ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਗੁਰੂ ਹਰਿਕ੍ਰਿਸ਼ਨ ਧਿਆਇਐ

Posted On July - 24 - 2019

ਰਮੇਸ਼ ਬੱਗਾ ਚੋਹਲਾ
ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜਨਮ 7 ਜੁਲਾਈ 1656 ਈ: (ਬ੍ਰਿਕਮੀ ਸੰਮਤ 8 ਸਾਵਣ 1713) ਨੂੰ ਪਿਤਾ ਗੁਰੂ ਹਰਿ ਰਾਇ ਤੇ ਮਾਤਾ ਕਿਸ਼ਨ ਕੌਰ ਦੇ ਘਰ ਕੀਰਤਪੁਰ ਸਾਹਿਬ ’ਚ ਹੋਇਆ। ਭੱਟ ਵਹੀਆਂ ਦੇ ਹਵਾਲੇ ਨਾਲ ਗੁਰੂ ਜੀ ਦਾ ਪੈਦਾਇਸ਼ੀ ਦਿਹਾੜਾ ਸੰਨ 1652 ਵਿਚ ਦੱਸਿਆ ਗਿਆ ਹੈ।
ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਪਿਤਾ ਗੁਰੂ ਹਰਿ ਰਾਇ ਸਾਹਿਬ ਤੋਂ 1661 ਈ. (ਸੰਮਤ 1918) ਨੂੰ ਗੁਰੂਗੱਦੀ ਮਿਲੀ। ਇਸ ਸਮੇਂ ਉਨ੍ਹਾਂ ਦੀ ਵਰੇਸ ਸਵਾ ਕੁ ਪੰਜ ਸਾਲ ਦੀ ਬਣਦੀ ਸੀ। ਦੁਨਿਆਵੀ ਤੌਰ ’ਤੇ ਇਹ ਸਮਾਂ ਹਾਣੀਆਂ ਨਾਲ ਖੇਡਣ-ਮੱਲਣ ਦਾ ਸਮਝਿਆ ਜਾਂਦਾ ਹੈ। ਇਸ ਕਰਕੇ ਇਹ ਵਕਤ ਸਿੱਖਾਂ ਦੀ ਸਿਦਕਦਿਲੀ ਅਤੇ ਸ਼ਰਧਾ ਨੂੰ ਪਰਖਣ ਦਾ ਵੀ ਸੀ। ਕਿਉਂਕਿ ਗੁਰੂ ਘਰ ਦੇ ਦੋਖੀ (ਧੀਰਮੱਲੀਏ ਅਤੇ ਰਾਮ ਰਾਈਏ) ਗੁਰੂ ਘਰ ਨੂੰ ਢਾਹ ਲਗਾਉਣ ਲਈ ਸੰਗਤ ਵਿਚ ਭਰਮ-ਭੁਲੇਖੇ ਪੈਦਾ ਕਰਨ ਦੇ ਕੋਝੇ ਯਤਨ ਕਰ ਰਹੇ ਸਨ। ਇਨ੍ਹਾਂ ਭਰਮ-ਭੁਲੇਖਿਆਂ ਦੇ ਬਾਵਜੂਦ ਵੀ ਗੁਰੂ ਹਰਿਕ੍ਰਿਸ਼ਨ ਨੇ ਉਮਰ ਛੁਟੇਰੀ ਪਰ ਅਕਲ ਵਡੇਰੀ ਦਾ ਸਬੂਤ ਦਿੰਦਿਆਂ ਗੁਰਿਅਈ ਦੀ ਜ਼ਿੰਮੇਵਾਰੀ (1661 ਤੋਂ 1664) ਸਾਬਤ ਕਦਮਾਂ ਨਾਲ ਨਿਭਾਈ।
ਗੁਰੂ ਹਰਿਕ੍ਰਿਸ਼ਨ ਜੀ ਸੇਵਾ ਅਤੇ ਸਿਮਰਨ ਦਾ ਸੁਮੇਲ ਹੋਣ ਦੇ ਨਾਲ-ਨਾਲ ਪਰਉਪਕਾਰੀ ਸੁਭਾਅ ਦੇ ਮਾਲਕ ਵੀ ਸਨ। ਜਿਹੜਾ ਵੀ ਵਿਅਕਤੀ ਉਨ੍ਹਾਂ ਦੇ ਦਰਸ਼ਨ ਕਰ ਲੈਂਦਾ ਸੀ ਉਸ ਦਾ ਜੀਵਨ ਹੀ ਬਦਲ ਜਾਂਦਾ ਸੀ। ਪੇਸ਼ਾਵਰ ਦੀ ਸੰਗਤ ਵਿਚ ਇਕ ਜਸਵੰਤ ਰਾਇ ਨਾਮਕ ਚੋਰ ਸੰਗਤ ਦੀਆਂ ਜੇਬਾਂ ਕੱਟਣ ਦੀ ਨੀਅਤ ਨਾਲ ਆ ਵੜਿਆ। ਜਦੋਂ ਗੁਰੂ ਹਰਿਕ੍ਰਿਸ਼ਨ ਦੇ ਸਨਮੁੱਖ ਹੋਇਆ ਤਾਂ ਗੁਰੂ ਸਾਹਿਬ ਦੇ ਮੁਖਾਰਬਿੰਦ ’ਚੋਂ ਸੁਭਾਵਿਕ ਹੀ ਨਿਕਲਿਆ:
ਚੋਰ ਦੀ ਹਮਾ ਭਰੇ ਨਾ ਕੋਇ॥
ਚੋਰ ਕੀਆ ਚੰਗਾ ਕਿਉ ਹੋਇ॥
ਇਹ ਸੁਣਦਿਆਂ ਹੀ ਜਸਵੰਤ ਰਾਇ ਦੇ ਨੇਤਰਾਂ ’ਚੋਂ ਪਾਣੀ ਆ ਗਿਆ ਅਤੇ ਉਸ ਨੇ ਚੋਰੀ ਤੋਂ ਤੌਬਾ ਕਰ ਲਈ। ਇਸ ਤਰ੍ਹਾਂ ਇਕ ਗੇਂਦਾ ਮਲ ਨਾਂ ਦੇ ਜੁਆਰੀਏ ਨੇ ਦਰਬਾਰ ਵਿਚ ਆ ਕੇ ਗੁਰੂ ਸਾਹਿਬ ਦੇ ਚਰਨ ਫੜ ਲਏ ਅਤੇ ਛੱਡੇ ਹੀ ਨਾ।
ਗੁਰਦੇਵ ਨੇ ਕਿਹਾ, ‘‘ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ।’’ ਗੇਂਦਾ ਮਲ ਦੇ ਮਨ ਨੂੰ ਹੁਲਾਰਾ ਆਇਆ ਤੇ ਉਸ ਨੇ ਹੱਥ ਜੋੜ ਕੇ ਗੁਰੂ ਜੀ ਕੋਲੋਂ ਮੁਆਫੀ ਮੰਗ ਲਈ ਅਤੇ ਅੱਗੇ ਤੋਂ ਬੁਰੀਆਂ ਆਦਤਾਂ ਨੂੰ ਤਿਆਗਣ ਦਾ ਵਾਅਦਾ ਕੀਤਾ।
ਰਾਮ ਰਾਇ ਦੀਆਂ ਸ਼ਿਕਾਇਤਾਂ ਦੇ ਅਸਰ ਕਾਰਨ ਅਤੇ ਕੁੱਝ ਆਪਣੇ ਮਨ ਦੇ ਤੌਖਲੇ ਨੂੰ ਮਿਟਾਉਣ ਖਾਤਰ ਉਸ ਵੇਲੇ ਦੇ ਹਾਕਮ ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾ ਲਿਆ। ਇਸ ਕੰਮ ਲਈ ਉਸ ਨੇ ਇਕ ਖਾਸ ਅਫਸਰ ਮਿਰਜ਼ਾ ਜੈ ਸਿੰਘ ਦੀ ਡਿਊਟੀ ਲਗਾਈ, ਜੋ ਗੁਰੂ ਘਰ ਪ੍ਰਤੀ ਕੁੱਝ ਸਤਿਕਾਰਤ ਭਾਵਨਾ ਰੱਖਦਾ ਸੀ।
ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਸ ਵੇਲੇ ਦੇ ਕੁੱਝ ਮੁਖੀ ਸਿੱਖਾਂ ਭਾਈ ਦਰਗਾਹ ਮੱਲ, ਭਾਈ ਦਿਆਲਾ, ਭਾਈ ਮਨੀ ਜੀ ਅਤੇ ਕੁੱਝ ਹੋਰ ਸਲਾਹਕਾਰਾਂ ਨਾਲ ਸਲਾਹ ਕੀਤੀ ਤਾਂ ਉਨ੍ਹਾਂ ਨੇ ਦਿੱਲੀ ਜਾਣ ਦੀ ਹਾਮੀ ਭਰ ਦਿੱਤੀ। ਇਸ ਹਾਮੀ ਵਜੋਂ ਗੁਰੂ ਸਾਹਿਬ ਦਿੱਲੀ ਜਾਣ ਲਈ ਰਜ਼ਾਮੰਦ ਤਾਂ ਹੋ ਗਏ ਪਰ ਉਨ੍ਹਾਂ ਨੇ ਦੁਸ਼ਟ ਔਰੰਗਜ਼ੇਬ ਦੇ ਮੱਥੇ ਨਾ ਲੱਗਣ ਦਾ ਫੈਸਲਾ ਵੀ ਸੁਣਾ ਦਿੱਤਾ। ਸੰਗਤ ਨੇ ਗੁਰੂ ਸਾਹਿਬ ਦੇ ਫ਼ੈਸਲੇ ’ਤੇ ਆਪਣੀ ਮੋਹਰ ਲਗਾ ਦਿੱਤੀ।
ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਦੀ ਸੇਵਾ-ਸੰਭਾਲ ਦਾ ਕੰਮ ਭਾਈ ਭਗਤਾ ਜੀ ਅਤੇ ਸ਼ਰਧਾਵਾਨ ਸਿੱਖਾਂ ਨੂੰ ਸੌਂਪ ਕੇ ਸੰਗਤ ਨਾਲ ਦਿੱਲੀ ਵੱਲ ਨੂੰ ਚੱਲ ਪਏ।
ਦਿੱਲੀ ਦਾ ਸਫ਼ਰ ਤਹਿ ਕਰਦਿਆਂ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਪੰਜੋਖਰੇ ਪਹੁੰਚੇ ਤਾਂ ਇਥੋਂ ਦਾ ਇਕ ਹੰਕਾਰੀ ਪੰਡਿਤ ਸੰਗਤ ਨੂੰ ਕਹਿਣ ਲੱਗਾ ‘ਤੁਹਾਡੇ ਗੁਰੂ ਜੀ ਆਪਣੇ ਆਪ ਨੂੰ ਹਰਿਕ੍ਰਿਸ਼ਨ ਕਹਾਉਂਦੇ ਹਨ। ਦੁਆਪਰ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਨੇ ਤਾਂ ਆਪਣੇ ਸਮੇਂ ਵਿਚ ਗੀਤਾ ਲਿਖੀ ਸੀ ਜੇਕਰ ਤੁਹਾਡੇ ਗੁਰੂ ਸੱਚਮੁਚ ਹੀ ਪਹੁੰਚੇ ਹੋਏ ਹਨ ਤਾਂ ਇਕ ਗੀਤਾ ਦੇ ਅਰਥ ਕਰਕੇ ਦਿਖਾ ਦੇਣ।’ ਇਹ ਗੱਲ ਜਦੋਂ ਗੁਰੂ ਸਾਹਿਬ ਕੋਲ ਆਈ ਤਾਂ ਉਨ੍ਹਾਂ ਨੇ ਪੰਡਿਤ ਨੂੰ ਕਿਹਾ ਕਿ ‘‘ਭਾਈ ! ਮੇਰੇ ਅਰਥ ਕਰਨ ਨਾਲ ਹੋ ਸਕਦਾ ਹੈ ਕਿ ਤੇਰੀ ਤਸੱਲੀ ਨਾ ਹੋਵੇ। ਤੂੰ ਜੇਕਰ ਗੁਰੂ ਨਾਨਕ ਦੇ ਘਰ ਦੀਆਂ ਬਰਕਤਾਂ ਦਾ ਨਜ਼ਾਰਾ ਤੱਕਣਾ ਹੈ ਤਾਂ ਇਸ ਕਸਬੇ ਦੇ ਕਿਸੇ ਵਿਅਕਤੀ ਨੂੰ ਜਿਸ ਨੂੰ ਤੂੰ ਸਭ ਤੋਂ ਵੱਧ ਮੂਰਖ ਸਮਝਦਾ ਹੈ, ਲੈ ਕੇ ਮੇਰੇ ਕੋਲ ਆ ਜਾ, ਉਹ ਵਿਅਕਤੀ ਹੀ ਤੇਰੇ ਸ਼ੰਕਿਆਂ ਨੂੰ ਨਵਿਰਤ ਕਰ ਦੇਵੇਗਾ।’’
