ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ

Posted On July - 20 - 2019

ਮਹਿੰਦਰ ਸਿੰਘ ‘ਦੋਸਾਂਝ’
ਪੰਜਾਬ ਵਿਚ ਖੇਤੀ ਵੰਨ-ਸੁਵੰਨਤਾ ਦੀ ਮੁਹਿੰਮ ਨੂੰ ਸਹੀ ਗਤੀ ਤੇ ਦਿਸ਼ਾ ਨਹੀਂ ਮਿਲ ਰਹੀ। ਖੇਤੀ ਰਾਹੀਂ ਕੁਦਰਤੀ ਸੋਮਿਆਂ ਦਾ ਉਜਾੜਾ ਤੇਜ਼ੀ ਨਾਲ ਵਧ ਰਿਹਾ ਹੈ, ਅਜਿਹੀ ਅਵਸਥਾ ਵਿਚ ਕਿਸਾਨਾਂ ਅਤੇ ਸਰਕਾਰਾਂ ਵਲੋਂ ਗੰਭੀਰਤਾ ਨਾਲ ਖੇਤੀ ਲਈ ਨਵੇਂ ਮਾਰਗ ਤਲਾਸ਼ ਕਰਨ ਵਾਸਤੇ ਚਿੰਤਨ ਕਰਨ ਦੀ ਲੋੜ ਹੈ।
ਬਹੁਤੇ ਕਿਸਾਨਾਂ, ਖੇਤੀ ਮਾਹਿਰਾਂ, ਅਰਥ-ਸ਼ਾਸਤਰੀਆਂ ਤੇ ਆਪ ਲੋਕਾਂ ਨੂੰ ਕੇਵਲ ਇੱਕੋ ਸਿੱਧਾ ਮਾਰਗ ਨਜ਼ਰ ਆਉਂਦਾ ਹੈ ਕਿ ਸਰਕਾਰਾਂ ਫਲਾਂ, ਫੁੱਲਾਂ ਤੇ ਸਬਜ਼ੀਆਂ ਦੀ ਸਹਾਇਕ ਕੀਮਤ ਦਾ ਐਲਾਨ ਕਰਨ ਤੇ ਇਨ੍ਹਾਂ ਨੂੰ ਖ਼ਰੀਦਣ ਵਾਸਤੇ ਮੰਡੀਆਂ ਵਿਚ ਆਉਣ, ਸ਼ਾਇਦ ਉਹ ਭੁੱਲ ਜਾਂਦੇ ਹਨ ਕਿ ਸਾਡੇ ਦੇਸ਼ ਵਿਚ ਅਜਿਹਾ ਕਰਨਾ ਸੰਭਵ ਨਹੀਂ। ਅਜਿਹਾ ਕਰਨ ਨਾਲ ਜਿਨ੍ਹਾਂ ਕਿਸਾਨਾਂ ਨੂੰ ਲਾਭ ਹੋਵੇਗਾ ਉਸ ਦੇ ਨਾਲੋਂ ਕਈ ਗੁਣਾ ਵੱਧ ਸਰਕਾਰੀ ਖ਼ਜ਼ਾਨੇ ਦਾ ਨੁਕਸਾਨ ਹੋਵੇਗਾ। ਇਹ ਖੇਤੀ ਜਿਣਸਾਂ ਨਾਜ਼ੁਕ ਤੇ ਨਾਸ਼ਵਾਨ ਹਨ ਤੇ ਤੋੜਨ ਤੋਂ ਥੋੜ੍ਹੇ ਸਮੇਂ ਬਾਅਦ ਹੀ ਗੁਣਵੱਤਾ ਗੁਆ ਬਹਿੰਦੀਆਂ ਹਨ, ਸਰਕਾਰਾਂ ਕੋਲ ਫਲ਼ਾਂ, ਫੁੱਲਾਂ ਤੇ ਸਬਜ਼ੀਆਂ ਨੂੰ ਖ਼ਰੀਦ ਕੇ ਸੁਰੱਖਿਅਤ ਰੱਖਣ ਲਈ ਨਾ ਕੋਈ ਕੋਲਡ ਚੇਨ ਹੈ ਤੇ ਨਾ ਜ਼ਿੰਮੇਵਾਰੀ ਦਾ ਅਹਿਸਾਸ। ਇਹ ਨਾਜ਼ੁਕ ਜਿਣਸਾਂ ਸਰਕਾਰੀ ਅਮਲੇ ਦੀਆਂ ਤਿੰਨ-ਤਿੰਨ ਚਾਰ-ਚਾਰ ਦਿਨਾਂ ਦੀਆਂ ਹੋਣ ਵਾਲੀਆਂ ਇਕੱਠੀਆਂ ਛੁੱਟੀਆਂ ਦੀ ਭੇਟ ਚੜ੍ਹ ਜਾਣਗੀਆਂ, ਨਾਲੇ ਸਰਕਾਰ ਵੱਲੋਂ ਖ਼ਰੀਦੀ ਤੇ ਸਟੋਰਾਂ ਅਤੇ ਖੁੱਲ੍ਹੇ ਆਸਮਾਨ ‘ਚ ਤਰਪਾਲਾਂ ਹੇਠ ਪਈ ਕਣਕ ਤੇ ਝੋਨੇ ਦੀ ਸੰਭਾਲ ਹੀ ਸਰਕਾਰਾਂ ਵੱਲੋਂ ਨਹੀਂ ਹੋ ਸਕਦੀ, ਉਹ ਤਾਂ ਫ਼ਲਾਂ ਸਬਜ਼ੀਆਂ ਨੂੰ ਖ਼ਰੀਦ ਕੇ ਤੇ ਸੁਰੱਖਿਅਤ ਹਾਲਤ ਵਿਚ ਖ਼ਪਤਕਾਰਾਂ ਤੱਕ ਕਿਵੇਂ ਪਹੁੰਚਦਾ ਕਰ ਸਕਣਗੀਆਂ।
ਪਿਛਲੀ ਸਰਕਾਰ ਵੇਲੇ ਸ਼ਾਂਤਾ ਕੁਮਾਰ ਦੀ ਅਗਵਾਈ ਹੇਠ ਦੂਜੇ ਹਰੇ ਇਨਕਲਾਬ ਦੀ ਨਵੀਂ ਬੁਨਿਆਦ ਰੱਖਣ ਲਈ ਇੱਕ ਕਮੇਟੀ ਬਣਾਈ ਗਈ ਸੀ। ਉਸ ਨੇ ਸਾਰੇ ਭਾਰਤ ਦਾ ਸਰਵੇਖਣ ਕਰ ਕੇ ਰਿਪੋਰਟ ਦਿੱਤੀ ਸੀ ਕਿ ਦੂਜੇ ਹਰੇ ਇਨਕਲਾਬ, ਜਿਸ ਵਿਚ ਵਿਸ਼ੇਸ਼ ਕਰਕੇ ਝੋਨਾ ਸ਼ਾਮਲ ਹੈ, ਦੀ ਬੁਨਿਆਦ ਉੱਤਰ ਪੂਰਬ ਦੇ ਰਾਜਾਂ ਵਿਚ ਰੱਖੀ ਜਾਵੇ, ਕਿਉਂਕਿ ਇਸ ਖਿੱਤੇ ਵਿਚ ਝੋਨੇ ਲਈ ਅਣਵਰਤੀ ਜ਼ਮੀਨ, ਅਨੁਕੂਲ ਵਾਤਾਵਰਨ ਤੇ ਖੁੱਲ੍ਹਾ ਪਾਣੀ ਹੈ ਤੇ ਸਭ ਤੋਂ ਵੱਡੀ ਗੱੱਲ ਇਹ ਕਿ ਚੌਲਾਂ ਦੇ ਖ਼ਪਤਕਾਰ ਵੀ ਇਸੇ ਖਿੱਤੇ ਵਿੱਚ ਹਨ।
ਕੇਂਦਰ ਸਰਕਾਰ ਵਲੋਂ 12 ਅਕਤੂਬਰ 2018 ਨੂੰ ਦੇਸ਼ ਲਈ ਸਾਇਲ (ਜ਼ਮੀਨ ਤੇ ਮਿੱਟੀ) ਪਾਲਿਸੀ ਬਣਾਉਣ ਲਈ ਵਿਚਾਰ ਕਰਨ ਵਾਸਤੇ ਆਈ.ਸੀ.ਏ. ਆਰ ਨੇ ਨਵੀਂ ਦਿੱਲੀ ਵਿਚ ਨਾਸ ਭਵਨ ਵਿਚ ਰੱਖੀ ਗਈ ਇੱਕ ਮਹੱਤਵਪੂਰਨ ਇਕੱਤਰਤਾ ਵਿਚ ਮੈਨੂੰ ਵੀ ਸਬੰਧਿਤ ਵਿਗਿਆਨੀਆਂ ਨਾਲ ਸ਼ਾਮਲ ਕੀਤਾ ਗਿਆ ਸੀ। ਮੈਂ ਸੁਝਾਅ ਦਿੱਤਾ ਸੀ ਕਿ ਪੰਜਾਬ ਤੇ ਹਰਿਆਣੇ ਦੀ ਮਿੱਟੀ, ਪਾਣੀ ਤੇ ਵਾਤਾਵਰਨ ਨੂੰ ਬਚਾਉਣ ਵਾਸਤੇ ਇਸ ਖਿੱਤੇ ਵਿਚ ਝੋਨੇ ਦੀ ਕਾਸ਼ਤ ’ਤੇ ਪਾਬੰਦੀ ਤਾ ਨਹੀਂ ਲਾਈ ਜਾ ਸਕਦੀ ਪਰ ਇਸ ਦੀ ਸਰਕਾਰੀ ਖ਼ਰੀਦ ਬੰਦ ਕਰ ਕੇ ਇਸ ਫ਼ਸਲ ਨੂੰ ਉੱਤਰ ਪੂਰਬ ਦੇ ਰਾਜਾਂ ਵਿਚ ਕਾਸ਼ਤ ਵਾਸਤੇ ਉੱਥੋਂ ਦੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ
ਕਿਉਂਕਿ ਪੰਜਾਬ ਵਿਚ ਹੋਰ ਕੋਈ ਵਿਕਲਪ ਨਾ ਹੋਣ ਕਰ ਕੇ ਤੇ ਹੋਰ ਫ਼ਸਲਾਂ ਤੋਂ ਉਤਪੰਨ ਜਿਣਸਾਂ ਦੀ ਭਰੋਸੇਯੋਗ ਖ਼ਰੀਦ ਨਾਂ ਹੋਣ ਕਰ ਕੇ ਕਿਸਾਨ ਮਜਬੂਰੀ ਵਿਚ ਝੋਨੇ ਦੀ ਕਾਸ਼ਤ ਕਰ ਕੇ ਅੱਕ ਚੱਬਣ ਦਾ ਕੰਮ ਕਰ ਰਹੇ ਹਨ। ਝੋਨੇ ਦੀ ਲੁਆਈ ਵੇਲੇ ਅਕਸਰ ਕਿਸਾਨ ਹਾਲੋਂ ਬੇਹਾਲ ਹੋ ਜਾਂਦੇ ਹਨ, ਕਦੇ ਬਿਜਲੀ ਦਮ ਤੋੜ ਜਾਂਦੀ ਹੈ, ਕਦੇ ਮਜ਼ਦੂਰ ਨਹੀਂ ਮਿਲਦੇ ਤੇ ਕਦੇ ਹੋਰ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ। ਪਾਣੀ ਵਿਚ ਟਰੈਕਟਰ ਚਲਾ ਕੇ ਜ਼ਮੀਨ ਨੂੰ ਕੱਦੂ ਕਰਨ ਦੇ ਨਰਕ ਵਿਚ ਵਿਚਰਨ ਵਰਗਾ ਕਠਿਨ ਕੰਮ ਤੇ ਉੱਤੋਂ ਜੂਨ ਮਹੀਨੇ ਦੀ ਇਨਸਾਨ ਨੂੰ ਪਾਗਲ ਬਣਾ ਦੇਣ ਵਾਲੀ ਗਰਮੀ, ਅਨੇਕਾਂ ਕਿਸਾਨ ਝੋਨੇ ਦੀ ਕਾਸ਼ਤ ਤੋਂ ਛੁਟਕਾਰੇ ਦੀ ਕਾਮਨਾ ਕਰਦੇ ਹਨ ਪਰ ਉਨ੍ਹਾਂ ਨੂੰ ਝੋਨੇ ਦੇ ਮੁਕਾਬਲੇ ਹੋਰ ਕਈ ਮਾਰਗ ਤੇ ਵਿਕਲਪ ਨਜ਼ਰ ਨਹੀਂ ਆ ਰਿਹਾ।
