ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਕਾਵਿ ਕਿਆਰੀ

Posted On July - 7 - 2019

ਜੁਗਨੀ

ਅੰਜੁਮ ਕੁਰੈਸ਼ੀ

ਅੰਜੁਮ ਕੁਰੈਸ਼ੀ

ਮੇਰੀ ਜੁਗਨੀ ਦੇ ਧਾਗੇ ਸਾਵੇ
ਉਹਦੇ ਸਾਹਮਣੇ ਤੇ ਕੋਈ ਆਵੇ
ਉਹ ਕਿਸੇ ਨੂੰ ਕੋਲ ਨਾ ਬਹਾਵੇ
ਸਾਈਂ ਮੇਰਿਆ ਜੁਗਨੀ ਟੁੱਟਦੀ ਨਹੀਂ
ਕੋਈ ਕੰਮ ਦੀ ਸ਼ੈਅ ਹੁਣ ਸੁੱਟਦੀ ਨਹੀਂ

ਜੁਗਨੀ ਕੋਈ ਵੱਢੀ ਫੜਦੀ ਨਹੀਂ
ਜੇ ਜਿੱਤਣ ਲੱਗਾਂ ਉਹ ਹਰਦੀ ਨਹੀਂ
ਜਿਵੇਂ ਕਹਵਾਂ ਕਦੀ ਉਂਜ ਕਰਦੀ ਨਹੀਂ
ਸਾਈਂ ਮੇਰਿਆ ਜੁਗਨੀ ਰੱਬ ਦੀ ਏ
ਉਹ ਕਦੋਂ ਕਿਸੇ ਕੋਲੋਂ ਦੱਬ ਦੀ ਏ

ਜੁਗਨੀ ਦੀਆਂ ਅੱਖਾਂ ਤੀਰ
ਅੱਖਾਂ ਅੱਖਾਂ ’ਚ ਹੋਈ ਅਖ਼ੀਰ
ਕੀਤੇ ਕੰਜਰ ਉਸ ਫ਼ਕੀਰ
ਜੁਗਨੀ ਕੋਈ ਲੂਤੀ ਲਾਂਦੀ ਨਹੀਂ
ਉਹ ਹਰ ਕਿਸੇ ਨਾਲ ਆਂਦੀ ਨਹੀਂ

ਮੇਰੀ ਜੁਗਨੀ ਜਿਹਾ ਨਾ ਹੋਰ
ਉਹਦੀ ਵੱਖਰੀ ਜੱਗ ਤੋਂ ਟੋਰ
ਫੜ ਲੈਂਦੀ ਦਿਲ ਦਾ ਚੋਰ
ਸਾਈਂ ਮੇਰਿਆ ਜੁਗਨੀ ਸਿਆਣੀ ਏ
ਉਹ ਹਰ ਗੁਰੂ ਤੋਂ ਗਿਆਨੀ ਏ

ਮੇਰੀ ਜੁਗਨੀ ਦੇ ਸੋਹਣੇ ਪੈਰ
ਟੁਰ ਪਈ ਘਰੋਂ ਕਰਣ ਨੂੰ ਸੈਰ
ਰੱਬਾ ਖ਼ੈਰ ਕਰੀਂ ਹੁਣ ਖ਼ੈਰ
ਸਾਈਂ ਮੇਰਿਆ ਜੁਗਨੀ ਪਈ ਜਾਂਦੀ
ਜੋ ਕੋਲ ਸੀ ਮੇਰੇ ਲਈ ਜਾਂਦੀ

ਮੇਰੀ ਜੁਗਨੀ ਦੇ ਮਗਰੀਂ ਪੈ ਗਏ
ਜਿਨ੍ਹਾਂ ਵੇਖਿਆ ਉਸ ਤੇ ਰਹਿ ਗਏ
ਐਵੇਂ ਰਾਹ ਜਾਂਦੀ ਨਾਲ ਖਹਿ ਗਏ
ਸਾਈਂ ਮੇਰਿਆ ਜੁਗਨੀ ਬੋਲਦੀ ਨਹੀਂ
ਜਦੋਂ ਮਿੱਥ ਲਵੇ ਫੇਰ ਡੋਲਦੀ ਨਹੀਂ

