ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਗਹਿਰੀ ਸੰਵੇਦਨਾ ਭਰਪੂਰ ਕਵਿਤਾ

Posted On July - 7 - 2019

ਮਦਨ ਵੀਰਾ

ਮਲਵਿੰਦਰ ਪੰਜਾਬੀ ਕਵਿਤਾ ਦੇ ਖੇਤਰ ਵਿਚ ਜਾਣਿਆ-ਪਛਾਣਿਆ ਨਾਂ ਹੈ। ਪਿਛਲੇ ਤਿੰਨ ਦਹਾਕਿਆਂ ਤੋਂ ਕਵਿਤਾ ਨੂੰ ਸਮਰਪਿਤ ਇਸ ਕਵੀ ਦੇ ਇਸ ਤੋਂ ਪਹਿਲਾਂ ਪੰਜ ਕਾਵਿ-ਸੰਗ੍ਰਹਿ ਛਪ ਚੁੱਕੇ ਹਨ। ‘ਸੁਪਨਿਆਂ ਦਾ ਪਿੱਛਾ ਕਰਦਿਆਂ’ (ਕੀਮਤ: 390 ਰੁਪਏ; ਮਨਪ੍ਰੀਤ ਪ੍ਰਕਾਸ਼ਨ, ਦਿੱਲੀ) ਉਸ ਦਾ 2018 ਵਿਚ ਛਪਿਆ ਛੇਵਾਂ ਕਾਵਿ-ਸੰਗ੍ਰਹਿ ਹੈ। ਇਨ੍ਹਾਂ ਕਵਿਤਾਵਾਂ ਨੂੰ ਪੜ੍ਹਦਿਆਂ ਪਾਠਕ ਮਨ ਆਪਣੇ ਆਲੇ-ਦੁਆਲੇ ਨਾਲ ਅੰਦਰੋਂ ਅੰਦਰੀ ਜੁੜ ਜਾਂਦਾ ਹੈ। ਸੰਗ੍ਰਹਿ ਦੀ ਹਰ ਕਵਿਤਾ ਇਕ ਖਿੜਕੀ ਵਾਂਗ ਖੁੱਲ੍ਹਦੀ ਹੈ ਤੇ ਪਾਠਕ ਨੂੰ ਦੁੱਖ-ਭੁੱਖ, ਅਮੀਰੀ-ਗ਼ਰੀਬੀ ਅਤੇ ਵਿਕਾਸ-ਵਿਨਾਸ਼ ਦੇ ਦ੍ਰਿਸ਼ ਨਜ਼ਰ ਆਉਂਦੇ ਹਨ। ਕਾਬਜ਼ ਸੱਤਾ ਧਰਮ ਦੇ ਰੰਗ ’ਚ ਦੇਸ਼ ਭਗਤੀ ਦੇ ਸਰਟੀਫਿਕੇਟ ਵੰਡ ਰਹੀ ਹੈ। ਬੇਰੁਜ਼ਗਾਰ ਧੀਆਂ ਪੁੱਤ ਪਰਵਾਸੀ ਹੋ ਰਹੇ ਹਨ। ਵਿਕਾਸ ਦੇ ਨਾਂ ’ਤੇ ਵਿਨਾਸ਼ ਹੋ ਰਿਹਾ ਹੈ। ਸਿੱਖਿਆ ਸੰਸਥਾਵਾਂ ਅਤੇ ਮੀਡੀਆ ਨੂੰ ਸੱਤਾ ਨੇ ਹਥਿਆ ਲਿਆ ਹੈ। ਕਵਿਤਾ ‘ਜੰਗਲ’ ਵਿਚਲਾ ਲੱਕੜਹਾਰਾ ਤੇ ‘ਪੁੱਲ਼’ ਕਵਿਤਾ ਦੀ ਨਾਇਕਾ ਇਸ ਅਮਾਨਵੀ ਵਰਤਾਰੇ ਦੇ ਪ੍ਰਮਾਣਿਕ ਬਿੰਬ ਹਨ।
