਧ ਮਾਤਾ ਨੇ ਹਮੇਸ਼ਾ ਦਰਸ਼ਣ ਕਰਦੇ ਰਹਿਣ ਦੀ ਅਭਿਲਾਸ਼ਾ ਵਿਚ ਪਾਤਸ਼ਾਹ ਦਾ ਚਿੱਤਰ ਬਣਵਾਉਣ ਲਈ ਫਰਿਆਦ ਕੀਤੀ। ਸਾਹਿਬ ਨੇ ਬਾਣੀ ਦੀ ਪੋਥੀ ਦਿੱਤੀ ਤੇ ਗੁਰਸ਼ਬਦ ਨੂੰ ਹੀ ਗੁਰਮੂਰਤ ਵਜੋਂ ਦੇਖਣ ਦਾ ਉਪਦੇਸ਼ ਦਿੱਤਾ। ਲੇਕਿਨ, ਮਾਤਾ ਦੇ ਪਿਆਰ ਭਰੇ ਹਠ ਅੱਗੇ ਪਾਤਸ਼ਾਹ ਨੇ ਆਗਿਆ ਦੇ ਦਿੱਤੀ। ਮੁਸੱਵਰ ਆਇਆ, ਚਿੱਤਰ ਬਣਾਇਆ ਗਿਆ। ਪਰ ਉਸ ਦਾ ਗੁਰੂ ਸਾਹਿਬ ਦੇ ਨੂਰਾਨੀ ਚਿਹਰੇ ਨੂੰ ਚਿੱਤਰਨ ਦਾ ਹੌਸਲਾ ਨਾ ਪਵੇ। ਪਾਤਸ਼ਾਹ ਨੇ ਮੁਸੱਵਰ ਦੀ ਕਸ਼ਮਕਸ਼ ਭਾਂਪਦਿਆਂ, ਬੁਰਸ਼ ਲੈ ਕੇ ਆਪਣਾ ਚਿਹਰਾ ਖ਼ੁਦ ਚਿਤਰ ਦਿੱਤਾ।
ਉਹ ਚਿੱਤਰ ਅੱਜ ਵੀ ਦੇਖਿਆ ਜਾ ਸਕਦਾ ਹੈ। ਕਿਸੇ ਮਹਾਂਪੁਰਖ ਦਾ ਖ਼ੁਦ ਦਾ ਬਣਾਇਆ ਇਹ ਪਹਿਲਾ ਤੇ ਇਕੋ ਇਕ ਚਿੱਤਰ ਹੈ। ਕਹਿੰਦੇ ਹਨ, ਇਸ ਚਿੱਤਰ ਦੇ ਬਾਕੀ ਰੰਗ ਫਿੱਕੇ ਪੈ ਗਏ ਹਨ, ਪਰ ਚਿਹਰੇ ਦਾ ਨੂਰ ਅਤੇ ਜਲੌਅ ਉਸੇ ਤਰ੍ਹਾਂ ਕਾਇਮ ਹੈ।

ਚਿੱਤਰ: ਸਵਰਨਜੀਤ ਸਵੀ

ਸਾਕਾ ਸਰਹੰਦ ਲਿਖਣ ਵਾਲੇ ਕਵੀ ਚਰਨ ਸਿੰਘ ਸਫ਼ਰੀ ਨੇ ਆਪਣੇ ਗੀਤ “ਮੇਰੇ ਯਾਰ ਮੁਸੱਵਰਾ, ਇਕ ਤਸਵੀਰ ਬਣਾ ਦੇ” ਵਿਚ ਮੁਸੱਵਰ ਦੀ ਉਹੀ ਕਸ਼ਮਕਸ਼ ਦਰਸਾਈ ਹੈ ਕਿ ਪਾਤਸ਼ਾਹ ਦੀ ਸ਼ਮਸ਼ੀਰ ਬਣ ਜਾਂਦੀ ਹੈ, ਪਰ ਉਹ ਚਮਕ ਨਹੀਂ ਆਉਂਦੀ; ਕਲਗੀ ਬਣ ਜਾਂਦੀ ਹੈ, ਪਰ ਉਹ ਦਮਕ ਨਹੀਂ ਆਉਂਦੀ; ਚਿਹਰਾ ਬਣ ਜਾਂਦਾ ਹੈ, ਪਰ ਉਹ ਅਜ਼ਮਤ ਨਹੀਂ ਆਉਂਦੀ।
ਭਾਈ ਸੰਤੋਖ ਸਿੰਘ ਹੋਰੀਂ ਗੁਰ ਇਤਿਹਾਸ ਦੇ ਵਾਕਿਆਤ ਦਾ ਨਿਰੂਪਣ ਕਰਨ ਹਿੱਤ ਕਈ ਕਈ ਦਿਨ ਬੰਦਗੀ ਵਿਚ ਉਤਰ ਜਾਂਦੇ ਸਨ, ਫਿਰ ਕਿਤੇ ਕੋਈ ਬਿਰਤਾਂਤ ਸਿਰਜਦੇ ਸਨ। ਕਵੀ ਅਤੇ ਚਿੱਤਰਕਾਰ ਹੋਣ ਵਿਚ ਕੋਈ ਅੰਤਰ ਨਹੀਂ। ਕਵੀ ਨੂੰ ਸ਼ਬਦਾਂ ’ਤੇ ਆਬੂਰ ਹਾਸਲ ਹੁੰਦਾ ਹੈ, ਚਿੱਤਰਕਾਰ ਦਾ ਰੰਗਾਂ ’ਤੇ ਪਹਿਰਾ ਹੁੰਦਾ ਹੈ ਤੇ ਬੁਰਸ਼ ਉਸ ਦੇ ਹੁਕਮ ਵਿਚ ਹੁੰਦਾ ਹੈ। ਕਵੀ ਅਤੇ ਚਿੱਤਰਕਾਰ ਕਲਾ ਖੇਤਰ ਦੇ ਹਾਕਮ ਹੁੰਦੇ ਹਨ ਤੇ ਹਿਕਮਤ ਉਨ੍ਹਾਂ ਦੇ ਪਾਣੀ ਭਰਦੀ ਹੈ।
ਕਵੀ ਮਨ ਤਸੱਵਰ ਬਣਾਉਂਦਾ ਹੈ ਤੇ ਉਸ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਂਦਾ ਹੈ। ਉਸੇ ਤਸੱਵਰ ਨੂੰ ਚਿੱਤਰਕਾਰ ਕਾਗ਼ਜ਼ ’ਤੇ ਉਤਾਰਦਾ ਹੈ ਤਾਂ ਤਸਵੀਰ ਬਣਦੀ ਹੈ। ਇਸੇ ਤਰ੍ਹਾਂ ਨਿਰੰਕਾਰ ਦਾ ਵਿਅਕਤੀਗਤ ਚਿੰਤਨ ਈਸ਼ਵਰ ਹੁੰਦਾ ਹੈ। ਜਿਸ ਤਰ੍ਹਾਂ ਈਸ਼ਵਰ ਅਤੇ ਤਸੱਵਰ ਵਿਚ ਕੋਈ ਅਨੂਠੀ ਜਹੀ ਸਾਂਝ ਹੈ ਉਸੇ ਤਰ੍ਹਾਂ ਕਵੀ ਅਤੇ ਚਿੱਤਰਕਾਰ ਵਿਚ ਵੀ ਹੈ। ਹਰ ਕਵੀ ਚਿੱਤਰਕਾਰ ਨਹੀਂ ਹੋ ਸਕਦਾ, ਪਰ ਚਿੱਤਰਕਾਰ ਲਈ ਕਵੀ ਹੋਣਾ ਲਾਜ਼ਮੀ ਹੈ।
ਕਵੀ ਹੋਵੇ ਜਾਂ ਚਿੱਤਰਕਾਰ, ਦੋਹਾਂ ਲਈ ਨਿਸ਼ਠਾ, ਅਰਾਧਨਾ ਅਤੇ ਉਪਾਸਨਾ ਦੀ ਜ਼ਰੂਰਤ ਹੈ; ਯੋਗ ਸਾਧਨਾ ਜਹੇ ਅੰਤਰ ਧਿਆਨ ਹੋਣ ਦੀ ਲੋੜ ਹੈ। ਯੋਗ ਅਤੇ ਚਿੱਤਰਕਾਰੀ ਇੱਕੋ ਗੱਲ ਹੈ। ਤੇ ਗੱਲ ਧਿਆਨ ’ਤੇ ਮੁੱਕਦੀ ਹੈ; ਅੰਤਰ ਧਿਆਨ ਹੋਣਾ ਤੇ ਸਮਾਧੀ ਸਥਿਤ ਹੋਣਾ ਕਲਾ ਦੀ ਸਿਖਰ ਹੈ ਤੇ ਕਲ਼ਾ ਦਾ ਅੰਤ।
ਡਾ. ਇਕਬਾਲ ਦੀ ਕਵਿਤਾ ‘ਤਸਵੀਰ-ਓ-ਮੁਸੱਵਿਰ’ ਵਿਚ ਤਸਵੀਰ ਆਪਣੇ ਮੁਸੱਵਰ ’ਤੇ ਗਿਲਾ ਕਰਦੀ ਹੈ ਕਿ ‘ਵ ਲੇਕਿਨ ਕਿਸ ਕਦਰ ਨਾ ਮੁਨਸਫ਼ੀ ਹੈ, ਕਿਹ ਤੂ ਪੋਸ਼ੀਦਾ ਹੋ ਮੇਰੀ ਨਜ਼ਰ ਸੇ’। ਮੁਸੱਵਰ ਤਸਵੀਰ ਦੇ ਗਿਲੇ ਦਾ ਜਵਾਬ ਦਿੰਦਾ ਹੈ ਕਿ ‘ਮਿਰੇ ਦੀਦਾਰ ਕੀ ਹੈ ਇਕ ਯਹੀ ਸ਼ਰਤ, ਕਿਹ ਤੂ ਪਿਨਹਾਂ ਨਹ ਹੋ ਅਪਨੀ ਨਜ਼ਰ ਸੇ’। ਅਸਲ ਕਲਾਕਾਰ ਆਪਣੀ ਕਲਾਕ੍ਰਿਤ ਵਿਚ ਨਿਹਿਤ ਹੋ ਗਿਆ ਹੁੰਦਾ ਹੈ ਤੇ ਕਲਾਕ੍ਰਿਤ ਵਿੱਚੋਂ ਹੀ ਕਲਾਕਾਰ ਨੂੰ ਲੱਭਿਆ ਜਾ ਸਕਦਾ ਹੈ।

ਅਵਤਾਰ ਸਿੰਘ (ਪ੍ਰੋ)

ਬਾਣੀ ਹੀ ਗੁਰੂ ਨਾਨਕ ਦੀ ਓਟ ਹੈ ਤੇ ਓਟ ਮਾਇਨੇ ਓਹਲਾ। ਫੁਰਮਾਨ ਹੈ: ਗੁਰ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀਂ ਹਹਿ ਰਾਈ। ਗੁਰੂ ਨਾਨਕ ਦਾ ਕਮਾਲ ਤੇ ਏਜ਼ਾਜ਼ ਇਹੀ ਓਹਲਾ ਜਾਂ ਓਟ ਹੈ; ਇਸੇ ਵਿੱਚੋਂ ਗੁਰੂ ਨਾਨਕ ਨੂੰ ਤੱਕਿਆ ਜਾ ਸਕਦਾ ਹੈ।
ਇਸ ਲਈ ਚਿੱਤਰਕਾਰਾਂ ਲਈ ਜ਼ਰੂਰੀ ਹੈ ਕਿ ਉਹ ਗੁਰੂ ਨਾਨਕ ਦੇ ਸ਼ਬਦ ਚਿੰਤਨ ਵਿਚ ਗਹਿਰਾ ਉਤਰਨ, ਉਸ ਦੇ ਦਰਸ਼ਨ ਵਿੱਚੋਂ ਗੁਰੂ ਨਾਨਕ ਦੇ ਦਰਸ਼ਣ ਪਾਉਣ ਅਤੇ ਉਸ ਦਰਸ਼ਣ ਨੂੰ ਕੈਨਵਸ ’ਤੇ ਉਤਾਰਨ। ਗੁਰੂ ਨਾਨਕ ਦਾ ਅਸਲ ਚਿੱਤਰ ਇਹੀ ਹੋਵੇਗਾ। ਗੁਰੂ ਨਾਨਕ ਨੇ ਮੱਝਾਂ ਚਾਰੀਆਂ, ਲੰਗਰ ਵਰਤਾਇਆ, ਵਿੱਦਿਆ ਹਾਸਲ ਕੀਤੀ, ਨੌਕਰ ਹੋਏ, ਵਣਜ ਕੀਤਾ, ਗ੍ਰਿਹਸਤ ਵਿਚ ਪ੍ਰਵੇਸ਼ ਕੀਤਾ, ਕਬੀਲਦਾਰ ਹੋਏ, ਯਾਤਰਾ ਕੀਤੀ, ਉਪਦੇਸ਼ ਸੁਣੇ ਅਤੇ ਕੀਤੇ, ਤਪਦੇ ਕੜਾਹੇ ਠਾਰੇ, ਹਕੂਮਤ ਨਾਲ ਟੱਕਰ ਲਈ, ਰਜਵਾੜਿਆਂ ਨਾਲ ਆਹਢੇ ਲਾਏ, ਗੋਸ਼ਟਾਂ ਕੀਤੀਆਂ, ਹੰਕਾਰ ਤੋੜੇ ਤੇ ਕੁਰਾਹੀਆਂ ਨੂੰ ਰਾਹੇ ਪਾਇਆ। ਅਖੀਰ ਖੇਤੀ ਕੀਤੀ ਤੇ ਜਿੱਥੋਂ ਆਏ ਸਨ ਉੱਥੇ ਹੀ ਚਲੇ ਗਏ – ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ।। ਗੁਰੂ ਨਾਨਕ ਦਾ ਅਕਸ ਚਿਤਰਨਾ ਮੁਹੱਬਤ ਜਿਹਾ ਕਠਨ ਕਾਰਜ ਹੈ। ਕਹਿੰਦੇ ਹਨ ‘ਬਹੁਤ ਕਠਿਨ ਹੈ ਮੁਹੱਬਤ ਕੀ ਕਹਾਨੀ ਲਿਖਨਾ, ਜੈਸੇ ਪਾਨੀ ਸੇ ਪਾਨੀ ਪੇ ਪਾਨੀ ਲਿਖਨਾ’। ਗੁਰੂ ਨਾਨਕ ਨੂੰ ਚਿਤਰਨਾ ਇਤਨਾ ਹੀ ਮੁਸ਼ਕਿਲ ਹੈ। ਗੁਰੂ ਨਾਨਕ ਆਪਣੇ ਕੋਲ ਹਮੇਸ਼ਾਂ ਕਿਤਾਬ ਰੱਖਦੇ ਸਨ – ਆਸਾ ਹਥਿ ਕਿਤਾਬ ਕਛਿ। ਸਾਡੀ ਸਮਾਜਿਕ ਅਣਗਹਿਲੀ ਇਸ ਗੱਲ ਵਿਚ ਵੀ ਹੈ ਕਿ ਸਾਡੇ ਕਿਸੇ ਵੀ ਚਿੱਤਰਕਾਰ ਨੇ ਗੁਰੂ ਨਾਨਕ ਨੂੰ ਕਿਤਾਬ ਸਮੇਤ ਨਾ ਚਿਤਵਿਆ ਹੈ ਤੇ ਨਾ ਚਿਤਰਿਆ ਹੈ।
ਦੂਜੇ ਪਾਤਸ਼ਾਹ ਨੇ ਲਿਖਤ ਪੜ੍ਹਤ ਲਈ ਗੁਰਮੁਖੀ ਦਾ ਪ੍ਰਚਾਰ ਅਤੇ ਪਾਸਾਰ ਕੀਤਾ। ਪੰਚਮ ਪਿਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਤੇ ਦਸਮੇਸ਼ ਪਿਤਾ ਨੇ ਕੀ ਨਹੀਂ ਕੀਤਾ! ਉਨ੍ਹਾਂ ਦੇ ਪੁਸਤਕ ਪ੍ਰੇਮ ਨੂੰ ਦਰਸਾਉਂਦਾ ਚਿੱਤਰ ਕਿਸੇ ਚਿੱਤਰਕਾਰ ਨੇ ਕਦੇ ਨਹੀਂ ਚਿਤਵਿਆ। ਖ਼ੁਦ ਨੂੰ ਅਹਿਲੇ-ਕਿਤਾਬ ਕਹਿਣ ਵਾਲੇ ਲੋਕ ਵੀ ਕਿਤਾਬ ਤੋਂ ਬੇਮੁੱਖ ਹੋ ਗਏ ਹਨ। ਇਸ ਤੋਂ ਵੱਡਾ ਦੁਖਾਂਤ ਕੀ ਵਾਪਰ ਸਕਦਾ ਹੈ ਕਿ ਸਾਡੇ ਸੱਭਿਆਚਾਰ ਵਿੱਚੋਂ ਪੁਸਤਕ, ਅਧਿਐਨ ਅਤੇ ਅਧਿਆਪਨ ਗਾਇਬ ਹੋ ਰਹੇ ਹਨ।
ਚਿੱਤਰਕਾਰਾਂ ਅੱਗੇ ਜ਼ਮਾਨੇ ਦੀ ਆਰਜ਼ੂ ਹੈ ਕਿ ਪਾਤਸ਼ਾਹ ਦੀ ਤਸਵੀਰ ਕਿਤਾਬ ਸੰਗ ਬਣਾਈ ਜਾਵੇ। ਕਿਉਂਕਿ ਸਮਾਜ ਵਿੱਚੋਂ ਖ਼ਾਰਜ ਹੋ ਚੁੱਕੇ ਅਧਿਆਪਕ ਨੂੰ ਕਿਤਾਬ ਹੀ ਬਹਾਲ ਕਰ ਸਕਦੀ ਹੈ ਤੇ ਅਧਿਆਪਕ ਹੀ ਸਮਾਜ ਦਾ ਮਾਰਗਦਰਸ਼ਨ ਕਰ ਸਕਦਾ ਹੈ; ਅਧਿਆਪਕ ਗੁਰੂ ਹੈ ਤੇ ਗੁਰੂ ਅਧਿਆਪਕ; ਅਧਿਆਤਮ ਤੇ ਅਧਿਆਪਨ ਵਿਚ ਕੁਝ ਸਾਂਝ ਜ਼ਰੂਰ ਹੈ। ਆਉ ਪੰਚਮ ਪਾਤਸ਼ਾਹ ਦਾ ਫੁਰਮਾਨ ਯਾਦ ਕਰੀਏ: ਗੁਰ ਮੂਰਤਿ ਸਿਉ ਲਾਇ ਧਿਆਨੁ।। ਈਹਾ ਊਹਾ ਪਾਵਹਿ ਮਾਨੁ।।

