ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਕੱਟ-ਔਫ ਲਿਸਟ ਅਤੇ ਦਾਖਲੇ ਦੀਆਂ ਲੜਾਈਆਂ

Posted On July - 1 - 2019

ਐੱਸ ਪੀ ਸਿੰਘ*

ਰੁੱਤ ਆ ਗਈ ਏ ਫਿਰ ਦਾਖ਼ਲਿਆਂ ਦੀ। ਕਾਲਜਾਂ ਦੇ ਬਾਹਰ ਕੱਟ-ਔਫ ਲਿਸਟਾਂ ਚਿਪਕ ਰਹੀਆਂ ਹਨ। ਨੌਜਵਾਨ ਵਿਦਿਆਰਥੀ ਮਨਪਸੰਦ ਕਾਲਜ ਜਾਂ ਕੋਰਸ ਵਿੱਚ ਦਾਖਲੇ ਨੂੰ ਲੈ ਕੇ ਸੈਂਕੜੇ ਤੌਖ਼ਲਿਆਂ ਨਾਲ ਜੂਝ ਰਹੇ ਹਨ। 98.5 ਫ਼ੀਸਦੀ ਨੰਬਰ ਲੈ ਕੇ ਵੀ ਕਿਸੇ ਨੂੰ ਧੁੜਕੂ ਲੱਗਾ ਹੋਇਆ ਹੈ। ਪੜ੍ਹਾਈ ਵਿੱਚ ਹੋਣਹਾਰ ਨੌਜਵਾਨ ਰਾਤਾਂ ਗਾਲ, ਮਿਹਨਤਾਂ ਕਰ, ਟਿਊਸ਼ਨਾਂ ਪੜ੍ਹ, ਜ਼ਿੰਦਗੀ ਦੇ ਸਭ ਰੰਗ ਤਿਆਗ, ਮੌਕ ਟੈਸਟਾਂ ਦਾ ਅਭਿਆਸ ਕਰ ਏਨੇ ਨੰਬਰ ਲਿਆ ਰਹੇ ਹਨ ਕਿ ਵਿਸ਼ਵਾਸ ਹੀ ਨਹੀਂ ਆਉਂਦਾ। ਫਿਰ ਵੀ ਮਨਭਾਉਂਦੇ ਦਾਖਲੇ ਦੀ ਗਰੰਟੀ ਲਈ 100 ਫ਼ੀਸਦੀ ਵਾਲਾ ਵੀ ਸਵਾ ਸੌ ਦੀ ਦੇਗ ਕਰਵਾ ਰਿਹਾ ਹੈ। ਓਧਰ ਸਮਾਜਿਕ ਸਰੋਕਾਰਾਂ ਨਾਲ ਜੁੜੀ ਕਾਰਕੁਨਾਂ ਦੀ ਇੱਕ ਭੀੜ ਇਸ ਵਰਤਾਰੇ ਨੂੰ ਭੰਡ ਰਹੀ ਹੈ। ਅਜਿਹੇ ਵਿੱਚ ਇਸ ਦਾਖਲੇ ਦੀ ਲੜਾਈ ਦੀ ਦਾਸਤਾਨ ਸਾਂਝੀ ਕਰਨੀ ਬਣਦੀ ਹੈ।
ਜਦੋਂ ਅਮਰੀਕੀ ਰਾਸ਼ਟਰਪਤੀ ਜੌਹਨ ਐੱਫ. ਕੈਨੇਡੀ ਨੇ ਆਪਣੀ ਪਹਿਲੀ ਤਕਰੀਰ ਕੀਤੀ ਤਾਂ ਉਹਦੇ ਸ਼ਬਦਾਂ ਤੋਂ ਪ੍ਰਭਾਵਿਤ ਮਿਸੀਸਿਪੀ ਵਾਸੀ ਅਤੇ ਕਿਸਾਨ ਦੇ ਪੁੱਤਰ ਜੇਮਜ਼ ਮੈਰੇਡਿੱਥ ਨੇ ਉਸੇ ਸ਼ਾਮ ਮਿਸੀਸਿਪੀ ਯੂਨੀਵਰਸਿਟੀ ਨੂੰ ਚਿੱਠੀ ਲਿਖ, ਦਾਖਲਾ ਫਾਰਮ ਭਰ ਕੇ ਭੇਜ ਦਿੱਤਾ। ਉਹਨੂੰ ਵੀ ਤੌਖ਼ਲੇ ਸਨ ਕਿਉਂਕਿ ਇਸ ਯੂਨੀਵਰਸਿਟੀ ਵਿੱਚ ਦਾਖ਼ਲੇ ਦੀ ਇੱਕ ਕੱਟ-ਔਫ ਸ਼ਰਤ ਸੀ – ਤੁਹਾਡਾ ਰੰਗ ਗੋਰਾ ਚਿੱਟਾ ਹੋਣਾ ਚਾਹੀਦਾ ਹੈ। ‘ਕਾਲਿਆਂ ਨੂੰ ਦਫ਼ਾ ਕਰੋ’ ਦਾ ਫਤਵਾ ਗੋਰੀ ਭੀੜ ਦੀ ਪੁਰਜ਼ੋਸ਼ ਸਮਾਜਿਕ ਪ੍ਰਵਾਨਗੀ ਸਦਕਾ ਲਾਗੂ ਸੀ।

ਐੱਸ ਪੀ ਸਿੰਘ*

1961 ਦੇ ਜੂਨ ਮਹੀਨੇ ਜਦੋਂ ਮੈਰੇਡਿੱਥ ਦੇ ਦਾਖਲੇ ਦਾ ਮਾਮਲਾ ਅਦਾਲਤ ਵਿੱਚ ਪਹੁੰਚਿਆ ਤਾਂ ਜ਼ਿਲ੍ਹਾ ਅਦਾਲਤ ਨੇ ਦੋ ਵਾਰੀ ਉਹਦੀ ਪ੍ਰਾਰਥਨਾ ਰੱਦ ਕਰ ਦਿੱਤੀ। ਸਾਲ ਇਸੇ ਵਿੱਚ ਲੰਘ ਗਿਆ। ਮੈਰੇਡਿੱਥ ਇਸ ਕੱਟ-ਔਫ ਦੀ ਸ਼ਰਤ ਨਾਲ ਜੂਝਣ ਲਈ ਦ੍ਰਿੜ੍ਹ ਸੀ। ਜੂਨ 1962 ਵਿੱਚ ਫਿਫਥ ਸਰਕਟ ਕੋਰਟ ਦੇ ਜੱਜ ਨੇ ਫ਼ੈਸਲਾ ਉਹਦੇ ਹੱਕ ਵਿੱਚ ਦੇ ਦਿੱਤਾ। ਫਿਰ ਇਸੇ ਅਦਾਲਤ ਦੇ ਇੱਕ ਹੋਰ ਜੱਜ ਨੇ ਫ਼ੈਸਲਾ ਉਲਟ ਦਿੱਤਾ। ਅਪੀਲ ਕੋਰਟ ਨੇ ਫਿਰ ਮੈਰੇਡਿੱਥ ਨੂੰ ਰਾਹਤ ਦਿੱਤੀ। ਅਗਲੀ ਅਦਾਲਤ ਨੇ ਰਾਹਤ ਉਲਟਾ ਦਿੱਤੀ। ਇਹ ਸਿਲਸਿਲਾ ਲੰਬਾ ਚੱਲਿਆ। ਕਦੀ ਮੈਰੇਡਿੱਥ ਅਦਾਲਤ ਵਿੱਚ, ਕਦੀ ਗੋਰੇ ਹੋਣ ਦੀ ਕੱਟ-ਔਫ ਸ਼ਰਤ ਵਾਲੇ। ਮੈਰੇਡਿੱਥ ਜੰਗ ਲਈ ਡਟ ਚੁੱਕਾ ਸੀ। ਅੰਤ ਸੁਪਰੀਮ ਕੋਰਟ ਦੇ ਜੱਜ ਹਿਊਗੋ ਬਲੈਕ ਦਾ ਫ਼ੈਸਲਾ ਆ ਗਿਆ – ਦਿਓ ਮੁੰਡੇ ਨੂੰ ਦਾਖਲਾ। ਸਵਾਲ ਹੀ ਪੈਦਾ ਨਹੀਂ ਹੁੰਦਾ, ਮਿਸੀਸਿਪੀ ਦਾ ਗਵਰਨਰ ਰੌਸ ਬਰਨੈੱਟ ਕੜਕਿਆ। ਯੂਨੀਵਰਸਿਟੀ ਵਿੱਚ ਕਾਲਾ ਭੈੜ ਨਹੀਂ ਵੜਨ ਦਿਆਂਗੇ, ਗੋਰੇ ਪੰਥ ਦੀ ਸੰਸਕ੍ਰਿਤੀ ਦੀ ਰੱਖਿਆ ਕਰਾਂਗੇ।
ਅਮਰੀਕੀ ਰਾਸ਼ਟਰਪਤੀ ਜੌਹਨ ਕੈਨੇਡੀ ਦਾ ਭਰਾ ਰੋਬਰਟ ਕੈਨੇਡੀ ਦੇਸ਼ ਦਾ ਅਟਾਰਨੀ ਜਨਰਲ ਸੀ। ਉਸ ਨੇ ਗਵਰਨਰ ਬਰਨੈੱਟ ਨਾਲ ਫੋਨ ’ਤੇ ਮੈਰੇਡਿੱਥ ਨੂੰ ਦਾਖਲਾ ਦੇਣ ਦਾ ਮਨਸੂਬਾ ਵਿਚਾਰਿਆ। ਬੌਬ ਕੈਨੇਡੀ, ਗਵਰਨਰ ਦੀ ਸਿਆਸੀ ਮਜਬੂਰੀ ਸਮਝਦਾ ਸੀ। ਉਸ ਤਜਵੀਜ਼ ਕੀਤਾ ਕਿ ਅਮਰੀਕਨ ਮਾਰਸ਼ਲ ਮੈਰੇਡਿੱਥ ਨੂੰ ਨਾਲ ਲੈ ਕੇ ਯੂਨੀਵਰਸਿਟੀ ਆਉਣਗੇ ਜਿੱਥੇ ਗਵਰਨਰ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਪਰ ਉਹ ਅਦਾਲਤੀ ਹੁਕਮ ਲਹਿਰਾਉਂਦਿਆਂ ਉਹ ਉਹਨੂੰ ਧੱਕਾ ਮਾਰ ਅੰਦਰ ਚਲੇ ਜਾਣਗੇ ਅਤੇ ਦਾਖ਼ਲੇ ਦੀ ਕਾਰਵਾਈ ਪੂਰੀ ਕੀਤੀ ਜਾਵੇਗੀ। ਗਵਰਨਰ ਬਾਅਦ ਵਿੱਚ ਇੱਕ ਬਿਆਨ ਦੇਵੇਗਾ ਕਿ ਉਹ ਇਸਦਾ ਵਿਰੋਧ ਕਰਦਾ ਹੈ ਅਤੇ ਅਦਾਲਤ ਵਿੱਚ ਦਾਖ਼ਲਾ ਰੱਦ ਕਰਵਾਉਣ ਦੀ ਲੜਾਈ ਲੜੇਗਾ। ਏਨੇ ਨਾਲ ਸੰਸਕ੍ਰਿਤੀ ਦੀ ਰੱਖਿਆ ਕਰਨ ਵਾਲੀ ਗੋਰੀ ਭੀੜ ਪ੍ਰਤੀ ਉਹਦੀ ਸਿਆਸੀ ਜ਼ਿੰਮੇਵਾਰੀ ਨਿਭ ਜਾਵੇਗੀ। ਗਵਰਨਰ ਨੇ ਕਿਹਾ ਕਿ ਤਜਵੀਜ਼ ਵਧੀਆ ਹੈ ਪਰ ਅਜੇ ਸਮਾਂ ਠੀਕ ਨਹੀਂ।
ਸ਼ਨੀਵਾਰ 15 ਸਤੰਬਰ ਦੀ ਇਸ ਫੋਨ-ਵਾਰਤਾ ਤੋਂ ਪੰਜ ਦਿਨ ਬਾਅਦ ਵੀਰਵਾਰ ਨੂੰ ਮੈਰੇਡਿੱਥ ਯੂਨੀਵਰਸਿਟੀ ਦੇ ਔਕਸਫੋਰਡ ਕੈਂਪਸ ਵਿੱਚ ਦਾਖ਼ਲੇ ਲਈ ਆਇਆ। ਨਾਲ ਅਮਰੀਕੀ ਮਾਰਸ਼ਲ ਸਨ। ਅੱਗੋਂ ਗਵਰਨਰ ਬਰਨੈੱਟ ਸਪੈਸ਼ਲ ਰਜਿਸਟਰਾਰ ਬਣ ਬੈਠਾ। ਹੁਕਮ ਪੜ੍ਹ ਸੁਣਾਇਆ ਕਿ ਇਸ ਕਾਲੇ ਵਿਦਿਆਰਥੀ ਨੂੰ ਹਮੇਸ਼ਾ ਲਈ ਕੈਂਪਸ ਤੋਂ ਤੜੀਪਾਰ ਕੀਤਾ ਜਾਂਦਾ ਹੈ। ਮੈਰੇਡਿੱਥ ਨਿਊ ਔਰਲੀਅਨਜ਼ ਦੀ ਫਿਫਥ ਸਰਕਟ ਅਦਾਲਤ ਵਿੱਚ ਚਲਾ ਗਿਆ ਜਿਸ ਨੇ ਗਵਰਨਰ ਦੇ ਹੁਕਮ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਅਤੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਸੋਮਵਾਰ ਨੂੰ ਤਲਬ ਕਰ ਲਿਆ। ਗਵਰਨਰ ਚੀਖਿਆ ਕਿ ਕਾਨੂੰਨ ਏਨੀ ਤੇਜ਼-ਰਫ਼ਤਾਰੀ ਕਿਉਂ ਵਿਖਾ ਰਿਹਾ ਹੈ। ਯੂਨੀਵਰਸਿਟੀ ਅਧਿਕਾਰੀਆਂ ਨੇ ਅਦਾਲਤ ਨੂੰ ਵਚਨ ਦਿੱਤਾ ਕਿ ਅਗਲੇ ਦਿਨ ਸ਼ਾਮ 4 ਵਜੇ ਤੱਕ ਮੈਰੇਡਿੱਥ ਨੂੰ ਦਾਖਲਾ ਦੇ ਦਿੱਤਾ ਜਾਵੇਗਾ। ਗਵਰਨਰ ਗੋਰਿਆਂ ਦੇ ਮਾਣ ਦੀ ਰੱਖਿਆ ਲਈ ਡਟ ਗਿਆ। ਕਹਿਣ ਲੱਗਾ ਹਜ਼ਾਰਾਂ ਗੋਰੇ ਵਿਦਿਆਰਥੀਆਂ ਦੇ ਕੈਂਪਸ ਨੂੰ ‘ਪਵਿੱਤਰ’ ਰੱਖਣ ਦੇ ‘ਸੰਵਿਧਾਨਕ ਹੱਕ’ ਨੂੰ ਨਜ਼ਰਅੰਦਾਜ਼ ਕਰਕੇ ਇੱਕ ਕਾਲੇ ਮੈਰੇਡਿੱਥ ਦੇ ਕਥਿਤ ਸੰਵਿਧਾਨਿਕ ਹੱਕ ਦੀ ਰੱਖਿਆ ਕੀਤੀ ਜਾ ਰਹੀ ਹੈ।
ਅਗਲੇ ਦਿਨ ਮੰਗਲਵਾਰ ਨੂੰ ਮੈਰੇਡਿੱਥ ਯੂਨੀਵਰਸਿਟੀ ਦੇ ਜੈਕਸਨ ਕੈਂਪਸ ਵਿੱਚ ਦਾਖ਼ਲੇ ਲਈ ਗਿਆ ਜਿੱਥੇ ਪਹਿਲਾਂ ਵਾਂਗ ਹੀ ਨਫ਼ਰਤੀ-ਰੋਹ ਭਰਿਆ ਵਿਰੋਧ ਹੋਇਆ। ‘ਕਾਲਿਓ, ਦਫ਼ਾ ਹੋ ਜਾਓ’ ਦੇ ਨਾਅਰੇ ਗੂੰਜ ਰਹੇ ਸਨ। ਭੀੜ ਗਾਲ੍ਹ ਕੱਢ ਰਹੀ ਸੀ – ‘‘ਕਮਿਊਨਿਸਟ!’’ ਇਹ ਉਨ੍ਹਾਂ ਸਮਿਆਂ ਦਾ ਅਰਬਨ ਨਕਸਲ ਵਰਗਾ ਖ਼ਿਤਾਬ ਸੀ। ਵਿਚਾਰਾ ਵਾਪਸ ਮੁੜ ਗਿਆ। ਆਲੇ-ਦੁਆਲੇ ਦੇ ਇਲਾਕੇ ਵਿੱਚੋਂ ਗੋਰੀ ਸੰਸਕ੍ਰਿਤੀ ਦੀ ਰੱਖਿਆ ਲਈ ਭੀੜਾਂ ਉਮੜਨੀਆਂ ਸ਼ੁਰੂ ਹੋ ਗਈਆਂ। ਡਲਾਸ ਤੋਂ ਅਮਰੀਕੀ ਫ਼ੌਜ ਦਾ ਇੱਕ ਰਿਟਾਇਰਡ ਜਰਨੈਲ, ਜਨਰਲ ਐਡਵਿਨ ਏ. ਵਾਕਰ, ਐਲਾਨੀਆ ਇਹ ਕਹਿ ਕੇ ਪਹੁੰਚ ਗਿਆ ਕਿ ਉਹ ਐਂਟੀ-ਕ੍ਰਾਈਸਟ ਸੁਪਰੀਮ ਕੋਰਟ ਵਿਰੁੱਧ ਜਿਹਾਦ ਲੜੇਗਾ। 