ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਖ਼ੁਸ਼ਹਾਲੀ ਦਾ ਰਾਹ ਕਿਸਾਨ ਉਤਪਾਦਕ ਸੰਸਥਾ

Posted On July - 6 - 2019

ਖੁਸ਼ਦੀਪ ਧਰਨੀ
ਅਜੋਕੇ ਸਮੇਂ ਵਿੱਚ ਕਿਸਾਨਾਂ ਨੂੰ ਸਿਰਫ਼ ਉਤਪਾਦਨ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ ਸਗੋਂ ਮੰਡੀ ਨਾਲ ਜੁੜਨ ਦੇ ਉਪਰਾਲੇ ਵੀ ਕਰਨੇ ਚਾਹੀਦੇ ਹਨ। ਖੇਤੀ ਵਪਾਰ ਤੋਂ ਭਾਵ ਖੇਤੀ ਲਈ ਲੋੜੀਂਦੀਆਂ ਵਸਤਾਂ ਦੀ ਖ਼ਰੀਦ, ਉਤਪਾਦਨ, ਪ੍ਰਾਸੈਸਿੰਗ ਅਤੇ ਤਿਆਰ ਮਾਲ ਉਪਭੋਗਤਾ ਤੱਕ ਪਹੁੰਚਾਉਣ ਵਾਲੀ ਲੜੀ ਹੈ। ਅਜੋਕਾ ਯੁੱਗ ਮੁਕਾਬਲੇ ਦਾ ਯੁੱਗ ਹੈ। ਕਿਸੇ ਵੀ ਉਤਪਾਦਕ ਜਾਂ ਖੇਤੀ ਵਪਾਰ ਉੱਦਮੀ ਦਾ ਮੁਕਾਬਲਾ ਸਿਰਫ਼ ਬਾਕੀ ਉਤਪਾਦਕਾਂ ਅਤੇ ਉੱਦਮੀਆਂ ਨਾਲ ਹੀ ਨਹੀਂ ਸਗੋਂ ਵੱਡੀਆਂ ਅਤੇ ਬਹੁ-ਰਾਸ਼ਟਰੀ ਕੰਪਨੀਆਂ ਨਾਲ ਵੀ ਹੈ। ਆਮ ਤੌਰ ’ਤੇ ਇਕੱਲੇ ਕਿਸਾਨ ਕੋਲ ਇਸ ਮੁਕਾਬਲੇ ਲਈ ਜ਼ਰੂਰੀ ਸਾਧਨ ਅਤੇ ਸਮਰੱਥਾ ਨਹੀਂ ਹੁੰਦੀ। ਇਸ ਸਮੱਸਿਆ ਦਾ ਕਾਰਨ ਇਕੱਲੇ ਕਿਸਾਨ ਦੇ ਉਤਪਾਦਨ ਪੱਧਰ ਦਾ ਲੋੜੀਂਦੇ ਉਤਪਾਦਨ ਪੱਧਰ ਤੋਂ ਘੱਟ ਹੋਣਾ ਹੈ। ਇਹ ਗੱਲ ਸਿਰਫ਼ ਖ਼ਰੀਦ ਅਤੇ ਉਤਪਾਦਨ ਉੱਪਰ ਹੀ ਲਾਗੂ ਨਹੀਂ ਹੁੰਦੀ ਸਗੋਂ ਪ੍ਰਾਸੈਸਿੰਗ ਅਤੇ ਮੰਡੀਕਰਨ ਵਿਚ ਵੀ ਕੰਮ ਕਰਨ ਵਿਚ ਕਈ ਸਮੱਸਿਆਵਾਂ ਆਉਂਦੀਆਂ ਹਨ। ਉਪਰੋਕਤ ਹਾਲਾਤ ਨਾਲ ਨਜਿੱਠਣ ਲਈ ਕਿਸਾਨਾਂ ਨੂੰ ਇਕੱਠੇ ਮਿਲ ਕੇ ਖੇਤੀ ਵਪਾਰ ਚਲਾਉਣ ਦੀ ਲੋੜ ਹੈ। ਇਕੱਲੇ ਕਿਸਾਨ ਦੇ ਛੋਟੇ ਪੱਧਰ ਉਪਰ ਕੰਮ ਕਰਨ ਦੀ ਸਮੱਸਿਆ ਦੇ ਤੋੜ ਦੇ ਰੂਪ ਵਿੱਚ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ (ਐਫ.ਪੀ.ਓ.) ਭਾਵ ਕਿਸਾਨ ਉਤਪਾਦਕ ਸੰਸਥਾ ਵਧੀਆ ਬਦਲ ਦੇ ਤੌਰ ’ਤੇ ਉੱਭਰ ਕੇ ਸਾਹਮਣੇ ਆਈ ਹੈ।
ਉਤਪਾਦਕ ਸੰਸਥਾ ਇੱਕ ਕਾਨੂੰਨੀ ਇਕਾਈ ਹੁੰਦੀ ਹੈ ਜੋ ਕਿ ਮੁੱਢਲੇ ਉਤਪਾਦਕਾਂ ਵੱਲੋਂ ਬਣਾਈ ਜਾਂਦੀ ਹੈ। ਮੁੱਢਲੇ ਉਤਪਾਦਕ ਕਈ ਕਿਸਮ ਦੇ ਹੋ ਸਕਦੇ ਹਨ ਜਿਵੇਂ ਕਿ ਦੁੱਧ ਉਤਪਾਦਕ, ਦਸਤਕਾਰ, ਪੇਂਡੂ ਕਾਰੀਗਰ ਆਦਿ। ਇੱਕੋ ਤਰ੍ਹਾਂ ਦੇ ਮੁੱਢਲੇ ਉਤਪਾਦਕ ਰਲ ਕੇ ਆਪਣੇ ਕੰਮ ਸਬੰਧੀ ਉਤਪਾਦਕ ਸੰਸਥਾ ਬਣਾ ਸਕਦੇ ਹਨ ਅਤੇ ਇਸ ਦਾ ਸੰਚਾਲਨ ਕਰ ਸਕਦੇ ਹਨ। ਐਫਪੀਓ ਅਜਿਹੀ ਸੰਸਥਾ ਹੁੰਦੀ ਹੈ ਜਿਸ ਦੇ ਮੈਂਬਰ ਸਿਰਫ਼ ਕਿਸਾਨ ਹੁੰਦੇ ਹਨ। ਖੇਤੀ, ਬਾਗ਼ਬਾਨੀ, ਪਸ਼ੂ ਪਾਲਣ, ਮੱਖੀ ਪਾਲਣ, ਮੱਛੀ ਪਾਲਣ, ਦਸਤਕਾਰੀ ਆਦਿ ਨਾਲ ਸਬੰਧਿਤ ਮੁੱਢਲੇ ਉਤਪਾਦਕ ਢੁੱਕਵੀਂ ਉਤਪਾਦਕ ਸੰਸਥਾ ਬਣਾ ਸਕਦੇ ਹਨ ਜਾਂ ਪਹਿਲਾਂ ਤੋਂ ਬਣੀ ਉਤਪਾਦਕ ਸੰਸਥਾ ਦੇ ਮੈਂਬਰ ਬਣ ਸਕਦੇ ਹਨ। ਕਿਸਾਨ ਉਤਪਾਦਕ ਸੰਸਥਾ ਦੇ ਪ੍ਰਮੁੱਖ ਨੁਕਤੇ:
* ਇਹ ਮੁੱਢਲੇ ਉਤਪਾਦਕਾਂ ਦੇ ਸਮੂਹ ਰਾਹੀਂ ਬਣਾਈ ਜਾਂਦੀ ਹੈ।
* ਇਹ ਰਜਿਸਟਰਡ ਅਤੇ ਕਾਨੂੰਨੀ ਇਕਾਈ ਹੁੰਦੀ ਹੈ।
* ਮੁੱਢਲੇ ਉਤਪਾਦਕ ਇਸ ਸੰਸਥਾ ਦੇ ਹਿੱਸੇਦਾਰ ਹੁੰਦੇ ਹਨ।
