ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਕਾਰਟੂਨ ਤੇ ਬਾਲ ਮਨ

Posted On July - 13 - 2019

ਜਤਿੰਦਰ ਸਿੰਘ

ਬੱਚਿਆਂ ਲਈ ਕਾਰਟੂਨ ਸਭ ਤੋਂ ਵੱਧ ਪ੍ਰਚੱਲਿਤ ਮਨੋਰੰਜਨ ਦਾ ਸਾਧਨ ਹੈ। ਅੱਜ ਦੇ ਸਮੇਂ ਵਿਚ ਕਾਰਟੂਨ ਤੇ ਬੱਚਿਆਂ ਦਾ ਸਬੰਧ ਗਹਿਰਾ ਬਣਦਾ ਜਾ ਰਿਹਾ ਹੈ। ਇਹ ਸਬੰਧ ਬੱਚਿਆਂ ਦੀ ਕਲਪਨਾ ਤੇ ਤਰਕ ਵਿਚਲੇ ਫਾਸਲੇ ਨੂੰ ਉਜਾਗਰ ਵੀ ਕਰਦਾ ਹੈ ਕਿ ਕਿਵੇਂ ਬੱਚੇ ਕਾਰਟੂਨ ਦੇ ਬਹਾਨੇ ਆਪਣੇ ਆਲੇ-ਦੁਆਲੇ ਸਿਰਜੇ ਗੁੰਝਲਦਾਰ ਸਮਾਜਿਕ ਚੌਗਿਰਦੇ ਬਾਰੇ ਸਮਝ ਬਣਾਉਂਦੇ ਹਨ। ਇਸ ਦਾ ਬਹੁਤ ਡੂੰਘਾ ਤੇ ਗਹਿਰਾ ਸਬੰਧ ਬੱਚੇ ਦੇ ਵਿਵਹਾਰ ’ਤੇ ਪੈਂਦਾ ਹੈ। ਬੱਚਾ ਜਿਸ ਤਰ੍ਹਾਂ ਦੇ ਕਾਰਟੂਨ ਦੇਖਣ ਦੀ ਰੁਚੀ ਰੱਖਦਾ ਹੈ, ਉਹ ਆਪਣੀ ਜ਼ਿੰਦਗੀ ਵਿਚ ਉਸੇ ਤਰ੍ਹਾਂ ਦੇ ਕਿਰਦਾਰ ਵਿਚ ਢਲਣ ਦੀ ਕੋਸ਼ਿਸ਼ ਕਰਦਾ ਹੈ। ਇਸ ਦਾ ਅਸਰ ਉਸਦੇ ਅਕਾਦਮਿਕ ਤੇ ਸਮਾਜਿਕ ਵਿਵਹਾਰ ’ਤੇ ਵੀ ਦੇਖਣ ਨੂੰ ਮਿਲਦਾ ਹੈ। ਬੱਚਿਆਂ ਦਾ ਮਾਪਿਆਂ ਤੇ ਅਧਿਆਪਕਾਂ ਨਾਲ ਜੋ ਰਿਸ਼ਤਾ ਬਣਦਾ ਹੈ, ਉਹ ਵੀ ਬਹੁਤ ਵਾਰੀ ਇਨ੍ਹਾਂ ਕਾਰਟੂਨਾਂ ’ਤੇ ਨਿਰਭਰ ਕਰਦਾ ਹੈ।
ਅੱਜ ਦੇ ਸਮੇਂ ਵਿਚ ਬਹੁਤ ਸਾਰੇ ਟੀ.ਵੀ. ਚੈਨਲ ਨਿਰੰਤਰ ਕਾਰਟੂਨ ਦਿਖਾਉਂਦੇ ਹਨ। ਕਈ ਚੈਨਲ ਤਾਂ ਸਿਰਫ਼ ਬੱਚਿਆਂ ਲਈ ਹੀ ਹਨ। ਜਿਨ੍ਹਾਂ ’ਤੇ 24 ਘੰਟੇ ਕਾਰਟੂਨ ਹੀ ਦਿਖਾਏ ਜਾਂਦੇ ਹਨ। ਬਹੁਤ ਸਾਰੇ ਬੱਚਿਆਂ ਦੇ ਮਾਪੇ ਛੇ ਮਹੀਨੇ ਦੀ ਉਮਰ ਦੇ ਬੱਚੇ ਨੂੰ ਹੀ ਕਾਰਟੂਨ ਦਿਖਾਉਣ ਵੱਲ ਰੁਚਿਤ ਕਰ ਦਿੰਦੇ ਹਨ ਕਿਉਂਕਿ ਛੋਟੇ ਪਰਿਵਾਰ ਹੋਣ ਕਰਕੇ ਮਾਪਿਆਂ ਕੋਲ ਘੱਟ ਸਮਾਂ ਹੁੰਦਾ ਹੈ ਜਿਸ ਕਾਰਨ ਉਹ ਉਨ੍ਹਾਂ ਨੂੰ ਟੀਵੀ ਅੱਗੇ ਬੈਠਾ ਦਿੰਦੇ ਹਨ। ਇਸ ਕਰਕੇ ਬੱਚਿਆਂ ਦੀਆਂ ਘਰ ਤੋਂ ਬਾਹਰ ਦੀਆਂ ਗਤੀਵਿਧੀਆਂ ਘੱਟ ਜਾਂਦੀਆਂ ਹਨ। ਉਨ੍ਹਾਂ ਦੇ ਮਨ ਦੇ ਨਾਲ-ਨਾਲ ਸਰੀਰਿਕ ਵਿਕਾਸ ਵਿਚ ਵੀ ਰੁਕਾਵਟਾਂ ਪੈਦਾ ਹੋ ਜਾਂਦੀਆਂ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਟੀ.ਵੀ. ਬੱਚਿਆਂ ਲਈ ਸਿਖਲਾਈ ਤੇ ਮਨੋਰੰਜਨ ਦਾ ਸਾਧਨ ਹੈ। ਖ਼ਾਸ ਤੌਰ ’ਤੇ ਬਨਸਪਤੀ, ਜੀਵ-ਜੰਤੂਆਂ ਤੇ ਕੁਦਰਤੀ ਵਰਤਾਰੇ ਨੂੰ ਸਮਝਣ ਸਮਝਾਉਣ ਲਈ। ਪਰ ਕਾਰਟੂਨਾਂ ਵੱਲ ਵਧੇਰੇ ਰੁਚਿਤ ਹੋਣਾ ਮਾਨਸਿਕ ਤੌਰ ’ਤੇ ਪ੍ਰਭਾਵ ਪਾਉਂਦਾ ਹੈ। ਬੱਚਿਆਂ ਦਾ ਕਾਰਟੂਨ ਦੇਖਣਾ ਹੁਣ ਉਨ੍ਹਾਂ ਦੀ ਜ਼ਿੰਦਗੀ ਦਾ ਅਨਿੱਖੜਵਾਂ ਹਿੱਸਾ ਬਣ ਚੁੱਕਾ ਹੈ। ਉਹ ਆਪਣਾ ਬਹੁਤ ਸਾਰਾ ਕੀਮਤੀ ਸਮਾਂ ਇਨ੍ਹਾਂ ਨੂੰ ਦੇਖਣ ਵਿਚ ਹੀ ਗੁਜ਼ਾਰ ਦਿੰਦੇ ਹਨ। ਕੁਝ ਮਾਪਿਆਂ ਦਾ ਇਹ ਵੀ ਕਹਿਣਾ ਹੈ ਕਿ ਬੱਚੇ ਖਾਣਾ ਪੀਣਾ ਤਾਂ ਹੀ ਖਾਂਦੇ ਹਨ ਜਦੋਂ ਉਨ੍ਹਾਂ ਅੱਗੇ ਕਾਰਟੂਨ ਦਿਖਾਈ ਦੇ ਰਹੇ ਹੋਣ। ਬੱਚੇ ਜਿਸ ਤਰ੍ਹਾਂ ਦੇ ਕਾਰਟੂਨ ਪਸੰਦ ਕਰਦੇ ਹਨ ਉਨ੍ਹਾਂ ਵਿਚ ਬਹੁਤ ਸਾਰੇ ਕਾਰਟੂਨਾਂ ਦੇ ਕਿਰਦਾਰ ਨੱਚਦੇ, ਟੱਪਦੇ, ਉਛਲਦੇ, ਛਲਾਂਗਾਂ ਜਾਂ ਫਿਰ ਉੱਚੀਆ ਥਾਵਾਂ ਤੋਂ ਕੁੱਦਦੇ ਨਜ਼ਰ ਆਉਂਦੇ ਹਨ। ਜਿਨ੍ਹਾਂ ਦਾ ਪ੍ਰਭਾਵ ਬੱਚੇ ਬਹੁਤ ਜਲਦੀ ਕਬੂਲਦੇ ਹਨ।