26 ਸਤੰਬਰ 1962 ਨੂੰ ਗੋਰੀ ਖ਼ਲਕਤ ਦੇ ਨਾਮ ਸੰਦੇਸ਼ ਗਿਆ – ਮਿਸੀਸਿਪੀ ਵਿੱਚ ਆ ਬੈਠੇ ਹਨ ਐਸੇ ਸੰਤ ਸੁਜਾਨ, ਕਰਨ ਸੰਸਕ੍ਰਿਤੀ ਦੀ ਰੱਖਿਆ ਮਹਾਨ, ਇਸ ਲਈ ਜੁੜ ਜਾਣ ਬੱਚੇ ਬੁੱਢੇ ਅਤੇ ਜਵਾਨ। ਐਸੇ ਆਪੂੰ ਬਣੇ ‘ਯੋਧੇ’ ਪਿੱਛੇ ਉਹਦੇ ਵਰਗੀ ਬੁਰਛਾਗਰਦ ਸੋਚ ਵਾਲੀ ਭੀੜ ਵੀ ਹਥਿਆਰ ਲੈ ਉਮੜ ਪਈ।
ਜਿਹੜਾ ਜਰਨੈਲ ਪਹਿਲਾਂ ਫ਼ੌਜ ਵੱਲੋਂ ਲੜਦਾ ਰਿਹਾ ਸੀ, ਹੁਣ ਅਮਰੀਕੀ ਫ਼ੌਜ ਵਿਰੁੱਧ ਮੋਰਚਾਬੰਦੀ ਦਾ ਇੰਚਾਰਜ ਸੀ। ਨਫ਼ਰਤੀ ਭੀੜ ਲਈ ਉਹ ਹੁਣ ਮਹਾਨ ਸੀ। ਕਮਿਊਨਿਸਟਾਂ ਪ੍ਰਤੀ ਨਫ਼ਰਤ ਵਿੱਚੋਂ ‘‘ਨੌ ਟੂ ਕਾਸਤਰੋ’’ ਦਾ ਨਾਅਰਾ ਵੀ ਬੁਲੰਦ ਸੀ। ਅੱਜ ਦੇ ‘‘ਭੇਜੋ ਇਨ੍ਹਾਂ ਨੂੰ ਪਾਕਿਸਤਾਨ’’ ਕਹਿਣ ਵਾਲਿਆਂ ਦੇ ਇਹ ਸਕੇ ਭਰਾ ਉਦੋਂ ਮੈਰੇਡਿੱਥ ਹਮਾਇਤੀਆਂ ਨੂੰ ਕਿਊਬਾ ਜਾਣ ਲਈ ਕਹਿ ਰਹੇ ਸਨ।
ਇਸ ਵਾਰ ਮੈਰੇਡਿੱਥ ਫਿਰ ਯੂਨੀਵਰਸਿਟੀ ਦੇ ਔਕਸਫੋਰਡ ਕੈਂਪਸ ਪਹੁੰਚਿਆ। ਗਵਰਨਰ ਦੇ ਮਾਤਹਿਤ ਲੈਫਟੀਨੈਂਟ-ਗਵਰਨਰ ਪਾਲ ਜੌਨਸਨ ਅਤੇ ਉਹਦੇ ਪੁਲਸੀਆਂ ਨਾਲ ਧੱਕਾ-ਮੁੱਕੀ ਹੋਈ। ਉਮੀਦ ਸੀ ਕਿ ਅਦਾਲਤੀ ਹੁਕਮਾਂ ਦੇ ਮੱਦੇਨਜ਼ਰ ਇਸ ਧੱਕਾ-ਮੁੱਕੀ ਵਾਲੀ ਸਿਆਸੀ ਰਸਮ-ਅਦਾਇਗੀ ਤੋਂ ਬਾਅਦ ਮੈਰੇਡਿੱਥ ਨੂੰ ਲੰਘਣ ਦਿੱਤਾ ਜਾਵੇਗਾ ਅਤੇ ਦਾਖਲੇ ਦੀ ਕਾਰਵਾਈ ਪੂਰੀ ਕਰ ਦਿੱਤੀ ਜਾਵੇਗੀ, ਪਰ ਅਜਿਹਾ ਨਹੀਂ ਹੋਇਆ ਅਤੇ ਉਹ ਫਿਰ ਵਾਪਸ ਮੁੜ ਆਇਆ।
ਹੁਣ ਤੱਕ ਸਾਰੇ ਅਮਰੀਕਾ ਵਿੱਚ ਨਾਗਰਿਕ ਅਧਿਕਾਰਾਂ ਦੀ ਲੜਾਈ ਦੇ ਘੁਲਾਟੀਆਂ ਦੇ ਸਬਰ ਦਾ ਪਿਆਲਾ ਭਰ ਗਿਆ ਸੀ। ਅਟਾਰਨੀ-ਜਨਰਲ ਬੌਬ ਕੈਨੇਡੀ ਨੇ ਅਜੀਬ ਸਕੀਮ ਘੜੀ। ਅਖੇ ਗਵਰਨਰ ਬਰਨੈੱਟ ਅਤੇ ਲੈਫਟੀਨੈਂਟ-ਗਵਰਨਰ ਜੌਨਸਨ ਯੂਨੀਵਰਸਿਟੀ ਦੇ ਗੇਟ ’ਤੇ ਖੜ੍ਹੇ ਹੋਣਗੇ ਜਿੱਥੇ ਮੈਰੇਡਿੱਥ ਅਤੇ 30 ਮਾਰਸ਼ਲ ਪਹੁੰਚਣਗੇ। ਰੋਕਣ ’ਤੇ ਮਾਰਸ਼ਲ ਟੁਕੜੀ ਦਾ ਮੁਖੀ ਗਵਰਨਰ ਉੱਤੇ ਵਿਖਾਵੇ ਲਈ ਪਿਸਤੌਲ ਤਾਣ ਦੇਵੇਗਾ। ਗਵਰਨਰ ਅਤੇ ਉਹਦੇ ਸਾਥੀ ਪਿੱਛੇ ਹਟ ਜਾਣਗੇ। ਮੈਰੇਡਿੱਥ ਅੰਦਰ ਚਲਾ ਜਾਵੇਗਾ ਜਿੱਥੇ ਦਾਖਲੇ ਦੀ ਕਾਰਵਾਈ ਕੀਤੀ ਜਾਵੇਗੀ। ਗਵਰਨਰ ਕਹਿ ਸਕੇਗਾ ਕਿ ਉਹ ਖ਼ੂਨ-ਖ਼ਰਾਬਾ ਰੋਕਣ ਹਿੱਤ ਪਿੱਛੇ ਹੋਇਆ ਸੀ। ਸਕੀਮ ਪ੍ਰਵਾਨ ਹੋਈ ਪਰ ਫਿਰ ਗਵਰਨਰ ਨੇ ਕਿਹਾ ਕਿ ਇੱਕ ਨਹੀਂ, ਸਾਰੇ 30 ਜਣੇ ਹੀ ਉਸ ਉੱਤੇ ਪਿਸਤੌਲਾਂ ਤਾਣ ਦੇਣ ਤਾਂ ਜੋ ਉਹ ਵੱਡਾ ਬਹਾਦਰ ਜਾਪੇ। ਇਹ ਸ਼ਰਤ ਵੀ ਮੰਨ ਲਈ ਗਈ।
ਮਿਸੀਸਿਪੀ ਅਤੇ ਵਾਸ਼ਿੰਗਟਨ ਵਿੱਚ ਰੇਡੀਓ ਸੰਪਰਕ ਸਾਧਿਆ ਗਿਆ। 13 ਕਾਰਾਂ ਦੇ ਕਾਫ਼ਲੇ ਨਾਲ ਮੈਰੇਡਿੱਥ ਕੁਝ ਹੀ ਸੌ ਮੀਟਰ ਦੂਰ ਸੀ ਜਦੋਂ ਕਿਸੇ ਨੂੰ ਖ਼ਿਆਲ ਆਇਆ ਕਿ ਗੁਪਤ ਸਮਝੌਤੇ ਦਾ ਤਾਂ ਸਿਰਫ ਗਵਰਨਰ ਨੂੰ ਪਤਾ ਹੈ, ਭੀੜ ਵਿੱਚ ਤਾਂ ਬੜਿਆਂ ਕੋਲ ਹਥਿਆਰ ਹਨ। ਘੰਟੀਆਂ ਖੜਕੀਆਂ। ਅਚਾਨਕ 13 ਕਾਰਾਂ ਪਿੱਛੇ ਮੁੜ ਗਈਆਂ। ਗੋਰੀ ਭੀੜ ਨੇ ਜਿੱਤ ਦੇ ਜਸ਼ਨ ਸ਼ੁਰੂ ਕਰ ਦਿੱਤੇ।
ਵਾਸ਼ਿੰਗਟਨ ਵਿੱਚ ਸਬਰ ਦੇ ਬੰਨ੍ਹ ਟੁੱਟ ਗਏ। ਰਾਸ਼ਟਰਪਤੀ ਨੇ ਫ਼ੌਜ ਦੇ ਮੁਖੀ ਅਤੇ ਕਮਾਂਡਰਾਂ ਨੂੰ ਬੁਲਾ ਲਿਆ। ਮਿਸੀਸਿਪੀ ਦੇ ਨੈਸ਼ਨਲ ਗਾਰਡ ਨੂੰ ਫੈਡਰਲ ਸਰਵਿਸ ਥੱਲੇ ਲਿਆਉਣ ਦੀ ਕਾਨੂੰਨੀ ਕਾਰਵਾਈ ਸਿਰੇ ਚਾੜ੍ਹ ਦਿੱਤੀ। ਫੋਰਟ ਬੈਨਿੰਗ ਵਿੱਚ ਫ਼ੌਜ ਤਿਆਰ ਸੀ। ਸ਼ਹਿਰ ਦੀਆਂ ਗਲੀਆਂ ਵਿੱਚ ਕਰਫਿਊ ਲਾ ਦਿੱਤਾ। ਫਿਫਥ ਸਰਕਟ ਅਦਾਲਤ ਨੇ ਗਵਰਨਰ ਬਰਨੈੱਟ ਨੂੰ ਅਦਾਲਤੀ ਮਾਣਹਾਨੀ ਦਾ ਦੋਸ਼ੀ ਗਰਦਾਨ ਦਿੱਤਾ ਅਤੇ ਸ਼ੁੱਕਰਵਾਰ ਨੂੰ ਹੁਕਮ ਕੀਤਾ ਕਿ ਆਉਂਦੇ ਮੰਗਲਵਾਰ ਤੱਕ ਦਾਖਲਾ ਨਾ ਹੋਇਆ ਤਾਂ ਗਵਰਨਰ ਨੂੰ 10,000 ਡਾਲਰ ਪ੍ਰਤੀ ਦਿਨ ਜੁਰਮਾਨਾ ਹੋਵੇਗਾ। ਸ਼ਨੀਵਾਰ ਨੂੰ ਰਾਸ਼ਟਰਪਤੀ ਕੈਨੇਡੀ ਨੇ ਰਾਤ 8 ਵਜੇ ਟੀਵੀ ’ਤੇ ਜਾਣ ਦਾ ਫ਼ੈਸਲਾ ਕਰ ਲਿਆ। ਹੁਣ ਗਵਰਨਰ ਨੇ ਕਿਹਾ ਕਿ ਉਹ ਮੈਰੇਡਿੱਥ ਨੂੰ ਚੁੱਪ-ਚੁਪੀਤੇ ਸੋਮਵਾਰ ਨੂੰ ਜੈਕਸਨ ਵਿੱਚ ਦਾਖਲਾ ਦੇ ਦੇਣਗੇ। ਟੀਵੀ ’ਤੇ ਜਾਣ ਦਾ ਫ਼ੈਸਲਾ ਰੋਕ ਦਿੱਤਾ ਗਿਆ। ਰਾਤ 10 ਵਜੇ ਗਵਰਨਰ ਫਿਰ ਮੁੱਕਰ ਗਿਆ।
