ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਖ਼ਾਨ ਮਾਰਕੀਟ ਦਾ ਖੌਫ਼

Posted On July - 2 - 2019

ਗੌਰਵ

ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਭਾਰਤੀ ਲੋਕਾਂ ਦੇ ਮਨਾਂ ਅੰਦਰ ਉਨ੍ਹਾਂ ਦਾ ਬਿੰਬ ਉਨ੍ਹਾਂ ਦੀ ਆਪਣੀ 45 ਸਾਲਾਂ ਦੀ ਤਪੱਸਿਆ ਨੇ ਬਣਾਇਆ ਹੈ, ਨਾ ਕਿ ਕਿਸੇ ‘ਖ਼ਾਨ ਮਾਰਕੀਟ ਗੈਂਗ’ ਜਾਂ ‘ਲੁਟਯਨ ਸੱਭਿਆਚਾਰ’ ਨੇ। ਇਹ ਦੋਵੇਂ ਸ਼ਬਦ ਰਾਜਧਾਨੀ ਦਿੱਲੀ ਦੇ ਦੋ ਬੇਹੱਦ ਚਰਚਿਤ ਇਲਾਕਿਆਂ ਦੇ ਨਾਂ ਹਨ, ਪਰ ਪ੍ਰਧਾਨ ਮੰਤਰੀ ਨੇ ਇਨ੍ਹਾਂ ਦੋਵਾਂ ਨਾਵਾਂ ਨੂੰ ਜਿਸ ਪ੍ਰਸੰਗ ਵਿਚ ਵਰਤਿਆ ਹੈ, ਉਸ ਨਾਲ ਇਨ੍ਹਾਂ ਥਾਵਾਂ ਦੇ ਵਾਸੀ ਜ਼ਰੂਰ ਹੈਰਾਨ ਹੋ ਗਏ ਹਨ।
ਲੁਟਯਨ ਦਿੱਲੀ, ਨਵੀਂ ਦਿੱਲੀ ਵਿਚ ਬੇਹੱਦ ਪੌਸ਼ ਇਲਾਕਾ ਹੈ। ਇਸ ਦਾ ਇਹ ਨਾਂ ਇਕ ਬ੍ਰਿਟਿਸ਼ ਆਰਕੀਟੈਕਟ ਇਡਵਿਨ ਲੁਟਯਨ ਨਾਂ ਉੱਪਰ ਪਿਆ ਹੈ ਜਿਸ ਨੇ ਇਸ ਇਲਾਕੇ ਦਾ ਡਿਜ਼ਾਇਨ ਤਿਆਰ ਕੀਤਾ ਸੀ। ਇਸ ਵਿਚ ਸੰਸਦ, ਰਾਸ਼ਟਰਪਤੀ ਭਵਨ, ਸਕੱਤਰੇਤ ਇਮਾਰਤ, ਸਿਆਸੀ ਪਾਰਟੀਆਂ ਦੇ ਮੁੱਖ ਦਫ਼ਤਰ ਹਨ। ਇਸ ਇਲਾਕੇ ਦੀ ਇਕ ਦਿਲਕਸ਼ ਥਾਂ ਲੁਟਯਨ ਬੰਗਲੋ ਜ਼ੋਨ ਹੈ। ਇਹ ਬੰਗਲੋ ਜ਼ੋਨ ਏਨਾ ਆਰਾਮਦੇਹ ਅਤੇ ਦਿਲਕਸ਼ ਹੈ ਕਿ ਸਿਆਸਤਦਾਨ ਇੱਥੇ ਬੰਗਲਾ ਲੈਣ ਨੂੰ ਤਰਸਦੇ ਹਨ। ਪ੍ਰਧਾਨ ਮੰਤਰੀ ਦੇ ਬਿਆਨ ਵਿਚ ਵਰਤਿਆ ‘ਲੁਟਯਨ ਸੱਭਿਆਚਾਰ’ ਸ਼ਬਦ ਇਕ ਤਰ੍ਹਾਂ ਦੇ ਪੌਸ਼ ਸੱਭਿਆਚਾਰ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਅਨੁਸਾਰ ਉਨ੍ਹਾਂ ਦੀ ਸਾਦੀ ਤੇ ਆਮ ਜੀਵਨਸ਼ੈਲੀ ਦੇਸ਼ ਦੀ ਬਹੁ-ਗਿਣਤੀ ਦੀ ਜੀਵਨਸ਼ੈਲੀ ਦੀ ਪ੍ਰਤੀਨਿਧਤਾ ਕਰਦੀ ਹੈ। ਉਹ ਖ਼ੁਦ ਕਿਸੇ ਲੁਟਯਨ ਸੱਭਿਆਚਾਰ ਨਾਲ ਸਬੰਧ ਨਹੀਂ ਰੱਖਦੇ, ਸਗੋਂ ਆਪਣੀ ਇਸੇ ਹਰਮਨ ਪਿਆਰਤਾ ਕਾਰਨ ਉਹ ਲੁਟਯਨ ਸੱਭਿਆਚਾਰ ਨਾਲ ਸਬੰਧ ਰੱਖਣ ਵਾਲੀਆਂ ਹੋਰ ਸਿਆਸੀ ਧਿਰਾਂ ਦੀਆਂ ਅੱਖਾਂ ਵਿਚ ਰੜਕ ਰਹੇ ਹਨ।
ਲੁਟਯਨ ਦਿੱਲੀ ਦੇ ਕਰੀਬ ਹੀ ਖ਼ਾਨ ਮਾਰਕੀਟ ਇਲਾਕਾ ਹੈ। ਇਸ ਇਲਾਕੇ ਦਾ ਨਾਂ ਕਾਂਗਰਸੀ ਆਗੂ ਅਬਦੁਲ ਗੱਫ਼ਾਰ ਖ਼ਾਨ ਦੇ ਭਰਾ ਅਬਦੁਲ ਜੱਬਾਰ ਖ਼ਾਨ ਦੇ ਨਾਂ ਉੱਪਰ ਪਿਆ ਹੈ। ਦੇਸ਼-ਵੰਡ ਤੋਂ ਬਾਅਦ ਪਾਕਿਸਤਾਨ ਵਾਲੇ ਪਾਸਿਓਂ ਉੱਜੜ ਕੇ ਆਏ ਲੋਕਾਂ ਨੇ ਖ਼ਾਨ ਮਾਰਕੀਟ ਨੂੰ ਆਪਣੀ ਬਸਤੀ ਬਣਾਇਆ। ਕੋਈ ਸਮਾਂ ਸੀ ਜਦੋਂ ਖ਼ਾਨ ਮਾਰਕੀਟ ਪ੍ਰਗਤੀਵਾਦੀ ਸਾਹਿਤਕਾਰਾਂ, ਕਲਾਕਾਰਾਂ ਅਤੇ ਸਿਆਸਤਦਾਨਾਂ ਦੀਆਂ ਸਿਆਸੀ ਸਰਗਰਮੀਆਂ ਲਈ ਜਾਣੀ ਜਾਂਦੀ ਸੀ। ਇੱਥੋਂ ਦੇ ਕੌਫੀ ਹਾਊਸ ਬੈਠਕਾਂ ਦਾ ਸਬੱਬ ਬਣਦੇ, ਪਰ ਹੁਣ ਸਭ ਬਦਲ ਗਿਆ ਹੈ। ਅੱਜ ਖ਼ਾਨ ਮਾਰਕੀਟ ਭਾਰਤ ਦਾ ਸਭ ਤੋਂ ਮਹਿੰਗਾ ਬਾਜ਼ਾਰ ਹੈ। ਇਹ ਪੌਸ਼ ਬਾਜ਼ਾਰ ਦੁਨੀਆਂ ਦੇ ਸਭ ਤੋਂ ਮਹਿੰਗੇ 25 ਬਾਜ਼ਾਰਾਂ ਵਿਚ ਵੀ ਸ਼ੁਮਾਰ ਹੈ। ਦੁਨੀਆਂ ਭਰ ਦੇ ਸਭ ਤੋਂ ਚਰਚਿਤ ਫੈਸ਼ਨ ਅਤੇ ਖਾਦ ਉਤਪਾਦ ਤੁਹਾਨੂੰ ਇੱਥੇ ਮਿਲ ਸਕਦੇ ਹਨ। ਉਦੋਂ ਦੇ ਕੌਫ਼ੀ ਹਾਊਸ ਹੁਣ ਮਹਿੰਗੇ ਰੇਸਤਰਾਂ ਅਤੇ ਕੈਫੇਟੇਰੀਆ ਵਿਚ ਤਬਦੀਲ ਹੋ ਚੁੱਕੇ ਹਨ। ਇੱਥੇ ਹੁਣ ਸਮਾਜਿਕ ਫ਼ਿਕਰਾਂ ਬਾਰੇ ਕੋਈ ਬਹਿਸ ਨਹੀਂ ਹੁੰਦੀ ਤੇ ਨਾ ਹੀ ਤਰੱਕੀ ਪਸੰਦ ਤੇ ਖੱਬੇ ਪੱਖੀ ਸੋਚ ਰੱਖਣ ਵਾਲੇ ਨੌਜਵਾਨ, ਲੇਖਕ, ਕਲਾਕਾਰ ਜਾਂ ਸਿਆਸਤਦਾਨ ਇਕੱਤਰ ਹੁੰਦੇ ਹਨ।
ਪ੍ਰਧਾਨ ਮੰਤਰੀ ਦੇ ਬਿਆਨ ਤੋਂ ਇਹ ਲੱਗਦਾ ਹੈ ਕਿ ਉਨ੍ਹਾਂ ਅਨੁਸਾਰ ਖ਼ਾਨ ਮਾਰਕੀਟ ਦੇ ਸਾਰੇ ਵਪਾਰੀ ਅਤੇ ਸਾਰੇ ਗਾਹਕ ਸ਼ਾਹੀ ਕਿਸਮ ਦੇ ਜਾਂ ਕੁਲੀਨ ਵਰਗ ਨਾਲ ਸਬੰਧਿਤ ਹਨ। ਇਹ ਲੋਕ ਉਦਾਰਵਾਦੀ ਪ੍ਰਵਿਰਤੀ ਜਾਂ ਪੱਛਮੀ ਤਾਣੇ-ਬਾਣੇ ਵਿਚ ਪੂਰੀ ਤਰ੍ਹਾਂ ਢਲ ਚੁੱਕੇ ਲੋਕ ਹਨ। ਇਨ੍ਹਾਂ ਲੋਕਾਂ ਨੂੰ ਮੋਦੀ ਦੀ ਸਮਾਜ ਦੇ ਨਿਮਨ ਵਰਗ ਪੱਖੀ ਦਿਆਨਤਦਾਰੀ ਤੇ ਉਨ੍ਹਾਂ ਲਈ ਸ਼ੁਰੂ ਕੀਤੀਆਂ ਨੀਤੀਆਂ ਰਾਸ ਨਹੀਂ ਆਉਂਦੀਆਂ। ਇਸੇ ਲਈ ਪ੍ਰਧਾਨ ਮੰਤਰੀ ਨੇ ਇਹ ਬਿਆਨ ਦੇ ਦਿੱਤਾ ਕਿ ਉਨ੍ਹਾਂ ਦੇ ਬਿੰਬ ਨੂੰ ਖ਼ਾਨ ਮਾਰਕੀਟ ਗੈਂਗ ਭਾਵ ਕੁਲੀਨ ਵਰਗ ਨੇ ਨਹੀਂ ਬਣਾਇਆ, ਸਗੋਂ ਭਾਰਤ ਦੇ ਉਨ੍ਹਾਂ ਲੋਕਾਂ ਨੇ (ਨਿਮਨ ਵਰਗ) ਬਣਾਇਆ ਹੈ ਜਿਸ ਦੀ ਉਨ੍ਹਾਂ ਪਿਛਲੇ 45 ਸਾਲਾਂ ਤੋਂ ਸੇਵਾ ਕੀਤੀ ਹੈ। ਹਾਲਾਂਕਿ ਇੱਥੇ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਉਨ੍ਹਾਂ ਖ਼ਾਨ ਮਾਰਕੀਟ ਵਿਚਲੇ ਮੱਧ ਵਰਗੀ ਵਪਾਰੀਆਂ ਅਤੇ ਗਾਹਕਾਂ ਨੂੰ ਨਜ਼ਰਅੰਦਾਜ਼ ਕਿਵੇਂ ਕਰ ਦਿੱਤਾ। ਕੀ ਖ਼ਾਨ ਮਾਰਕੀਟ ਦੇ ਵਪਾਰੀ ਅਤੇ ਗਾਹਕ ਮੋਦੀ ਦੇ ਵੋਟ ਬੈਂਕ ਦਾ ਹਿੱਸਾ ਨਹੀਂ ਹਨ? ਪਰ ਇਸ ਦੇ ਬਾਵਜੂਦ ਚੋਣਾਂ ਤੋਂ ਠੀਕ ਪਹਿਲਾਂ ਦਿੱਤਾ ਇਹ ਬਿਆਨ ਦੇਸ਼ ਦੇ ਬਾਕੀ ਨਿਮਨ ਵਰਗ ਦੀ ਹਮਾਇਤ ਹਾਸਲ ਕਰਨ ਦਾ ਹਥਕੰਡਾ ਵੀ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਦੀ ਇਸ ਵਿਵਾਦਿਤ ਅਤੇ ਅਜੀਬ ਟਿੱਪਣੀ ਤੋਂ ਬਾਅਦ ਲੁਟਯਨ ਇਲਾਕੇ ਤੇ ਖ਼ਾਨ ਮਾਰਕੀਟ ਨਾਲ ਜੁੜੇ ਲੋਕ ਹੈਰਾਨ ਹਨ। ਉਹ ਸਮਝ ਨਹੀਂ ਪਾ ਰਹੇ ਸਨ ਕਿ ਪ੍ਰਧਾਨ ਮੰਤਰੀ ਦਾ ਅਸਲ ਇਸ਼ਾਰਾ ਕਿਨ੍ਹਾਂ ਵੱਲ ਸੀ। ਬੇਸ਼ੱਕ ਲੁਟਯਨ ਸੱਭਿਆਚਾਰ ਅਤੇ ਖ਼ਾਨ ਮਾਰਕੀਟ ਗੈਂਗ ਦੇ ਅਰਥ ਵੱਖ-ਵੱਖ ਪ੍ਰਸੰਗਾਂ ਵਾਲੇ ਹੋਣ, ਪਰ ਪ੍ਰਧਾਨ ਮੰਤਰੀ ਨੇ ਆਪਣੀ ਬਿਆਨਬਾਜ਼ੀ ਵਿਚ ਇਨ੍ਹਾਂ ਨੂੰ ਇਕ ਕਰਾਰ ਦਿੱਤਾ ਹੈ। ਕਿਸੇ ਕਿਸਮ ਦੀ ਬੌਧਿਕ/ਸਿਆਸੀ ਗਤੀਵਿਧੀ ਲਈ ਖ਼ਾਨ ਮਾਰਕੀਟ ਇਕ ਮੈਟਾਫਰ ਵਜੋਂ ਏਨਾ ਮਕਬੂਲ ਹੋ ਚੁੱਕਿਆ ਹੈ ਕਿ ਹੁਣ ਸਰਕਾਰੀ ਨੀਤੀਆਂ ਦਾ ਵਿਰੋਧ ਕਰਨ ਵਾਲੀ ਜਾਂ ਉਸ ਵਿਚ ਮੀਨ-ਮੇਖ ਕੱਢਣ ਵਾਲੀ ਹਰ ਧਿਰ ਨੂੰ ਖ਼ਾਨ ਮਾਰਕੀਟ ਗੈਂਗ ਦੀ ਉਪਾਧੀ ਦੇ ਦਿੱਤੀ ਜਾਂਦੀ ਹੈ। ਇਸ ਲਈ ਪ੍ਰਧਾਨ ਮੰਤਰੀ ਵਲੋਂ ਵਰਤੇ ‘ਖ਼ਾਨ ਮਾਰਕੀਟ ਗੈਂਗ’ ਸ਼ਬਦ ਵਿਚ ਉਹ ਤਰੱਕੀ ਪਸੰਦ ਧਿਰਾਂ ਸ਼ਾਮਿਲ ਹਨ ਜੋ ਰਾਜਨੀਤਕ ਵਿਵਸਥਾ ਉੱਪਰ ਲਗਾਤਾਰ ਸਵਾਲ ਉਠਾਉਂਦੀਆਂ ਹਨ ਅਤੇ ਆਮ ਜਨਤਾ ਦੇ ਮਨ ਵਿਚ ਉਨ੍ਹਾਂ ਦੇ ਬਿੰਬ ਨੂੰ ਧੁੰਧਲਾ ਕਰਨ ਦੀ ਕੋਸ਼ਿਸ਼ ਵਿਚ ਲੱਗੀਆਂ ਰਹਿੰਦੀਆਂ ਹਨ। ਸੰਖੇਪ ਵਿਚ ਜੋ ਵੀ ਮੋਦੀ ਨੂੰ ਪਸੰਦ ਨਹੀਂ ਕਰਦਾ, ਉਹ ਲੁਟਯਨ ਜਾਂ ਖ਼ਾਨ ਮਾਰਕੀਟ ਗੈਂਗ ਦਾ ਵਾਸੀ ਹੈ।