ਪੰਡਿਤ ਇਕ ਛੱਜੂਨਾਮਕ ਝੀਊਰ ਨੂੰ ਗੁਰੂ ਸਾਹਿਬ ਕੋਲ ਲੈ ਆਇਆ। ਇਹ ਝੀਊਰ ਜਮਾਂਦਰੂ ਗੂੰਗਾ ਸੀ। ਬਾਬਾ ਨਾਨਕ ਦੀ ਰਹਿਮਤ ਸਦਕਾ ਛੱਜੂ ਇਕ ਸੁਲਝੇ ਹੋਏ ਵਿਦਵਾਨ ਵਾਂਗ ਗੀਤਾ ਦੇ ਸਲੋਕਾਂ ਦੇ ਅਰਥ ਕਰਨ ਲੱਗ ਪਿਆ। ਇਸ ਵਰਤਾਰੇ ਨਾਲ ਜਿਥੇ ਪੰਡਿਤ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ, ਉਥੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਦੇ ਮਾਣ-ਸਤਿਕਾਰ ਵਿੱਚ ਵੀ ਚੋਖਾ ਵਾਧਾ ਹੋ ਗਿਆ।
ਆਪਣੇ ਪਿਤਾ ਗੁਰੂ ਹਰਿ ਰਾਇ ਜੀ ਵਾਂਗ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਨੇ ਵੀ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਤੋਂ ਸਾਫ ਇਨਕਾਰ ਕਰ ਦਿੱਤਾ। ਇਥੋਂ ਤੱਕ ਕਿ ਬਾਦਸ਼ਾਹ ਨੇ ਗੁਰੂ ਸਾਹਿਬ ਦਾ ਮਨ ਬਦਲਾਉਣ ਲਈ ਕਈ ਬੇਸ਼ਕੀਮਤੀ ਤੋਹਫੇ ਵੀ ਭੇਜੇ ਪਰ ਸਾਧ ਬਚਨ ਅਟੱਲ ਹੀ ਰਹੇ।
ਗੁਰੂ ਹਰਿਕ੍ਰਿਸ਼ਨ ਜੀ ਜਦੋਂ ਦਿੱਲੀ ਪਹੁੰਚੇ ਤਾਂ ਉਸ ਸਮੇਂ ਉਥੇ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ ਅਤੇ ਮਹਾਂਮਾਰੀ ਦੀ ਸ਼ਕਲ ਧਾਰਨ ਕਰ ਚੁੱਕੀ ਸੀ। ਗੁਰੂ ਸਾਹਿਬ ਨੇ ਇਸ ਬੀਮਾਰੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਦਸਵੰਧ ਦੀ ਮਾਇਆ ਦੀ ਖੁੱਲ੍ਹ ਕੇ ਵਰਤੋਂ ਕੀਤੀ। ਉਨ੍ਹਾਂ ਦੀ ਆਪਣੀ ਉਮਰ ਵੀ ਅਜੇ 8 ਕੁ ਸਾਲ ਦੀ ਹੀ ਸੀ। ਇਸ ਉਮਰ ਵਿਚ ਚੇਚਕ ਦੀ ਮਾਰ ਬਹੁਤ ਜਲਦੀ ਪੈਂਦੀ ਹੈ। ਲੋਕ-ਸੇਵਾ ਦੀ ਪ੍ਰਬਲ ਭਾਵਨਾ ਸਦਕਾ ਗੁਰੂ ਜੀ ਨੇ ਆਪਣੀ ਸਿਹਤ ਵੱਲ ਕੋਈ ਖਾਸ ਧਿਆਨ ਨਾ ਦਿੱਤਾ। ਸਿੱਟੇ ਵਜੋਂ ਉਨ੍ਹਾਂ ਨੂੰ ਵੀ ਚੇਚਕ ਦੀ ਨਾਮੁਰਾਦ ਬਿਮਾਰੀ ਨੇ ਆਪਣੀ ਜਕੜ ਵਿਚ ਲੈ ਲਿਆ। ਤੇਜ਼ ਬੁਖਾਰ ਹੋਣ ਕਾਰਨ ਉਨ੍ਹਾਂ ਨੂੰ ਆਪਣਾ ਅੰਤਲਾ ਸਮਾਂ ਨਜ਼ਦੀਕ ਆਉਂਦਾ ਦਿਖਾਈ ਦੇਣ ਲੱਗਾ।
ਰਾਜਾ ਜੈ ਸਿੰਘ ਦਾ ਮਹੱਲ ਛੱਡ ਕੇ ਗੁਰੂ ਸਾਹਿਬ ਨੇ ਜਮੁਨਾ ਨਦੀ ਕਿਨਾਰੇ ਇਕ ਖੁੱਲ੍ਹੀ ਥਾਂ ’ਤੇ ਡੇਰਾ ਲਾ ਲਿਆ। ਇਧਰ ਜਦੋਂ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਗੁਰੂ ਸਾਹਿਬ ਦੇ ਬਿਮਾਰ ਹੋਣ ਦਾ ਪਤਾ ਲੱਗਾ ਤਾਂ ਉਹ ਭਾਰੀ ਗਿਣਤੀ ਵਿਚ ਜਮੁਨਾ ਨਦੀ ਕਿਨਾਰੇ ਆਉਣ ਲੱਗੀਆਂ।
ਸੰਗਤ ਨੂੰ ਸੰਬੋਧਨ ਕਰਕੇ ਉਨ੍ਹਾਂ ਨੇ ਕਿਹਾ ਕਿ ਸਰੀਰਾਂ ਦੇ ਮਿਲਾਪ ਥੋੜ੍ਹ-ਚਿਰੇ ਹੁੰਦੇ ਹਨ, ਪਰ ਗੁਰ ਉਪਦੇਸ਼ ਸਦੀਵੀ ਹੁੰਦਾ ਹੈ। ਸੋ ਲੋੜ ਹੈ ਕਿ ਧਰਮ ਦੀ ਕਿਰਤ ਕਰਦਿਆਂ ਗੁਰ ਉਪਦੇਸ਼ ਨੂੰ ਅਪਨਾਉਣ ਅਤੇ ਕਮਾਉਣ ਦੀ। ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਸੰਗਤ ਨੂੰ ਇਹ ਇਸ਼ਾਰਾ ਕਰ ਦਿੱਤਾ ਕਿ ਗੁਰੂ ਨਾਨਕ ਦੇ ਘਰ ਦਾ ਨੌਵਾਂ ਵਾਰਿਸ (ਗੁਰੂ) ਬਾਬੇ ਬਕਾਲੇ ਵਿਚ ਰਹਿੰਦਾ ਹੈ। ਅਖੀਰ 30 ਮਾਰਚ 1664 ਈ (ਸੰਮਤ 1721) ਨੂੰ ਗੁਰੂ ਜੀ ਜਮੁਨਾ ਕੰਢੇ ਜੋਤੀ ਜੋਤਿ ਸਮਾ ਗਏ।
ਸੰਪਰਕ: 94631-32719


Comments Off on ਗੁਰੂ ਹਰਿਕ੍ਰਿਸ਼ਨ ਧਿਆਇਐ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.