* ਇਹ ਸੰਸਥਾ ਆਪਣੇ ਮੈਂਬਰਾਂ ਦੇ ਫ਼ਾਇਦੇ ਲਈ ਕੰਮ ਕਰਦੀ ਹੈ।
*ਆਮ ਤੌਰ ’ਤੇ ਕਮਾਈ ਦਾ ਇੱਕ ਹਿੱਸਾ ਲਾਭ ਦੇ ਤੌਰ ’ਤੇ ਮੈਂਬਰਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਬਚਿਆ ਹਿੱਸਾ ਵਪਾਰ ਵਿੱਚ ਵਾਧੇ ਲਈ ਵਰਤਿਆ ਜਾਂਦਾ ਹੈ।
ਇੱਕ ਉਤਪਾਦਕ ਸੰਸਥਾ ਨੂੰ ਵੱਖੋ-ਵੱਖਰੀਆਂ ਕਾਨੂੰਨੀ ਸ਼ਕਲਾਂ ਵਿੱਚ ਰਜਿਸਟਰਡ ਕੀਤਾ ਜਾ ਸਕਦਾ ਹੈ। ਇਨ੍ਹਾਂ ਸਾਰੀਆਂ ਕਾਨੂੰਨੀ ਸ਼ਕਲਾਂ ਵਿੱਚ ਵੱਖੋ-ਵੱਖਰੇ ਨੁਕਤਿਆਂ ਦੇ ਆਧਾਰ ’ਤੇ ਫ਼ਰਕ ਪਾਏ ਜਾਂਦੇ ਹਨ। ਪ੍ਰੋਡਿਊਸਰ ਕੰਪਨੀ ਤੇ ਕਈ ਸਹਿਕਾਰੀ ਸਮਿਤੀਆਂ ਤਹਿਤ ਕਮਾਏ ਲਾਭ ਨੂੰ ਮੈਂਬਰਾਂ ਵਿੱਚ ਲਾਭ ਅੰਸ਼ ਦੇ ਰੂਪ ਵਿੱਚ ਵੰਡਣ ਦਾ ਨਿਯਮ ਹੈ। ਬਾਕੀ ਸ਼ਕਲਾਂ ਵਿੱਚ ਸਿੱਧੇ ਤੌਰ ’ਤੇ ਮੁਨਾਫ਼ੇ ਦੀ ਵੰਡ ਨਹੀਂ ਹੋ ਸਕਦੀ, ਪਰ ਢੁਕਵੇਂ ਖ਼ਰੀਦ ਅਤੇ ਵੇਚ ਮੁੱਲ ਰਾਹੀਂ ਮੈਂਬਰਾਂ ਨੂੰ ਲਾਭ ਪਹੁੰਚਾਇਆ ਜਾ ਸਕਦਾ ਹੈ। ਇੱਕ ਪ੍ਰੋਡਿਊਸਰ ਕੰਪਨੀ ਲਈ ਜ਼ਿਆਦਾ ਕਾਗਜ਼ੀ ਕਾਰਵਾਈ ਕਰਨੀ ਪੈ ਸਕਦੀ ਹੈ, ਪਰ ਸੁਚਾਰੂ ਢੰਗ ਨਾਲ ਕੰਮ ਚਲਾਉਣ ਲਈ ਅਤੇ ਵਪਾਰ ਵਧਾਉਣ ਲਈ ਬਾਕੀ ਸ਼ਕਲਾਂ ਦੇ ਮੁਕਾਬਲੇ ਪ੍ਰੋਡਿਊਸਰ ਕੰਪਨੀ ਨੂੰ ਤਰਜ਼ੀਹ ਦਿੱਤੀ ਜਾਣੀ ਚਾਹੀਦੀ ਹੈ। ਸਹਿਕਾਰੀ ਸਮਿਤੀਆਂ ਦੇ ਇਕਹਿਰੇ ਮੰਤਵ ਦੇ ਮੁਕਾਬਲੇ ਪ੍ਰੋਡਿਊਸਰ ਕੰਪਨੀ ਦਾ ਮਨੋਰਥ ਬਹੁ-ਆਯਾਮੀ ਹੁੰਦਾ ਹੈ। ਸਹਿਕਾਰੀ ਸਮਿਤੀ ਦੇ ਕੰਮ ਕਰਨ ਦਾ ਖੇਤਰ ਸੀਮਿਤ ਹੁੰਦਾ ਹੈ ਪਰ ਪ੍ਰੋਡਿਊਸਰ ਕੰਪਨੀ ਪੂਰੇ ਦੇਸ਼ ਵਿੱਚ ਵਪਾਰਕ ਗਤੀਵਿਧੀਆਂ ਚਲਾ ਸਕਦੀ ਹੈ। ਕੋ-ਅਪਰੇਟਿਵ ਸੁਸਾਇਟੀ ਦੀ ਤਰਜ਼ ਉੱਪਰ ਕਿਸਾਨ ਉਤਪਾਦਕ ਸੰਸਥਾ ਵਿੱਚ ਹਰ ਮੈਂਬਰ ਕੋਲ ਇੱਕ ਵੋਟ ਹੁੰਦਾ ਹੈ।
ਪ੍ਰੋਡਿਊਸਰ ਕੰਪਨੀ ਦੀ ਆਪਣੀ ਕਾਨੂੰਨੀ ਹੋਂਦ ਹੁੰਦੀ ਹੈ। ਪ੍ਰੋਡਿਊਸਰ ਕੰਪਨੀ ਦਾ ਨਾਂ ਰੱਖਣ ਸਮੇਂ ਮੈਂਬਰਾਂ ਅਤੇ ਕੰਪਨੀ ਦੇ ਮੰਤਵਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਅਤੇ ਇਨ੍ਹਾਂ ਮੰਤਵਾਂ ਦੀ ਝਲਕ ਵੀ ਪ੍ਰੋਡਿਊਸਰ ਕੰਪਨੀ ਦੇ ਨਾਂ ਵਿੱਚ ਹੋਣੀ ਚਾਹੀਦੀ ਹੈ। ਇੱਕ ਪ੍ਰੋਡਿਊਸਰ ਕੰਪਨੀ ਬਣਾਉਣ ਲਈ ਦਸ ਜਾਂ ਵੱਧ ਉਤਪਾਦਕ ਲੋੜੀਂਦੇ ਹੁੰਦੇ ਹਨ। ਫਾਰਮ-ਆਈ ਐਨ ਸੀ-7, ਫਾਰਮ ਡੀ ਆਈ ਆਰ-12 ਅਤੇ ਫਾਰਮ ਆਈ ਐਨ ਸੀ-22 ਰਾਹੀਂ ਪ੍ਰੋਡਿਊਸਰ ਕੰਪਨੀ ਦਾ ਗਠਨ ਕੀਤਾ ਜਾ ਸਕਦਾ ਹੈ। ਬਣਾਈ ਜਾਣ ਵਾਲੀ ਪ੍ਰੋਡਿਊਸਰ ਕੰਪਨੀ ਦੇ ਡਾਇਰੈਕਟਰਾਂ ਨੂੰ ਡਾਇਰੈਕਟਰ ਆਡੈਂਟੀਫਿਕੇਸ਼ਨ ਨੰਬਰ ਲਈ ਫਾਰਮ ਡੀ ਆਈ ਆਰ-3, ਲੋੜੀਂਦੇ ਕਾਗਜ਼ ਨੱਥੀ ਕਰਕੇ, ਭਰਨਾ ਹੁੰਦਾ ਹੈ। ਇਹ ਨੰਬਰ ਸਦਾ ਲਈ ਜਾਇਜ਼ ਮੰਨਿਆ ਜਾਂਦਾ ਹੈ। ਪ੍ਰੋਡਿਊਸਰ ਕੰਪਨੀ ਦਾ ਨਾਂ ਰਾਖਵਾਂ ਕਰਵਾਉਣ ਲਈ ਬਿਨੈਕਾਰ ਦੇ ਰੂਪ ਵਿੱਚ ਫਾਰਮ ਆਈ ਐਨ ਸੀ-1 ਭਰਨਾ ਜ਼ਰੂਰੀ ਹੈ।
