ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    ਹਾਂਗਕਾਂਗ ਓਪਨ: ਸਿੰਧੂ ਜਿੱਤੀ, ਸਾਇਨਾ ਹਾਰੀ !    ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    

ਕਾਰਗਿਲ ਜੰਗ ਨੂੰ ਯਾਦ ਕਰਦਿਆਂ

Posted On July - 11 - 2019

ਜੀ ਪਾਰਥਾਸਾਰਥੀ*

ਪੂਰੇ ਦੋ ਦਹਾਕੇ ਪਹਿਲਾਂ ਭਾਰਤੀ ਫ਼ੌਜ ਦੀਆਂ ਤਿੰਨ ਬਟਾਲੀਅਨਾਂ ਨੂੰ ਦੇਸ਼ ਦੇ ਕਾਰਗਿਲ ਸੈਕਟਰ ਦੀ ਸਭ ਤੋਂ ਉੱਚੀ ਚੋਟੀ ਟਾਈਗਰ ਹਿੱਲ ਉੱਤੇ ਮੁੜ ਕਬਜ਼ਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਟਾਈਗਰ ਹਿੱਲ, ਸ੍ਰੀਨਗਰ ਤੇ ਲੱਦਾਖ਼ ਨੂੰ ਜੋੜਨ ਵਾਲੇ ਅਹਿਮ ਸ਼ਾਹਰਾਹ ਉਤੇ ਫ਼ੌਜੀ ਨਜ਼ਰੀਏ ਤੋਂ ਬਹੁਤ ਅਹਿਮ ਟਿਕਾਣੇ ‘ਤੇ ਹੈ। ਟਾਈਗਰ ਹਿੱਲ ਉੱਤੇ ਮੁੜ ਕਬਜ਼ੇ ਦੀ ਕਾਰਵਾਈ ਮਈ 1999 ਨੂੰ ਦੇ ਆਖ਼ਰੀ ਹਫ਼ਤੇ ਦੌਰਾਨ ਸ਼ੁਰੂ ਹੋਈ। ਇਸ ਦੇ ਨਾਲ ਲੱਗਦੀ ਤੋਲੋਲਿੰਗ ਚੋਟੀ ਉੱਤੇ ਕਬਜ਼ੇ ਦੀ ਲੜਾਈ ਵੀ ਨਾਲ ਹੀ ਜੁੜੀ ਹੋਈ ਸੀ ਤੇ ਇਹ ਸਮੁੱਚੀ ਮੁਹਿੰਮ 3-4 ਜੁਲਾਈ, 1999 ਨੂੰ ਫ਼ਤਹਿ ਕਰ ਲਈ ਗਈ।
ਟਾਈਗਰ ਹਿੱਲ ਉਤੇ ਕਬਜ਼ੇ ਨਾਲ ਪਾਕਿਸਤਾਨੀ ਫ਼ੌਜਾਂ ਲਈ ਸਾਡੀਆਂ ਫ਼ੌਜਾਂ ਦੀ ਹਿੱਲ-ਜੁੱਲ ਉਤੇ ਨਜ਼ਰ ਰੱਖਣੀ ਅਤੇ ਸਿਆਚਿਨ ਵਿਚ ਤਾਇਨਾਤ ਸਾਡੇ ਦਸਤਿਆਂ ਨੂੰ ਸਪਲਾਈ ਵਿਚ ਅੜਿੱਕਾ ਡਾਹੁਣਾ ਆਸਾਨ ਹੋ ਗਿਆ ਸੀ। ਇਨ੍ਹਾਂ ਘਟਨਾਵਾਂ ਦੌਰਾਨ ਹੀ ਪਾਕਿਸਤਾਨ ਦੇ ਮੌਕੇ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਵਾਸ਼ਿੰਗਟਨ ਦਾ ਕਾਹਲ ਭਰਿਆ ਦੌਰਾ ਕੀਤਾ ਅਤੇ ਅਮਰੀਕਾ ਦੇ ਆਜ਼ਾਦੀ ਦਿਹਾੜੇ 4 ਜੁਲਾਈ ਨੂੰ ਆਪਣੀਆਂ ਫ਼ੌਜਾਂ ਕਾਰਗਿਲ ਤੋਂ ਵਾਪਸ ਬੁਲਾ ਲੈਣ ਦੀ ਹਾਮੀ ਭਰੀ!! ਅਜਿਹਾ ਉਦੋਂ ਵਾਪਰਿਆ ਜਦੋਂ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵਿਚੋਲਗੀ ਦੀ ਅਮਰੀਕੀ ਸਦਰ ਬਿਲ ਕਲਿੰਟਨ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ।
ਕਾਰਗਿਲ ਜੰਗ ਉਦੋਂ ਹੋਈ, ਜਦੋਂ ਭਾਰਤ ਤੇ ਪਾਕਿਸਤਾਨ, ਦੋਹਾਂ ਉਤੇ ਸੰਯੁਕਤ ਰਾਸ਼ਟਰ ਦੇ ਸਮਰਥਨ ਵਾਲੀਆਂ ਮਾਲੀ ਪਾਬੰਦੀਆਂ ਲੱਗੀਆਂ ਸਨ। ਦੋਵਾਂ ਮੁਲਕਾਂ ਉੱਤੇ ਇਹ ਪਾਬੰਦੀਆਂ ਉਨ੍ਹਾਂ ਵੱਲੋਂ ਮਈ 1998 ਵਿਚ ਕੀਤੇ ਪਰਮਾਣੂ ਤਜਰਬਿਆਂ ਕਾਰਨ ਲਾਈਆਂ ਗਈਆਂ ਸਨ। ਕਲਿੰਟਨ ਪ੍ਰਸ਼ਾਸਨ ਭਾਰਤੀ ਪਰਮਾਣੂ ਪ੍ਰੋਗਰਾਮ ਨੂੰ ‘ਠੱਲ੍ਹਣ, ਪਿਛਾਂਹ ਮੋੜਨ ਤੇ ਖ਼ਤਮ ਕਰਨ’ ਲਈ ਦ੍ਰਿੜ੍ਹ ਸੀ। ਪਾਕਿਸਤਾਨ ਨੇ ਇਸ ਬਣੇ ਹਾਲਾਤ ਦਾ ਫ਼ਾਇਦਾ ਉਠਾਇਆ। ਦੱਸਿਆ ਜਾਂਦਾ ਹੈ ਕਿ ਪਾਕਿਸਤਾਨੀ ਫ਼ੌਜ ਦੀ ਕਾਰਗਿਲ ਸੈਕਟਰ ਵਿਚ ਘੁਸਪੈਠ ਤਕਰੀਬਨ ਉਸੇ ਵਕਤ ਸ਼ੁਰੂ ਹੋ ਗਈ ਸੀ, ਜਦੋਂ ਪਰਮਾਣੂ ਤਜਰਬੇ ਹੋਏ।
ਨਵਾਜ਼ ਸ਼ਰੀਫ਼ ਸਰਕਾਰ ਸ਼ੁਰੂ ਵਿਚ ਇਸ ਘਟਨਾ-ਚੱਕਰ ਤੋਂ ਬੇਖ਼ਬਰ ਸੀ ਪਰ ਜਦੋਂ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਨਵਾਜ਼ ਨੇ ਫ਼ੌਜੀ ਕਾਰਵਾਈ ਦੀ ਖੁੱਲ੍ਹੇ ਦਿਲ ਨਾਲ ਹਮਾਇਤ ਕੀਤੀ। ਆਮ ਧਾਰਨਾ ਦੇ ਉਲਟ ਨਵਾਜ਼ ਨੂੰ ਇਸ ਸਾਰੇ ਹਾਲਾਤ ਬਾਰੇ ਇਕ ਤੋਂ ਵੱਧ ਵਾਰ ਜਾਣਕਾਰੀ ਦਿੱਤੀ ਗਈ ਜਿਨ੍ਹਾਂ ਵਿਚੋਂ ਇਕ ਵਾਰ ਸਕਰਦੂ ਸਥਿਤ ਪਾਕਿਸਤਾਨੀ ਫ਼ੌਜ ਦੇ ਖੇਤਰੀ ਹੈੱਡਕੁਆਰਟਰ ਵਿਚ ਜਾਣੂ ਕਰਵਾਇਆ ਜਾਣਾ ਵੀ ਸ਼ਾਮਲ ਸੀ।

ਜੀ ਪਾਰਥਾਸਾਰਥੀ*

ਭਾਰਤੀ ਖ਼ੁਫ਼ੀਆ ਤੰਤਰ ਨੂੰ ਇਸ ਘੁਸਪੈਠ ਦਾ ਪਤਾ ਕਰੀਬ ਇਕ ਸਾਲ ਬਾਅਦ ਲੱਗਾ ਜਿਸ ਤੋਂ ਬਾਅਦ ਭਾਰਤ ਵਿਚ ਇਸ ਗੱਲ ਨੂੰ ਲੈ ਕੇ ਇਲਜ਼ਾਮਤਰਾਸ਼ੀ ਸ਼ੁਰੂ ਹੋ ਗਈ ਕਿ ਇਸ ਵੱਡੀ ਇੰਟੈਲੀਜੈਂਸ ਨਾਕਾਮੀ ਲਈ ਕਿਹੜੇ ਖ਼ੁਫ਼ੀਆ ਅਦਾਰੇ ਜ਼ਿੰਮੇਵਾਰ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਵਾਜਪਾਈ ਨੇ ਫ਼ੈਸਲਾ ਕੀਤਾ ਸੀ ਕਿ ਅਮਰੀਕੀ ਅਗਵਾਈ ਵਾਲੇ ਕੌਮਾਂਤਰੀ ਦਬਾਵਾਂ ਨਾਲ ਸਿੱਝਣ ਦਾ ਇਕ ਤਰੀਕਾ ਪਾਕਿਸਤਾਨ ਨਾਲ ਅਮਨ ਕਾਇਮ ਕਰਨ ਦੀ ਕੋਸ਼ਿਸ਼ ਕਰਨਾ ਸੀ। ਇਸ ਤਹਿਤ ਫ਼ੈਸਲਾ ਕੀਤਾ ਗਿਆ ਕਿ ਇਸ ਸਬੰਧੀ ‘ਵੱਡੇ’ ਕਦਮ ਵਜੋਂ ਵਾਜਪਾਈ ਲਾਹੌਰ-ਦਿੱਲੀ ਬੱਸ ਸੇਵਾ ਦਾ ਉਦਘਾਟਨ ਕਰਦੇ ਹੋਏ ਬੱਸ ਰਾਹੀਂ ਪਾਕਿਸਤਾਨ ਜਾਣਗੇ।
ਵਾਜਪਾਈ ਜਦੋਂ ਲਾਹੌਰ ਪੁੱਜੇ ਤਾਂ ਇਸ ਗੱਲ ਤੋਂ ਬਿਲਕੁਲ ਨਾਵਾਕਿਫ਼ ਸਨ ਕਿ ਇਸ ਦੌਰਾਨ ਕਾਰਗਿਲ ਵਿਚ ਅਸਲ ਕੰਟਰੋਲ ਲਕੀਰ (ਐਲਓਸੀ) ਦੇ ਆਰ-ਪਾਰ ਕੀ ਚੱਲ ਰਿਹਾ ਸੀ। ਜਦੋਂ ਨਵਾਜ਼ ਨੂੰ ਉਸ ਦੀ ਫ਼ੌਜ ਦੇ ਮਨਸੂਬਿਆਂ ਬਾਰੇ ਜਾਣੂ ਕਰਵਾਇਆ ਗਿਆ ਤਾਂ ਉਨ੍ਹਾਂ ਵੀ ਇਸ ਸਬੰਧੀ ਹਾਮੀ ਭਰ ਦਿੱਤੀ। ਵਾਜਪਾਈ ਦੀ ਫੇਰੀ ਤੋਂ ਕੁਝ ਮਹੀਨੇ ਪਹਿਲਾਂ ਮੈਂ (ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨਰ ਵਜੋਂ) ਇਸਲਾਮਾਬਾਦ ਆਇਆ, ਜਿਥੇ ਮੈਂ ਅਜਿਹਾ ਮਾਹੌਲ ਦੇਖਿਆ ਜਿਹੜਾ ਪਾਕਿਸਤਾਨ ਦੇ ਧੋਖੇ ਨਾਲ ਭਰਿਆ ਜਾਪਦਾ ਸੀ। ਨਵਾਜ਼ ਦੇ ਕਰੀਬੀ ਸਾਥੀ, ਜਿਵੇਂ ਸੂਚਨਾ ਮੰਤਰੀ ਮੁਸ਼ਾਹਿਦ ਹੁਸੈਨ ਵੱਲੋਂ ਦੁਨੀਆ ਭਰ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਭੜਕਾਇਆ ਜਾ ਰਿਹਾ ਸੀ। ਮੁਸ਼ਾਹਿਦ ਅਤੇ ਲਹਿੰਦੇ ਪੰਜਾਬ ਦੇ ਗਵਰਨਰ ਦੇ ਲਸ਼ਕਰ-ਏ-ਤੋਇਬਾ ਦੇ ਆਗੂ ਹਾਫ਼ਿਜ਼ ਮੁਹੰਮਦ ਸਈਦ ਤੱਕ ਨਾਲ ਸਬੰਧ ਸਨ।
ਵਾਜਪਾਈ, ਜਿਸ ਦਾ ਪਾਕਿਸਤਾਨ ਵਿਚ ਕਾਫ਼ੀ ਸਤਿਕਾਰ ਸੀ, ਦਾ ਲਾਹੌਰ ਵਿਚ ਨਿੱਘਾ ਸਵਾਗਤ ਕੀਤਾ ਗਿਆ। ਫ਼ੌਜਾਂ ਦੇ ਤਿੰਨਾਂ ਵਿੰਗਾਂ ਦੇ ਮੁਖੀ ਵਾਜਪਾਈ ਦੇ ਸਵਾਗਤੀ ਸਮਾਗਮ ਵਿਚ ਤਾਂ ਸ਼ਾਮਲ ਨਾ ਹੋਏ ਪਰ ਉਨ੍ਹਾਂ ਲਾਹੌਰ ਵਿਚ ਗਵਰਨਰ ਦੀ ਰਿਹਾਇਸ਼ ’ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ, ਜਿਥੇ ਭਾਰਤੀ ਪ੍ਰਧਾਨ ਮੰਤਰੀ ਰੁਕੇ ਹੋਏ ਸਨ। ਉਨ੍ਹਾਂ ਆਪਣੇ ਸਵਾਗਤੀ ਸਮਾਗਮ ਦੌਰਾਨ ਸ਼ਾਨਦਾਰ ਤਕਰੀਰ ਦਿੱਤੀ ਜਿਸ ਦਾ ਸਰੋਤਿਆਂ ਨੇ ਜ਼ੋਰਦਾਰ ਸਵਾਗਤ ਕੀਤਾ।
ਦੂਜੇ ਪਾਸੇ ਪਾਕਿਸਤਾਨੀ ਫ਼ੌਜ ਅਤੇ ਇਸ ਦੇ ਸਿਆਸੀ ਢਾਂਚੇ ਦੇ ਅਹਿਮ ਹਿੱਸੇ ਕੁਝ ਵੱਖਰਾ ਸੋਚਦੇ ਨਜ਼ਰ ਆਏ। ਪਾਕਿਸਤਾਨੀ ਨਿਜ਼ਾਮ ਦੇ ਇਰਾਦੇ ਵਜਾਪਾਈ ਦੀ ਫੇਰੀ ਦੌਰਾਨ ਹੀ ਜ਼ਾਹਰ ਹੋ ਗਏ ਸਨ, ਜਿਹੜੇ ਸਾਂਝੇ ਐਲਾਨਨਾਮੇ ਨੂੰ ਅੰਤਿਮ ਰੂਪ ਦਿੱਤੇ ਜਾਣ ਸਮੇਂ ਕਾਫ਼ੀ ਉੱਭਰ ਕੇ ਸਾਹਮਣੇ ਆਏ। ਵਿਵੇਕ ਕਾਟਜੂ ਜੋ ਉਸ ਸਮੇਂ ਪਾਕਿਸਤਾਨ ਡਿਵੀਜ਼ਨ ਦੇ ਮੁਖੀ ਸਨ, ਨੇ ਇਸ ਗੱਲਬਾਤ ਨੂੰ ਮਜ਼ਬੂਤੀ ਤੇ ਸਮਝਦਾਰੀ ਨਾਲ ਸੰਭਾਲਿਆ। ਇਸ ਦੇ ਨਾਲ ਹੀ ਵਾਜਪਾਈ ਦੇ ਦੌਰੇ ਤੋਂ ਪਹਿਲਾਂ ਅਤੇ ਬਾਅਦ ਵਾਲੇ ਮਹੀਨਿਆਂ ਦੌਰਾਨ ਜੰਮੂ ਕਸ਼ਮੀਰ ਵਿਚ ਦਹਿਸ਼ਤੀ ਹਮਲਿਆਂ ਨੂੰ ਵੀ ਕੋਈ ਠੱਲ੍ਹ ਨਹੀਂ ਪਈ।
ਭਾਰਤੀ ਫ਼ੌਜ, ਖ਼ਾਸਕਰ ਇਸ ਦੇ ਜੂਨੀਅਰ ਅਫ਼ਸਰਾਂ ਤੇ ਜਵਾਨਾਂ ਨੇ ਜਿਸ ਤਰ੍ਹਾਂ ਲੜਾਈ ਦੌਰਾਨ ਕਾਰਗਿਲ ਵਿਚ ਉੱਚੀਆਂ ਪਹਾੜੀ ਚੋਟੀਆਂ ਉਤੇ ਬਹਾਦਰੀ ਤੇ ਦਲੇਰੀ ਦਾ ਸਬੂਤ ਦਿੱਤਾ, ਉਸ ਲਈ ਦੇਸ਼ ਨੂੰ ਉਨ੍ਹਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਪਾਕਿਸਤਾਨ ਨੇ ਗਿਆਰਾਂ ਸਾਲ ਬਾਅਦ ਮੰਨਿਆ ਕਿ ਜੰਗ ਵਿਚ ਇਸ ਦੇ 453 ਜਵਾਨ ਮਾਰੇ ਗਏ। ਉਹ ਇਸ ਕਾਰਨ ਇਸ ਤੱਥ ਨੂੰ ਲੁਕਾਉਣ ਵਿਚ ਸਫਲ ਹੋਏ, ਕਿਉਂਕਿ ਮਾਰੇ ਗਏ ਜਵਾਨ ਮੁੱਖ ਤੌਰ ‘ਤੇ ਗਿਲਗਿਤ-ਬਾਲਤਿਸਤਾਨ ਤੋਂ ਸ਼ੀਆ ਭਾਈਚਾਰੇ ਨਾਲ ਸਬੰਧਤ ਸਨ। ਜੰਗ ਦੇ ਪਰਮਾਣੂ ਟਕਰਾਓ ਵੱਲ ਵਧਣ ਦੇ ਖ਼ਤਰੇ ਨੂੰ ਭਾਰਤ ਨੇ ਤੇਜ਼ ਕਾਰਵਾਈ ਰਾਹੀਂ ਰੋਕ ਲਿਆ, ਜਿਸ ਨੇ ਇਸ ਸਬੰਧੀ ਪਾਕਿਸਤਾਨ ਦੇ ਜੰਗਬਾਜ਼ ਵਿਦੇਸ਼ ਸਕੱਤਰ ਸ਼ਮਸ਼ਾਦ ਅਹਿਮਦ ਦੀਆਂ ਸ਼ੁਰੂਆਤੀ ਧਮਕੀਆਂ ਨੂੰ ਅੱਗੇ ਨਾ ਵਧਣ ਦਿੱਤਾ। ਜੰਗ ਵਿਚ ਭਾਰਤ ਦੇ 527 ਜਵਾਨਾਂ ਦੀ ਜਾਨ ਜਾਂਦੀ ਰਹੀ ਤੇ 1363 ਜ਼ਖ਼ਮੀ ਹੋਏ।