ਪਰ ਝੋਨੇ ਦੀ ਸਰਕਾਰੀ ਖ਼ਰੀਦ ਬੰਦ ਕਰਨ ਤੋਂ ਪਹਿਲਾਂ ਖੇਤੀ ਮਾਹਿਰ, ਅਰਥ-ਸ਼ਾਸਤਰੀ ਕਿਸਾਨ ਤੇ ਸਰਕਾਰੀ ਮੈਂਬਰ ਸ਼ਾਮਲ ਕਰ ਕੇ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਤੇ ਇਹ ਕਮੇਟੀ ਝੋਨੇ ਦੀ ਸਰਕਾਰੀ ਖ਼ਰੀਦ ਵਿਚ ਹੋਣ ਵਾਲੇ ਖ਼ਰਚੇ ਤੇ ਨੁਕਸਾਨ ਦਾ ਮੁਲੰਕਣ ਕਰੇ, ਇੱਕ ਸਾਲ ਵਿਚ ਸਟੋਰਾਂ ਵਿਚ ਤੇ ਖ਼ਰਾਬ ਹੋਏ ਝੋਨੇ ਦੀ ਕਿੰਨੀ ਰਕਮ ਬਣੀ। ਖ਼ਰੀਦ ਅਮਲੇ ਤੇ ਮੰਡੀਆਂ ਦੇ ਵਿਸ਼ੇਸ਼ ਪ੍ਰਬੰਧ ਕਰਨ ’ਤੇ ਕਿੰਨਾ ਖ਼ਰਚਾ ਹੋਇਆ। ਖ਼ਰੀਦ ਤੇ ਮਿਲਿੰਗ ਵਿਚ ਭ੍ਰਿਸ਼ਟਾਚਾਰ ਨੇ ਕਿੰਨੀ ਰਕਮ ਦਾ ਨੁਕਸਾਨ ਕੀਤਾ। ਹਜ਼ਾਰਾਂ ਮੀਲ ਦੂਰ ਬੈਠੇ ਖ਼ਪਤਕਾਰਾਂ ਤੱਕ ਚੌਲ ਪਹੁੰਚਦੇ ਕਰਨ ਲਈ ਢੋਆ-ਢੋਆਈ ’ਤੇ ਕਿੰਨਾ ਪੈਸਾ ਖ਼ਰਚ ਹੋਇਆ। ਇੱਕ ਅੰਦਾਜ਼ੇ ਅਨੁਸਾਰ ਸ਼ਾਇਦ ਇਹ ਖ਼ਰਚ ਖ਼ਰੀਦੇ ਗਏ ਝੋਨੇ ਦੀ ਕੀਮਤ ਤੋਂ ਵੀ ਵਧ ਜਾਵੇ।
ਅਜਾਈਂ ਜਾਣ ਵਾਲੀ ਇਹ ਭਾਰੀ ਰਕਮ ਬਿਨਾਂ ਕੋਈ ਨਵਾਂ ਸਰਕਾਰੀ ਫੰਡ ਵਰਤਣ ਦੇ ਪੰਜਾਬ ਤੇ ਹਰਿਆਣੇ ਅੰਦਰ ਝੋਨੇ ਦੀ ਕਾਸ਼ਤ ਦਾ ਤਿਆਗ ਕਰ ਕੇ ਦੂਜੀਆਂ ਫ਼ਸਲਾਂ ਵਲ ਆਉਣ ਵਾਲੇ ਕਿਸਾਨਾਂ ਨੂੰ ਬਿਨਾਂ ਵਿਤਕਰੇ ਸਬਸਿਡੀ ਦੇ ਰੂਪ ਵਿਚ ਵੰਡ ਦਿੱਤੀ ਜਾਵੇ, ਦੋਵਾਂ ਰਾਜਾਂ ਦੀ ਸੁੱਖ ਸ਼ਾਂਤੀ ਤੇ ਸਿਹਤ ਵਾਸਤੇ ਇਹ ਮਹੱਤਵਪੂਰਨ ਅਪ੍ਰੇਸ਼ਨ ਸਾਬਤ ਹੋ ਸਕਦਾ ਹੈ।
ਪੰਜਾਬ ਤੇ ਹਰਿਆਣੇ ਵਿਚ ਕੁਦਰਤੀ ਸੋਮਿਆਂ ਅਤੇ ਕਿਸਾਨਾਂ ਨੂੰ ਬਚਾਉਣ ਵਾਸਤੇ ਦੂਜਾ ਵੱਡਾ ਕੰੰਮ ਇਹ ਹੋ ਸਕਦਾ ਹੈ ਕਿ ਝੋਨੇ ਦੀ ਸਰਕਾਰੀ ਖ਼ਰੀਦ ਬੰਦ ਕਰਨ ਤੋਂ ਪਹਿਲਾਂ ਸਾਲ ਵਿਚ ਕਈ ਖਰਬ ਰੁਪਏ ਦੀ ਵਿਦੇਸ਼ੀ ਕਰੰਸੀ ਖ਼ਰਚ ਕਰ ਕੇ ਵਿਦੇਸ਼ਾਂ ਤੋਂ ਦਾਲਾਂ ਤੇ ਤੇਲ ਬੀਜ ਮੰਗਵਾਉਣੇ ਬੰਦ ਕੀਤੇ ਜਾਣ, ਕਿਸਾਨਾਂ ਨੂੰ ਇਨ੍ਹਾਂ ਫ਼ਸਲਾਂ ਦੀ ਕਾਸ਼ਤ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਦਾਲਾਂ ਤੇ ਤੇਲ ਬੀਜਾਂ ਦੀਆਂ ਲਾਹੇਵੰਦ ਕੀਮਤਾਂ ਦੇਣ ਦਾ ਐਲਾਨ ਕਰ ਕੇ ਸਰਕਾਰਾਂ ਮੰਡੀਆਂ ਦੇ ਬੰਨਿਆਂ ‘ਤੇ ਬੈਠ ਕੇ ਤਮਾਸ਼ਾ ਹੀ ਨਾ ਦੇਖਣ ਤੇਲ ਬੀਜਾਂ, ਦਾਲਾਂ ਤੇ ਮੱਕੀ ਦੀ ਖ਼ਰੀਦ ਕਰਨ ਲਈ ਮੰਡੀਆਂ ਵਿਚ ਹਾਜ਼ਰ ਵੀ ਹੋਣ।
ਦਾਲਾਂ ਤੇ ਬੀਜਾਂ ਦੀ ਖੇਤੀ ਵਿਚ ਜਿੱਥੇ ਲਾਗਤਾਂ, ਘੱਟ ਤੋਂ ਘੱਟ ਹਨ ਤੇ ਇਨ੍ਹਾਂ ਦੀ ਕਾਸ਼ਤ ਲਈ ਖ਼ੇਚਲ ਤੇ ਖ਼ਰਚੇ ਦੀ ਲੋੜ ਵੀ ਘੱਟ ਹੈ, ਉੱਥੇ ਦਾਲਾਂ ਤੇ ਤੇਲ ਬੀਜਾਂ ਦੀ ਕਾਸ਼ਤ ਨਾਲ ਜ਼ਮੀਨ ਜ਼ਰਖੇਜ਼ ਤੇ ਉਪਜਾਊ ਬਣਦੀ ਹੈ, ਇਸ ਨਾਲ ਪਾਣੀ ਤੇ ਵਾਤਾਵਰਨ ਨੂੰ ਵੀ ਸੁਰੱਖਿਆ ਮਿਲੇਗੀ।
ਖੇਤੀ ਵਿਚ ਵੰਨ-ਸੁਵੰਨਤਾ ਦੀ ਮੁਹਿੰਮ ਨੂੰ ਅੱਗੇ ਵਧਾਉਣ ਅਤੇ ਵਾਤਾਵਰਨ ਨੂੰ ਬਚਾਉਣ ਵਾਸਤੇ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ਦੇ ਨਾਲ ਲਗਦੀਆਂ ਸੜਕਾਂ ‘ਤੇ ਆਪਣੇ ਖੇਤਾਂ ਵਿਚ ਪੈਦਾ ਕੀਤੇ ਫਲਾਂ, ਫੁੱਲਾਂ ਤੇ ਸਬਜ਼ੀਆਂ ਦੀ ਖੋਖੇ ਜਾਂ ਫੜ ਰੱਖ ਕੇ ਖ਼ਪਤਕਾਰਾਂ ਨੂੰ ਸਿੱਧੀ ਵਿਕਰੀ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਲੋੜੀਂਦੀ ਸਿਖਲਾਈ ਤੇ ਵਸੀਲੇ ਸਰਕਾਰ ਵਲੋਂ ਦਿੱਤੇ ਜਾਣ, ਇਉਂ ਵਿਚੋਲਿਆ ਦੀ ਜੇਬ ਵਿਚ ਜਾਣ ਵਾਲਾ ਵੱਡਾ ਮੁਨਾਫ਼ਾ ਕਿਸਾਨ ‘ਤੇ ਖ਼ਪਤਕਾਰਾ ਵਿਚ ਵੰਡੇ ਜਾਣ ਨਾਲ ਦੋਵੇਂ ਧਿਰਾਂ ਨੂੰ ਲਾਭ ਹੋ ਸਕਦਾ ਹੈ ਤੇ ਖੇਤੀ ਵੰਨ ਸੁਵੰਨਤਾ ਦੀ ਮੁਹਿੰਮ ਵੀ ਲੀਹੇ ਪੈ ਸਕਦੀ ਹੈ ਅਜਿਹੇ ਸਟੋਰ ਪਿੰਡਾਂ ਵਿਚ ਪਹਿਲਾਂ ਤੋਂ ਹੀ ਚੱਲ ਰਹੀਆਂ ਸਹਿਕਾਰੀ ਸੁਸਾਇਟੀਆਂ ਵਿਚ ਵੀ ਚਲਾਏ ਜਾ ਸਕਦੇ ਹਨ।
ਕਿਸਾਨ ਸਹਿਕਾਰੀ ਸਟੋਰਾਂ ਦੀ ਸਥਾਪਨਾ ਕਰ ਕੇ ਪੰਜਾਬ ਤੇ ਹਿਮਾਚਲ ਦੇ ਕਿਸਾਨਾਂ ਵਿਚਲੇ ਵੀ ਖੇਤੀ ਜਿਣਸਾਂ ਦਾ ਵਪਾਰ ਸ਼ੁਰੂ ਕੀਤਾ ਜਾ ਸਕਦਾ ਹੈ, ਜਿਵੇਂ ਪੰਜਾਬ ਦੇ ਖੇਤਾਂ ਤੋਂ ਹਿਮਾਚਲ ਦੇ ਕਿਸਾਨ ਸਟੋਰਾਂ ਵਿਚ ਗੁੜ, ਸ਼ੱਕਰ, ਬਾਸਮਤੀ ਤੇ ਵਿਪ੍ਰੀਤ ਮੌਸਮ ਵਿਚ ਫਲ਼, ਫੁੱਲ ਤੇ ਸਬਜ਼ੀਆਂ ਤਾਜ਼ੀ ਹਾਲਤ ਵਿਚ ਭੇਜੇ ਜਾ ਸਕਦੇ ਹਨ ਤੇ ਹਿਮਾਚਲ ਤੋਂ ਵਾਪਸ ਆਉਣ ਵਾਲੀਆਂ ਗੱਡੀਆਂ ਵਿਚ ਹੀ ਹਿਮਾਚਲ ਦੇ ਖੇਤਾਂ ਅਤੇ ਬਾਗ਼ਾਂ ਤੋਂ ਸਿੱਧੇ ਚੈਰੀ, ਕੀਵੀ ਫਲ, ਅਖਰੋਟ, ਸੇਬ, ਖੁਰਮਾਨੀਆਂ ਤੇ ਵਿਪ੍ਰੀਤ ਮੌਸਮ ਵਿਚ ਸਬਜ਼ੀਆਂ ਪੰਜਾਬ ਦੇ ਕਿਸਾਨ ਸਟੋਰਾਂ ਵਿਚ ਲਿਆਂਦੀਆਂ ਜਾ ਸਕਦੀਆਂ ਹਨ, ਪਰ ਅਜਿਹੀਆਂ ਸਕੀਮਾਂ ਤਾਂ ਹੀ ਸਫ਼ਲ ਹੋ ਸਕਦੀਆਂ ਹਨ ਜੇ ਕਿਸਾਨ ਮਿਹਨਤ ਤੇ ਸੁਹਿਰਦਤਾ ਨਾਲ ਇਸ ਕੰਮ ਵਿਚ ਦਿਲਚਸਪੀ ਲੈਣ ਅਤੇ ਜੁਰਅੱਤ ਤੇ ਵਿਸ਼ਵਾਸ ਨਾਲ ਖੇਤੀ ਲਈ ਨਵੇਂ ਮਾਰਗ ਸਿਰਜਣ ਦੀ ਕੋਸ਼ਿਸ਼ ਕਰਨ। ਅਜਿਹੇ ਕੰਮ ’ਚ ਭਾਰਤੀ ਕਿਸਾਨ ਯੂਨੀਅਨਾਂ ਦੇ ਸੰਚਾਲਕ ਸਹਾਈ ਹੋ ਸਕਦੇ ਹਨ, ਅਜਿਹੇ ਕੰਮ ਲਈ ਵੱਡੇ ਰੂਪ ਵਿਚ ਕਿਸੇ ਤਰ੍ਹਾਂ ਦੀਆਂ ਸਰਕਾਰੀ ਨੀਤੀਆਂ ਦੀ ਕੋਈ ਲੋੜ ਨਹੀਂ। ਸਭ ਤੋਂ ਵੱਧ ਅਜਿਹੀਆਂ ਕਲਿਆਣਕਾਰੀ ਸਕੀਮਾਂ ਲਈ ਕਿਸਾਨਾਂ ਦੀ ਇੱਛਾ ਸ਼ਕਤੀ ਦੀ ਲੋੜ ਹੈ।
