ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਗੀਤ ਅਤੇ ਸਮਾਜ

Posted On July - 27 - 2019

ਜੀਤ ਹਰਜੀਤ
ਗੀਤ ਸਮਾਜ ਨੂੰ ਪ੍ਰਭਾਵਿਤ ਕਰਦੇ ਹਨ ਜਾਂ ਨਹੀਂ ਇਸ ਸਬੰਧ ਵਿਚ ਵਿਦਵਾਨਾਂ ਦੇ ਵਿਚਾਰ ਵੱਖ- ਵੱਖ ਹਨ। ਬਹੁਤੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਗੀਤਾਂ ਦਾ ਸਮਾਜ ਨਾਲ ਬਹੁਤ ਗੂੜ੍ਹਾ ਸਬੰਧ ਹੈ ਕਿਉਂਕਿ ਜਦੋਂ ਖ਼ੁਸ਼ੀ ਹੁੰਦੀ ਹੈ ਤਾਂ ਅਸੀਂ ਨੱਚਣ-ਟੱਪਣ ਵਾਲੇ ਗੀਤ ਸੁਣਕੇ ਉਨ੍ਹਾਂ ’ਤੇ ਨੱਚ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹਾਂ ਅਤੇ ਇਸਦੇ ਉਲਟ ਜਦੋਂ ਸਾਡਾ ਮਨ ਉਦਾਸ ਹੁੰਦਾ ਹੈ ਤਾਂ ਅਸੀਂ ਉਦਾਸ ਗੀਤਾਂ ਦਾ ਸਹਾਰਾ ਲੈਂਦੇ ਹਾਂ। ਅਧਿਆਤਮਕ ਬਿਰਤੀ ਲਈ ਸਾਡਾ ਮਨ ਧਾਰਮਿਕ ਗੀਤਾਂ, ਸ਼ਬਦਾਂ, ਆਰਤੀਆਂ ਦੀ ਭਾਲ ਕਰਦਾ ਹੈ। ਅਸੀਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਕਿ ਗੀਤ, ਸੰਗੀਤ ਦਾ ਸਾਡੇ ਮਨ ’ਤੇ ਕੋਈ ਅਸਰ ਨਹੀਂ ਪੈਂਦਾ। ਅਸੀਂ ਪੂਰੀ ਤਰ੍ਹਾਂ ਗੀਤਾਂ ਨਾਲ ਜੁੜੇ ਹੋਏ ਹਾਂ ਤੇ ਸਾਡਾ ਸਾਰਾ ਸਮਾਜ ਕਿਸੇ ਨਾ ਕਿਸੇ ਤਰੀਕੇ ਨਾਲ ਗੀਤ, ਸੰਗੀਤ ਨਾਲ ਜੁੜਿਆ ਹੋਇਆ ਹੈ।
