ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਖੇਡਾਂ ਵਿਚ ਪਛੜਿਆ ਪੰਜਾਬ

Posted On July - 13 - 2019

ਮਨਦੀਪ ਸਿੰਘ ਸੁਨਾਮ
‘ਮੇਰੇ ਸੋਹਣੇ ਵਤਨ ਪੰਜਾਬ ਲਈ ਕੋਈ ਕਰੋ ਦੁਆਵਾਂ’ ਅੱਜ ਦੇ ਹਾਲਾਤ ਨੂੰ ਦੇਖ ਕੇ ਇਹ ਬੋਲ ਪੰਜਾਬ ਦੇ ਹਰ ਬੁੱਧੀਜੀਵੀ ਦੇ ਦਿਮਾਗ ਦਾ ਹਿੱਸਾ ਹਨ। ਕਿਸੇ ਸਮੇਂ ਦੇਸ਼ ਦੇ ਹਰ ਖੇਤਰ ਵਿਚ ਰਾਜਾ ਕਹਾਉਣ ਵਾਲਾ ਪੰਜਾਬ ਅੱਜ ਆਪਣੇ ਮਾੜੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਖੇਡਾਂ ਵਿੱਚ ਪੰਜਾਬ ਦਾ ਕਦੇ ਕੋਈ ਮੁਕਾਬਲਾ ਨਹੀਂ ਸੀ। ਖੇਡ ਖੇਤਰ ਵਿਚ ਪੰਜਾਬੀਆਂ ਦੀ ਤੂਤੀ ਬੋਲਦੀ ਸੀ। ਇਸ ਵਾਰ ਸਪੋਰਟਸ ਵਿੰਗ ਲਈ ਖੇਡ ਵਿਭਾਗ ਨੇ ਟਰਾਇਲ ਨਹੀਂ ਲਏ। ਪੰਜਾਬ ਵਿਚ ਸਕੂਲੀ ਖੇਡਾਂ ਵੀ ਅੱਜ ਡੰਗ ਟਪਾਊ ਨੀਤੀ ਤਹਿਤ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਤਹਿਤ ਜ਼ੋਨਲ ਪੱਧਰ ਤੋਂ ਲੈ ਕੇ ਰਾਜ ਪੱਧਰੀ ਮੁਕਾਬਲਿਆਂ ਵਿਚ ਵਿਦਿਆਰਥੀਆਂ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ ਜਾ ਰਹੇ ਹਨ ਅਤੇ ਅਧਿਕਾਰੀ ਪੱਧਰ ਤੋਂ ਹੀ ਇਨ੍ਹਾਂ ਖੇਡਾਂ ਲਈ ਕੋਈ ਵਿਸ਼ੇਸ਼ ਵਿਵਸਥਾ ਨਹੀਂ ਹੈ। ਇਸ ਦੀ ਉਦਾਹਰਨ ਪਿਛਲੇ ਦਿਨਾਂ ਦੀ ਇਹ ਰਹੀ ਕਿ ਸਕੂਲੀ ਖੇਡਾਂ ਨੂੰ ਚਲਾਉਣ ਲਈ ਸਿੱਖਿਆ ਵਿਭਾਗ ਵੱਲੋਂ ਹਰ ਜ਼ਿਲ੍ਹੇ ਵਿਚ ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਤਾਇਨਾਤ ਕੀਤੇ ਹੋਏ ਸਨ, ਉਸ ਸੀਟ ਨੂੰ ਪਿੱਛੇ ਜਿਹੇ ਸਰਕਾਰ ਨੇ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੇ ਖ਼ਾਤਮੇ ਨਾਲ ਸਕੂਲੀ ਖੇਡਾਂ ’ਤੇ ਮਾਰੂ ਅਸਰ ਪਵੇਗਾ। ਇਸ ਤੋਂ ਇਲਾਵਾ ਸਕੂਲਾਂ ਵਿਚ ਖਿਡਾਰੀਆਂ ਨੂੰ ਯੋਗ ਮਾਰਗ ਦਰਸ਼ਨ ਅਤੇ ਖੇਡ ਸਿੱਖਿਆ ਦੇਣ ਲਈ ਯੋਗ ਖੇਡ ਅਧਿਆਪਕਾਂ ਦਾ ਹੋਣਾ ਜ਼ਰੂਰੀ ਹੈ, ਪਰ ਪੰਜਾਬ ਦੇ ਸੈਂਕੜੇ ਸਕੂਲ ਅੱਜ ਇਨ੍ਹਾਂ ਯੋਗ ਖੇਡ ਅਧਿਆਪਕਾਂ ਤੋਂ ਵਿਹੂਣੇ ਹਨ। ਪਿੱਛੇ ਜਿਹੇ ਭਾਰਤ ਸਰਕਾਰ ਨੇ ਇਸ ਪੱਖ ਨੂੰ ਮਹੱਤਵਪੂਰਨ ਮੰਨਦੇ ਹੋਏ ‘ਖੇਲੋ ਇੰਡੀਆ ਸਕੂਲ ਖੇਡਾਂ’ ਸ਼ੁਰੂ ਕਰਵਾਈਆਂ ਸਨ, ਪਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਕਦੇ ਸਕੂਲ ਰਾਸ਼ਟਰੀ ਖੇਡਾਂ ਵਿਚ ਅੱਵਲ ਰਹਿਣ ਵਾਲਾ ਅਣਖੀ ਯੋਧਿਆਂ ਦਾ ਸੂਬਾ ਲਗਾਤਾਰ ਦੋ ਵਾਰ ਇਨ੍ਹਾਂ ਖੇਡਾਂ ਵਿਚ ਸੱਤਵੇਂ ਨੰਬਰ ’ਤੇ ਚੱਲਿਆ ਆ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਅਸਲ ਵਿਚ ਖੇਡ ਵਾਤਾਵਰਨ ਨੂੰ ਸਾਰਥਕ ਰੂਪ ਵਿਚ ਪੈਦਾ ਕਰਨ ਵਿਚ ਪੰਜਾਬ ਦੀ ਖੇਡ ਪ੍ਰਣਾਲੀ ਫੇਲ੍ਹ ਸਾਬਿਤ ਹੋਈ ਹੈ। ਪੇਂਡੂ ਪੱਧਰ ਤੋਂ ਲੈ ਕੇ ਖੇਡ ਮੈਦਾਨ ਅਤੇ ਖੇਡਾਂ ਸਾਜ਼ੋ-ਸਾਮਾਨ ਸਿਰਫ਼ ਰਾਜਨੀਤੀ ਅਤੇ ਵੋਟਾਂ ਦਾ ਸਾਜ਼ੋ-ਸਾਮਾਨ ਬਣ ਕੇ ਰਹਿ ਗਿਆ ਹੈ। ਖੇਡਾਂ ਦੇ ਸਾਮਾਨ ਨੂੰ ਵੋਟਾਂ ਵੇਲੇ ਵੰਡਣ ਅਤੇ ਫੋਟੋਆਂ ਖਿਚਵਾਉਣ ਤਕ ਹੀ ਸੀਮਿਤ ਹੋ ਗਿਆ ਹੈ ਜਦੋਂਕਿ ਜ਼ਮੀਨੀ ਪੱਧਰ ’ਤੇ ਖੇਡਾਂ ਦੀਆਂ ਸਹੂਲਤਾਂ ਤੇ ਮੈਦਾਨ ਮੁਹੱਈਆ ਨਹੀਂ ਕਰਵਾਏ ਜਾ ਰਹੇ। ਇਸ ਕਰ ਕੇ ਨੌਜਵਾਨ ਖੇਡਾਂ ਤੋਂ ਮੂੰਹ ਮੋੜ ਰਹੇ ਹਨ। ਪੰਜਾਬ ਵਿਚੋਂ ਜਹਾਜ਼ ਭਰ ਭਰ ਕੇ ਹਜ਼ਾਰਾਂ ਨੌਜਵਾਨ ਬਾਹਰ ਵੱਲ ਨੂੰ ਭੱਜ ਰਹੇ ਹਨ।
ਜੇ ਪੰਜਾਬ ਦੀ ਤੁਲਨਾ ਹਰਿਆਣੇ ਨਾਲ ਕਰੀਏ ਤਾਂ ਉੱਥੇ ਖੇਡਾਂ ਦੀ ਹਾਲਤ ਸਾਡੇ ਨਾਲ ਬਿਹਤਰ ਹੈ। ਹਰਿਆਣੇ ਨੇ ਇਸੇ ਸਾਲ ਖੇਡ ਨਰਸਰੀਆਂ ਨੂੰ 153 ਤੋਂ 533 ਕਰਨ ਦਾ ਫ਼ੈਸਲਾ ਲਿਆ। ਇਸ ਤੋਂ ਅਸੀਂ ਸਾਫ਼ ਅੰਦਾਜ਼ਾ ਲਗਾ ਸਕਦੇ ਹਾਂ ਕਿ ਪੰਜਾਬ ਵਿਚਲੀਆਂ ਇਨ੍ਹਾਂ ਖੇਡ ਨਰਸਰੀਆਂ ਵੱਲ ਸਰਕਾਰ ਦਾ ਕਿੰਨਾ ਕੁ ਧਿਆਨ ਹੈ। ਇਸ ਤੋਂ ਇਲਾਵਾ ਹਰਿਆਣਾ ਤੇ ਪੰਜਾਬ ਦੀ ਖੇਡ ਨੀਤੀ ਤੇ ਉਥੋਂ ਦੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਮਿਲਣ ਵਾਲੇ ਨਕਦ ਇਨਾਮਾਂ ਵਿਚ ਵੀ ਵੱਡਾ ਫ਼ਰਕ ਹੈ। ਖਿਡਾਰੀਆਂ ਨੂੰ ਉਨ੍ਹਾਂ ਦੀ ਖੇਡ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਦੇਣ ਵਿਚ ਵੀ ਹਰਿਆਣਾ ਮੋਹਰੀ ਹੈੇ। ਅੱਜ ਪੰਜਾਬ ਵਿਚ ਬਹੁਤੀਆਂ ਥਾਵਾਂ ’ਤੇ ਪਰਵਾਸੀਆਂ ਦੀ ਮਦਦ ਨਾਲ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪੰਜਾਬ ਨੂੰ ਨਸ਼ਿਆਂ ਦੇ ਦਲਦਲ ਵਿਚੋਂ ਕੱਢਣ ਦਾ ਖੇਡਾਂ ਚੰਗਾ ਤਰੀਕਾ ਹਨ।
ਸੰਪਰਕ: 94174-79449


Comments Off on ਖੇਡਾਂ ਵਿਚ ਪਛੜਿਆ ਪੰਜਾਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.