ਜਤਿੰਦਰ ਸਿੰਘ

ਸ਼ੁਰੂਆਤੀ ਦੌਰ ਵਿਚ ‘ਟੌਮ ਐਂਡ ਜੈਰੀ’ ਕਾਰਟੂਨ ਬਹੁਤ ਪ੍ਰਚੱਲਿਤ ਹੋਇਆ। ਉਸ ਵਿਚਲੇ ਕਿਰਦਾਰਾਂ ਵਿਚੋਂ ਇਕ ਚਲਾਕ ਤੇ ਦੂਸਰੇ ਨੂੰ ਮੂਰਖ ਦਿਖਾਇਆ ਜਾਂਦਾ ਹੈ। ਇਸ ਕਾਰਟੂਨ ਵਿਚ ਦੋਵੇਂ ਕਿਰਦਾਰ ਇਕ ਦੂਜੇ ਨਾਲ ਵੱਖੋ ਵੱਖਰੇ ਹਥਿਆਰਾਂ ਤੇ ਸੰਦਾਂ ਨਾਲ ਲੜਦੇ ਹਨ। ਜਿਸ ਦਾ ਬਹੁਤ ਜ਼ਿਆਦਾ ਅਸਰ ਬੱਚਿਆਂ ’ਤੇ ਵੀ ਪਿਆ। ਇਸ ਤਰ੍ਹਾਂ ਦੇ ਹਿੰਸਕ ਵਰਤਾਰੇ ਨੂੰ ਬੱਚੇ ਬਹੁਤ ਜਲਦੀ ਕਬੂਲਦੇ ਹਨ। ਇਸ ਕਰਕੇ ਕਈ ਦੇਸ਼ਾਂ ਨੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ’ਤੇ ਪਾਬੰਦੀ ਲਗਾ ਦਿੱਤੀ ਕਿਉਂਕਿ ਬਾਲ ਮਨ ਕੋਰੇ ਕਾਗਜ਼ ਵਾਂਗ ਹੁੰਦਾ ਹੈ। ਜਦੋਂ ਉਸ ਦੇ ਮਨ ’ਤੇ ਗ਼ੈਰ ਸਮਾਜਿਕ ਤੱਤਾਂ, ਹਿੰਸਕ ਵਰਤਾਰੇ ਵਰਗੇ ਰੰਗ ਚੜ੍ਹ ਜਾਣਗੇ ਤਾਂ ਸੁਭਾਵਿਕ ਹੀ ਉਸਦੇ ਵਿਵਹਾਰ ਤੇ ਸਮਾਜਿਕ ਸਬੰਧਾਂ ਵਿਚ ਵਿਗਾੜ ਪੈਦਾ ਹੋਵੇਗਾ। ਇਹ ਕਾਰਟੂਨ ਗ਼ੈਰ ਸਮਾਜਿਕ ਵਰਤਾਰੇ ਵਾਲੇ ਅੰਸ਼ਾਂ ਨੂੰ ਪੇਸ਼ ਕਰ ਰਹੇ ਹਨ।
ਹਿੰਦੋਸਤਾਨੀ ਟੀ.ਵੀ. ਚੈਨਲਾਂ ’ਤੇ ਵੀ ਇਨ੍ਹਾਂ ਕਾਰਟੂਨਾਂ ਦੀ ਭਰਮਾਰ ਨਜ਼ਰ ਆਉਂਦੀ ਹੈ। ਜਿਨ੍ਹਾਂ ਦਾ ਸਾਡੇ ਸਮਾਜਿਕ ਵਰਤਾਰੇ ਨਾਲ ਕੋਈ ਵਾਹ ਵਾਸਤਾ ਨਹੀਂ। ਕਾਰਟੂਨਾਂ ਤੋਂ ਇਲਾਵਾ ਧਾਰਮਿਕ, ਇਤਿਹਾਸਕ ਤੇ ਮਿਥਿਹਾਸਕ ਰੰਗਤ ਵਾਲੇ ਚੱਲ ਚਿੱਤਰ ਵੀ ਟੀ.