ਮੇਰੀ ਜੁਗਨੀ ਨੂੰ ਲੱਭਣ ਨਿਆਣੇ
ਜੁਗਨੀ ਆਖੇ ਤੁਸੀਂ ਓ ਸਿਆਣੇ
ਮੇਰੇ ਲਾਹਮੇ ਤੁਸਾਂ ਨੇ ਲਾਹਣੇ
ਸਾਈਂ ਮੇਰਿਆ ਜੁਗਨੀ ਕਹਿੰਦੀ ਏ
ਪਈ ਨਾਮ ਅਲੀ ਦਾ ਲੈਂਦੀ ਏ

ਮੇਰੀ ਜੁਗਨੀ ਨੂੰ ਲੱਭਣ ਮਾਪੇ
ਜੁਗਨੀ ਸਹੇੜ ਕੇ ਨਵੇਂ ਸਿਆਪੇ
ਹੋਈ ਅਪਣਾ ਸ਼ਰੀਕਾ ਆਪੇ
ਸਾਈਂ ਮੇਰਿਆ ਜੁਗਨੀ ਅੜ ਗਈ ਏ
ਠੂੰਹਿਆਂ ਵਾਲੇ ਖੂੁਹ ’ਚ ਵੜ ਗਈ ਏ

ਮੇਰੀ ਜੁਗਨੀ ਨੂੰ ਲੱਭਣ ਯਾਰ
ਲਾਵਣ ਚਾਰੇ ਕਈ ਹਜ਼ਾਰ
ਜੁਗਨੀ ਤਕਿਆ ਨਾ ਇੱਕ ਵਾਰ
ਸਾਈਂ ਮੇਰਿਆ ਜੁਗਨੀ ਹੌਲੀ ਨਹੀਂ
ਉਹਨੇ ਗੱਲ ਕਿਸੇ ਦੀ ਗੌਲੀ ਨਹੀਂ

ਮੇਰੀ ਜੁਗਨੀ ਨੂੰ ਲੱਭਣ ਸਾਰੇ
ਜੁਗਨੀ ਰਾਵਲ ਤੋਂ ਜਿੰਦ ਵਾਰੇ
ਰਾਵਲ ਜੁਗਨੀ ਦੀ ਸਰਕਾਰ ਏ
ਜੁਗਨੀ ਤੇ ਰਾਵਲ ਵੱਖ ਨਹੀਂ
ਜਿਹਨੂੰ ਨਹੀਂ ਦਿਸਦਾ ਉਹਦੀ
ਅੱਖ ਨਹੀਂ

ਜੁਗਨੀ ਕਦੀ ਨਾ ਪਾਈਆਂ ਵੰਗਾਂ
ਕਹਿੰਦੀ ਕਿਸ ਗੱਲੇ ਮੈਂ ਸੰਗਾਂ
ਜਿਹੜਾ ਹੱਕ ਏ ਕਿਉਂ ਨਾ ਮੰਗਾਂ
ਅੱਜ ਸਭ ਨੂੰ ਜੁਗਨੀ ਰੋ ਬੈਠੀ
ਤੇ ਅਪਣੇ ਦਿਲ ਦੀ ਹੋ ਬੈਠੀ।
* * *