ਨਰਿੰਦਰ ਮੋਦੀ ਭਾਰਤ ਦੇ ਪਹਿਲੇ ਸਿਆਸਤਦਾਨ ਨਹੀਂ ਹਨ ਜਿਨ੍ਹਾਂ ਨੂੰ ਮਜਲਿਸਾਂ ਰੜਕੀਆਂ ਹਨ। ਇੰਡੀਅਨ ਕੌਫ਼ੀ ਹਾਊਸ ਕਿਸੇ ਸਮੇਂ ਦਿੱਲੀ ਦੀਆਂ ਸਭ ਤੋਂ ਚਰਚਿਤ ਥਾਵਾਂ ਵਿਚੋਂ ਇਕ ਹੁੰਦਾ ਸੀ। ਤਤਕਾਲੀ ਸਮੇਂ ਦੇ ਨਾਮਵਰ ਸਿਆਸਤਦਾਨ ਤੇ ਪੱਤਰਕਾਰ ਇੱਥੇ ਕੌਫ਼ੀ ਪੀਣ ਲਈ ਜੁੜਦੇ ਤੇ ਕੌਫ਼ੀ ਦੇ ਬਹਾਨੇ ਦੇਸ਼ ਦੀ ਵਿਵਸਥਾ ਉੱਪਰ ਘੰਟਿਆਂ ਬੱਧੀ ਗੱਲਾਂ/ਬਹਿਸ ਕਰਦੇ। ਇਨ੍ਹਾਂ ਵਿਚ ਸਿਆਸਤਦਾਨ ਜੈ ਪ੍ਰਕਾਸ਼ ਨਰਾਇਣ ਤੇ ਰਾਮ ਮਨੋਹਰ ਲੋਹੀਆ ਅਤੇ ਚੰਦਰਸ਼ੇਖਰ ਜਿਹੇ ਆਗੂਆਂ ਦੇ ਨਾਂ ਵੀ ਸ਼ਾਮਿਲ ਸਨ ਜੋ ਬਾਅਦ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਵੀ ਬਣੇ। ਇੰਡੀਅਨ ਕੌਫ਼ੀ ਹਾਊਸ ਤੋਂ ਬਿਨਾਂ ਦਿੱਲੀ ਦਾ ਯੂਨੀਵਰਸਿਟੀ ਕੌਫ਼ੀ ਹਾਊਸ ਵੀ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। 1974 ਵਿਚ ਸੇਂਟ ਸਟੀਫਨ ਕਾਲਜ ਦੀ ਕੰਟੀਨ ਵਿਚ ਸਿਰਫ਼ ਬੁਰਜੂਆ ਲੋਕ ਇਕੱਠੇ ਹੁੰਦੇ ਸਨ ਤੇ ਇੱਥੇ ਭੋਜਨ ਕਰਨਾ ਇਕ ਸਟੇਟਸ ਸਿੰਬਲ ਹੁੰਦਾ ਸੀ ਕਿਉਂਕਿ ਬਹੁਤਿਆਂ ਨੂੰ ਉਨ੍ਹਾਂ ਦੀ ਜੇਬ ਉੱਥੇ ਜਾਣ ਦੀ ਇਜਾਜ਼ਤ ਨਹੀਂ ਸੀ ਦਿੰਦੀ। ਅਜਿਹੀ ਸੂਰਤ ਵਿਚ ਯੂਨੀਵਰਸਿਟੀ ਕੌਫ਼ੀ ਹਾਊਸ ਕਈ ਦਾਨਿਸ਼ਵਰਾਂ ਅਤੇ ਚਿੰਤਕਾਂ ਦਾ ਮੱਕਾ ਬਣ ਗਿਆ। ਇੱਥੇ ਸਮਕਾਲੀ ਹਾਲਾਤ ਉੱਪਰ ਹਰ ਤਰ੍ਹਾਂ ਦੀਆਂ ਬਹਿਸਾਂ ਹੁੰਦੀਆਂ ਸਨ। ਹੌਲੀ-ਹੌਲੀ ਇਹ ਗੱਲ ਸਰਕਾਰੀ ਕੰਨਾਂ ਤਕ ਪੁੱਜ ਗਈ ਕਿ ਇਹ ਕੌਫ਼ੀ ਹਾਊਸ ਇੰਦਰਾ ਸਰਕਾਰ ਖਿਲਾਫ਼ ਰਣਨੀਤੀਆਂ ਘੜ ਰਹੇ ਹਨ। 