ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਖੇਤੀ ਸਹਾਇਕ ਧੰਦਿਆਂ ਨੂੰ ਹੁੰਗਾਰਾ ਦੇਣ ਦੀ ਲੋੜ

Posted On July - 6 - 2019

ਸੁੱਖਪਾਲ ਸਿੰਘ
ਸਾਡੀ ਪ੍ਰਵਿਰਤੀ ਰਹੀ ਹੈ ਕਿ ਵੇਲਾ ਬੀਤਣ ਤੋਂ ਬਾਅਦ ਜਾਗਣਾ ਹੁੰਦਾ ਹੈ। ਜੇ ਕਿਤੇ ਜਾਗ ਵੀ ਪਏ ਤਾਂ ਭੇਡਚਾਲ ਤੁਰ ਕੇ ਇੱਕ ਪਾਸੜ ਹੋ ਜਾਣਾ ਹੈ। ਕੁਝ ਅਜਿਹਾ ਹੀ ਸਾਡੇ ਖੇਤੀ ਖੇਤਰ ਵਿਚ ਹੋ ਰਿਹਾ ਹੈ। ਦੋ ਫ਼ਸਲੀ ਚੱਕਰਾਂ ਵਿੱਚੋਂ ਨਿਕਲਣ ਲਈ ਸਰਕਾਰ ਕਾਫ਼ੀ ਸਮੇਂ ਤੋਂ ਹੋਕਾ ਦਿੰਦੀ ਆ ਰਹੀ ਹੈ, ਪਰ ਨਤੀਜਾ ਕੋਈ ਖ਼ਾਸ ਨਹੀਂ ਨਿਕਲਿਆ। ਕਣਕ ਝੋਨੇ ਦੇ ਚੱਕਰ ਵਿੱਚ ਮੰਡੀਆਂ ਵਿੱਚ ਢੇਰ ਲਾਉਣੇ ਆਪਣੀ ਸ਼ਾਨ ਸਮਝਿਆ ਜਾਂਦਾ ਹੈ। ਇਸ ਦੇ ਨਾਂਹ-ਪੱਖੀ ਪਹਿਲੂ ਪਾਣੀ ਸੰਕਟ ਆਦਿ ਤਾਂ ਵਿਚਾਰੇ ਨਹੀਂ ਜਾਂਦੇ।
ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ’ਤੇ ਕਾਫ਼ੀ ਜ਼ੋਰ ਦਿੱਤਾ ਕਿਸਾਨਾਂ ਦਾ ਸਹਿਯੋਗ ਮੱਠੀ-ਚਾਲ ਰਿਹਾ। ਖੇਤੀ ਦੀ ਉਪਜ ਨੂੰ ਸਭ ਤੋਂ ਵੱਡੀ ਮਾਰ ਖ਼ੁਦ ਨਾ ਵੇਚਣ ਦੀ ਪਈ। ਇਸ ਪਿੱਛੇ ਆਦਤ ਅਤੇ ਰੁਝਾਨ ਦਾ ਨਾ ਹੋਣਾ ਅਤੇ ਸ਼ਰਮ ਮਹਿਸੂਸ ਕਰਨਾ ਹੈ। ਕੁਝ ਸਮੇਂ ਪਹਿਲਾਂ ਸੱਥਾਂ ਸਮਾਗਮਾਂ ਵਿੱਚ ਟਾਂਵੀ ਟੱਲੀ ਗੱਲ ਸੁਣੀ ਜਾਂਦੀ ਸੀ ਕਿ ਫਲਾਣੇ ਦੇ ਘਰ ਵਿੱਚ ਸਿਰਫ਼ ਮਾਚਿਸ ਹੀ ਮੁੱਲ ਆਉਂਦੀ ਹੈ। ਭਾਵ ਸਾਰੇ ਖਾਦ ਪਦਾਰਥ ਕਿਰਸ ਨਾਲ ਆਪ ਹੀ ਪੈਦਾ ਕੀਤੇ ਜਾਂਦੇ ਸਨ। ਅਜਿਹੇ ਪਰਿਵਾਰਾਂ ਦੀ ਜ਼ਿੰਦਗੀ ਦਾ ਮੁਲੰਕਣ ਕੀਤਾ ਜਾਵੇ ਤਾਂ ਪਤਾ ਚਲਦਾ ਹੈ ਕਿ ਉਹ ਪਰਿਵਾਰ ਆਰਥਿਕ ਤੌਰ ’ਤੇ ਅੱਜ ਵੀ ਗੱਠੇ ਹੋਏ ਹਨ। ਅਜਿਹੇ ਪਰਿਵਾਰਾਂ ਨੇ ਦੱਬ ਕੇ ਵਾਹ, ਰੱਜ ਕੇ ਖਾਹ ਦਾ ਸਿਧਾਂਤ ਅਪਣਾਇਆ।