ਸੰਪਰਕ: 9417518384

ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ।।
* * *
ਦਰਸਨ ਨਾਮ ਕਉ ਮਨੁ ਆਛੈ।।
* * *
ਸਫਲ ਮੂਰਤਿ ਦਰਸਨ ਬਲਿਹਾਰੀ।।
* * *
ਸਤਿਗੁਰ ਕੀ ਮੂਰਤਿ ਹਿਰਦੈ ਵਸਾਏ।।
* * *
ਸੂਰਤਿ ਮੂਰਤਿ ਆਦਿ ਅਨੂਪੁ।।
* * *
ਸਭ ਮਹਿ ਜੋਤਿ ਜੋਤਿ ਹੈ ਸੋਇ।।
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ।।
* * *
ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ।। ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ।।

– ਗੁਰੂ ਗ੍ਰੰਥ ਸਾਹਿਬ

ਦਰਸਨਿ ਦਿਸਟਿ ਧਿਆਨੁ ਧਰਿ
ਗੁਰ ਮੂਰਤਿ ਹੋਈ।।
ਸਬਦ ਸੁਰਤਿ ਕਰਿ ਕੀਰਤਨੁ
ਸਤਿਸੰਗਿ ਵਿਲੋਈ।।
* * *
ਗੁਰ ਦਰਸਨ ਗੁਰ ਸਬਦ ਹੈ ਨਿਜ
ਘਰਿ ਭਾਇ ਭਗਤਿ ਰਹਰਾਸੀ।।
* * *
ਹੈਭੀ ਹੋਸੀ ਸਚੁ ਨਾਉ ਸਚੁ
ਦਰਸਣੁ ਸਤਿਗੁਰੂ ਦਿਖਾਇਆ।।
* * *
ਗੁਰਮੁਖਿ ਮਾਰਗਿ ਪੈਰੁ ਧਰਿ
ਦਹਿਦਿਸਿ ਬਾਰਹ ਵਾਟ ਨ ਧਾਇਆ।।
ਗੁਰ ਮੂਰਤਿ ਗੁਰ ਧਿਆਨੁ ਧਰਿ
ਘਟਿ ਘਟਿ ਪੂਰਨ ਬ੍ਰਹਮੁ ਦਿਖਾਇਆ।।

– ਭਾਈ ਗੁਰਦਾਸ ਜੀ


Comments Off on ਗੁਰ ਮੂਰਤਿ: ਦਰਸ਼ਨ ਤੋਂ ਦਰਸ਼ਣ ਵੱਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.