ਇੱਕ ਪ੍ਰੋਡਿਊਸਰ ਕੰਪਨੀ ਸਿਰਫ਼ ਮੈਂਬਰਾਂ ਰਾਹੀਂ ਹੀ ਕੰਮ ਕਰਦੀ ਹੈ। ਮੈਂਬਰਾਂ ਨੂੰ ਕੰਪਨੀ ਬਣਾਉਣ, ਚਲਾਉਣ ਅਤੇ ਬੰਦ ਕਰਨ ਦਾ ਪੂਰਾ ਹੱਕ ਹੁੰਦਾ ਹੈ। ਆਮ ਮੀਟਿੰਗ ਰਾਹੀਂ ਮੈਂਬਰ ਕੰਪਨੀ ਦੇ ਕੰਮਾਂ ਬਾਰੇ ਫ਼ੈਸਲੇ ਲੈਂਦੇ ਹਨ। ਇੱਕ ਪ੍ਰੋਡਿਊਸਰ ਕੰਪਨੀ ਦੀ ਘੱਟੋ-ਘੱਟ ਅਖ਼ਤਿਆਰੀ ਪੂੰਜੀ ਪੰਜ ਲੱਖ ਰੁਪਏ ਹੁੰਦੀ ਹੈ। ਪ੍ਰੋਡਿਊਸਰ ਕੰਪਨੀ ਬਣਾਉਣ ਸਮੇਂ ਹੋਰ ਕਾਨੂੰਨੀ ਕਾਗਜ਼ਾਂ ਤੋਂ ਇਲਾਵਾ ਆਰਟੀਕਲਜ਼ ਆਫ ਅਸੋਸੀਏਸ਼ਨ ਅਤੇ ਮੈਮੋਰੈਂਡਮ ਆਫ ਐਸੋਸੀਏਸ਼ਨ ਵੀ ਤਿਆਰ ਕੀਤੇ ਜਾਂਦੇ ਹਨ। ਆਰਟੀਕਲਜ਼ ਆਫ ਐਸੋਸੀਏਸ਼ਨ ਇੱਕ ਅਜਿਹਾ ਦਸਤਾਵੇਜ਼ ਹੁੰਦਾ ਹੈ ਜੋ ਕਿ ਕੰਪਨੀ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦੇ ਨਿਯਮ ਨਿਰਧਾਰਿਤ ਕਰਦਾ ਹੈ। ਇਸ ਦਸਤਾਵੇਜ਼ ਵਿੱਚ ਕੰਪਨੀ ਦੇ ਮਕਸਦ ਨੂੰ ਪਰਿਭਾਸ਼ਤ ਕੀਤਾ ਜਾਂਦਾ ਹੈ ਅਤੇ ਨਾਲ ਹੀ ਤੈਅ ਕੀਤੇ ਮਕਸਦਾਂ ਨੂੰ ਹਾਸਲ ਕਰਨ ਲਈ ਕੀਤੇ ਜਾਣ ਵਾਲੇ ਕੰਮਾਂ ਬਾਰੇ ਖ਼ੁਲਾਸਾ ਕੀਤਾ ਜਾਂਦਾ ਹੈ। ਵਿੱਤੀ ਲੇਖਾ-ਜੋਖਾ ਰੱਖਣ ਦੀ ਤਰਤੀਬ ਤੋਂ ਇਲਾਵਾ ਡਾਇਰੈਕਟਰਾਂ ਦੀ ਨਿਯੁਕਤੀ ਬਾਰੇ ਵਿਸਥਾਰ ਇਸ ਦਸਤਾਵੇਜ਼ ਵਿੱਚ ਦਿੱਤੀ ਜਾਂਦੀ ਹੈ। ਕੰਪਨੀ ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਮੈਮੋਰੈਂਡਮ ਆਫ ਐਸੋਸੀਏਸ਼ਨ ਵਿੱਚ ਦਰਜ ਹੁੰਦੀਆਂ ਹਨ। ਇਸ ਦਸਤਾਵੇਜ਼ ਨੂੰ ਤਿਆਰ ਕਰਨ ਸਮੇਂ ਜ਼ਰੂਰੀ ਹੈ ਕਿ ਕੰਪਨੀ ਦੀ ਅਜੋਕੀਆਂ ਗਤੀਵਿਧੀਆਂ ਦੇ ਨਾਲ-ਨਾਲ ਭਵਿੱਖ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਵੀ ਸ਼ੁਮਾਰ ਕੀਤੀਆਂ ਜਾਂਦੀਆਂ ਹਨ।