ਸਰਕਾਰ ਵੱਲੋਂ ਆਪਣੇ ਮਹਿਕਮਿਆਂ ਖੇਤੀਬਾੜੀ, ਪਸ਼ੂ ਪਾਲਣ, ਵਣ ਵਿਭਾਗ ਅਤੇ ਬਾਗ਼ਬਾਨੀ ਰਾਹੀਂ ਖੇਤੀ ਖੇਤਰ ਦੇ ਨਾਲ ਕਿਸਾਨ ਦੀ ਆਰਥਿਕ ਦਸ਼ਾ ਸੁਧਾਰਨ ਲਈ ਖੇਤੀ ਦੇ ਸਹਾਇਕ ਧੰਦਿਆਂ ਨੂੰ ਉਦਸ਼ਾਹਿਤ ਕੀਤਾ, ਜਿਨ੍ਹਾਂ ਲਈ ਕੀਤਾ ਉਨ੍ਹਾਂ ਤੋਂ ਹੁੰਗਾਰਾ ਬਹੁਤ ਘੱਟ ਮਿਲਿਆ। ਬੱਕਰੀ ਪਾਲਣ, ਸੂਰ ਪਾਲਣ, ਮਧੂਮੱਖੀ ਪਾਲਣ, ਮੱਛੀ ਪਾਲਣ, ਮੁਰਗੀ ਪਾਲਣ, ਡੇਅਰੀ ਅਤੇ ਬਾਗ਼ਬਾਨੀ ਦੇ ਸਹਾਇਕ ਧੰਦੇ ਵੱਲ ਝਾਤ ਮਾਰੀਏ ਕਿ ਅਸੀਂ ਕਿੰਨਾ ਹੁੰਗਾਰਾ ਦਿੱਤਾ ਹੈ। ਜੇ ਕੋਈ ਇਕੱਲਾ ਇਸ ਰਾਹ ਤੁਰਦਾ ਹੈ ਤਾਂ ਅਸੀਂ ਉਸ ’ਤੇ ਹੱਸਦੇ ਹਾਂ। ਦੂਜੇ ਪਾਸੇ ਇਕੱਲੇ ਰਾਹ ਤੁਰਨ ਵਾਲੇ ਨੂੰ ਕੁਦਰਤੀ ਕਹਿਰ ਵੀ ਮਾਰ ਦਿੰਦਾ ਹੈ। ਇਸ ਲਈ ਖੇਤੀ ਦੇ ਸਹਾਇਕ ਧੰਦਿਆਂ ਨੂੰ ਅਪਣਾਉਣ ਲਈ ਸਮੂਹਕ ਹੁੰਗਾਰੇ ਦੀ ਲੋੜ ਹੈ।
ਸਭ ਤੋਂ ਪਹਿਲਾਂ ਪਸ਼ੂ ਪਾਲਣ ’ਤੇ ਝਾਤ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਇਹ ਜ਼ਿਮੀਦਾਰ ਦੇ ਖੰਭ ਹੁੰਦੇ ਹਨ। ਖੇਤੀ ਦੇ ਨਾਲ ਘਰਾਂ ਵਿੱਚ ਪਸ਼ੂ ਪਾਲ ਕੇ ਇਨ੍ਹਾਂ ਦਾ ਦੁੱਧ ਤੇ ਘਿਓ ਵੇਚ ਕੇ ਪਰਿਵਾਰ ਨੂੰ ਆਰਥਿਕ ਹੁਲਾਰਾ ਮਿਲਦਾ ਹੈ। ਇਸ ਕਿੱਤੇ ਵਿੱਚੋਂ ਜ਼ਿਮੀਂਦਾਰ ਨੂੰ ਦਸ ਦਿਨ ਬਾਅਦ ਆਮਦਨ ਹੋ ਜਾਂਦੀ ਹੈ। ਇਸ ਲਈ ਜੇ ਡੇਅਰੀ ਖੋਲ੍ਹ ਲਈ ਜਾਵੇ ਤਾਂ ਜਿੰਨਾ ਗੁੜ ਪਵੇਗਾ, ਉਨਾ ਹੀ ਮਿੱਠਾ ਹੋਵੇਗਾ। ਮੁਰਗੀ ਪਾਲਣ ਤਿੰਨ ਤਰ੍ਹਾਂ ਆਰਥਿਕ ਮਜ਼ਬੂਤ ਬਣਾਉਂਦਾ ਹੈ ਆਂਡੇ, ਮੀਟ ਅਤੇ ਬਿੱਠਾਂ ਦੀ ਖਾਦ ਵੇਚ ਕੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਇਨ੍ਹਾਂ ਧੰਦਿਆਂ ਨੂੰ ਹੁੰਗਾਰਾ ਨਾ ਦੇਣ ਦਾ ਇੱਕ ਕਾਰਨ ਇਹ ਵੀ ਹੈ ਕਿ ਸਾਡਾ ਮਿਹਨਤੀ ਸੁਭਾਅ ਖ਼ੁੱਸ ਚੁੱਕਿਆ ਹੈ।
ਅੱਜ ਕਿਸਾਨੀ ਦੇ ਹਾਲਾਤ ਨਾਲ ਨਜਿੱਠਣ ਲਈ ਸਮੂਹਕ ਤੌਰ ’ਤੇ ਖੇਤੀ ਦੇ ਸਹਾਇਕ ਧੰਦੇ ਅਪਣਾਉਣ ਲਈ ਲੋਕ ਲਹਿਰ ਪੈਦਾ ਕਰਨ ਦੀ ਲੋੜ ਹੈ। ਇਹ ਧੰਦੇ ਕਿਸਾਨੀ ਪਰਿਵਾਰਾਂ ਦੇ ਖੰਭ ਹੁੰਦੇ ਹਨ ਜੇ ਇਹ ਖੰਭ ਲੱਗ ਜਾਣ ਤਾਂ ਆਰਥਿਕ ਉਡਾਰੀ ਮਾਰੀ ਜਾ ਸਕਦੀ ਹੈ। ਸਹਾਇਕ ਧੰਦੇ ਅਪਣਾਉਣ ਲਈ ਬਹੁਤ ਕੁਝ ਪੜ੍ਹਿਆ, ਲਿਖਿਆ ਅਤੇ ਸੁਣਿਆ ਜਾ ਚੁੱਕਿਆ ਹੈ, ਪਰ ਹਕੀਕਤ ਵਿੱਚ ਅਭਿਆਸ ਤੋਂ ਦੂਰ ਹੈ। ਯੂਰੋਪੀ ਦੇਸ਼ਾਂ ਵਿੱਚ ਜਾ ਕੇ ਅਜਿਹੇ ਸਹਾਇਕ ਧੰਦੇ ਕਰਨ ਨਾਲੋਂ ਆਪਣੇ ਦੇਸ਼ ਵਿੱਚ ਹੀ ਇਹ ਧੰਦੇ ਕਰਨ ਨਾਲ ਕਾਫ਼ੀ ਕੁਝ ਸੁਧਰ ਸਕਦਾ ਹੈ। ਪੰਜਾਬ ਵਿੱਚ ਬਾਹਰੀ ਸੂਬਿਆਂ ਤੋਂ ਆ ਕੇ ਇਹ ਧੰਦੇ ਅਪਣਾਉਣ ਵਾਲੇ ਬਿਹਤਰ ਹਨ। ਅੱਜ ਸਰਕਾਰ ਅਤੇ ਕਿਸਾਨਾਂ ਨੂੰ ਮਿਲ ਕੇ ਖੇਤੀ ਦੇ ਸਹਾਇਕ ਧੰਦੇ ਅਪਣਾਉਣ ਲਈ ਸਾਂਝੇ ਯਤਨ ਅਤੇ ਉਪਰਾਲੇ ਕਰਨ ਲਈ ਇੱਕ ਲਹਿਰ ਪੈਦਾ ਕਰਨ ਦੀ ਲੋੜ ਹੈ ਜਿਸ ਨਾਲ ਖੇਤੀ ਦੀ ਦਸ਼ਾ ਅਤੇ ਦਿਸ਼ਾ ਸੁਧਰੇਗੀ।
ਸੰਪਰਕ: 98781-11445


Comments Off on ਖੇਤੀ ਸਹਾਇਕ ਧੰਦਿਆਂ ਨੂੰ ਹੁੰਗਾਰਾ ਦੇਣ ਦੀ ਲੋੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.