ਵੀ. ’ਤੇ ਦੇਖਣ ਨੂੰ ਮਿਲਦੇ ਹਨ। ਜਿਨ੍ਹਾਂ ਬਾਰੇ ਮਾਪਿਆਂ ਦਾ ਖਿਆਲ ਹੈ ਕਿ ਬੱਚੇ ਇਸ ਤਰ੍ਹਾਂ ਦੇ ਕਾਰਟੂਨ ਦੇਖ ਕੇ ਸੱਭਿਆਚਾਰ ਨਾਲ ਜੁੜੇ ਰਹਿਣਗੇ। ਇਨ੍ਹਾਂ ਕਾਰਟੂਨਾਂ ਵਿਚਲੇ ਕਿਰਦਾਰਾਂ ਬਾਰੇ ਬੜੇ ਭਰਮ ਭੁਲੇਖੇ ਹੁੰਦੇ ਹਨ। ਜਿਨ੍ਹਾਂ ਕਿਰਦਾਰਾਂ ਬਾਰੇ ਮਨੁੱਖੀ ਮਨ ਹੀ ਗੁੰਝਲਾਂ ਨਹੀਂ ਖੋਲ੍ਹ ਸਕਿਆ, ਉਨ੍ਹਾਂ ਬਾਰੇ ਬਾਲ ਮਨ ’ਤੇ ਜੋ ਪ੍ਰਭਾਵ ਪਵੇਗਾ ਉਹ ਸਾਰੀ ਉਮਰ ਉਨ੍ਹਾਂ ਦੇ ਨਾਲ-ਨਾਲ ਚੱਲਦੇ ਰਹਿਣਗੇ। ਇਨ੍ਹਾਂ ਦੇ ਜਾਲ ਵਿਚ ਫਸੇ ਇਹ ਮਾਸੂਮ ਜ਼ਿੰਦਗੀ, ਇਤਿਹਾਸ, ਮਿਥਿਹਾਸ ਬਾਰੇ ਆਪਣੀ ਰਾਇ ਕਿਵੇਂ ਬਣਾ ਸਕਣਗੇ।
ਕਾਰਟੂਨ ਤੇ ਬੱਚਿਆਂ ਵਿਚਲਾ ਸਬੰਧ ਸਿਰਫ਼ ਸਿਖਲਾਈ ਜਾਂ ਹਲਕੇ ਫੁਲਕੇ ਮਨੋਰੰਜਨ ਤਕ ਹੀ ਸੀਮਤ ਹੋਣਾ ਚਾਹੀਦਾ ਹੈ, ਨਾ ਕਿ ਕਾਰਟੂਨ ਬਾਲ ਮਨ ’ਤੇ ਭਾਰੂ ਹੋਣ। ਬੱਚੇ ਦੇ ਮਨ ’ਤੇ ਜੋ ਉੱਕਰਿਆ ਜਾਂਦਾ ਹੈ, ਉਹ ਸਾਰੀ ਉਮਰ ਉਸ ਨਾਲ ਚੱਲਦਾ ਹੈ। ਜਿਸ ਵਿਚ ਮਾਪਿਆਂ ਦੀ ਵਧੇਰੇ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਨ੍ਹਾਂ ਨੇ ਆਪਣੇ ਬੱਚੇ ਦਾ ਕਿਰਦਾਰ ਕਿਸ ਤਰ੍ਹਾਂ ਦਾ ਬਣਾਉਣਾ ਹੈ।

ਸੰਪਰਕ : 94174-78446


Comments Off on ਕਾਰਟੂਨ ਤੇ ਬਾਲ ਮਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.