ਰਾਸ਼ਟਰਪਤੀ ਨੇ ਹੁਣ ਐਤਵਾਰ, 30 ਸਤੰਬਰ ਨੂੰ ਸ਼ਾਮ 7:30 ਵਜੇ ਟੀਵੀ ’ਤੇ ਜਾਣ ਦਾ ਫ਼ੈਸਲਾ ਕਰ ਲਿਆ। ਐਤਵਾਰ ਸਵੇਰੇ ਹੀ ਗਵਰਨਰ ਨੇ ਫਿਰ ਰੌਬਰਟ ਕੈਨੇਡੀ ਨੂੰ ਫੋਨ ਕੀਤਾ ਕਿ ਮੈਰੇਡਿੱਥ ਨੂੰ ਹੁਣੇ ਲੈ ਆਓ, ਬਿਨਾਂ ਕਿਸੇ ਖ਼ੂਨ-ਖ਼ਰਾਬੇ ਉਸ ਨੂੰ ਦਾਖਲ ਕਰ ਲਵਾਂਗੇ ਅਤੇ ਬਾਅਦ ਵਿੱਚ ਗਵਰਨਰ ਬਿਆਨ ਦੇ ਦੇਵੇਗਾ ਕਿ ਸਭ ਕੁੱਝ ਉਸ ਦੀ ਪਿੱਠ ਪਿੱਛੇ ਹੋਇਆ।
ਸ਼ਾਮ 5 ਵਜੇ ਡਿਪਟੀ ਏ-ਜੀ ਨਿਕ ਕਟਜ਼ਨਬਾਕ, ਮੇਰੀਡਿੱਥ ਨੂੰ ਨਾਲ ਲੈ ਕੇ ਪਹੁੰਚਿਆ। ਰਾਸ਼ਟਰਪਤੀ ਨੇ ਆਪਣਾ ਟੀਵੀ ਸੰਬੋਧਨ ਰਾਤ 10 ਵਜੇ ’ਤੇ ਪਾ ਦਿੱਤਾ। ਬਦਕਿਸਮਤੀ ਨੂੰ ਮਿਸੀਸਿਪੀ ਅਤੇ ਵਾਸ਼ਿੰਗਟਨ ਵਿਚਲੇ ਫੋਨ ਅਤੇ ਰੇਡੀਓ ਸੰਪਰਕ ਟੁੱਟ ਗਏ। ਸ਼ਹਿਰ ਵਿੱਚ ਖ਼ਬਰ ਫੈਲ ਗਈ ਕਿ ਮੈਰੇਡਿੱਥ ਆਇਆ ਹੋਇਆ ਹੈ। ਭੀੜ ਨੇ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਨੂੰ ਘੇਰ ਲਿਆ। ਚੰਗੇ-ਭਾਗੀਂ ਮੈਰੇਡਿੱਥ ਇੱਕ ਮੀਲ ਦੂਰ 24 ਮਾਰਸ਼ਲ ਜਵਾਨਾਂ ਦੇ ਸੁਰੱਖਿਆ ਘੇਰੇ ਵਿੱਚ ਸੀ। ਇੱਟਾਂ, ਰੋੜੇ ਅਤੇ ਕੱਚ ਦੀਆਂ ਬੋਤਲਾਂ ਚੱਲਣੀਆਂ ਸ਼ੁਰੂ ਹੋ ਗਈਆਂ।
ਉਧਰ ਇਸ ਸਭ ਤੋਂ ਬੇਖ਼ਬਰ ਰਾਸ਼ਟਰਪਤੀ ਟੀਵੀ ’ਤੇ ਦੱਸ ਰਹੇ ਸਨ ਕਿ ਮੈਰੇਡਿੱਥ ਇਸ ਵੇਲੇ ਯੂਨੀਵਰਸਿਟੀ ਦੇ ਕੈਂਪਸ ਵਿੱਚ ਪਹੁੰਚ ਚੁੱਕਿਆ ਹੈ। ‘ਗੋਰੇ ਪੰਥ’ ਦੀ ਰੱਖਿਆ ਲਈ ‘ਯੋਧਾ’ ਬਣਿਆ ਜਨਰਲ ਵਾਕਰ ਭੀੜ ਨੂੰ ਭੜਕਾ ਰਿਹਾ ਸੀ। ਗੋਰੀ ਭੀੜ ਸਰਕਾਰੀ ਗੱਡੀਆਂ ਉੱਤੇ ਟੁੱਟ ਪਈ ਸੀ। ਪੈਟਰੋਲ ਬੰਬ ਚੱਲ ਰਹੇ ਸਨ, ਲਾਸ਼ਾਂ ਵਿਛਣੀਆਂ ਸ਼ੁਰੂ ਹੋ ਗਈਆਂ ਸਨ। ਇਕ ਫਰਾਂਸੀਸੀ ਪੱਤਰਕਾਰ ਮਾਰਿਆ ਗਿਆ ਸੀ। ਕੁਝ ਗੋਲੀਆਂ ਛੱਤਾਂ ਉੱਤੋਂ ਆ ਰਹੀਆਂ ਸਨ। ਮਾਰਸ਼ਲ ਜਵਾਨਾਂ ਕੋਲ ਹਥਿਆਰ ਸਨ ਅਤੇ ਉਹ ਵਾਸ਼ਿੰਗਟਨ ਦੀਆਂ ਮਿੰਨਤਾਂ ਕਰ ਰਹੇ ਸਨ ਕਿ ਉਨ੍ਹਾਂ ਨੂੰ ਗੋਲੀ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ, ਪਰ ਦੋਹਾਂ ਕੈਨੇਡੀ ਭਰਾਵਾਂ ਨੇ ਸਾਫ਼ ਕਹਿ ਦਿੱਤਾ ਕਿ ਜਦੋਂ ਤੱਕ ਮੈਰੇਡਿੱਥ ਦੀ ਜਾਨ ਨੂੰ ਖ਼ਤਰਾ ਨਾ ਹੋਵੇ, ਉਹ ਗੋਲੀ ਨਹੀਂ ਚਲਾਉਣਗੇ।