ਇੱਕ ਪ੍ਰੋਡਿਊਸਰ ਕੰਪਨੀ, ਪ੍ਰਾਈਵੇਟ ਲਿਮਟਿਡ ਕੰਪਨੀ ਅਤੇ ਸਹਿਕਾਰੀ ਸਭਾ ਦਾ ਸੁਮੇਲ ਹੁੰਦੀ ਹੈ। ਸਹਿਕਾਰੀ ਸਭਾ ਦੇ ਆਪਸ-ਦਾਰੀ ਆਧਾਰਿਤ ਫ਼ਾਇਦਿਆਂ ਦੇ ਨਾਲ ਨਾਲ ਪੇਸ਼ੇਵਰ ਪ੍ਰਬੰਧ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ। ਇੱਕ ਪ੍ਰੋਡਿਊਸਰ ਕੰਪਨੀ ਨੂੰ ਪੂਰੇ ਦੇਸ਼ ਵਿੱਚ ਕੰਮ ਕਰਨ ਦੀ ਆਜ਼ਾਦੀ ਹੁੰਦੀ ਹੈ ਅਤੇ ਇਨ੍ਹਾਂ ਗਤੀਵਿਧੀਆਂ ਨੂੰ ਪੇਸ਼ੇਵਰ ਅੰਦਾਜ਼ ਨਾਲ ਨੇਪਰੇ ਚਾੜ੍ਹਿਆ ਜਾ ਸਕਦਾ ਹੈ।
ਆਮ ਤੌਰ ’ਤੇ ਦੇਖਣ ਵਿੱਚ ਆਉਂਦਾ ਹੈ ਕਿ ਮੁੱਢਲੇ ਉਤਪਾਦਕ ਵਸਤੂ ਦੇ ਮੰਡੀਕਰਨ ਵਿੱਚ ਔਖ ਮਹਿਸੂਸ ਕਰਦੇ ਹਨ। ਫਾਰਮਰ ਪ੍ਰੋਡਿਊਸਰ ਸੰਸਥਾਵਾਂ ਨਾਲ ਇਸ ਵਿੱਥ ਨੂੰ ਘਟਾਇਆ ਜਾ ਸਕਦਾ ਹੈ। ਕੱਚੇ ਮਾਲ ਦੀ ਖਰੀਦ, ਉਤਪਾਦਨ, ਪ੍ਰੋਸੈਸਿੰਗ, ਮੰਡੀਕਰਨ ਯਾਨੀ ਕਿ ਸ਼ੁਰੂਆਤ ਤੋਂ ਲੈ ਕੇ ਉਪਭੋਗਤਾ ਤੱਕ ਵਸਤੂ ਪਹੁੰਚਾਉਣ ਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਐਫ ਪੀ ਓ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ।
ਸੰਪਰਕ: 81461-33399


Comments Off on ਖ਼ੁਸ਼ਹਾਲੀ ਦਾ ਰਾਹ ਕਿਸਾਨ ਉਤਪਾਦਕ ਸੰਸਥਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.