ਵਾਜਵਾਈ ਨੇ ਮਈ 1999 ਦੇ ਤੀਜੇ ਹਫ਼ਤੇ ਦੌਰਾਨ ਫ਼ੌਜ ਦੇ ਅਪਰੇਸ਼ਨ ਰੂਮ ਦਾ ਦੌਰਾ ਕੀਤਾ ਜਿਸ ਦੌਰਾਨ ਫ਼ੌਜ ਦੇ ਮੁਖੀ ਜਨਰਲ ਵੇਦ ਮਲਿਕ ਨੇ ਉਨ੍ਹਾਂ ਨੂੰ ਜੰਗ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮੈਂ ਵੀ ਹਾਜ਼ਰ ਸਾਂ। ਫ਼ੌਜੀ ਮੁਖੀ ਨੇ ਪਾਕਿਸਤਾਨੀ ਘੁਸਪੈਠ ਬਾਰੇ ਤਫ਼ਸੀਲ ਨਾਲ ਜਾਣਕਾਰੀ ਦਿੱਤੀ ਤੇ ਵਾਜਪਾਈ ਨੂੰ ਭਰੋਸਾ ਦਿੱਤਾ ਕਿ ਫ਼ੌਜ ਸਾਰੇ ਪਾਕਿਸਤਾਨੀ ਘੁਸਪੈਠੀਆਂ ਨੂੰ ਬਾਹਰ ਕੱਢ ਮਾਰੇਗੀ। ਅਗਾਂਹ ਹੋਣ ਵਾਲੀਆਂ ਖ਼ੂਨੀ ਜੰਗਾਂ ਦੇ ਖ਼ਦਸ਼ਿਆਂ ਅਤੇ ਸਾਡੇ ਪੱਖ ਤੋਂ ਸ਼ੁਰੂਆਤੀ ਤੌਰ ‘ਤੇ ਰਹੀਆਂ ਇੰਟੈਲੀਜੈਂਸ ਖ਼ਾਮੀਆਂ ਬਾਰੇ ਹਰ ਕੋਈ ਸਹਿਮਤ ਸੀ। ਜਾਣਕਾਰੀ ਦਿੰਦੇ ਸਮੇਂ ਜਨਰਲ ਮਲਿਕ ਨੇ ਹਵਾਈ ਫ਼ੌਜ ਰਾਹੀਂ ਸਹਾਇਤਾ ਦੀ ਲੋੜ ਬਾਰੇ ਵੀ ਸੰਕੇਤ ਦਿੱਤਾ। ਇਸ ਤਜਵੀਜ਼ ਨੂੰ ਵਾਜਪਾਈ ਨੇ ਉਸੇ ਦਿਨ ਇਸ ਸ਼ਰਤ ਨਾਲ ਮਨਜ਼ੂਰ ਕਰ ਲਿਆ ਕਿ ਹਵਾਈ ਫ਼ੌਜ ਦੇ ਜਹਾਜ਼ ਐਲਓਸੀ ਦੇ ਪਾਰ ਨਹੀਂ ਜਾਣਗੇ।
ਮੈਨੂੰ ਫ਼ੌਰੀ ਪਾਕਿਸਤਾਨ ਪਰਤ ਜਾਣ ਲਈ ਆਖਿਆ ਗਿਆ ਕਿਉਂਕਿ ਅਗਲੀ ਸਵੇਰ ਤੋਂ ਹਵਾਈ ਹਮਲੇ ਸ਼ੁਰੂ ਹੋਣੇ ਸਨ। ਭਾਰਤੀ ਹਵਾਈ ਫ਼ੌਜ ਨੂੰ ਭਰੋਸਾ ਸੀ ਕਿ ਇਸ ਦੇ ਮਿੱਗ 29 ਤੇ ਮਿਰਾਜ 2000 ਜੰਗੀ ਜਹਾਜ਼, ਪਾਕਿਸਤਾਨੀ ਹਵਾਈ ਫ਼ੌਜ ਦਾ ਮੁਕਾਬਲਾ ਕਰ ਲੈਣਗੇ ਜਿਹੜੀ ਅਮਰੀਕੀ ਐਫ਼ 16 ਜਹਾਜ਼ਾਂ ਨਾਲ ਲੈਸ ਸੀ ਪਰ ਪਾਕਿਸਤਾਨੀ ਹਵਾਈ ਫ਼ੌਜ ਨੇ ਐਲਓਸੀ ਦੇ ਜ਼ਿਆਦਾ ਕਰੀਬ ਨਾ ਆਉਣਾ ਹੀ ਬਿਹਤਰ ਸਮਝਿਆ। ਇਸ ਦੌਰਾਨ ਪਾਕਿਸਤਾਨ ਦੀਆਂ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨੇ ਭਾਰਤ ਦੇ ਦੋ ਜਹਾਜ਼ ਡੇਗ ਲਏ। ਇਨ੍ਹਾਂ ਵਿਚੋਂ ਇਕ ਸੀ ਮਿੱਗ 21 ਐਫ਼ ਜਿਸ ਨੂੰ ਸਕੂਐਡਰਨ ਲੀਡਰ ਆਹੂਜਾ ਉਡਾ ਰਿਹਾ ਸੀ ਤੇ ਬਦਕਿਸਮਤੀ ਨਾਲ ਉਸ ਦੀ ਜਾਨ ਚਲੀ ਗਈ; ਦੂਜਾ ਸੀ, ਮਿੱਗ 27 ਐਲ ਜਿਸ ਨੂੰ ਫਲਾਈਟ ਲੈਫ਼ਟੀਨੈਂਟ ਨਚੀਕੇਤਾ ਉਡਾ ਰਿਹਾ ਸੀ ਤੇ ਉਸ ਨੂੰ ਪਾਕਿਸਤਾਨ ਵੱਲੋਂ ਫੜ ਲਿਆ ਗਿਆ।
ਪਾਕਿਸਤਾਨ ਨੇ ਆਮ ਵਾਂਗ ਆਪਣੀ ਖੇਡ ਖੇਡਦਿਆਂ ਆਪਣੇ ਵਿਦੇਸ਼ ਦਫ਼ਤਰ ਵਿਚ ਵੱਡੀ ਮੀਡੀਆ ਇਕੱਤਰਤਾ ਕਰ ਕੇ ਮੇਰੀ ਹਾਜ਼ਰੀ ਵਿਚ ਨਚੀਕੇਤਾ ਨੂੰ ਰਿਹਾਅ ਕਰਨ ਦੀ ਪੇਸ਼ਕਸ਼ ਕੀਤੀ ਤਾਂ ਕਿ ਉਹ ਜੰਗ ਦੇ ਸਮੇਂ ਦੌਰਾਨ ਵੀ ਆਪਣੀ ‘ਉਦਾਰਤਾ’ ਦਾ ਮੁਜ਼ਾਹਰਾ ਕਰ ਸਕੇ। ਮੈਂ ਅਜਿਹੀ ਤਜਵੀਜ਼ਸ਼ੁਦਾ ‘ਰਿਹਾਈ’ ਵਿਚ ਹਾਜ਼ਰ ਹੋਣ ਤੋਂ ਨਾਂਹ ਕਰ ਦਿੱਤੀ। ਮੈਂ ਸਾਫ਼ ਕਰ ਦਿੱਤਾ ਕਿ ਵਿਦੇਸ਼ ਦਫ਼ਤਰ ਦੀ ਇਹ ਕਾਰਵਾਈ ‘ਮੀਡੀਆ ਤਮਾਸ਼ਾ’ ਹੋਵੇਗੀ ਜਿਸ ਨਾਲ ਜੰਗ ਦੌਰਾਨ ਫੜੇ ਗਏ ਭਾਰਤੀ ਹਵਾਈ ਫ਼ੌਜ ਦੇ ਅਫ਼ਸਰ ਦੇ ਮਾਣ-ਸਨਮਾਨ ਨੂੰ ਸੱਟ ਵੱਜੇਗੀ। ਇਸ ’ਤੇ ਉਸੇ ਸ਼ਾਮ ਇੰਟਰਨੈਸ਼ਨਲ ਰੈੱਡ ਕਰਾਸ ਨੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਵਿਚ ਨਚੀਕੇਤਾ ਨੂੰ ਸਾਡੇ ਹਵਾਲੇ ਕਰ ਦਿੱਤਾ।
ਕਾਰਗਿਲ ਜੰਗ ਨੇ ਕਈ ਕੌੜੀਆਂ ਹਕੀਕਤਾਂ ਸਾਡੇ ਸਾਹਮਣੇ ਲਿਆਂਦੀਆਂ। ਪਾਕਿਸਤਾਨੀ ਫ਼ੌਜ ਜਿਹੜੀ ਅਸਲ ਵਿਚ ਮੁਲਕ ’ਤੇ ਹਕੂਮਤ ਕਰਦੀ ਹੈ, 1971 ਵਿਚ ਹੋਈ ਆਪਣੀ ਬੇਇੱਜ਼ਤੀ ਨੂੰ ਭੁੱਲਣ ਲਈ ਤਿਆਰ ਨਹੀਂ। ਇਹ ਜਦੋਂ ਵੀ ਸੰਭਵ ਹੋਵੇ, ਕਿਸੇ ਨਾ ਕਿਸੇ ਤਰ੍ਹਾਂ ਬਦਲਾ ਲੈਣ ਦੀ ਕੋਸ਼ਿਸ਼ ਕਰਦੀ ਰਹੇਗੀ। ਭਾਰਤ ਨਾਲ ਦੁਸ਼ਮਣੀ ਤਾਂ ਇਸ ਦੀ ਆਪਣੀ ਹੋਂਦ ਤੇ ਇਸ ਦੇ ਮੁਲਕ ਦੀ ਅਸਲ ਹਾਕਮ ਬਣੇ ਰਹਿਣ ਲਈ ਜ਼ਰੂਰੀ ਹੈ। ਵਾਜਪਾਈ ਦੀ ਮਨਜ਼ੂਰੀ ਨਾਲ ਅਸੀਂ ਕਾਰਗਿਲ ਜੰਗ ਦੌਰਾਨ ਵੀ ਪਾਕਿਸਤਾਨੀਆਂ ਨੂੰ ਖੁੱਲ੍ਹਦਿਲੀ ਨਾਲ ਵੀਜ਼ੇ ਦੇਣੇ ਜਾਰੀ ਰੱਖੇ। ਲਾਹੌਰ ਬੱਸ ਸੇਵਾ ਤੇ ਸਮਝੌਤਾ ਐਕਸਪ੍ਰੈਸ ਵੀ ਆਮ ਵਾਂਗ ਚੱਲਦੀ ਰਹੀ ਅਤੇ ਪਾਕਿਸਤਾਨ ਤੋਂ ਮੁਸਾਫ਼ਰ ਆਉਂਦੇ ਰਹੇ। ਇਸ ਦੌਰਾਨ ਪਾਕਿਸਤਾਨੀਆਂ ਨੂੰ ਜਿਥੇ ਜਿੱਤ ਬਹੁਤ ਹੀ ਕਰੀਬ ਹੋਣ ਅਤੇ ਕਸ਼ਮੀਰੀਆਂ ਨੂੰ ਆਜ਼ਾਦੀ ਮਿਲ ਜਾਣ ਦੇ ਖੋਖਲੇ ਦਾਅਵਿਆਂ ਰਾਹੀਂ ਗੁੰਮਰਾਹ ਕੀਤਾ ਜਾ ਰਿਹਾ ਸੀ, ਉਥੇ ਸ਼ਾਂਤ ਤੇ ਦ੍ਰਿੜ੍ਹ ਭਾਰਤ ਵਾਸੀ ਆਪਣੀ ਆਮ ਜ਼ਿੰਦਗੀ ਜੀਅ ਰਹੇ ਸਨ।
ਆਉ ਅਸੀਂ ਕਾਰਗਿਲ ਜੰਗ ਦੀ 20ਵੀਂ ਵਰ੍ਹੇਗੰਢ ਸਾਦਾ ਤੇ ਵਾਜਬ ਢੰਗ ਨਾਲ ਮਨਾਈਏ; ਜਨਰਲ ਵੀਪੀ ਮਲਿਕ ਤੇ ਉਨ੍ਹਾਂ ਦੇ ਦਲੇਰ ਫ਼ੌਜੀ ਜਵਾਨਾਂ ਨੂੰ ਸਨਮਾਨ ਦੇਈਏ ਅਤੇ ਇਸ ਦੇ ਨਾਲ ਹੀ ਏਅਰ ਚੀਫ਼ ਮਾਰਸ਼ਲ ਅਨਿਲ ਯਸ਼ਵੰਤ ਟਿਪਨਿਸ ਤੇ ਉਨ੍ਹਾਂ ਦੇ ਜੰਗੀ ਪਾਇਲਟਾਂ ਤੇ ਹੋਰ ਸਾਥੀਆਂ ਨੂੰ ਵੀ।

*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।


Comments Off on ਕਾਰਗਿਲ ਜੰਗ ਨੂੰ ਯਾਦ ਕਰਦਿਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.