ਮਲਵਿੰਦਰ ਦੀ ਕਵਿਤਾ ਦੇ ਭਾਵ-ਸੰਸਾਰ ਵਿਚ ਨਿੱਕੇ ਨਿੱਕੇ ਅਹਿਸਾਸਾਂ ਦੇ ਗੂੜ੍ਹੇ ਪਰਛਾਵੇਂ ਹਨ ਜੋ ਤੇਜ਼ੀ ਨਾਲ ਬਦਲ ਰਹੇ ਸਮਾਜਿਕ/ਆਰਥਿਕ ਅਤੇ ਰਾਜਨੀਤਕ ਢਾਂਚੇ ਦੇ ਮਕਾਨਕੀ ਮੁਹਾਂਦਰੇ ਨੂੰ ਪਛਾਨਣ ਦੀ ਕੋਸ਼ਿਸ਼ ਕਰਦੇ ਹਨ। ਕਵੀ ਦੀ ਕਟਾਖ਼ਸ਼ੀ ਸੁਰ ਅਤੇ ਸਹਿਜ ਪ੍ਰਗਟਾਵੇ ਦੀ ਬਿਰਤੀ, ਉਸ ਦੀ ਕਵਿਤਾ ਨੂੰ ਭਾਵਿਕ ਪ੍ਰਤੀਕਰਮ ਤੋਂ ਅੱਗੇ ਡੂੰਘੇ ਪਸਾਰਾਂ ਨਾਲ ਜੋੜਦੀ ਹੈ। ਭਾਵਾਂ ਦੇ ਪ੍ਰਗਟਾਅ ਲਈ ਉਹ ਕਿੰਨਾ ਸਹਿਜ ਅਤੇ ਸਰਲ ਚਿੱਤ ਹੋ ਸਕਦਾ ਹੈ ਉਸ ਦੀ ਕਵਿਤਾ ਦੀਆਂ ਕਾਵਿ-ਟੁਕੜੀਆਂ ਦੇਖ ਸਕਦੇ ਹਾਂ:
ਸੱਤਾ ਜਿਸਨੂੰ
ਸਬਸਿਡੀ ਦਾ ਰਾਸ਼ਣ ਕਹਿੰਦੀ
ਖਾਣ ਵਾਲੇ ਜਾਣਦੇ
ਉਨ੍ਹਾਂ ਨੂੰ ਅਪਾਹਜ ਕੀਤਾ ਜਾ ਰਿਹਾ
* * *
ਅੱਜ ਨਹੀਂ ਸੌਣਾ
ਨਾ ਸੌਣ ਦੇਣਾ ਸੁਪਨਿਆਂ ਨੂੰ
ਸੌਂ ਗਏ ਜੇ ਸੁਪਨੇ
ਸੌਂ ਜਾਣਗੀਆਂ
ਮੱਥੇ ’ਚ ਰੀਂਗਦੀਆਂ
ਸੁਰਖ਼ ਲਾਟਾਂ
* * *
ਜਦੋਂ ਤੱਕ ਸਾਡੇ ਕੋਲ
ਲੜਨ ਦਾ ਸਾਹਸ ਹੈ
ਤੁਹਾਡੀ ਜਿੱਤ ਜਸ਼ਨ ਨਹੀਂ
ਸੋਗ ’ਚ ਡੁੱਬਾ ਭੈਅ ਹੋਵੇਗੀ।
ਕਵੀ ਆਪਣੀਆਂ ਕਵਿਤਾਵਾਂ ’ਚ ਸਮਕਾਲੀ ਸਥਿਤੀਆਂ ਨੂੰ ਵਾਰ ਵਾਰ ਮੁਖਾਤਿਬ ਹੋ ਰਿਹਾ ਹੈ। ਇਸ ਦੇ ਨਾਲ ਹੀ ਉਹ ਸਥਾਪਤੀ ਦੇ ਅਮਾਨਵੀ ਵਿਹਾਰ ਅੱਗੇ ਅਸਹਿਮਤੀ ਦੇ ਸਵਾਲ ਵੀ ਖੜ੍ਹੇ ਕਰਦਾ ਹੈ। ਉਹ ਕਹਿੰਦਾ ਹੈ:
ਦੇਸ਼ ਨੂੰ ਮੁੜ ਪਰਿਭਾਸ਼ਿਤ ਕਰੀਏ
ਦੇਸ਼ ਲੋਕਾਂ ਦਾ ਸਮੂਹ
ਵਿਚਾਰਾਂ ਦਾ ਸੋਚਾਂ ਦਾ ਸਮੂਹ
ਭਿੰਨਤਾਵਾਂ ’ਚ ਵਸਦੀ
ਏਕਤਾ ਦਾ ਸਮੂਹ
ਮੋਹ ਦਾ ਮੁਹੱਬਤ ਦਾ ਸਮੂਹ…
* * *
ਦੇਸ਼ ਭਗਤਾਂ ਦੇ ਹੱਥਾਂ ’ਚੋਂ ਤਿਲਕ ਦੇਸ਼
ਜੋਗੀਆਂ ਦੀ ਦੰਭੀ ਝੋਲੀ ’ਚ ਜਾ ਪਿਆ ਹੈ
* * *
ਦਹਾਕਿਆਂ ਦੀ ਬੇਚੈਨੀ ਹੱਥੋਂ
ਕਿਉਂ ਸਿਸਕ ਜਾਂਦਾ ਸਹਿਜ
ਹਰ ਵਾਰ ਕਿਉਂ ਦੇਸ਼ ਭਗਤੀ