ਖੇਤੀ ਵੰਨ-ਸੁਵੰਨਤਾ ਰਾਹੀਂ ਇੱਥੋਂ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਸਰਕਾਰਾਂ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ, ਗੰਨੇ, ਮੱਕੀ ਤੇ ਝੋਨੇ ਦੀ ਪਰਾਲੀ ਤੋਂ ਈਥਾਨੋਲ ਤਿਆਰ ਕਰਨ ਲਈ ਉਦਯੋਗ ਦੀ ਸਥਾਪਨਾ ਕਰਨ ਲਈ ਸਰਕਾਰਾਂ ਨੂੰ ਸੁਹਿਰਦਤਾ ਨਾਲ ਯਤਨ ਕਰਨੇ ਚਾਹੀਦੇ ਹਨ, ਇਉਂ ਗੰਨੇ, ਮੱਕੀ ਤੇ ਪਰਾਲੀ ਦੀਆਂ ਲਾਹੇਵੰਦ ਕੀਮਤਾਂ ਮਿਲਣ ਨਾਲ ਜਿੱਥੇ ਕਿਸਾਨ ਖ਼ੁਸ਼ਹਾਲ ਹੋ ਸਕਦੇ ਹਨ, ਉੱਥੇ ਈਥਾਨੋਲ ਨੂੰ ਪੈਟਰੋਲ ਤੇ ਡੀਜ਼ਲ ਦੇ ਥਾਂ ਵਰਤਣ ਨਾਲ ਪੈਟਰੋਲੀਅਮ ਵਸਤਾਂ ਲਈ ਖ਼ਰਚੀ ਜਾਣ ਵਾਲੀ ਰਾਸ਼ਟਰੀ ਖਜ਼ਾਨੇ ਵਿੱਚ ਪਈ ਵਿਦੇਸ਼ੀ ਕਰੰਸੀ ਵੀ ਬਚ ਸਕਦੀ ਹੈ।
ਇਸ ਤੋਂ ਬਿਨਾਂ ਬਾਕੀ ਖੇਤੀ ਜਿਣਸਾਂ ਦੀ ਪ੍ਰਾਸੈਸਿੰਗ ਲਈ ਵੀ ਪੰਜਾਬ ਵਿਚ ਵੱਡੀ ਪੱਧਰ ’ਤੇ ਉਦਯੋਗਾਂ ਦੀ ਸਥਾਪਨਾ ਦੀ ਲੋੜ ਹੈ, ਅਜਿਹਾ ਕਰਨ ਨਾਲ ਜਿੱਥੇ ਕਿਸਾਨਾਂ ਦੀਆਂ ਖੇਤੀ ਜਿਣਸਾਂ ਚੰਗੇ ਭਾਅ ਨਾਲ ਵਿਕ ਸਕਣਗੀਆਂ ਉੱਥੇ ਉਨ੍ਹਾਂ ਦੇ ਬੱਚਿਆਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਰੁਜ਼ਗਾਰ ਦੇ ਸ਼ਾਨਦਾਰ ਮੌਕੇ ਵੀ ਮਿਲ ਸਕਣਗੇ।
ਸੰਪਰਕ: 94632-33991


Comments Off on ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.