ਦੂਜਾ ਪਾਸਾ

ਕਾਹਦੀ ਏ ਧੁਤਕਾਰ ਨੀ ਮਾਏ
ਕਿਉਂ ਨਾ ਉਤਰਾਂ ਪਾਰ ਨੀ ਮਾਏ

ਜੋ ਚਾਹਵਾਂ ਮਿੱਲ ਜਾਏ ਨੀ ਮਾਏ
ਧਰਤੀ ਵੀ ਹਿੱਲ ਜਾਏ ਨੀ ਮਾਏ

ਲਾਵੇ ਤੇ ਕੋਈ ਹੱਥ ਨੀ ਮਾਏ
ਪਾਵੇ ਤੇ ਕੋਈ ਨੱਥ ਨੀ ਮਾਏ

ਸਭ ਨੂੰ ਲਾ ਦਿਆਂ ਅੱਗ ਨੀ ਮਾਏ
ਹੀਰੇ ਜਿਹਾ ਮੈਂ ਨੱਗ ਨੀ ਮਾਏ

ਹਿੰਮਤ ਦੀ ਨਹੀਂ ਥੋੜ ਨੀ ਮਾਏ
ਮੈਨੂੰ ਨਹੀਂ ਕੋਈ ਲੋੜ ਨੀ ਮਾਏ

ਜੇ ਮੇਰੇ ਸਾਮਣੇ ਆਏ ਨੀ ਮਾਏ
ਫੇਰ ਨਾ ਬਚ ਕੇ ਜਾਏ ਨੀ ਮਾਏ

ਮੇਰੀ ਵੱਖਰੀ ਰਾਹ ਨੀ ਮਾਏ
ਦੁੱਖ ਦਿੱਤੇ ਮੈਂ ਢਾਹ ਨੀ ਮਾਏ

ਲੜਣਾ ਮੇਰਾ ਕਾਰ ਨੀ ਮਾਏ
ਮੈਂ ਕਿਉਂ ਮੰਨਾਂ ਹਾਰ ਨੀ ਮਾਏ।

ਰੰਜੀਵਨ ਸਿੰਘ

ਅਰਜੋਈ ਫਤਿਹਵੀਰ ਦੀ

ਰੰਜੀਵਨ ਸਿੰਘ

ਡੂੰਘੇ ਬੋਰਵੈੱਲ ਵਿਚ ਪਿਆ
ਮੈਂ ਸੋਚਦਾ ਰਿਹਾ
ਉਹ ਕਿਹੜੀ ਘੜੀ ਸੀ
ਬਾਪੂ ਬੇਬੇ ਦੀਆਂ ਨਜ਼ਰਾਂ ਤੋਂ
ਓਝਲ ਮੈਂ ਹੋ ਗਿਆ।
ਮੇਰਾ ਸੀ ਕਸੂਰ?
ਜਾਂ ਹੋਏ ਉਹ ਅਵੇਸਲੇ?
ਮੈਂ ਸੋਚਦਾ ਰਿਹਾ

ਪੋਲੇ ਪੋਲੇ ਪੱਬ ਧਰ
ਏਧਰ ਮੈਂ ਆ ਗਿਆ
ਨਾ ਕਿਸੇ ਮੈਨੂੰ ਰੋਕਿਆ
ਨਾ ਕਿਸੇ ਮੈਨੂੰ ਟੋਕਿਆ
ਮਲਕੜੇ ਜਿਹੇ ਫੇਰ
ਬੋਰਵੈੱਲ ਵਿਚ ਜਾ ਪਿਆ
ਪਹਿਲੋਂ ਪਹਿਲ ਝੂਟਾ ਲੱਗਾ
ਮਜ਼ਾ ਮੈਨੂੰ ਆਉਣ ਲੱਗਾ

ਫੇਰ ਹੌਲੀ ਹੌਲੀ ਨ੍ਹੇਰਾ ਹੋਇਆ
ਡਾਹਢਾ ਸਤਾਉਣ ਲੱਗਾ
ਭੁੱਖ ਤੇ ਪਿਆਸ ਨਾਲ
ਕਲੇਜਾ ਮੂੰਹ ਆਉਣ ਲੱਗਾ
ਨਾ ਅੰਮੜੀ ਹੀ ਬਹੁੜੀ ਮੇਰੀ
ਨਾ ਬਾਪੂ ਹਾਕ ਮਾਰੀ ਮੈਨੂੰ

ਸੁਣਦਾ ਰਿਹਾ ਮੈਂ
ਮਸ਼ੀਨਾਂ ਦੀ ਦਗੜ-ਦਗੜ
ਗੱਡੀਆਂ ਦੀ ਭੱਜ ਨੱਠ
ਜ਼ਿੰਦਾਬਾਦ ਮੁਰਦਾਬਾਦ
ਚਿੱਕੜ ਉਛਾਲੀਆਂ
ਇਕ ਦਿਨ ਦੋ ਦਿਨ
ਨੀਂਦਰ ਗੂੜ੍ਹੀ ਹੋਣ ਲੱਗੀ
ਭੁੱਖਣ ਭਾਣੇ ਫਿਰ ਮੈਂ
ਪੱਕੀ ਨੀਂਦਰ ਸੌਂ ਗਿਆ।

ਮੈਂ ਭਾਵੇਂ ਸੌਂ ਗਿਆ
ਪੱਕੀ ਨੀਂਦਰ ਸੌਂ ਗਿਆ
ਤੁਸੀਂ ਨਾ ਸੌਂ ਜਾਇਓ
ਅਵੇਸਲੇ ਨਾ ਹੋ ਜਾਇਓ
ਜ਼ਮੀਰਾਂ ਨੂੰ ਜਗਾਈ ਰੱਖੋ
ਮੇਰੇ ਨਿੱਕੇ ਵੀਰਾਂ ਲਈ
ਹੋਰ ਫਤਿਹਵੀਰਾਂ ਲਈ
ਹੋਰ ਫਤਿਹਵੀਰਾਂ ਲਈ

ਸੰਪਰਕ: 98150-68816


Comments Off on ਕਾਵਿ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.