ਸਰਹੱਦ ਟੱਪ ਜਾਂਦੀ।
ਪੰਜਾਬੀ ਕਵਿਤਾ ਦੇ ਇਤਿਹਾਸ ’ਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਕਵਿਤਾ ਲੰਬਾ ਅਰਸਾ ਅਧਿਆਤਮ, ਮਨੁੱਖੀ ਸਬੰਧਾਂ ਅਤੇ ਪ੍ਰਕਿਰਤੀ ਦੇ ਰਾਂਗਲੇ ਬਿਰਤਾਂਤ ਦੀ ਪੇਸ਼ਕਾਰੀ ਰਹੀ ਹੈ। ਪਰ ਸਮਕਾਲ ਵਿਚ ਮੁਕਤ ਬਾਜ਼ਾਰ ਅਤੇ ਸੂਚਨਾ ਕ੍ਰਾਂਤੀ ਦੇ ਵਿਸਫੋਟ ਨੇ ਕਵਿਤਾ ਨੂੰ ਆਪਣੇ ਤੌਰ ’ਤੇ ਵੀ ਪ੍ਰਭਾਵਿਤ ਕੀਤਾ ਹੈ। ਨਵੀਂ ਕਹੀ ਅਤੇ ਸਮਝੀ ਜਾਣ ਵਾਲੀ ਕਵਿਤਾ ਦਾ ਸਰੂਪ ਵੀ ਇਸੇ ਪਿਛੋਕੜ ’ਚੋਂ ਆਪਣਾ ਮੁਹਾਂਦਰਾ ਤਲਾਸ਼ ਕਰਦਾ ਹੈ। ਪਰ ਮਲਵਿੰਦਰ ਆਪਣੀ ਕਵਿਤਾ ਨੂੰ ਇਸ ਠੱਪੇ ਤੋਂ ਬਚਾ ਕੇ ਗਹਿਰੀ ਸੰਵੇਦਨਾ ਅਤੇ ਨਰੋਏ ਨਜ਼ਰੀਏ ਦੀ ਪੁੱਠ ਨਾਲ, ਸਦੀਵੀ ਮੁੱਲਾਂ ਨਾਲ ਜੋੜਦਾ ਹੈ। ਕਵਿਤਾ ਦੀ ਊਰਜਾ ਨਾਲ ਆਪਣੇ ਅੰਦਰਲੇ ਖਲਾਅ ਨੂੰ ਭਰਦਾ ਕਵੀ ਕਵਿਤਾਵਾਂ ’ਚ ਕਿਸੇ ਚਿੱਤਰਕਾਰ ਵਾਂਗ ਦ੍ਰਿਸ਼ ਸਿਰਜਦਾ ਹੈ। ਕਵੀ ਦੀ ਇਸ ਯੋਗਤਾ ਦਾ ਜਲੌਅ ਉਸ ਦੀਆਂ ਨਿੱਕੀਆਂ ਕਵਿਤਾਵਾਂ ਵਿਚ ਵਧੇਰੇ ਗੂੜ੍ਹਾ ਹੈ।
ਮਲਵਿੰਦਰ ਦੀ ਕਵਿਤਾ ਪੜ੍ਹਦਿਆਂ ‘ਮੁਕਤੀਬੋਧ’ ਦੀ ਕਵਿਤਾ ਬਾਰੇ ਟਿੱਪਣੀ ਯਾਦ ਆ ਰਹੀ ਹੈ। ਉਹ ਕਹਿੰਦਾ ਹੈ ਕਿ ਕਵਿਤਾ ਦੋ ਤਰ੍ਹਾਂ ਦੀ ਹੁੰਦੀ ਹੈ। ਬੌਧਿਕ ਕਵਿਤਾ ਅਤੇ ਵਿਚਾਰਸ਼ੀਲ ਕਵਿਤਾ। ਮੈਂ ਇਸ ਕਵਿਤਾ ਨੂੰ ਵਿਚਾਰਸ਼ੀਲ ਕਵਿਤਾ ਵਾਂਗ ਪੜ੍ਹਿਆ ਅਤੇ ਮਾਣਿਆ ਹੈ।
ਸੰਪਰਕ: 94176-83769


Comments Off on ਗਹਿਰੀ ਸੰਵੇਦਨਾ ਭਰਪੂਰ ਕਵਿਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.