ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਗਰਭ ਅਵਸਥਾ ਅਤੇ ਨਵਜੰਮੇ ਬੱਚੇ ਨਾਲ ਜੁੜੇ ਵਹਿਮ

Posted On July - 19 - 2019

ਡਾ. ਰਣਬੀਰ ਕੌਰ*

ਗਰਭ ਅਵਸਥਾ ਦੌਰਾਨ ਬੱਚੇ ਨਾਲ ਵਾਬਸਤਾ ਵਹਿਮਾਂ ਬਾਰੇ ਚਰਚਾ ਇਸ ਕਰਕੇ ਬੇਹੱਦ ਜ਼ਰੂਰੀ ਹੈ ਕਿਉਂਕਿ ਲੋਕ ਇਨ੍ਹਾਂ ਵਹਿਮਾਂ ਵਿਚ ਇੰਨਾ ਬੁਰੀ ਤਰ੍ਹਾਂ ਫਸੇ ਹੋਏ ਹਨ ਕਿ ਡਾਕਟਰ ਦੇ ਵਾਰ ਵਾਰ ਸਮਝਾਉਣ ਤੇ ਵੀ ਗੱਲ ਨਹੀਂ ਮੰਨਦੇ। ਇਹ ਵਹਿਮ ਬਸ ਪੀੜ੍ਹੀ ਦਰ ਪੀੜ੍ਹੀ ਚੱਲੀ ਜਾਂਦੇ ਹਨ। ਕੋਈ ਵੀ ਇਨ੍ਹਾਂ ਬਾਰੇ ਡੂੰਘਾਈ ਨਾਲ ਨਹੀਂ ਸੋਚਦਾ। ਕੁਝ ਮਾਪੇ ਤਾਂ ਕੁੜੀਆਂ ਨੂੰ ਸਿੱਖਿਆ ਹੀ ਅਜਿਹੀ ਦਿੰਦੇ ਹਨ ਕਿ ਸਹੁਰੇ ਪਰਿਵਾਰ ਦੀ ਗੱਲ ਹੀ ਮੰਨਣੀ ਹੈ, ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ; ਤੇ ਉਹ ਕੁੜੀਆਂ ਬਸ ਸਿਰ ਸੁੱਟ ਕੇ ਜੋ ਵੱਡੇ ਕਹਿੰਦੇ ਹਨ, ਕਰਦੀਆਂ ਰਹਿੰਦੀਆਂ ਹਨ।
ਇਹ ਵਹਿਮ ਬੇਬੁਨਿਆਦ ਹਨ ਅਤੇ ਅਗਿਆਨਤਾ ਦੀ ਨਿਸ਼ਾਨੀ ਹਨ। ਇਨ੍ਹਾਂ ਵਹਿਮਾਂ ਵਿਚੋਂ ਕੁਝ ਹੇਠ ਲਿਖੇ ਹਨ ਜੋ ਅਕਸਰ ਦੇਖਣ/ਸੁਣਨ ਨੂੰ ਮਿਲਦੇ ਹਨ:
ਪੇਟ ਤੇ ਧਾਗਾ ਬੰਨ੍ਹਣਾ: ਜਿਨ੍ਹਾਂ ਔਰਤਾਂ ਦੇ ਪਹਿਲਾਂ ਇਕ ਦੋ ਗਰਭਪਾਤ ਹੋ ਜਾਂਦੇ ਹਨ, ਉਨ੍ਹਾਂ ਨੇ ਇਹ ਧਾਗਾ ਗਰਭ ਅਵਸਥਾ ਦੌਰਾਨ ਆਪਣੇ ਲੱਕ ਦੁਆਲੇ ਬੰਨ੍ਹਿਆ ਹੁੰਦਾ ਹੈ। ਇਹ ਔਰਤਾਂ ਡਾਕਟਰ ਨੂੰ ਕੁਝ ਵੀ ਨਹੀਂ ਦੱਸਦੀਆਂ, ਡਾਕਟਰ ਨੂੰ ਧਾਗੇ ਤੋਂ ਹੀ ਪਤਾ ਲੱਗਦਾ ਹੈ ਕਿ ਪਹਿਲੇ ਬੱਚੇ ਸਿਰੇ ਨਹੀਂ ਚੜ੍ਹੇ ਲਗਦੇ। ਅਜਿਹੀਆਂ ਔਰਤਾਂ ਨੂੰ ਧਾਗਾ ਬੰਨ੍ਹਣ ਦੀ ਬਜਾਇ ਡਾਕਟਰ ਨੂੰ ਵਿਸਥਾਰ ਨਾਲ ਦੱਸਣਾ ਚਾਹੀਦਾ ਹੈ ਤਾਂ ਜੋ ਕਾਰਨ ਦਾ ਪਤਾ ਲੱਗ ਸਕੇ ਤੇ ਸਹੀ ਇਲਾਜ ਹੋ ਸਕੇ।
ਨਹੁੰ ਨਾ ਕੱਟਣਾ: ਕਈ ਔਰਤਾਂ ਨੇ ਨਹੁੰ ਵਧਾਏ ਹੁੰਦੇ ਹਨ। ਪੁੱਛਣ ਤੇ ਪਤਾ ਲੱਗਦਾ ਹੈ ਕਿ ਗਰਭ ਅਵਸਥਾ ਵਿਚ ਨਹੁੰ ਨਹੀਂ ਕੱਟੀਦੇ। ਕੁਝ ਕੁ ਨੇ ਤਾਂ ਫੈਸ਼ਨ ਲਈ ਨਹੁੰ ਵਧਾਏ ਹੁੰਦੇ ਹਨ ਤੇ ਉੱਪਰੋਂ ਨਹੁੰ ਪਾਲਿਸ਼ ਵੀ ਲਗਾਈ ਹੁੰਦੀ ਹੈ ਤਾਂ ਜੋ ਇਨ੍ਹਾਂ ਵਿਚ ਫਸੀ ਗੰਦਗੀ ਨਜ਼ਰ ਨਾ ਆਵੇ। ਗਰਭ ਅਵਸਥਾ ਦੌਰਾਨ ਸਫਾਈ ਜ਼ਰੂਰੀ ਹੁੰਦੀ ਹੈ ਤਾਂ ਕਿ ਗੰਦਗੀ ਤੇ ਬੈਕਟੀਰੀਆ, ਖਾਣੇ ਨਾਲ ਅੰਦਰ ਨਾ ਜਾ ਸਕਣ।
ਚੂੜਾ: ਕੁਝ ਔਰਤਾਂ ਸਾਲ ਬੀਤਣ ਤੇ ਵੀ ਵਿਆਹ ਵਾਲਾ ਚੂੜਾ ਪਹਿਨ ਕੇ ਆਉਂਦੀਆਂ ਹਨ। ਜਦੋਂ ਜਣੇਪੇ ਵੇਲੇ ਗੁਲੂਕੋਜ਼ ਲਗਾਉਣਾ ਹੁੰਦਾ ਹੈ ਤਾਂ ਬਹੁਤ ਔਕੜ ਆਉਂਦੀ ਹੈ। ਹਸਪਤਾਲ ਤਾਂ ਸਗੋਂ ਆਪਣੇ ਗਹਿਣੇ ਤੇ ਮੇਕਅੱਪ ਉਤਾਰ ਕੇ ਆਉਣਾ ਚਾਹੀਦਾ ਹੈ ਕਿਉਂਕਿ ਡਾਕਟਰ ਨਹੁੰਆਂ ਤੇ ਬੁੱਲਾਂ ਦੇ ਰੰਗ ਤੋਂ ਖੂਨ ਦੀ ਕਮੀ ਦਾ ਅੰਦਾਜ਼ਾ ਲਗਾਉਂਦੇ ਹਨ। ਚੂੜੇ ਉੱਪਰ ਚਮਕ ਲਿਆਉਣ ਲਈ ਜੋ ਕੈਮੀਕਲ ਲੱਗਾ ਹੁੰਦਾ ਹੈ, ਉਸ ਵਿਚ ਅਕਸਰ ਨਿਕਲ ਵਰਗੇ ਕੈਮੀਕਲ ਹੁੰਦੇ ਹਨ ਜੋ ਕਈ ਵਾਰ ਅਲਰਜੀ ਕਰਦੇ ਹਨ। ਅਜਿਹੇ ਕੇਸਾਂ ਵਿਚ ਜੇ ਚੂੜਾ ਜਲਦੀ ਨਾ ਉਤਾਰਿਆ ਜਾਵੇ ਤਾਂ ਚਮੜੀ ਖਰਾਬ ਹੋ ਜਾਂਦੀ ਹੈ ਅਤੇ ਪੱਕੇ ਨਿਸ਼ਾਨ ਵੀ ਪੈ ਜਾਂਦੇ ਹਨ।
ਜਣੇਪੇ ਮੌਕੇ ਵਾਲ ਖੋਲ੍ਹਣਾ: ਜਦੋਂ ਕਦੀ ਕਿਸੇ ਕੇਸ ਵਿਚ ਔਕੜ ਆ ਜਾਂਦੀ ਹੈ ਅਤੇ ਕੁਦਰਤੀ ਜਣੇਪਾ ਨਹੀਂ ਹੁੰਦਾ ਤਾਂ ਮਰੀਜ਼ ਦੇ ਰਿਸ਼ਤੇਦਾਰ ਉਸ ਦੇ ਵਾਲ ਖੋਲ੍ਹ ਦਿੰਦੇ ਹਨ। ਅਜਿਹੇ ਕੇਸ ਅਕਸਰ ਸਿਜ਼ੇਰੀਅਨ ਨਾਲ ਨਜਿੱਠੇ ਜਾਂਦੇ ਹਨ। ਮਰੀਜ਼ ਦੇ ਖੁੱਲ੍ਹੇ ਵਾਲਾਂ ਕਰਕੇ ਪਿੱਠ ਵਿਚ ਬੇਹੋਸ਼ੀ ਵਾਲਾ ਟੀਕਾ ਲਗਾਉਣ ਦੀ ਦਿੱਕਤ ਆਉਂਦੀ ਹੈ।
ਦੰਦਾਂ ਦੀ ਸਫਾਈ: ਕੁਝ ਔਰਤਾਂ ਜਣੇਪੇ ਤੋਂ ਬਾਅਦ ਬੁਰਸ਼ ਨਾਲ ਦੰਦ ਸਾਫ ਨਹੀਂ ਕਰਦੀਆਂ, ਉਨ੍ਹਾਂ ਮੁਤਾਬਿਕ, ਬੁਰਸ਼ ਕਰਨ ਨਾਲ ਦੰਦ ਹਿੱਲਣ ਲੱਗ ਪੈਂਦੇ ਹਨ। ਇਹ ਸਭ ਵਹਿਮ ਹੈ। ਆਪਣੇ ਮੂੰਹ ਅਤੇ ਸਰੀਰ ਦੀ ਸਫਾਈ ਬਹੁਤ ਜ਼ਰੂਰੀ ਹੈ। ਜਣੇਪੇ ਵਾਲੇ ਮਰੀਜ਼ਾਂ ਨੂੰ ਰੋਜ਼ ਨਹਾਉਣਾ, ਸਵੇਰ ਨੂੰ ਅਤੇ ਸੌਣ ਤੋਂ ਪਹਿਲਾਂ ਬੁਰਸ਼ ਕਰਨਾ ਚਾਹੀਦਾ ਹੈ। ਸਿਜ਼ੇਰੀਅਨ ਵਾਲੇ ਮਰੀਜ਼ ਇਕ ਦੋ ਦਿਨ ਵਾਸਤੇ ਮਾਊਥਵਾਸ਼ ਵਰਤ ਸਕਦੇ ਹਨ ਅਤੇ ਸਰੀਰ ਨੂੰ ਗਿੱਲੇ ਤੌਲੀਏ ਨਾਲ ਸਾਫ ਕਰਕੇ ਪਾਊਡਰ ਲਗਾ ਸਕਦੇ ਹਨ।