1976 ਵਿਚ ਐਮਰਜੈਂਸੀ ਦੌਰਾਨ ਇਨ੍ਹਾਂ ਕੌਫ਼ੀ ਹਾਊਸਾਂ ਨੂੰ ਬੰਦ ਕਰ ਦਿੱਤਾ। ਬਹੁਤੇ ਬਹਿਸਬਾਜ਼ਾਂ ਨੂੰ ਜੇਲ੍ਹਾਂ ਵਿਚ ਬੰਦ ਕਰ ਦਿੱਤਾ। ਇਸ ਮਗਰੋਂ ਦੇਸ਼ ਭਰ ਵਿਚ ਕਈ ਕੌਫ਼ੀ ਤੇ ਟੀ ਹਾਊਸ ਬੰਦ ਕਰ ਦਿੱਤੇ। 1977 ਦੇ ਸ਼ੁਰੂ ਵਿਚ ਜਦੋਂ ਐਮਰਜੈਂਸੀ ਹਟੀ ਤਾਂ ਇਨ੍ਹਾਂ ਕੌਫ਼ੀ ਹਾਊਸਾਂ ਨੂੰ ਮੁੜ ਸ਼ੁਰੂ ਕੀਤਾ ਗਿਆ।
ਅੱਜ ਖ਼ਾਨ ਮਾਰਕੀਟ ਦੀਆਂ ਚਾਹ ਦੀਆਂ ਦੁਕਾਨਾਂ, ਯੂਨੀਵਰਸਿਟੀ ਕੌਫ਼ੀ ਹਾਊਸ, ਇੰਡੀਅਨ ਕੌਫ਼ੀ ਹਾਊਸ ਆਦਿ ਮਜਲਿਸਾਂ ਬੇਸ਼ੱਕ ਉਹ ਮੁਕਾਮ ਨਹੀਂ ਰੱਖਦੀਆਂ, ਪਰ ਫੇਰ ਵੀ ਸਥਾਪਤੀ ਨੂੰ ਅਵਚੇਤਨ ਪੱਧਰ ’ਤੇ ਇਨ੍ਹਾਂ ਮਜਲਿਸਾਂ ਤੋਂ ਡਰ ਲੱਗਦਾ ਹੈ। ਉਹ ਇਨ੍ਹਾਂ ਥਾਵਾਂ ਨੂੰ ਤਰਜੀਹ ਨਹੀਂ ਦੇਣਾ ਚਾਹੁੰਦੇ। ਮਸਲਨ ਕਈ ਸਾਲਾਂ ਤੋਂ ਖ਼ਾਨ ਮਾਰਕੀਟ ਟ੍ਰੈਫਿਕ ਤੇ ਪਾਰਕਿੰਗ ਦੀ ਸਮੱਸਿਆ ਨਾਲ ਜੂਝ ਰਹੀ ਹੈ। ਹਾਲਾਂਕਿ ਇਹ ਥਾਂ ਪ੍ਰਧਾਨ ਮੰਤਰੀ ਦੇ ਨਿਵਾਸ ਤੋਂ ਸਿਰਫ਼ 4 ਕੁ ਕਿਲੋਮੀਟਰ ਦੂਰ ਹੈ। ਇਸ ਤੋਂ ਬਿਨਾਂ ਇੱਥੋਂ ਦੀ ਇਕ ਹੋਰ ਵੱਡੀ ਸਮੱਸਿਆ ਅੱਗ ਦਾ ਖ਼ਤਰਾ ਹੈ। ਸਾਰੀ ਮਾਰਕੀਟ ਦਾ ਬਹੁਤਾ ਹਿੱਸਾ ਲੱਕੜ ਦਾ ਬਣਿਆ ਹੋਇਆ ਹੈ। ਮਹਿੰਗੇ ਰੇਸਤਰਾਂ ਤੇ ਦੁਕਾਨਾਂ ਵਾਲਿਆਂ ਨੇ ਤਾਂ ਆਪਣੇ ਪੱਧਰ ’ਤੇ ਹੀ ਅੱਗ ਦਾ ਇੰਤਜ਼ਾਮ ਕੀਤਾ ਹੋਇਆ ਹੈ, ਪਰ ਅੱਗ ਲੱਗਣ ਦੀ ਸੂਰਤ ਵਿਚ ਛੋਟੀਆਂ ਦੁਕਾਨਾਂ ਲਈ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ।