ਰਾਤ 10 ਵਜੇ ਹੋਰ ਕੁਮਕ ਬੁਲਾਈ ਗਈ। ਫ਼ੌਜ ਨੂੰ ਪਹੁੰਚਦਿਆਂ ਪੰਜ ਘੰਟੇ ਹੋਰ ਲੱਗ ਗਏ। ਭੀੜ ਨੇ ਕੁਝ ਫ਼ੌਜੀ ਅਫ਼ਸਰਾਂ ਦੀ ਕਾਰ ਨੂੰ ਅੱਗ ਲਾ ਦਿੱਤੀ। ਉਨ੍ਹਾਂ ਬਲਦੀ ਕਾਰ ਦੇ ਭਾਂਬੜਾਂ ਵਿੱਚੋਂ ਨਿਕਲ ਮਸਾਂ ਜਾਨ ਬਚਾਈ। 40 ਫ਼ੌਜੀਆਂ ਨੂੰ ਗੋਲੀਆਂ ਵੱਜੀਆਂ। ਕੁੱਲ 166 ਅਮਰੀਕੀ ਮਾਰਸ਼ਲ ਫੱਟੜ ਹੋਏ। ਜਦੋਂ ਤੱਕ ਸਥਿਤੀ ਕਾਬੂ ਵਿੱਚ ਆਈ, ਸਾਰਾ ਕੈਂਪਸ ਕਿਸੇ ਯੁੱਧ ਦੇ ਮੈਦਾਨ ਵਾਂਗ ਜਾਪ ਰਿਹਾ ਸੀ। ਸੋਮਵਾਰ, 1 ਅਕਤੂਬਰ ਸਵੇਰੇ 8 ਵਜੇ ਤੋਂ ਰਤਾ ਪਹਿਲਾਂ ਮੈਰੇਡਿੱਥ ਪ੍ਰਬੰਧਕੀ ਬਲਾਕ ਵਿੱਚ ਦਾਖ਼ਲ ਹੋਇਆ ਜਿੱਥੇ ਮੂੰਹ ਸੁਜਾਈ ਬੈਠੇ ਰਜਿਸਟਰਾਰ ਨੇ ਦਾਖ਼ਲੇ ਦੀ ਕਾਰਵਾਈ ਮੁਕੰਮਲ ਕੀਤੀ।
ਰਾਜਨੀਤਿਕ ਵਿਗਿਆਨ ਦੀ ਡਿਗਰੀ ਲਈ ਲਏ ਦਾਖਲੇ ਦੀ ਇਹ ਕਥਾ ਉਨ੍ਹਾਂ ਕੱਟ-ਔਫ ਸ਼ਰਤਾਂ ਵਿਰੁੱਧ ਜੰਗ ਦੀ ਲੜਾਈ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਜਿਹੜੀ ਅੱਜ ਵੀ ਜਾਰੀ ਹੈ ਅਤੇ ਜਿਸ ਵਿੱਚੋਂ ਅੱਜ ਦੇ ਵੱਡੀ ਗਿਣਤੀ ਕੱਟ-ਔਫ ਸੂਚੀਆਂ ਤੋਂ ਖੌਫ਼ਜ਼ਦਾ ਨੌਜਵਾਨ ਵਿਦਿਆਰਥੀ ਬੇਖ਼ਬਰ ਹਨ। ਸਾਡੇ ਕਾਲਜਾਂ, ਯੂਨੀਵਰਸਿਟੀਆਂ ਵਿੱਚੋਂ ਵੱਡੀ ਗਿਣਤੀ ਵਿੱਚ ਬਾਹਰ ਛੱਡ ਦਿੱਤੇ ਜਾਂਦੇ ਘੱਟਗਿਣਤੀ ਮੁਸਲਮਾਨਾਂ ਅਤੇ ਦਲਿਤਾਂ ਲਈ ਅਸੀਂ ਮੈਰੇਡਿੱਥ ਵਾਂਗ ਨਹੀਂ ਲੜ ਰਹੇ। ਇਹ ਇਕਬਾਲੀਆ ਜੁਰਮ ਤਸਲੀਮ ਕਰਨ ਦਾ ਵੇਲਾ ਹੈ। ਸਾਡੇ ਗਲੀ, ਮੁਹੱਲਿਆਂ, ਸ਼ਹਿਰਾਂ, ਮਹਾਂਨਗਰਾਂ ਵਿੱਚ ਮੁਸਲਮਾਨ ਕਿਰਾਏਦਾਰਾਂ ਨੂੰ ਜਿਹੜੀ ਧਾਰਮਿਕ ਕੱਟ-ਔਫ ਦੀ ਸ਼ਰਤ ਦਰਪੇਸ਼ ਆਉਂਦੀ ਹੈ, ਉਸ ਖ਼ਿਲਾਫ਼ ਲੜਾਈ ਕਿੱਥੇ ਹੈ? ਲੋਕਾਂ ਦੇ ਨੁਮਾਇੰਦੇ ਚੁਣਨ ਲੱਗਿਆਂ ਵੀ ਹੁਣ ਮੁਸਲਮਾਨ ਨਾ ਹੋਣ ਦੀ ਕੱਟ-ਔਫ ਸ਼ਰਤ ਹਕੀਕੀ ਰੂਪ ਵਿੱਚ ਲਗਭਗ ਲਾਗੂ ਜਾਪਦੀ ਹੈ।