ਪਾਣੀ ਘੱਟ ਪੀਣਾ: ਇਹ ਵਹਿਮ ਬਹੁਤ ਹੀ ਪ੍ਰਚਲਿਤ ਹੈ। ਔਰਤਾਂ ਵਾਰੀ ਵਾਰੀ ਕਹਿਣ ਤੇ ਵੀ ਜਣੇਪੇ ਤੋਂ ਬਾਅਦ ਪਾਣੀ ਅਤੇ ਪੀਣ ਵਾਲੀਆਂ ਚੀਜ਼ਾਂ ਨਹੀਂ ਲੈਂਦੀਆਂ। ਮਾਂ ਵਿਚਾਰੀ ਪਾਣੀ ਪੀਣਾ ਵੀ ਚਾਹੁੰਦੀ ਹੈ ਪਰ ਦੇਖਭਾਲ ਕਰਨ ਵਾਲੇ ਰਿਸ਼ਤੇਦਾਰ ਪਾਣੀ ਪੀਣ ਹੀ ਨਹੀਂ ਦਿੰਦੇ। ਕਹਿੰਦੇ ਹਨ, ਪਾਣੀ ਪੀਣ ਨਾਲ ਪੇਟ ਵੱਡਾ ਹੋ ਜਾਏਗਾ। ਇਹ ਧਾਰਨਾ ਗਲਤ ਹੈ। ਜਣੇਪੇ ਤੋਂ ਬਾਅਦ ਮਾਂ ਨੂੰ ਬਹੁਤ ਸਾਰੇ ਤਰਲ ਪਦਾਰਥਾਂ ਦੀ ਲੋੜ ਹੁੰਦੀ ਹੈ ਕਿਉਂਕਿ ਮਾਂ ਦੇ ਸਰੀਰ ਵਿਚੋਂ ਕਿੰਨਾ ਹੀ ਪਾਣੀ ਦੁੱਧ ਚੁੰਘਾਉਣ ਵਾਸਤੇ ਵਰਤ ਹੋ ਜਾਂਦਾ ਹੈ। ਜਣੇਪਾ ਪੀੜ ਵੇਲੇ ਵੀ ਮਾਂ ਨੂੰ ਪਸੀਨਾ ਆਉਣ ਕਰਕੇ ਬਹੁਤ ਸਾਰਾ ਪਾਣੀ ਸਰੀਰ ਵਿਚੋਂ ਨਿਕਲ ਜਾਂਦਾ ਹੈ। ਇਸ ਲਈ ਮਾਂ ਨੂੰ ਪਾਣੀ ਅਤੇ ਪੀਣ ਵਾਲੀਆਂ ਚੀਜ਼ਾਂ ਜ਼ਿਆਦਾ ਮਾਤਰਾ ਵਿਚ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਪਿਸ਼ਾਬ ਖੁੱਲ੍ਹ ਕੇ ਆਵੇ ਅਤੇ ਕਬਜ਼ ਨਾ ਹੋਵੇ। ਜਿਹੜੀਆਂ ਮਾਵਾਂ ਘੱਟ ਪਾਣੀ ਪੀਂਦੀਆਂ ਹਨ, ਉਨ੍ਹਾਂ ਨੂੰ ਪਿਸ਼ਾਬ ਦੀ ਇਨਫੈਕਸ਼ਨ ਅਤੇ ਕਬਜ਼ ਹੋ ਜਾਂਦੀ ਹੈ।
ਖਿਚੜੀ ਤੇ ਦਲੀਆ: ਜਣੇਪੇ ਤੋਂ ਬਾਅਦ ਕੁਝ ਮਾਵਾਂ ਬੜੇ ਦਿਨ ਤੱਕ ਖਿਚੜੀ ਤੇ ਦਲੀਆ ਹੀ ਖਾਂਦੀਆਂ ਰਹਿੰਦੀਆਂ ਹਨ ਜਦਕਿ ਕੁਦਰਤੀ ਜਣੇਪੇ ਤੋਂ ਬਾਅਦ ਖਿਚੜੀ ਤੇ ਦਲੀਏ ਦੀ ਕੋਈ ਲੋੜ ਨਹੀਂ ਹੁੰਦੀ। ਦਾਲ, ਸਬਜ਼ੀ ਨਾਲ ਫੁਲਕਾ ਖਾਣਾ ਚੰਗਾ ਰਹਿੰਦਾ ਹੈ। ਸਲਾਦ ਤੇ ਫਲ ਵੀ ਖਾਣੇ ਚਾਹੀਦੇ ਹਨ ਤਾਂ ਜੋ ਕਬਜ਼ ਨਾ ਹੋ ਜਾਵੇ। ਸੈਰ ਵੀ ਕਰਨੀ ਚਾਹੀਦੀ ਹੈ। ਸਿਜ਼ੇਰੀਅਨ ਵਾਲੀਆਂ ਮਾਵਾਂ ਨੂੰ ਵੀ 3-4 ਦਿਨ ਤੋਂ ਬਾਅਦ ਦਾਲ਼, ਸਬਜ਼ੀ ਨਾਲ ਫੁਲਕਾ ਖਾਣਾ ਚਾਹੀਦਾ ਹੈ। ਪੰਜ ਦਿਨ ਤੋਂ ਬਾਅਦ ਉਹ ਸਾਰੀਆਂ ਸਬਜ਼ੀਆਂ, ਦਾਲਾਂ, ਦੁੱਧ, ਦਹੀਂ, ਪਨੀਰ, ਫਲ, ਸਲਾਦ ਤੇ ਲੱਸੀ ਵਗੈਰਾ ਲੈ ਸਕਦੀਆਂ ਹਨ।
ਤੀਲਾਂ ਵਾਲੀ ਡੱਬੀ ਤੇ ਲੋਹਾ ਮਾਂ ਕੋਲ ਰੱਖਣਾ: ਇਹ ਸ਼ਾਇਦ ਪੁਰਾਣੇ ਜ਼ਮਾਨੇ ਵਿਚ ਜੰਗਲੀ ਜਾਨਵਰਾਂ ਤੋਂ ਬਚਣ ਲਈ ਕੀਤਾ ਜਾਂਦਾ ਸੀ। ਅੱਜਕਲ੍ਹ ਇਸ ਦੀ ਕੋਈ ਲੋੜ ਨਹੀਂ।
ਵਿਆਹ ਤੋਂ ਬਾਅਦ ਔਰਤ ਦਾ ਨਾਮ ਬਦਲਣਾ: ਵਿਆਹ ਤੋਂ ਬਾਅਦ ਔਰਤ ਦਾ ਨਾਮ ਬਿਲਕੁਲ ਨਹੀਂ ਬਦਲਣਾ ਚਾਹੀਦਾ। ਇਸ ਨਾਲ ਮਾਂ ਦੀ ਪਛਾਣ ਨੂੰ ਲੈ ਕੇ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਹਨ। ਹਸਪਤਾਲ ਦੀ ਪਰਚੀ ਤੇ ਮਾਂ ਕਦੀ ਸਹੁਰਿਆਂ ਵਾਲਾ ਅਤੇ ਕਦੀ ਪੇਕਿਆਂ ਵਾਲਾ ਨਾਮ ਲਿਖਾਉਂਦੀ ਹੈ ਜਿਸ ਨਾਲ ਬਿਨਾ ਵਜ੍ਹਾ ਉਲਝਣ ਪੈਂਦੀ ਹੈ ਤੇ ਫਜ਼ੂਲ ਵਿਚ ਸਭ ਦਾ ਕੰਮ ਵਧ ਜਾਂਦਾ ਹੈ।
ਜਣੇਪੇ ਵੇਲੇ ਬੱਚੇ ਦੇ ਕੱਪੜੇ ਨਾ ਲੈ ਕੇ ਆਉਣਾ: ਬਹੁਤ ਸਾਰੀਆਂ ਮਾਵਾਂ ਕੋਲ ਜਣੇਪੇ ਵੇਲੇ ਬੱਚੇ ਦੇ ਪਾਉਣ ਲਈ ਕੱਪੜੇ ਨਹੀਂ ਹੁੰਦੇ ਜਦਕਿ ਸਰਦੀ ਦੇ ਮੌਸਮ ਵਿਚ ਇਨ੍ਹਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ। ਕੁਝ ਲੋਕ ਕਹਿੰਦੇ ਹਨ ਕਿ ਬੱਚੇ ਨੂੰ ਨਵੇਂ ਕੱਪੜੇ ਨਹੀਂ ਪਾਉਣੇ। ਬੱਚੇ ਨੂੰ ਨਵੇਂ ਕੱਪੜੇ ਪਾਏ ਜਾ ਸਕਦੇ ਹਨ ਪਰ ਉਹ ਸੂਤੀ ਤੇ ਨਰਮ ਹੋਣੇ ਚਾਹੀਦੇ ਹਨ ਤੇ ਵਰਤਣ ਤੋਂ ਪਹਿਲਾ ਧੋ ਕੇ ਧੁੱਪ ਵਿਚ ਸੁਕਾ ਲੈਣੇ ਚਾਹੀਦੇ ਹਨ।