ਦੇਸ਼ ਵੰਡ ਦੌਰਾਨ ਅਬਦੁਲ ਜੱਬਾਰ ਖ਼ਾਨ ਨੇ ਪਾਕਿਸਤਾਨ ਵਾਲੇ ਪਾਸਿਓਂ ਉੱਜੜ ਕੇ ਆਏ ਮੁਸਲਿਮ ਵਪਾਰੀਆਂ ਨੂੰ ਖ਼ਾਨ ਮਾਰਕੀਟ ਕੋਲ ਵਸਣ ਵਿਚ ਮਦਦ ਕੀਤੀ। ਵਪਾਰੀਆਂ ਨੇ ਅਬਦੁਲ ਜੱਬਾਰ ਖ਼ਾਨ ਲਈ ਸਤਿਕਾਰ ਵਜੋਂ ਇਸ ਇਲਾਕੇ ਦਾ ਨਾਂ ਖ਼ਾਨ ਮਾਰਕੀਟ ਰੱਖ ਦਿੱਤਾ। ਖ਼ਾਨ ਮਾਰਕੀਟ ਦਾ ਨਾਂ ਬਦਲਣ ਦੀ ਮੰਗ ਮੀਡੀਆ ਵਿਚ ਲੰਮੇ ਚਿਰ ਤੋਂ ਚੱਲ ਰਹੀ ਹੈ ਜੋ ਕਿ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਹੋਰ ਤੇਜ਼ ਹੋ ਗਈ ਹੈ। ਮੌਜੂਦਾ ਸਰਕਾਰ ਮੁਸਲਿਮ ਨਾਵਾਂ ਵਾਲੀਆਂ ਸੜਕਾਂ ਤੇ ਸ਼ਹਿਰਾਂ ਦੇ ਨਾਂ ਬਦਲਣ ਵਿਚ ਵਧੇਰੇ ਰੁਚਿਤ ਰਹੀ ਹੈ। ਦਰਅਸਲ, ਇਸ ਤਬਦੀਲੀ ਵਾਲੀ ਸਿਆਸਤ ਦਾ ਮੰਤਵ ਮੁਸਲਿਮ ਵਸੋਂ ਵਿਚ ਅਸਹਿਜ ਜਾਂ ਡਰ ਦੀ ਭਾਵਨਾ ਪੈਦਾ ਕਰਕੇ ਉਨ੍ਹਾਂ ਨੂੰ ਮੁੱਖ ਧਾਰਾ ਤੋਂ ਦੂਰ ਕਰਨਾ ਹੈ।
ਦੁਬਾਰਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਨੇ ਆਪਣੇ ਪਹਿਲੇ ਹੀ ਭਾਸ਼ਨ ਵਿਚ ਕਿਹਾ ‘ਪਿਛਲੇ ਕੁਝ ਸਮੇਂ ਤੋਂ ਦੇਸ਼ ਵਿਚ ਘੱਟ-ਗਿਣਤੀਆਂ ਇਕ ਕਾਲਪਨਿਕ ਡਰ ਦੇ ਪਰਛਾਵੇਂ ਵਿਚ ਜੀ ਰਹੀਆਂ ਹਨ। ਦੇਸ਼ ਦੇ ਸੰਪੂਰਨ ਵਿਕਾਸ ਲਈ ਉਨ੍ਹਾਂ ਨੂੰ ਨਾਲ ਲੈ ਕੇ ਚੱਲਣਾ ਜ਼ਰੂਰੀ ਹੈ।’ ਹੁਣ ਇਸ ਬਿਆਨ ਵਿਚ ਉਨ੍ਹਾਂ ਨੇ ਮੁਸਲਮਾਨਾਂ ਦੀ ਥਾਂ ‘ਘੱਟ-ਗਿਣਤੀ’ ਸ਼ਬਦ ਵਰਤਿਆ ਤੇ ਦੂਜੀ ਗੱਲ ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਕਿ ਡਰ ਦੇ ਪਰਛਾਵੇਂ ਪੈਦਾ ਹੋਣ ਦਾ ਕਾਰਨ ਉਨ੍ਹਾਂ ਦੀ ਆਪਣੀ ਪਾਰਟੀ ਸੀ ਜਾਂ ਕੋਈ ਹੋਰ ਧਿਰ। ਖੈਰ, ਉਨ੍ਹਾਂ ਇਸ ਵਾਰ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਨਾਅਰਾ ਦੇ ਕੇ ਘੱਟ-ਗਿਣਤੀਆਂ ਦੇ ਮਨਾਂ ਵਿਚ ਆਪਣੀ ਪਾਰਟੀ ਲਈ ਫੈਲੀ ਨਫ਼ਰਤ ਨੂੰ ਘੱਟ ਕਰਨ ਦਾ ਯਤਨ ਕੀਤਾ ਹੈ, ਪਰ ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ ਕਿ ਉਹ ਆਪਣੀ ਕਹੀ ਗੱਲ ਨੂੰ ਅਮਲ ਵਿਚ ਕਿਵੇਂ ਲਿਆਉਂਦੇ ਹਨ। ਖ਼ਾਨ ਮਾਰਕੀਟ ਦੇ ਨਾਲ-ਨਾਲ ਦੇਸ਼ ਦੀਆਂ ਹੋਰ ਮੁਸਲਿਮ ਥਾਵਾਂ ਅਤੇ ਮਜਲਿਸਾਂ ਦਾ ਨਾਂ ਬਦਲਣ ਦੀ ਬਜਾਏ ਉਨ੍ਹਾਂ ਦਾ ਸੰਸਥਾਗਤ ਵਿਕਾਸ ਵਧੇਰੇ ਜ਼ਰੂਰੀ ਹੈ। ਅਜਿਹਾ ਹੋਣ ਨਾਲ ਹੀ ‘ਸਬਕਾ ਵਿਸ਼ਵਾਸ’ ਜਿੱਤਿਆ ਜਾ ਸਕਦਾ ਹੈ। ਜੇਕਰ ਪ੍ਰਧਾਨ ਮੰਤਰੀ ਇਸ ਇਲਾਕੇ ਵੱਲ ਗੰਭੀਰ ਹੋ ਕੇ ਧਿਆਨ ਦੇਣ ਤਾਂ ਫਿਰ ਉਨ੍ਹਾਂ ਨੂੰ ਖ਼ਾਨ ਮਾਰਕੀਟ ਕੋਈ ਗੈਂਗ ਜਾਂ ਬੇਗਾਨੀ ਮਹਿਸੂਸ ਨਹੀਂ ਹੋਵੇਗੀ। ਬਦਲੇ ਵਿਚ ਇਹ ਲੋਕ ਵੀ ਪ੍ਰਧਾਨ ਮੰਤਰੀ ਦਾ ਅਸਲ ਬਿੰਬ ਘੜ ਸਕਣਗੇ।

ਸੰਪਰਕ: 83769-84626


Comments Off on ਖ਼ਾਨ ਮਾਰਕੀਟ ਦਾ ਖੌਫ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.