ਉਧਰ ਟਰੰਪ ਆਪਣੀ ਕੱਟ-ਔਫ ਨੀਤੀ ਚਲਾ ਰਿਹਾ ਹੈ ਜਿਸ ਕਾਰਨ ਛੇ ਸਾਲਾਂ ਦੀ ਗੁਰਪ੍ਰੀਤ ਕੌਰ ਅਮਰੀਕਾ ਵਿੱਚ ਦਾਖ਼ਲੇ ਦੀ ਲੜਾਈ ਲੜਦੀ ਅਰੀਜ਼ੋਨਾ ਦੇ ਮਾਰੂਥਲਾਂ ਵਿੱਚ ਦਮ ਤੋੜ ਗਈ। ਇਕੁਆਡੋਰ ਤੋਂ ਚੱਲੀ 23 ਮਹੀਨਿਆਂ ਦੀ ਵਲੇਰੀਆ ਆਪਣੇ ਬਾਪ ਦੀ ਪਿੱਠ ਦੇ ਉੱਤੇ ਅਤੇ ਉਹਦੀ ਟੀ-ਸ਼ਰਟ ਦੇ ਥੱਲੇ ਸਮੁੰਦਰਾਂ ਵਿੱਚ ਠਿੱਲ੍ਹ ਪਈ ਪਰ ਦਾਖਲਾ ਨਾ ਪਾ ਸਕੀ। ਦੁਨੀਆ-ਭਰ ਵਿੱਚ ਵਾਇਰਲ ਹੋਈ ਸਾਗਰ-ਕਿਨਾਰੇ ਮੂਧੇ ਪਏ ਪਿਓ-ਧੀ ਦੀ ਤਸਵੀਰ ਵੇਖ ਕਰੋੜਾਂ ਅੱਖੀਆਂ ’ਚੋਂ ਤੱਤੇ ਹੰਝੂ ਵਹਿ ਤੁਰੇ, ਪਰ ਮਾਲਟਾ ਦੇ ਬਰਫ਼ੀਲੇ ਸਮੁੰਦਰਾਂ ਵਿੱਚ ਪੰਜਾਬੀ ਖ਼ੂਨ ਦੀ ਆਹੂਤੀ ਦੇ ਚੁੱਕੇ ਲੋਕਾਂ ਵਿੱਚ ਗੁਰਪ੍ਰੀਤ ਅਤੇ ਵਲੇਰੀਆ ਦੀਆਂ ਲੜਾਈਆਂ ਦੀ ਸਾਂਝੀ ਤੰਦ ਦੀ ਦੰਦਕਥਾ ਵਾਇਰਲ ਨਹੀਂ ਹੋ ਰਹੀ। ਪਿੰਡਾਂ ਦੀ ਸਾਂਝੀ ਜ਼ਮੀਨ ਦੇ ਇਕ ਤਿਹਾਈ ਹਿੱਸੇ ਉੱਤੇ ਬਣਦੇ ਹੱਕ ਤੋਂ ਦਲਿਤ ਭਾਈਚਾਰੇ ਨੂੰ ਮਹਿਰੂਮ ਕਰਨਾ ਉਨ੍ਹਾਂ ਨੂੰ ਸਮਾਜ ਦੀ ਮੁੱਖਧਾਰਾ ਵਿੱਚ ਦਾਖ਼ਲਾ ਦੇਣ ਤੋਂ ਇਨਕਾਰ ਤੁੱਲ ਹੈ। ਜਾਤਪਾਤ ਦਾ ਸਾਰਾ ਅਡੰਬਰ ਸਮਾਜਿਕ ਕੱਟ-ਔਫ ਲਕੀਰਾਂ ਖਿੱਚਣ ਲਈ ਹੀ ਹੈ।
ਪਾਪ ਕੀ ਜੰਞ ਘਰ ਦੇ ਕਰੀਬ ਨਹੀਂ, ਸਾਡੇ ਧੁਰ ਅੰਦਰ ਤੱਕ ਆ ਢੁੱਕੀ ਹੈ। ਜਿਸ ਸ਼ਿੱਦਤ ਨਾਲ ਨੌਜਵਾਨ ਇਨ੍ਹੀਂ ਦਿਨੀਂ ਕੱਟ-ਔਫ ਲਿਸਟਾਂ ਦੇ ਤੌਖ਼ਲਿਆਂ ਨਾਲ ਜੂਝ ਰਹੇ ਹਨ, ਓਨੀ ਹੀ ਸ਼ਿੱਦਤ ਨਾਲ ਇਹਤੋਂ ਖ਼ਤਰਨਾਕ ਕੱਟ-ਔਫ ਲਕੀਰਾਂ ਖ਼ਿਲਾਫ਼ ਲੜਾਈਆਂ ਵਿੱਢਣੀਆਂ ਪੈਣਗੀਆਂ। ਇਸ ਤੋਂ ਬਿਨਾਂ ਨਾ ਹੀਰ-ਵੰਨਾ ਪੰਜਾਬ ਤਾਮੀਰ ਹੋਣਾ ਹੈ, ਨਾ ਗੁਰਾਂ ਦੇ ਨਾਂ ਵੱਸਦੇ ਪੰਜਾਬ ਦੀ ਹੋਣੀ ਸਾਰਥਕ ਹੋਣੀ ਹੈ। ਯੋਧੇ ਕੱਟ-ਔਫ ਲਿਸਟਾਂ ਪੜ੍ਹ ਰਹੇ ਹਨ। ਅਜੇ ਰਾਤ ਬਾਕੀ ਹੈ। ਅਜੇ ਲਹੂ ਦੀ ਲੋਅ ਲੋੜੀਂਦੀ ਹੈ।
(ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਕੱਟ-ਔਫ ਲਕੀਰਾਂ ਦੇ ਸੱਜੇ-ਖੱਬੇ ਡਿੱਗਦਾ ਅਜੇ ਕਲਮ-ਘਸੀਟ ਜਿਹਾਦੀ ਹੀ ਬਣ ਸਕਿਆ ਹੈ।)


Comments Off on ਕੱਟ-ਔਫ ਲਿਸਟ ਅਤੇ ਦਾਖਲੇ ਦੀਆਂ ਲੜਾਈਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.