ਸ਼ਿਮਲਾ, 17 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ ਵਿੱਚ ਸ੍ਰੀਖੰਡ ਮਹਾਂਦੇਵ ਮੰਦਰ ਦੇ ਰਸਤੇ ਵਿੱਚ ਬਰਫ਼ ਦਾ ਤੋਦਾ ਡਿੱਗਣ ਕਾਰਨ ਪੰਜ ਸ਼ਰਧਾਲੂ ਜ਼ਖ਼ਮੀ ਹੋ ਗਏ। ਇਸ ਦੌਰਾਨ ਜ਼ਿਆਦਾ ਠੰਢ ਨਾਲ ਮਹਾਰਾਸ਼ਟਰ ਵਾਸੀ ਬਜ਼ੁਰਗ ਦੀ ਮੌਤ ਹੋ ਗਈ। ਪੁਲੀਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਸਬ-ਡਿਵੀਜ਼ਨ ਅਨੀ ਦੇ ਪਰਵਤੀ ਬਾਗ ਨੇੜੇ ਨੈਣ ਸਰੋਵਰ ਵਿਚ ਡਿੱਗੇ ਬਰਫ ਦੇ ਤੋਦੇ ਕਾਰਨ ਕਰੀਬ 50 ਸ਼ਰਧਾਲੂ ਫਸ ਗਏ ਸਨ। ਤੁਰੰਤ ਸ਼ੁਰੂ ਕੀਤੇ ਰਾਹਤ ਕਾਰਜਾਂ ਦੌਰਾਨ ਇਨ੍ਹਾਂ ਸ਼ਰਧਾਲੂਆਂ ਨੂੰ ਭੀਮ ਦਵਾਰ ਵੱਲ ਲਿਆਂਦਾ ਗਿਆ। ਬਰਫ਼ ਦਾ ਤੋਦਾ ਡਿੱਗਣ ਕਾਰਨ ਜ਼ਖ਼ਮੀ ਹੋਣ ਵਾਲਿਆਂ ਵਿੱਚ ਲੁਧਿਆਣਾ ਵਾਸੀ ਰਾਜੀਵ, ਪੁਣੇ ਵਾਸੀ ਵਿਵੇਕ, ਮਹਾਰਾਸ਼ਟਰ ਵਾਸੀ ਬਾਬਾ, ਪੁਣੇ ਵਾਸੀ ਸੁਭਾਸ਼ ਪਟੇਲ ਅਤੇ ਅਹਿਮਦਾਬਾਦ ਵਾਸੀ ਦਿਵਿਆਂਗਣੀ ਵਿਆਸ ਸ਼ਾਮਲ ਹਨ। ਇਸੇ ਦੌਰਾਨ ਨੈਣ ਸਰੋਵਰ ਨੇੜੇ ਪੁਣੇ ਵਾਸੀ ਸੁਭਾਸ਼ ਪਾਟਿਲ ਦੀ ਮੌਤ ਹੋ ਗਈ ਅਤੇ ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਇਹ ਮੌਤ ਠੰਢ ਕਾਰਨ ਹੋਈ ਹੈ। ਪੁਲੀਸ ਨੇ ਦੱਸਿਆ ਕਿ ਬਰਫ ਦਾ ਤੋਦਾ ਅਤੇ ਕਈ ਥਾਈਂ ਢਿੱਗਾਂ ਡਿੱਗਣ ਕਰਕੇ ਇਹ ਯਾਤਰਾ ਆਰਜ਼ੀ ਤੌਰ ’ਤੇ ਰੋਕ ਦਿੱਤੀ ਗਈ ਹੈ। -ਪੀਟੀਆਈ