ਬੱਚੇ ਦਾ ਕੰਨ ਵਿੰਨ੍ਹਣਾ: ਕਈ ਵਾਰੀ ਜਦੋਂ ਕਿਸੇ ਕਾਰਨ ਜੇਠੇ ਬੱਚੇ ਦੀ ਮੌਤ ਹੋ ਜਾਂਦੀ ਹੈ ਤਾਂ ਰਿਸ਼ਤੇਦਾਰ ਨਵਜੰਮੇ ਬੱਚੇ ਦਾ ਇਕ ਕੰਨ ਵਿੰਨ੍ਹਣ ਲਈ ਕਹਿੰਦੇ ਹਨ। ਕੰਨ ਵਿੰਨ੍ਹਣ ਨਾਲੋਂ ਜ਼ਿਆਦਾ ਜ਼ਰੂਰੀ ਹੈ, ਬੱਚੇ ਦੇ ਮਾਤਾ ਪਿਤਾ ਬੱਚੇ ਦੀ ਮੌਤ ਦਾ ਕਾਰਨ ਪਤਾ ਕਰਨ ਅਤੇ ਅਗਲੇ ਗਰਭਧਾਰਨ ਵਿਚ ਉਸ ਖਤਰੇ ਤੋਂ ਬਚਣ ਲਈ ਡਾਕਟਰ ਦੀ ਸਲਾਹ ਲੈਣ।
ਬੱਚੇ ਨੂੰ ਗੁੜ੍ਹਤੀ ਦੇਣਾ: ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਨੂੰ ਸ਼ਹਿਦ ਜਾ ਗੁੜ ਚਟਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਬੱਚੇ ਦਾ ਸੁਭਾਅ ਗੁੜ੍ਹਤੀ ਦੇਣ ਵਾਲੇ ਬੰਦੇ ਵਰਗਾ ਹੋਏਗਾ, ਇਹ ਧਾਰਨਾ ਗ਼ਲਤ ਹੈ। ਬੱਚੇ ਨੂੰ ਮਾਂ ਦੇ ਦੁੱਧ ਤੋਂ ਇਲਾਵਾ ਹੋਰ ਕੁਝ ਨਹੀਂ ਦੇਣਾ ਹੁੰਦਾ। ਗੁੜ੍ਹਤੀ ਵਾਲੇ ਸਾਰੇ ਪਦਾਰਥ ਬੱਚੇ ਨੂੰ ਬਿਮਾਰ ਕਰ ਸਕਦੇ ਹਨ।
ਬੱਚੇ ਤੋਂ ਮਿਰਚਾਂ ਤੇ ਚਾਹਪੱਤੀ ਵਾਰਨਾ: ਜਦੋਂ ਬੱਚਾ ਕਿਸੇ ਕਾਰਨ ਰੋਈ ਜਾਂਦਾ ਹੈ ਤੇ ਚੁੱਪ ਨਹੀਂ ਕਰਦਾ ਤਾਂ ਇਹ ਤਰੀਕਾ ਅਪਣਾਇਆ ਜਾਂਦਾ ਹੈ। ਬਿਨਾ ਵਜ੍ਹਾ ਕਿਸੇ ਨਾ ਕਿਸੇ ਤੇ ਸ਼ੱਕ ਕੀਤਾ ਜਾਂਦਾ ਹੈ ਕਿ ਉਸ ਦੀ ਨਜ਼ਰ ਲੱਗ ਗਈ ਹੈ। ਮਹਿੰਗੀ ਚਾਹਪੱਤੀ ਅਤੇ ਮਿਰਚਾਂ ਫਜ਼ੂਲ ਵਿਚ ਕੂੜੇ ਵਿਚ ਸੁੱਟ ਦਿੱਤੇ ਜਾਂਦੇ ਹਨ। ਬੱਚਿਆਂ ਵਿਚ ਪੇਟ ਦਰਦ ਹੋਣਾ ਆਮ ਗੱਲ ਹੈ ਜਾਂ ਫਿਰ ਹੋ ਸਕਦਾ ਬੱਚੇ ਨੂੰ ਕੋਈ ਹੋਰ ਤਕਲੀਫ ਹੋਵੇ ਜਾਂ ਉਸ ਦੀ ਨੀਂਦ ਨਾ ਪੂਰੀ ਹੋਈ ਹੋਵੇ। ਬੱਚੇ ਦੀ ਤਕਲੀਫ ਨੂੰ ਸਹਿਜਤਾ ਨਾਲ ਸਮਝਣਾ ਚਾਹੀਦਾ ਹੈ ਜਾਂ ਫਿਰ ਬੱਚਿਆਂ ਦੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਗ੍ਰਹਿਣ ਦਾ ਅਸਰ: ਸੂਰਜ ਤੇ ਚੰਦ ਗ੍ਰਹਿਣ ਨੂੰ ਲੈ ਕੇ ਗਰਭ ਅਵਸਥਾ ਲਈ ਬਹੁਤ ਵਹਿਮ ਹਨ ਜਦਕਿ ਸੂਰਜ ਗ੍ਰਹਿਣ, ਚੰਦ ਗ੍ਰਹਿਣ ਤੇ ਗਰਭ ਅਵਸਥਾ ਤਿੰਨੇ ਹੀ ਕੁਦਰਤੀ ਪ੍ਰਕਿਰਿਆ ਦਾ ਹਿੱਸਾ ਹਨ।
ਕਾਪਰ ਟੀ ਦਾ ਵਹਿਮ: ਕਾਪਰ ਟੀ ਜਾਂ ਪੀਪੀਆਈਯੂਸੀਡੀ ਕਰਵਾਉਣ ਤੋਂ ਵੀ ਲੋਕ ਬਹੁਤ ਡਰਦੇ ਹਨ। ਨਵੀਆਂ ਮਾਵਾਂ ਜੇਕਰ ਪੀਪੀਆਈ ਯੂਸੀਡੀ ਕਰਵਾ ਵੀ ਲੈਂਦੀਆਂ ਹਨ ਤਾਂ ਉਨ੍ਹਾਂ ਦੀਆਂ ਸੱਸਾਂ ਤੇ ਮਾਵਾਂ ਉਨ੍ਹਾਂ ਨੂੰ ਡਰਾਉਂਦੀਆ ਰਹਿੰਦੀਆਂ ਹਨ ਕਿ ਇਹ ਕਾਪਰ ਟੀ ਕਾਲਜੇ ਤੇ ਚੜ੍ਹ ਜਾਏਗੀ, ਇਸ ਨੂੰ ਜਲਦੀ ਕਢਵਾ ਦੇ। ਕਾਪਰ ਟੀ ਬਹੁਤ ਫਾਇਦੇਮੰਦ ਹੈ, ਇਸ ਤੋਂ ਡਰਨਾ ਨਹੀਂ ਚਾਹੀਦਾ। ਕੋਸ਼ਿਸ ਕਰੋ ਕਿ ਕਾਪਰ ਟੀ ਮਾਹਿਰ ਡਾਕਟਰ ਜਾਂ ਤਜਰਬੇਕਾਰ ਸਟਾਫ ਨਰਸ ਤੋਂ ਲਗਵਾਈ ਜਾਵੇ। ਵਾਰ ਵਾਰ ਗਰਭਪਾਤ ਕਿੱਟਾਂ ਖਾਣ ਨਾਲੋਂ ਕਾਪਰ ਟੀ ਲਗਵਾਉਣਾ ਬਿਹਤਰ ਰਹੇਗਾ।