ਗੀਤ ਦਾ ਅਸਰ ਤਾਂ ਸਾਡੇ ਬਚਪਨ ਵਿਚ ਵੀ ਸਾਫ਼ ਦਿਖਾਈ ਦਿੰਦਾ ਹੈ। ਛੋਟੀ ਉਮਰ ਦੇ ਬੱਚਿਆਂ ਨੂੰ ਮਾਵਾਂ ਲੋਰੀਆਂ ਸੁਣਾ-ਸਣਾ ਕੇ ਸੁਲਾ ਦਿੰਦੀਆਂ ਸਨ ਤੇ ਅੱਜ ਵੀ ਉਹ ਰੀਤਾਂ ਕਾਇਮ ਹਨ। ਛੋਟੇ ਬੱਚਿਆਂ ਨੂੰ ਪਿਆਰ ਕਰਦੇ ਸਮੇਂ ਹਰ ਮਾਂ ਦੇ ਮੂੰਹੋਂ ਆਪ-ਮੁਹਾਰੇ ਹੀ ਲੋਰੀ ਨੁਮਾ ਗੀਤ ਨਿਕਲ ਆਉਂਦਾ ਹੈ ਤੇ ਬੱਚਾ ਉਨ੍ਹਾਂ ਮਿਠਾਸ ਭਰੇ ਬੋਲਾਂ ਦਾ ਅਸਰ ਕਬੂਲਦਾ ਹੋਇਆ ਸ਼ਾਂਤ ਚਿੱਤ ਹੋ ਜਾਂਦਾ ਹੈ, ਉਸਨੂੰ ਨੀਂਦ ਆ ਜਾਂਦੀ ਹੈ। ਛੋਟੇ ਹੁੰਦਿਆਂ ਹੋਇਆਂ ਅਸੀਂ ਸਾਰਿਆਂ ਨੇ ਦਾਦਾ-ਦਾਦੀ, ਨਾਨਾ-ਨਾਨੀ ਤੋਂ ਕਹਾਣੀਆਂ ਜ਼ਰੂਰ ਸੁਣੀਆਂ ਹੋਣਗੀਆਂ, ਕੀ ਕਾਰਨ ਹੁੰਦਾ ਸੀ ਕਿ ਬਹੁਤੀ ਵਾਰ ਕਹਾਣੀ ਸੁਣਦੇ ਸੁਣਦੇ ਹੀ ਨੀਂਦ ਆ ਜਾਂਦੀ ਸੀ? ਉਸਦੇ ਜਵਾਬ ਵਿਚ ਵੀ ਇਹੀ ਸ਼ਬਦ ਹਨ ਕਿ ਸਾਡਾ ਮਨ ਉਨ੍ਹਾਂ ਮਿਠਾਸ ਭਰੇ ਬੋਲਾਂ ਦਾ ਅਸਰ ਕਬੂਲਦਾ ਸੀ, ਜਿਸ ਕਾਰਨ ਅਸੀਂ ਆਰਾਮ ਦੀ ਨੀਂਦ ਸੌਂ ਜਾਂਦੇ ਸੀ।
ਅਜੋਕੇ ਸਮੇਂ ਜਦੋਂ ਨੌਜਵਾਨਾਂ ਵਿਚ ਅਸਹਿਣਸ਼ੀਲਤਾ ਵਧਦੀ ਜਾ ਰਹੀ ਹੈ, ਉਹ ਪਲਾਂ ਵਿਚ ਖ਼ੂਨ ਵਹਾਉਣ ਲੱਗੇ ਹਨ, ਉਹ ਛੋਟੀ-ਮੋਟੀ ਤਕਰਾਰ ਹੋਣ ’ਤੇ ਵੀ ਸਾਹਮਣੇ ਵਾਲੇ ਦਾ ਕਤਲ ਕਰ ਦਿੰਦੇ ਹਨ ਤਾਂ ਆਲੇ ਦੁਆਲੇ ਦੇ ਮਾਹੌਲ ’ਤੇ ਉਂਗਲ ਉੱਠਣੀ ਲਾਜ਼ਮੀ ਹੈ। ਗੀਤਾਂ ਵਿਚ ਬੰਦਾ ਮਾਰਨ ਦੀਆਂ ਗੱਲਾਂ, ਬਿਨਾਂ ਗੱਲ ਤੋਂ ਲੜਾਈ ਕਰਨ ਦੀਆਂ ਗੱਲਾਂ, ਜਵਾਨ ਕੁੜੀਆਂ ਨੂੰ ਭਜਾ ਲਿਜਾਣ ਦੀਆਂ ਗੱਲਾਂ ਅਤੇ ਡੱਬ ਵਿਚ ਪਿਸਟਲ ਰੱਖਣ ਦੇ ਸ਼ੌਕ ਦੀਆਂ ਗੱਲਾਂ ਆਮ ਹੋਣ ਲੱਗੀਆਂ ਸਨ। ਬਹੁਤੇ ਲੋਕ ਸਮਾਜ ਦੇ ਖ਼ਾਸ ਕਰਕੇ ਨਵੀਂ ਪੀੜ੍ਹੀ ਦੇ ਵਿਗੜੇ ਹੋਏ ਰੂਪ ਦਾ ਕਾਰਨ ਗੀਤਾਂ ਨੂੰ ਹੀ ਮੰਨਦੇ ਹਨ, ਪਰ ਜਦੋਂ ਇਸ ਸਬੰਧੀ ਕਲਾਕਾਰਾਂ, ਗੀਤਕਾਰਾਂ ਨਾਲ ਗੱਲ ਹੁੰਦੀ ਹੈ ਤਾਂ ਉਨ੍ਹਾਂ ਦਾ ਤਰਕ ਹੁੰਦਾ ‘ਜੇ ਗੀਤਾਂ ਦੇ ਅਸਰ ਨਾਲ ਕੁਝ ਵਿਗੜ ਰਿਹਾ ਹੈ ਤਾਂ ਸਮਾਜ ਵਿਚ ਬਹੁਤ ਸਾਰੇ ਚੰਗੇ ਕਲਾਕਾਰਾਂ ਦੇ ਚੰਗੇ ਗੀਤ ਵੀ ਆਉਂਦੇ ਹਨ ਜਿਨ੍ਹਾਂ ਦੇ ਅਸਰ ਕਰਕੇ ਲੋਕਾਂ ਨੂੰ ਸਿੱਧੇ ਰਾਹ ਪੈਣਾ ਚਾਹੀਦਾ ਸੀ, ਪਰ ਅਜਿਹਾ ਹੁੰਦਾ ਤਾਂ ਨਹੀਂ।’ ਕਿਤੇ ਨਾ ਕਿਤੇ ਕਲਾਕਾਰਾਂ, ਗੀਤਕਾਰਾਂ ਦਾ ਇਹ ਪੱਖ ਸਹੀ ਵੀ ਲੱਗਦਾ ਹੈ। ਉਨ੍ਹਾਂ ਦੀ ਇਹ ਦਲੀਲ ਇਸ ਕਰਕੇ ਵਜ਼ਨਦਾਰ ਲੱਗਦੀ ਹੈ ਕਿਉਂਕਿ ਪੁਰਾਣੇ ਸਮਿਆਂ ਤੋਂ ਹੀ ਪੰਜਾਬੀ ਗਾਇਕੀ ਦੋ-ਅਰਥੀ ਰਹੀ ਹੈ, ਪਰ ਪੁਰਾਣੇ ਸਮਿਆਂ ਵਿਚ ਵੀ ਅੱਜ ਵਰਗੇ ਮਾੜੇ ਹਾਲਾਤ ਨਹੀਂ ਸਨ। ਰਿਸ਼ਤੇ ਸੱਚੇ ਤੇ ਸੁੱਚੇ ਹੁੰਦੇ ਸਨ। ਵੱਡੇ ਛੋਟੇ ਦਾ ਮਾਣ ਆਦਰ ਹੁੰਦਾ ਸੀ, ਅੱਖ ਦੀ ਘੂਰ ਦਾ ਦਿਲੀਂ ਡਰ ਹੁੰਦਾ ਸੀ। ਜਿਸ ਕਰਕੇ ਸਮਾਜਿਕ ਬੁਰਾਈਆਂ ਤੋਂ ਬਚਾਅ ਰਹਿੰਦਾ ਸੀ।
ਅਜੋਕੇ ਸਮਾਜ ਦੇ ਵਿਗੜੇ ਰੂਪ ਲਈ ਇਕੱਲੀ ਗੀਤਕਾਰੀ ਜਾਂ ਗਾਇਕੀ ਨੂੰ ਦੋਸ਼ ਦੇਣਾ ਮੇਰੇ ਖਿਆਲ ਨਾਲ ਸਹੀ ਗੱਲ ਨਹੀਂ, ਹਾਲਾਂਕਿ ਮੈਂ ਮਾੜੇ ਗੀਤ ਲਿਖਣ ਵਾਲਿਆਂ ਜਾਂ ਗਾਉਣ ਵਾਲਿਆਂ ਦੇ ਪੱਖ ਵਿਚ ਨਹੀਂ ਖੜ੍ਹ ਰਿਹਾ ਕਿਉਂਕਿ ਜੋ ਗ਼ਲਤ ਹੈ, ਉਹ ਗ਼ਲਤ ਹੀ ਰਹੇਗਾ। ਗੀਤ ਹਮੇਸ਼ਾਂ ਸੱਭਿਅਕ ਹੋਣੇ ਚਾਹੀਦੇ ਹਨ। ਕਲਾਕਾਰਾਂ, ਗੀਤਕਾਰਾਂ ਨੂੰ ਆਪਣੇ ਅਮੀਰ ਵਿਰਸੇ ਦੀ ਬਾਤ ਪਾਉਣੀ ਚਾਹੀਦੀ ਹੈ, ਪਰ ਸਾਨੂੰ ਆਪਣਾ ਸੁਣਨ ਦਾ ਹਾਜ਼ਮਾ ਵੀ ਸੱਭਿਅਕ ਬਣਾਉਣਾ ਪਵੇਗਾ। ਜਦੋਂ ਅਸੀਂ ਮਾੜੇ ਗੀਤਾਂ ਨੂੰ ਸੁਣਾਂਗੇ ਨਹੀਂ ਤਾਂ ਉਹ ਆਪਣੇ ਆਪ ਹੀ ਆਉਣੇ ਬੰਦ ਹੋ ਜਾਣਗੇ। ਪਾਬੰਦੀਆਂ ਲਗਾਉਣ ਨਾਲ ਕੁਝ ਬੰਦ ਨਹੀਂ ਹੋਣਾ, ਸਗੋਂ ਇਹ ਮੁੱਢ ਤੋਂ ਹੀ ਸੋਚ ਰਹੀ ਹੈ ਕਿ ਜਦੋਂ ਵੀ ਜਿਸ ਚੀਜ਼ ਨੂੰ ਦਬਾਇਆ ਜਾਂਦਾ ਹੈ ਉਹ ਹੋਰ ਉੱਭਰ ਕੇ ਅੱਗੇ ਆ ਖੜ੍ਹਦੀ ਹੈ।
ਅਜੋਕੇ ਵਿਗੜੇ ਸਮਾਜ ਲਈ ਜਿੰਨਾ ਅਸੀਂ ਪੰਜਾਬੀ ਗੀਤਕਾਰੀ, ਕਲਾਕਾਰੀ ਨੂੰ ਕਸੂਰਵਾਰ ਮੰਨਦੇ ਹਾਂ ਉਸ ਤੋਂ ਕਿਤੇ ਜ਼ਿਆਦਾ ਕਸੂਰਵਾਰ ਪੱਛਮੀ ਸਿਨਮਾ ਨਜ਼ਰ ਆਉਂਦਾ ਹੈ, ਜਿਸਦੀ ਲੱਚਰਤਾ ਕਾਰਨ ਅੱਜ ਬਾਪ ਨੂੰ ਧੀ ਨਾਲ ਬੈਠ ਕੇ ਟੈਲੀਵਿਜ਼ਨ ਦੇਖਣ ਤੋਂ ਵੀ ਸ਼ਰਮ ਆਉਂਦੀ ਹੈ। ਅਸੀਂ ਪੰਜਾਬੀ ਸਿੱਧੇ ਸਾਧੇ ਦੇਸੀ ਚੈਨਲ ‘ਡੀਡੀ ਪੰਜਾਬੀ’ ਦੇਖਣ ਵਾਲੇ ਸੀ, ਜੋ ਹਮੇਸ਼ਾਂ ਸਾਡੀ ਗੱਲ ਕਰਦਾ ਸੀ ਤੇ ਸਾਡੇ ਵਿਰਸੇ ਦੀ ਬਾਤ ਪਾਉਂਦਾ ਸੀ, ਪਰ ਜਦੋਂ ਕੇਬਲ ਵਾਲਿਆਂ ਨੇ ਸਾਨੂੰ ਲੱਚਰਤਾ ਪਰੋਸਣ ਵਾਲੇ ਚੈਨਲ ਪਰੋਸੇ ਤਾਂ ਕਿਸੇ ਨੇ ਇਸਨੂੰ ਰੋਕਣ ਦੀ ਹਿੰਮਤ ਨਹੀਂ ਦਿਖਾਈ। ਸਿੱਟਾ ਇਹ ਨਿਕਲਿਆ ਕੇ ਦੇਖਦੇ ਹੀ ਦੇਖਦੇ ਅਸੀਂ ਟੈਲੀਵਿਜ਼ਨ ਜ਼ਰੀਏ ਪਰੋਸਿਆ ਜਾ ਰਿਹਾ ਨੰਗੇਜ਼ ਦੇਖਣ ਲਈ ਮਜਬੂਰ ਹੋ ਗਏ। ਇਸਦਾ ਬਹੁਤ ਬੁਰਾ ਅਸਰ ਸਾਡੇ ਬੱਚਿਆਂ ’ਤੇ ਪਿਆ। ਹੌਲੀ-ਹੌਲੀ ਇਸ ਪੱਛਮੀ ਸੱਭਿਅਤਾ ਨੇ ਅਜਿਹਾ ਅਸਰ ਦਿਖਾਇਆ ਕਿ ਧੀਆਂ, ਪੁੱਤ ਜੰਮਣ ਵਾਲਿਆਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲਾਂ ਕਰਨ ਲੱਗੇ ਤੇ ਇਸ ਹਨੇਰੀ ਅੰਦਰ ਰਿਸ਼ਤੇ-ਨਾਤੇ ਦਮ ਤੋੜਨ ਲੱਗੇ। ਅੱਜ ਸਭ ਕੁਝ ਮਤਲਬ ਦਾ ਬਣ ਕੇ ਰਹਿ ਗਿਆ ਹੈ। ਵਿਗੜੇ ਸਮਾਜ ਲਈ ਕਾਰਨ ਕੋਝੀ ਸਿਆਸਤ ਵੀ ਬਣੀ ਜਿਨ੍ਹਾਂ ਨੇ ਸਮਾਜ ਲਈ ਲੋੜੀਂਦੇ ਫਰਜ਼ ਅਦਾ ਨਹੀਂ ਕੀਤੇ। ਸਮਾਜ ਦਾ ਅਸਲ ਰੂਪ ਵਿਗਾੜਨ ਲਈ ਹੋਰ ਵੀ ਕਈ ਕਾਰਨ ਜ਼ਿੰਮੇਵਾਰ ਬਣੇ, ਪਰ ਹੁਣ ਲੋੜ ਕਾਰਨ ਲੱਭਣ ਦੀ ਨਹੀਂ ਸਮਾਜ ਸੁਧਾਰਨ ਦੀ ਹੈ। ਇਕ ਵਿਦਵਾਨ ਦੀ ਬਹੁਤ ਹੀ ਖ਼ੂਬਸੂਰਤ ਗੱਲ ਹੈ; ‘ਜੇ ਤੁਹਾਡੀ ਸਾਲ ਭਰ ਦੀ ਯੋਜਨਾ ਹੈ ਫ਼ਸਲ ਬੀਜੋ, ਜੇ ਦੱਸ ਸਾਲ ਦੀ ਯੋਜਨਾ ਹੈ ਤਾਂ ਦਰਖੱਤ ਲਗਾਓ ਤੇ ਜੇ ਤੁਹਾਡੀ ਸੌ ਸਾਲ ਦੀ ਯੋਜਨਾ ਹੈ ਤਾਂ ਨਸਲਾਂ ਬੀਜੋ।’ ਅੱਜ ਸਮਾਂ ਨਸਲਾਂ ਬੀਜਣ ਦਾ ਹੈ, ਮਤਲਬ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਨ੍ਹਾਂ ਬੁਰੀਆਂ ਅਲਾਮਤਾਂ ਤੋਂ ਬਚਾ ਕੇ ਰੱਖੀਏ। ਉਨ੍ਹਾਂ ਨੂੰ ਸੋਹਣੇ ਸੰਸਕਾਰ ਦੇਈਏ ਤੇ ਅਜੋਕਾ ਬੁਰਾ ਪ੍ਰਭਾਵ ਉਨ੍ਹਾਂ ’ਤੇ ਨਾ ਪੈਣ ਦੇਈਏ ਤਾਂ ਹੋ ਸਕਦਾ ਅਸੀਂ ਬਿਹਤਰ ਸਮਾਜ ਦੀ ਸਿਰਜਣਾ ਕਰ ਲਈਏ।
ਸੰਪਰਕ: 97816-77772


Comments Off on ਗੀਤ ਅਤੇ ਸਮਾਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.