ਬੱਚੇ ਦੇ ਦੰਦਾਂ ਬਾਰੇ ਵਹਿਮ: ਕਈ ਵਾਰੀ ਬੱਚੇ ਥੱਲੇ ਵਾਲੇ ਦੰਦ ਕੱਢਣ ਦੀ ਬਜਾਏ ਉੱਪਰ ਵਾਲੇ ਦੰਦ ਪਹਿਲਾਂ ਕੱਢ ਲੈਂਦੇ ਹਨ, ਇਹ ਕੋਈ ਫਿਕਰ ਵਾਲੀ ਗੱਲ ਨਹੀਂ ਹੁੰਦੀ। ਕਈ ਵਾਰੀ ਤਾਂ ਨਵਜੰਮੇ ਬੱਚੇ ਦੇ ਹੀ ਦੰਦ ਹੁੰਦੇ ਹਨ। ਇਸ ਸੂਰਤ ਵਿਚ ਦੰਦਾਂ ਦੇ ਮਾਹਿਰ ਡਾਕਟਰ ਦੀ ਸਲਾਹ ਲਉ।
ਦੁੱਧ ਵਿਚ ਘਿਓ ਪਾ ਕੇ ਪੀਣ ਨਾਲ ਕੁਦਰਤੀ ਜਣੇਪਾ ਹੋਣਾ: ਘਿਓ ਪੀਣ ਨਾਲ ਪੇਟ ਹੀ ਖ਼ਰਾਬ ਹੋਏਗਾ। ਇਸ ਦਾ ਹੋਰ ਕੋਈ ਫਾਇਦਾ ਹੁੰਦਾ ਤਾਂ ਨਜ਼ਰ ਨਹੀਂ ਆਉਂਦਾ। ਕੁਦਰਤੀ ਜਣੇਪੇ ਲਈ ਰੋਜ਼ਾਨਾ ਕਸਰਤ ਤੇ ਯੋਗ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਮਾਸਪੇਸ਼ੀਆਂ ਮਜ਼ਬੂਤ ਰਹਿਣ ਤੇ ਸਰੀਰ ਦਾ ਲਚਕੀਲਾਪਣ ਬਣਿਆ ਰਹੇ।
ਗਰਭ ਅਵਸਥਾ ਵਿਚ ਵਰਤ ਰੱਖਣਾ: ਗਰਭ ਅਵਸਥਾ ਵਿਚ ਕੋਈ ਵੀ ਵਰਤ ਨਹੀਂ ਰੱਖਣਾ ਚਾਹੀਦਾ ਕਿਉਂਕਿ ਬੱਚੇ ਨੂੰ ਲਗਾਤਾਰ ਪੋਸ਼ਣ ਦੀ ਜ਼ਰੂਰਤ ਹੁੰਦੀ ਹੈ ਜੋ ਵਰਤ ਵਾਲੇ ਦਿਨ ਮਾਂ ਤੋਂ ਨਹੀਂ ਮਿਲਦਾ। ਵਰਤ ਰੱਖਣ ਨਾਲ ਮਾਂ ਦਾ ਬਲੱਡ ਪ੍ਰੈੱਸ਼ਰ ਤੇ ਸ਼ੂਗਰ ਘਟ ਸਕਦੀ ਹੈ ਤੇ ਮਾਂ ਨੂੰ ਚੱਕਰ ਆ ਸਕਦਾ ਹੈ। ਵਰਤ ਮਾਂ ਅਤੇ ਬੱਚਾ, ਦੋਹਾਂ ਲਈ ਨੁਕਸਾਨਦੇਹ ਹੈ।

*ਐੱਮਡੀ (ਗਾਇਨੀ)


Comments Off on ਗਰਭ ਅਵਸਥਾ ਅਤੇ ਨਵਜੰਮੇ ਬੱਚੇ ਨਾਲ ਜੁੜੇ ਵਹਿਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.