ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਕਾਮਰੇਡ ਨੱਥਾ ਸਿੰਘ ਪ੍ਰਾਪਰਟੀ ਡੀਲਰ

Posted On July - 7 - 2019

ਰਾਕੇਸ਼ ਰਮਨ
ਕਥਾ ਪ੍ਰਵਾਹ

ਆਸਮਾਨ ਅਚਾਨਕ ਸੰਘਣੇ ਕਾਲੇ ਬੱਦਲਾਂ ਨਾਲ ਘਿਰ ਗਿਆ ਸੀ। ਕੁਝ ਠੰਢ ਵਰਤ ਗਈ ਸੀ। ਉਨ੍ਹਾਂ ’ਚੋਂ ਇਕ ਜਣਾ ਉੱਠਿਆ। ਵਾਟਰ ਕੂਲਰ ਵਿਚੋਂ ਗਲਾਸ ਪਾਣੀ ਦਾ ਭਰਿਆ, ਇਕੋ ਸਾਹੇ ਡੀਕ ਕੇ ਕਾਹਲੀ-ਕਾਹਲੀ ਕਦਮ ਪੁੱਟਦਾ ਬਾਹਰ ਨੂੰ ਤੁਰ ਪਿਆ। ਇਕ ਦਰੱਖ਼ਤ ਹੇਠ ਖੜ੍ਹ ਕੇ ਉਹਨੇ ਆਪਣੀ ਕਰੜ-ਬਰੜੀ ਖਿੱਚੜੀ ਦਾੜ੍ਹੀ ਵਿਚ ਹੱਥ ਮਾਰਿਆ ਜਿਵੇਂ ਉਲਝੀ ਦਾੜ੍ਹੀ ਨੂੂੰ ਸੁਲਝਾ ਰਿਹਾ ਹੋਵੇ। ਸਿਰੋਂ ਡੱਬੀਦਾਰ ਸਾਫ਼ਾ ਉਤਾਰਿਆ ਤੇ ਆਪਣੇ ਚਿਹਰੇ ’ਤੇ ਫੇਰਿਆ ਜਿਵੇਂ ਪਸੀਨਾ ਪੂੰਝ ਰਿਹਾ ਹੋਵੇ। ਹਾਲਾਂਕਿ ਉਹਨੂੰ ਪਸੀਨਾ ਆਇਆ ਨਹੀਂ ਸੀ। ਸਾਫ਼ਾ ਮੁੜ ਸਿਰ ’ਤੇ ਬੰਨ੍ਹਣ ਦੀ ਥਾਂ ਦਰੱਖ਼ਤ ਦੀ ਟਾਹਣੀ ’ਤੇ ਟਿਕਾ ਦਿੱਤਾ। ਜੇਬ ’ਚੋਂ ਬੀੜੀ ਕੱਢੀ, ਸੁਲਗਾਈ ਤੇ ਬੜੀ ਤੇਜ਼ੀ ਨਾਲ ਫੇਫੜਿਆਂ ਦਾ ਪੂਰਾ ਜ਼ੋਰ ਲਾ ਕੇ ਦੋ ਕਸ਼ ਖਿੱਚੇ, ਬਚਦਾ ਟੁਕੜਾ ਜ਼ਮੀਨ ’ਤੇ ਸੁੱਟ ਕੇ ਪੈਰ ਨਾਲ ਮਸਲ ਦਿੱਤਾ। ਟਾਹਣੀ ’ਤੇ ਟਿਕਾਇਆ ਸਾਫ਼ਾ ਚੁੱਕਿਆ, ਫਿਰ ਚਿਹਰਾ ਪੂੰਝਿਆ ਤੇ ਲਾਪਰਵਾਹੀ ਜਿਹੀ ਨਾਲ ਸਿਰ ‘’ਤੇ ਵਲ੍ਹੇਟ ਕੇ ਵਸੀਕਾ ਨਵੀਸ ਦੇ ਖੋਖੇ ਵਿਚ ਆ ਵੜਿਆ ਜਿੱਥੇ ਵਸੀਕਾ ਨਵੀਸ ਦੇ ਸਾਹਮਣੇ ਵਾਲੇ ਬੈਂਚ ਉੱਪਰ ਲਗਭਗ ਬਰਾਬਰ ਲੰਬਾਈ-ਚੌੜਾਈ ਵਾਲਾ ਬੰਦਾ ਵਸੀਕਾ ਨਵੀਸ ਦੇ ਸਹਾਇਕ ਨਾਲ ਗੱਲਾਂ ਵਿਚ ਮਗਨ ਸੀ। ਪੱਕੇ ਰੰਗ ਦੇ ਇਸ ਬੰਦੇ ਨੇ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਸੀ ਤੇ ਗੂੜ੍ਹੇ ਨੀਲੇ ਰੰਗ ਦੀ ਪੱਗ ਬੰਨ੍ਹੀ ਹੋਈ ਸੀ। ਅੱਖਾਂ ਵਿਚ ਚਮਕ ਵੀ ਸੀ ਤੇ ਹਲਕਾ ਗੁਲਾਬੀ ਡੋਰਾ ਵੀ। ਉਹਨੇ ਅੱਧਾ ਬੈਂਚ ਮੱਲਿਆ ਹੋਇਆ ਸੀ ਤੇ ਬੜੇ ਫਖ਼ਰ ਨਾਲ ਆਪਣੀ ਜ਼ਮੀਨ ਤੋਂ ਮਿਲਦੇ ਚੋਖੇ ਮਾਮਲੇ ਦੀਆਂ ਗੱਲਾਂ ਵਸੀਕਾ ਨਵੀਸ ਨੂੰ ਦੱਸ ਰਿਹਾ ਸੀ। ਬਾਕੀ ਬਚਦੇ ਅੱਧੇ ਬੈਂਚ ਉੱਪਰ ਤਿੰਨ-ਚਾਰ ਕਿਸਾਨ ਬੈਠੇ ਹੋਏ ਸਨ। ਉਨ੍ਹਾਂ ਕਿਸਾਨਾਂ ਦੀ ਸ਼ਕਲ ਸੂਰਤ ਉਨ੍ਹਾਂ ਦੀ ਮੰਦਹਾਲੀ ਦੀ ਮੂੰਹ ਬੋਲਦੀ ਤਸਵੀਰ ਸੀ।
‘‘ਕਿਹੜੀ ਰਮੈਣ ਖੋਲ੍ਹ ਕੇ ਬਹਿ ਗਿਐਂ, ਪਾਲਾ ਸਿਆਂ! ਜਾ ਕੇ ਅਸ਼ਟਾਮ ਲੈ ਕੇ ਆ, ਵੇਲੇ ਨਾਲ ਵਿਹਲੇ ਹੋਈਏ ਕੰਮ ਤੋਂ। ਦੱਸ ਬਈ ਸਿਕੰਦਰ ਸਿਆਂ ਕਿੰਨੇ ਦੇ ਲੱਗਣਗੇ ਅਸ਼ਟਾਮ…।’’ ਖਰੀਦਦਾਰ ਤੇ ਵੇਚਣ ਵਾਲਿਆਂ ਵਿਚਕਾਰ ਬੈਠੇ ਨੱਥਾ ਸਿੰਘ ਨੇ ਬਰਾਬਰ ਲੰਬਾਈ-ਚੌੜਾਈ ਵਾਲੇ ਰੋਅਬਦਾਰ ਸਰਦਾਰ ਨੂੰ ਇਉਂ ਕਿਹਾ ਜਿਵੇਂ ਉਹਨੂੰ ਝੰਜੋੜ ਰਿਹਾ ਹੋਵੇ। ਸਿਕੰਦਰ ਸਿੰਘ ਇਕ ਨੰਬਰ ਦਾ ਵਸੀਕਾ ਨਵੀਸ ਸੀ, ਉਹਨੇ ਤੁਰੰਤ ਦੱਸ ਦਿੱਤਾ ਕਿ ਕਿੰਨੇ ਦੇ ਅਸ਼ਟਾਮ ਖਰੀਦਣੇ ਹਨ। ਪਾਲਾ ਸਿੰਘ, ਅਸ਼ਟਾਮ ਫਰੋਸ਼ ਕੋਲੋਂ ਅਸ਼ਟਾਮ ਲੈਣ ਚਲਾ ਗਿਆ। ਖੋਖੇ ’ਚ ਉਹ ਕਿਸਾਨ ਬੈਠੇ ਰਹੇ ਜਿਨ੍ਹਾਂ ਵਿਚੋਂ ਕਿਸੇ ਨੇ ਆਪਣਾ ਕਿੱਲਾ ਤੇ ਕਿਸੇ ਨੇ ਅੱਧਾ ਕਿੱਲਾ ਪਾਲਾ ਸਿੰਘ ਨੂੰ ਬੈਅ ਕਰਵਾਉਣਾ ਸੀ ਜਾਂ ਫਿਰ ਨੱਥਾ ਸਿੰਘ ਜਿਸ ਨੇ ਇਹ ਸੌਦਾ ਸਿਰੇ ਚੜ੍ਹਾਇਆ ਸੀ। ਨੱਥਾ ਸਿੰਘ, ਜਿਸ ਨੂੰ ਸਮਾਜ ਸੇਵਾ ਦੀ ਭਾਵਨਾ ਰੱਖਣ ਕਰਕੇ ਸਾਰੇ ਇਲਾਕੇ ਵਿਚ ਕਾਮਰੇਡ ਨੱਥਾ ਸਿੰਘ ਪ੍ਰਾਪਰਟੀ ਡੀਲਰ ਵਜੋਂ ਜਾਣਿਆ ਜਾਂਦਾ ਸੀ। ਕਿਸੇ ਸਮੇਂ ਉਹ ਸਿਰਫ਼ ਸਮਾਜ ਸੇਵੀ ਹੀ ਸੀ। ਸਭ ਲੋਕਾਂ ਲਈ ਨਿਆਂ ਤੇ ਆਰਥਿਕ ਬਰਾਬਰੀ ਦੀ ਗੱਲ ਕਰਦਾ ਸੀ। ਇਸ ਲਈ ਕਾਮਰੇਡ ਨੱਥਾ ਸਿੰਘ ਅਖਵਾਉਣ ਲੱਗਾ। ਫਿਰ ਉਹਨੇ ਟੱਬਰ ਪਾਲਣ ਖ਼ਾਤਰ ਪ੍ਰਾਪਰਟੀਆਂ ਦੇ ਸੌਦੇ ਕਰਵਾਉਣ ਦਾ ਕਿੱਤਾ ਅਪਣਾ ਲਿਆ। ਇਸ ਤਰ੍ਹਾਂ ਉਹਦਾ ਪੂਰਾ ਨਾਂ ਜੋ ਲੋਕਾਂ ਦੀ ਜ਼ੁਬਾਨ ’ਤੇ ਚੜ੍ਹਿਆ ਉਹ ਕਾਮਰੇਡ ਨੱਥਾ ਸਿੰਘ ਪ੍ਰਾਪਰਟੀ ਡੀਲਰ ਸੀ। ਤਕਰੀਬਨ ਦੋ ਦਹਾਕਿਆਂ ਤੋਂ ਉਹਦੀ ਪਛਾਣ ਇਸੇ ਨਾਮ ਨਾਲ ਹੀ ਜੁੜੀ ਆ ਰਹੀ ਸੀ।
ਅਰਜ਼ੀਨਵੀਸ ਨੇ ਕੱਚੀ ਇਬਾਰਤ ਤਿਆਰ ਕਰਕੇ ਸਭ ਧਿਰਾਂ ਨੂੰ ਪੜ੍ਹਾ-ਸੁਣਾ ਦਿੱਤੀ ਸੀ। ਪਾਲਾ ਸਿੰਘ ਨੇ ਅਸ਼ਟਾਮ ਲੈ ਆਉਣੇ ਸਨ। ਨਵੀਂ ਤਕਨੀਕ ਨਾਲ ਅਸ਼ਟਾਮ ਪੇਪਰ ਉੱਪਰ ਕੰਪਿਊਟਰ ਰਾਹੀਂ ਪ੍ਰਿੰਟ ਲੈ ਲਿਆ ਜਾਣਾ ਸੀ। ਗਵਾਹੀਆਂ ਪੈ ਜਾਣੀਆਂ ਸਨ। ਨੰਬਰਦਾਰ ਸਮੇਤ ਸਾਰੇ ਸਬੰਧਿਤ ਬੰਦਿਆਂ ਦੇ ਦਸਤਖ਼ਤ ਹੋ ਜਾਣੇ ਸਨ। ਥੁੜ੍ਹੇ-ਟੁੱਟੇ ਕਿਸਾਨਾਂ ਕੋਲੋਂ ਜ਼ਮੀਨ ਖੁੱਸ ਜਾਣੀ ਸੀ। ਪਾਲਾ ਸਿੰਘ ਦਾ ਖੇਤ ਉਹਦੇ ਸਰੀਰ ਵਾਂਗ ਹੀ ਹੋਰ ਫੈਲ ਜਾਣਾ ਸੀ। ਪਾਲਾ ਸਿੰਘ ਦੀ ਪ੍ਰਾਪਰਟੀ ਵਿਚ ਵਾਧਾ ਕਰ ਰਿਹਾ ਨੱਥਾ ਸਿੰਘ ਖ਼ੁਸ਼ ਸੀ ਕਿ ਉਹਨੇ ਇਕ ਵੱਕਾਰੀ ਸੌਦਾ ਸਿਰੇ ਚੜ੍ਹਾ ਲਿਆ ਸੀ। ਤਹਿਸੀਲਦਾਰ ਦੇ ਪੇਸ਼ ਹੋ ਕੇ ਜਦੋਂ ਪਾਲਾ ਸਿੰਘ ਤੇ ਨੱਥਾ ਸਿੰਘ ਖ਼ੁਸ਼ੀ-ਖ਼ੁਸ਼ੀ ਪਰਤ ਰਹੇ ਸਨ ਤਾਂ ਬਾਹਰ ਆਉਂਦਿਆਂ ਨੱਥਾ ਸਿੰਘ ਦਾ ਧਿਆਨ ਕਿਸਾਨਾਂ ਦੇ ਉਤਰੇ ਚਿਹਰਿਆਂ ਵੱਲ ਗਿਆ। ਉਹਦੇ ਦਿਲ ਨੂੰ ਜਿਵੇਂ ਕੋਈ ਧੱਕਾ ਜਿਹਾ ਲੱਗਾ ਹੋਵੇ। ਪਾਲਾ ਸਿੰਘ ਵੱਲ ਘੁੰਮਦਿਆਂ ਉਸ ਨੇ ਤੁਰੰਤ ਕਿਹਾ, ‘‘ਜਾਹ, ਪਾਲਾ ਸਿਆਂ, ਦੋ ਬੋਤਲਾਂ ਸੰਤਰੇ ਦੀਆਂ ਫੜ ਲਿਆ, ਦੋ-ਦੋ ਹਾੜੇ ਲਾਈਏ। ਦਾਲ ਫੁਲਕਾ ਵੀ ਛਕੀਏ। ਮੈਂ ਇਨ੍ਹਾਂ ਨੂੰ ਲੈ ਕੇ ਪੰਡਤਾਂ ਦੇ ਢਾਬੇ ’ਤੇ ਚੱਲਦਾਂ!’’
ਜ਼ਮੀਨੀ ਸੌਦਿਆਂ ਰਾਹੀਂ ਮਾਮਲਿਆਂ ਨੂੰ ਨਿਪਟਾਉਣ ਅਤੇ ਮਾਮਲਿਆਂ ਨੂੰ ਹੱਲ ਕਰਨ ਵਿਚ ਨੱਥਾ ਸਿੰਘ ਬੇਹੱਦ ਮਾਹਿਰ ਸੀ। ਦੋ ਘੁੱਟ ਦਾਰੂ ਪੀ ਕੇ ਉਹ ਮਨ ਹੀ ਮਨ ਇਸ ਗੱਲੋਂ ਖ਼ੁਸ਼ ਹੁੰਦਾ ਸੀ ਕਿ ਉਹਨੇ ਇਕ ਤੀਰ ਨਾਲ ਕਿੰਨੇ ਨਿਸ਼ਾਨੇ ਫੁੰਡ ਲਏ ਹਨ। ਇਕ ਫ਼ੀਸਦੀ ਕਮਿਸ਼ਨ ਤਾਂ ਉਹਦਾ ਖਰਾ ਹੁੰਦਾ ਸੀ। ਪਾਲਾ ਸਿੰਘ ਵਰਗਿਆਂ ਦੀ ਉਹ ਜ਼ਮੀਨੀ ਮਾਲਕੀ ਦੀ ਭੁੱਖ ਨੂੰ ਤ੍ਰਿਪਤ ਕਰ ਦਿੰਦਾ ਸੀ। ਥੁੜ੍ਹੇ-ਟੁੱਟੇ ਕਿਸਾਨਾਂ ਨੂੰ ਜ਼ਮੀਨ ਵੇਚ ਕੇ ਕਰਜ਼ੇ ਤੋਂ ਮੁਕਤੀ ਮਿਲ ਜਾਂਦੀ ਸੀ। ਉਹ ਆਪਣੀਆਂ ਲਿਮਟਾਂ ਮੋੜ ਕੇ ਦੁਬਾਰਾ ਚੁੱਕ ਲੈਂਦੇ ਸਨ, ਆੜਤੀਆਂ ਦੇ ਦਰ ’ਤੇ ਖਲ੍ਹੋਣ ਜੋਗੇ ਹੋ ਜਾਂਦੇ ਸਨ। ਇਉਂ ਨੱਥਾ ਸਿੰਘ ਜਾਇਦਾਦਾਂ ਦੇ ਏਧਰੋਂ ਓਧਰ ਕਰਨ ਦੇ ਸਿਲਸਿਲੇ ਵਿਚ ਆਪਣੇ ਵੱਲੋਂ ਨਿਭਾਈ ਜਾ ਰਹੀ ਸੂਤਰਧਾਰ ਦੀ ਭੂਮਿਕਾ ਨੂੰ ਕਾਫ਼ੀ ਮਹੱਤਵ ਦਿੰਦਾ ਸੀ। ਵਾਹ ਲੱਗਦੀ ਉਹ ਸਾਰੇ ਮਾਮਲਿਆਂ ਵਿਚ ਸਫ਼ਲ ਰਹਿੰਦਾ ਸੀ, ਪਰ ਕਦੇ-ਕਦੇ ਬੇਵੱਸ ਵੀ ਹੋ ਜਾਂਦਾ ਸੀ।

ਰਾਕੇਸ਼ ਰਮਨ

ਗੁਆਂਢ ਵਿਚ ਕੋਹਰਾਮ ਮੱਚਿਆ ਹੋਇਆ ਸੀ। ਨੱਥਾ ਸਿੰਘ ਨੇ ਕੰਧ ਉੱਪਰੋਂ ਗੁਆਂਢੀਆਂ ਦੇ ਵਿਹੜੇ ’ਚ ਤੱਕਿਆ। ਦੋ ਭਰਾ ਲੜ ਰਹੇ ਸਨ, ਇਕ ਖੱਚਰ ਪਿੱਛੇ ਮਰਨ-ਮਾਰਨ ’ਤੇ ਉਤਾਰੂ ਸਨ। ਪਰਜਾਪਤਾਂ ਦਾ ਘਰ ਸੀ। ਦੋਵੇਂ ਰੇੜ੍ਹਾ ਵਾਹੁੰਦੇ ਸਨ। ਇਕੋ ਰੇੜ੍ਹਾ ਤੇ ਇਕੋ ਖੱਚਰ, ਸਾਂਝੀ ਜਾਇਦਾਦ, ਕਦੇ ਇਕ ਲੈ ਜਾਂਦਾ ਤੇ ਕਦੇ ਦੂਜਾ। ਦੋਵਾਂ ਦਾ ਹੀ ਕੰਮ ਰਿੜ੍ਹੀ ਜਾਂਦਾ ਸੀ। ਨੱਥਾ ਸਿੰਘ ਨੇ ਜੁੱਤੀ ਪਾਈ, ਥੋੜ੍ਹਾ ਸੂਤ ਸਿਰ ਹੋਇਆ ਤੇ ਗੁਆਂਢੀਆਂ ਦੇ ਵਿਹੜੇ ਜਾ ਵੜਿਆ। ਲੱਲੂ ਵੱਡਾ ਭਰਾ ਸੀ। ਉਹ ਖੱਚਰ ਨੂੰ ਗਲ਼ ਤੋਂ ਬਾਂਹ ਵਲਾਈ ਛੋਟੇ ਭਰਾ ਭੋਲੇ ਨੂੰ ਵੰਗਾਰ ਰਿਹਾ ਸੀ, ‘‘ਮੈਂ ਰੱਖੂੰਗਾ ਖੱਚਰ ਨੂੰ। ਤੂੰ ਹੱਥ ਲਾ ਕੇ ਦਿਖਾ।’’ ਅੱਗੋਂ ਭੋਲਾ ਵੀ ਉੱਲਰ-ਉੱਲਰ ਪੈ ਰਿਹਾ ਸੀ, ‘‘ਮੈਂ ਆਪਣਾ ਹੱਕ ਲੈ ਕੇ ਦਿਖਾਊਂ…।’’ ਉਹ ਆਂਢੀਆਂ-ਗੁਆਂਢੀਆਂ ਦੀ ਪਕੜ ਵਿਚ ਸੀ। ਇਸ ਲਈ ਦੋਵੇਂ ਹੱਥੋ-ਪਾਈ ਹੋਣੋਂ ਬਚ ਗਏ। ਉਨ੍ਹਾਂ ਦੀ ਮਾਂ ਨੇ ਨੱਥਾ ਸਿੰਘ ਕੋਲ ਤਰਲਾ ਮਾਰਿਆ, ‘‘ਭਾਈਆ ਜੀ, ਤੁਸੀਂ ਕੁਝ ਕਰੋ।’’ ਨੱਥਾ ਸਿੰਘ ਨੇ ਪਲ ਭਰ ਸੋਚਿਆ। ਫਿਰ ਦੋਵਾਂ ਨੂੰ ਸੁਣਾ ਕੇ ਕਿਹਾ, ‘‘ਮੁੰਡਿਓ, ਹੋਸ਼ ਕਰੋ। ਖੱਚਰ ਨੂੰ ਵੱਢ ਕੇ ਦੋ ਹਿੱਸੇ ਤਾਂ ਕਰ ਨਹੀਂ ਸਕਦੇ। ਇਕ ਜਣਾ ਹੀ ਰੱਖੇਗਾ ਇਹਨੂੰ। ਜੇ ਇਹਦਾ ਮੁੱਲ ਵੀ ਪਾ ਲਈਏ ਤਾਂ ਵੀ ਥੋਡੇ ’ਚੋਂ ਦੂਜੇ ਨੂੰ ਅੱਧ ਦੇਣ ਵਾਲਾ ਕੋਈ ਨਹੀਂ ਦਿਸਦਾ। ਮੈਨੂੰ ਪਤਾ ਥੋਡੇ ਕੋਲ ਹੈਨੀ ਕੁਝ ਦੇਣ ਲੈਣ ਨੂੰ। ਸਿਆਣੇ ਬਣੋ, ਲੜਾਈ ਛੱਡੋ। ਜਿੰਨਾ ਚਿਰ ਰਲਕੇ ਰੇੜ੍ਹਾ ਰਿੜ੍ਹਦਾ ਰੇੜ੍ਹੀ ਚੱਲੋ।’’ ਪਰ ਲੱਲੂ ’ਤੇ ਕੋਈ ਅਸਰ ਨਾ ਹੋਇਆ। ਉਹਨੇ ਇਕੋ ਅੜੀ ਫੜੀ ਹੋਈ ਸੀ, ‘‘ਖੱਚਰ ਮੈਂ ਹੀ ਰੱਖੂੰ, ਨਾ ਕੁਛ ਦੇਣਾ ਨਾ ਕੁਛ ਲੈਣਾ।’’ ਭੋਲਾ ਆਪਣੀ ਥਾਂ ਦੁਹਰਾਉਂਦਾ ਰਿਹਾ, ‘‘ਲੈ ਕੇ ਦਿਖਾਊਂ!’’ ਨੱਥੇ ਦੀਆਂ ਦਲੀਲਾਂ ਦਾ ਕੋਈ ਸਿੱਟਾ ਨਾ ਨਿਕਲਿਆ। ਜਾਇਦਾਦਾਂ ਦੀ ਇਹੋ ਜਿਹੀ ਕਿਸਮ ਤੇ ਇਹੋ ਜਿਹੀਆਂ ਪਾਰਟੀਆਂ ਵਿਚ ਨੱਥਾ ਸਿੰਘ ਦਾ ਦਖ਼ਲ ਲਗਭਗ ਸੌ ਫ਼ੀਸਦੀ ਬੇਸਿੱਟਾ ਹੀ ਰਹਿੰਦਾ ਸੀ। ਇਸ ਲਈ ਉਹ ਆਪਣੇ ਦਖ਼ਲ ਲਈ ਜ਼ਮੀਨਾਂ ਤੇ ਪਲਾਟਾਂ ਦੇ ਸੌਦਿਆਂ ਨੂੰ ਹੀ ਤਰਜੀਹ ਦਿੰਦਾ ਸੀ। ਇਨ੍ਹਾਂ ਦੋਵਾਂ ਵਿਚੋਂ ਵੀ ਖੇਤੀ ਲਾਇਕ ਜ਼ਮੀਨਾਂ ਨੂੰ ਖਰੀਦੋ-ਫਰੋਖ਼ਤ ਦੇ ਮਾਮਲੇ ਵਿਚ ਨੱਥਾ ਸਿੰਘ ਦੀਆਂ ਸੇਵਾਵਾਂ ਦੀ ਲੋੜ ਪੈਂਦੀ ਸੀ। ਜ਼ਿਆਦਾਤਰ ਸੌਦੇ ਉਹ ਸਿਰੇ ਚੜ੍ਹਾ ਹੀ ਲੈਂਦਾ ਸੀ। ਜੇਕਰ ਕੋਈ ਸੌਦਾ ਅੜ ਜਾਂਦਾ ਤਾਂ ਉਹ ਹੱਸ ਕੇ ਪਾਰਟੀਆਂ ਨੂੰ ਕਹਿ ਛੱਡਦਾ:
ਲੱਲੂ ਫੜ ਗਿਆ ਅੜੀ
ਗੱਲ ਉੱਥੇ ਦੀ ਉੱਥੇ ਖੜ੍ਹੀ।
ਨੱਥਾ ਸਿੰਘ ਦਾ ਦਲਾਲੀ ਦਾ ਕਾਰੋਬਾਰ ਜਦ ਸਿਖ਼ਰ ’ਤੇ ਪਹੁੰਚ ਗਿਆ ਤਾਂ ਉਹਦੇ ਕੋਲ ਪਹਿਲਾਂ ਵਾਂਗ ਕਿਸੇ ਗ਼ਰੀਬ-ਗੁਰਬੇ ਦੀ ਬਾਂਹ ਫੜਨ ਦਾ ਸਮਾਂ ਨਹੀਂ ਸੀ ਰਿਹਾ। ਹੁਣ ਉਹ ਲੋੜਵੰਦਾਂ ਦੀ ਸਹਾਇਤਾ ਕਰਨ ਵਾਲੀਆਂ ਸਵੈ-ਸੇਵੀ ਸੰਸਥਾਵਾਂ ਨੂੰ ਸਹਾਇਤਾ ਰਾਸ਼ੀ ਜਾਂ ਫਿਰ ਸਾਮਾਨ ਭਿਜਵਾ ਦਿੰਦਾ ਸੀ। ਲੋੜਵੰਦ ਵਿਦਿਆਰਥੀਆਂ ਲਈ ਸਕੂਲ ਮੁਖੀਆਂ ਨੂੰ ਪੈਸੇ ਭੇਜ ਦਿੰਦਾ। ਪੀਰਾਂ ਦੇ ਮੇਲੇ ’ਤੇ ਚੌਲਾਂ ਦੀ ਦੇਗ ਲਈ ਦਾਨ ਦੇ ਦਿੰਦਾ। ਸ਼ਹਿਰ ਦੇ ਅਨਾਥ ਆਸ਼ਰਮਾਂ ਨੂੰ ਨਕਦੀ ਭੇਜਦਾ। ਸ਼ਹਿਰ ਦੀ ਗਊਸ਼ਾਲਾ ਲਈ ਤੂੜੀ ਦੀਆਂ ਤੇ ਹਰੇ ਚਾਰੇ ਦੀਆਂ ਟਰਾਲੀਆਂ ਭੇਜਦਾ। ਇੰਜ ਕਰਦਿਆਂ ਉਹਨੂੰ ਮਹਿਸੂਸ ਹੁੰਦਾ ਕਿ ਉਹਦੇ ਅੰਦਰ ਹਾਲੇ ਲੋਕ ਭਲਾਈ ਦਾ ਜਜ਼ਬਾ ਜ਼ਿੰਦਾ ਹੈ। ਉਹ ਹਾਲੇ ਵੀ ਇਨਸਾਨੀਅਤ ਨੂੰ ਆਪਣਾ ਧਰਮ ਮੰਨਦਾ ਸੀ, ਹਾਲਾਂਕਿ ਕਈ ਸੌਦਿਆਂ ਵਿਚ ਉਹਨੇ ਜਾਇਦਾਦ ਨੂੰ ਲੈ ਕੇ ਹੈਵਾਨੀਅਤ ਨੂੰ ਨੰਗਾ-ਨਾਚ ਕਰਦਿਆਂ ਤੱਕਿਆ ਸੀ। ਗੋਲੀਆਂ ਚੱਲੀਆਂ ਸਨ, ਕਤਲ ਹੋਏ ਸਨ, ਮਾਸੂਮ ਲੋਕਾਂ ਦੀ ਖੱਜਲ ਖੁਆਰੀ ਹੋਈ ਸੀ। ਥਾਣਿਆਂ, ਕਚਹਿਰੀਆਂ ਵਿਚ ਲੋਕਾਂ ਦੀਆਂ ਪੱਗਾਂ ਰੁਲੀਆਂ ਸਨ। ਪਰ ਉਹ ਅਜਿਹੇ ਮਾਮਲਿਆਂ ਵਿਚ ਲੋਕਾਂ ਨੂੰ ਸਿਆਣਪ ਤੋਂ ਕੰਮ ਲੈਣ ਦੀ ਨਸੀਹਤ ਦੇ ਛੱਡਦਾ। ਉਹਦੇ ਭਾਣੇ ਲੋਕ ਹੀ ਕਮਲੇ ਸਨ, ਨਹੀਂ ਤਾਂ ਰੌਲੇ ਵਾਲੀ ਕੋਈ ਗੱਲ ਨਹੀਂ ਸੀ। ਕਦੇ-ਕਦੇ ਹੀ ਉਹਦੇ ਮਨ ਵਿਚ ਇਹ ਸਵਾਲ ਜ਼ੋਰਦਾਰ ਤਰੀਕੇ ਨਾਲ ਉੱਭਰਦਾ ਤੇ ਉਹ ਆਪਣੇ ਆਪ ਨੂੰ ਹੀ ਇਹ ਸਵਾਲ ਕਰਦਾ, ‘ਨਹੀਂ ਯਾਰ, ਨੱਥਾ ਸਿਆਂ, ਲੋਕ ਏਡੇ ਵੀ ਕਮਲੇ ਨਹੀਂ ਹਨ, ਜਿੰਨੇ ਸਮਝ ਲਏ ਜਾਂਦੇ ਹਨ।’ ਉਸ ਦੀ ਕੋਸ਼ਿਸ਼ ਰਹਿੰਦੀ ਸੀ ਕਿ ਝਗੜਿਆਂ ਤੋਂ ਦੂਰ ਹੀ ਰਿਹਾ ਜਾਵੇ, ਪਰ ਉਹ ਹੌਲੀ-ਹੌਲੀ ਝਗੜਿਆਂ ਨੂੰ ਆਮ ਚੀਜ਼ਾਂ ਵਾਂਗ ਹੀ ਸਮਝਣ ਲੱਗ ਪਿਆ। ਉਸ ਨੂੰ ਜਾਪਿਆ ਕਿ ਝਗੜਿਆਂ ਤੋਂ ਦੂਰ ਰਹਿਣ ਦਾ ਮਤਲਬ ਹੋਵੇਗਾ, ਜ਼ਮੀਨੀ ਸੌਦਿਆਂ ਤੋਂ ਦੂਰ ਹੋ ਜਾਣਾ ਤੇ ਜ਼ਮੀਨੀ ਸੌਦਿਆਂ ਤੋਂ ਦੂਰ ਹੋਣ ਦਾ ਅਰਥ ਧੰਦੇ ਦਾ ਚੌਪਟ ਹੋ ਜਾਣਾ। ਇਹ ਸੋਚ ਕੇ ਉਸ ਨੇ ਕੁਝ ਜੋਖ਼ਿਮ ਉਠਾਉਣੇ ਵੀ ਸ਼ੁਰੂ ਕਰ ਦਿੱਤੇ। ਇਕ ਸੌਦੇ ਵਿਚ ਡਾਂਗਾ ਚੱਲ ਗਈਆਂ। ਸੱਤ ਇਕਵੰਜਾ ਦੇ ਪਰਚੇ ਹੋ ਗਏ। ਨੱਥਾ ਸਿੰਘ ਨੂੰ ਵੀ ਹੱਥਕੜੀ ’ਚ ਜੱਜ ਮੂਹਰੇ ਪੇਸ਼ ਹੋਣਾ ਪਿਆ। ਜ਼ਮਾਨਤਾਂ ਹੋ ਗਈਆਂ, ਮਗਰੋਂ ਦੋਵੇਂ ਧਿਰਾਂ ਦਾ ਰਾਜ਼ੀਨਾਮਾ ਵੀ ਹੋ ਗਿਆ। ਇਸ ਘਟਨਾ ਮਗਰੋਂ ਤਾਂ ਨੱਥਾ ਸਿੰਘ ਦੀ ਝਿਜਕ ਬਿਲਕੁਲ ਹੀ ਜਾਂਦੀ ਰਹੀ। ਉਹਨੂੰ ਝਗੜੇ ਵਾਲੇ ਸੌਦੇ ਵੀ ਰਾਸ ਆਉਣ ਲੱਗੇ। ਇਨ੍ਹਾਂ ਸੌਦਿਆਂ ਦੀਆਂ ਤਕਨੀਕੀ ਉਲਝਣਾਂ ਨੂੰ ਪਟਵਾਰੀਆਂ-ਤਹਿਸੀਲਦਾਰਾਂ ਕੋਲੋਂ ਹੱਲ ਕਰਵਾਉਣ ਦਾ ਗੁਰ ਉਹਨੇ ਚੰਗੀ ਤਰ੍ਹਾਂ ਸਿੱਖ ਲਿਆ ਸੀ। ਦਲਾਲੀ ਵੀ ਇਨ੍ਹਾਂ ਵਿਚੋਂ ਚੋਖ਼ੀ ਮਿਲ ਜਾਂਦੀ ਸੀ ਤੇ ਕਈ ਸੌਦਿਆਂ ਵਿਚ ਉਹ ਆਪਣੀ ਹਿੱਸਾ-ਪੱਤੀ ਵੀ ਰੱਖ ਲੈਂਦਾ ਸੀ।
ਝਗੜੇ ਵਾਲੀਆਂ ਜਾਇਦਾਦਾਂ ਤੋਂ ਤਾਂ ਨੱਥਾ ਸਿੰਘ ਦੇ ਵਾਰੇ ਨਿਆਰੇ ਹੋ ਗਏ ਸਨ। ਨੇੜਲੇ ਕਸਬੇ ਵਿਚ ਦੋ ਹੀਰਿਆਂ ਦੀਆਂ ਖਾਣਾਂ ਤਾਂ ਉਹਨੂੰ ਕੌਡੀਆਂ ਦੇ ਭਾਅ ਹੀ ਮਿਲ ਗਈਆਂ ਸਨ। ਇਕ ਸਵਾ ਦੋ ਕਿੱਲੇ ਦਾ ਟੱਕ ਸੀ ਜਿਸ ਦਾ ਇਕ ਕਿੱਲੇ ਦਾ ਮੱਥਾ ਜੀ.ਟੀ. ਰੋਡ ਨਾਲ ਲੱਗਦਾ ਸੀ। ਡੇਢ ਕੁ ਕਿੱਲਾ ਉਹਨੂੰ ਸ਼ਹਿਰੀ ਆਬਾਦੀ ਦੇ ਨਾਲ ਲੱਗਵਾਂ ਮਿਲ ਗਿਆ ਸੀ। ਪਹਿਲੇ ਟੱਕ ਵਿਚ ਉਹਨੇ ਮੈਰਿਜ ਪੈਲੇਸ ਉਸਾਰਨ ਦਾ ਵਿਚਾਰ ਬਣਾਇਆ ਤੇ ਦੂਜੇ ਵਿਚ ਕਾਲੋਨੀ ਕੱਟਣ ਦਾ। ਦੋਹਾਂ ਟੱਕਾਂ ਦੇ ਮਾਲਕ ਕਿਤੇ ਦੂਰ ਰਹਿੰਦੇ ਸਨ ਜਿਹੜੇ ਜਾਇਦਾਦਾਂ ਦੱਬੇ ਜਾਣ ਦੇ ਡਰੋਂ ਨੱਥਾ ਸਿੰਘ ਨੂੰ ਸਸਤੀਆਂ ਹੀ ਵੇਚ ਗਏ ਸਨ।
ਮੈਰਿਜ ਪੈਲੇਸ ਦੀ ਉਸਾਰੀ ਤੇ ਕਾਲੋਨੀ ਕੱਟਣ ਦਾ ਕੰਮ ਇਕੱਠਿਆਂ ਸ਼ੁਰੂ ਕੀਤਾ ਗਿਆ। ਪਲਾਟਾਂ ਦੀ ਵਿਕਰੀ ਤੋਂ ਕਾਫ਼ੀ ਪੈਸਾ ਆਉਣ ਲੱਗ ਪਿਆ ਤੇ ਓਧਰ ਪੈਲੇਸ ਦੀ ਉਸਾਰੀ ਦਾ ਕੰਮ ਵੀ ਜੰਗੀ ਪੱਧਰ ’ਤੇ ਚੱਲ ਪਿਆ ਤੇ ਆਸ ਮੁਤਾਬਿਕ ਮਿੱਥੇ ਸਮੇਂ ਵਿਚ ਪੂਰਾ ਹੋਣ ਦੇ ਸੰਕੇਤ ਦੇਣ ਲੱਗਾ। ਮੈਰਿਜ ਪੈਲੇਸ ਨੇ ਨੱਥਾ ਸਿੰਘ ਦੇ ਇਕਲੌਤੇ ਪੁੱਤਰ ਦੇ ਭਵਿੱਖ ਦੀ ਅਨਿਸ਼ਚਿਤਤਾ ਖ਼ਤਮ ਕਰ ਦੇਣੀ ਸੀ। ਜਿਹੜਾ ਪੜ੍ਹਾਈ ਨਹੀਂ ਸੀ ਕਰ ਸਕਿਆ ਤੇ ਨਾ ਹੀ ਪ੍ਰਾਪਰਟੀ ਦੇ ਧੰਦੇ ਵਿਚ ਕੋੋਈ ਦਿਲਚਸਪੀ ਰੱਖਦਾ ਸੀ। ਮੈਰਿਜ ਪੈਲੇਸ ਦੀ ਉਸਾਰੀ ਦੇ ਮਾਮਲੇ ਵਿਚ ਉਹ ਹਮੇਸ਼ਾ ਅੱਗੇ-ਅੱਗੇ ਰਿਹਾ ਸੀ।
ਮੈਰਿਜ ਪੈਲੇਸ ਮੁਕੰਮਲ ਹੋਇਆ ਤਾਂ ਨੱਥਾ ਸਿੰਘ ਵਿਚਲਾ ਲੋਕ ਭਲਾਈ ਦਾ ਜਜ਼ਬਾ ਫਿਰ ਸਿਰ ਚੁੱਕ ਖਲੋਤਾ। ਉਹਨੇ ਆਪਣੇ ਆਪ ਨਾਲ ਦੋ ਅਹਿਦ ਕੀਤੇ। ਇਕ ਤਾਂ ਇਹ ਕਿ ਪੈਲੇਸ ਦਾ ਉਦਘਾਟਨ ਲੋਕਾਂ ਦਾ ਭਲਾ ਚਾਹੁਣ ਤੇ ਭਲਾ ਕਰਨ ਵਾਲੀ ਰਾਜਨੀਤਿਕ ਪਾਰਟੀ ਦੇ ਉੱਚਕੋਟੀ ਦੇ ਆਗੂ ਤੋਂ ਕਰਵਾਏਗਾ ਤੇ ਦੂਜਾ ਕਿ ਲੋੜਵੰਦਾਂ ਲਈ ਪੈਲੇਸ ਦੀਆਂ ਸੇਵਾਵਾਂ ਬਦਲੇ ਨਾਂਮਾਤਰ ਪੈਸੇ ਹੀ ਵਸੂਲੇ ਜਾਇਆ ਕਰਨਗੇ। ਪਹਿਲੇ ਅਹਿਦ ਨਾਲ ਤਾਂ ਪਿਓ-ਪੁੱਤ ਨੇ ਸਰਬਸੰਮਤੀ ਪ੍ਰਗਟਾਈ, ਪਰ ਦੂਜੇ ਮਾਮਲੇ ਵਿਚ ਪੁੱਤਰ ਨੂੰ ਕੁਝ ਇਤਰਾਜ਼ ਸਨ, ਫਿਰ ਵੀ ਸੁਖਵੰਤ ਨੇ ਆਪਣੇ ਬਾਪ ਦਾ ਵਿਰੋਧ ਨਾ ਕੀਤਾ। ਨੱਥਾ ਸਿੰਘ ਨੂੰ ਕਮਿਊਨਿਸਟਾਂ ਦੀ ਨੀਅਤ ਅਤੇ ਨੀਤੀ ਬਾਰੇ ਕਦੇ ਕੋਈ ਸੰਦੇਹ ਨਹੀਂ ਸੀ ਰਿਹਾ। ਇਸ ਲਈ ਇਸੇ ਪਾਰਟੀ ਦੇ ਚੋਟੀ ਦੇ ਆਗੂ ਤੋਂ ਹੀ ਮੈਰਿਜ ਪੈਲੇਸ ਦਾ ਉਦਘਾਟਨ ਕਰਵਾਇਆ ਗਿਆ। ਮੁੱਖ ਦੁਆਰ ਉੱਪਰ ਬਾਕਾਇਦਾ ਉਹਦੇ ਨਾਂ ਦਾ ਪੱਥਰ ਲਗਵਾਇਆ ਗਿਆ ਜਿਸ ਤੋਂ ਪਰਦਾ ਹਟਾਉਣ ਦੀ ਰਸਮ ਬੜੇ ਫਖ਼ਰ ਨਾਲ ਕਮਿਊਨਿਸਟ ਆਗੂ ਨੇ ਆਪਣੇ ਕਰ ਕਮਲਾਂ ਨਾਲ ਅਦਾ ਕੀਤੀ। ਮੈਰਿਜ ਪੈਲੇਸ ਵਿਚ ਹੋਈ ਇਕੱਤਰਤਾ ਨੂੰ ਸੰਬੋਧਿਤ ਹੁੰਦਿਆਂ ਕਮਿਊਨਿਸਟ ਆਗੂ ਨੇ ਕਾਮਰੇਡ ਨੱਥਾ ਸਿੰਘ ਪ੍ਰਾਪਰਟੀ ਡੀਲਰ ਨੂੰ ਨਿੱਜੀ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਵੱਡਾ ਮੁਕਾਮ ਹਾਸਿਲ ਕਰਨ ਲਈ ਹਾਰਦਿਕ ਵਧਾਈ ਦਿੱਤੀ।
ਮੈਰਿਜ ਪੈਲੇਸ ਬਣਨ ਮਗਰੋਂ ਇਲਾਕੇ ਵਿਚ ਨੱਥਾ ਸਿੰਘ ਦੀ ਬੱਲੇ-ਬੱਲੇ ਹੋ ਗਈ। ਪਿੰਡ ਤੋਂ ਰਿਹਾਇਸ਼ ਬਦਲ ਕੇ ਉਹ ਆਪਣੀ ਕਾਲੋਨੀ ਵਿਚ ਕੋਠੀ ਪਾ ਕੇ ਰਹਿਣ ਲੱਗਾ। ਕਾਲੋਨੀ ਵਿਚ ਹੀ ਉਹਨੇ ਆਪਣਾ ਸ਼ਾਨਦਾਰ ਦਫ਼ਤਰ ਖੋਲ੍ਹ ਲਿਆ। ਸ਼ਹਿਰ ਦੀਆਂ ਦੀਵਾਰਾਂ ਉੱਪਰ ਮੋਟੇ ਅੱਖਰਾਂ ’ਚ ਇਹ ਲਿਖਿਆ ਹੋਇਆ ਆਮ ਦਿਖਾਈ ਦੇਣ ਲੱਗਾ, ‘ਕਾਮਰੇਡ ਨੱਥਾ ਸਿੰਘ ਪ੍ਰਾਪਰਟੀ ਡੀਲਰ, ਹਰ ਤਰ੍ਹਾਂ ਦੀ ਪੇਂਡੂ ਅਤੇ ਸ਼ਹਿਰੀ ਜਾਇਦਾਦ ਵੇਚਣ ਤੇ ਖਰੀਦਣ ਲਈ ਮਿਲੋ। ਸੰਪਰਕ ਕਰੋ…।’
ਉਸ ਦੇ ਭਾਣਜੇ ਸੁਖਦਰਸ਼ਨ ਨੇ ਜਦੋਂ ਮਾਰਕਸਵਾਦ ਪੜ੍ਹਨਾ ਸ਼ੁਰੂ ਕੀਤਾ ਤਾਂ ਆਪਣੇ ਕਾਮਰੇਡ ਮਾਮੇ ਵਿਚ ਉਹਦੀ ਦਿਲਚਸਪੀ ਕਾਫ਼ੀ ਵਧ ਗਈ। ਉਹ ਆਪਣੇ ਮਾਮੇ ਨੂੰ ਮਿਲਣ ਲਈ ਉਚੇਚਾ ਉਨ੍ਹਾਂ ਕੋਲ ਪਹੁੰਚਿਆ ਤੇ ਸਿੱਧਾ ਨੱਥਾ ਸਿੰਘ ਦੇ ਦਫ਼ਤਰ ਹੀ ਪਹੁੰਚ ਗਿਆ। ਨੱਥਾ ਸਿੰਘ ਅੱਗੋਂ ਪੂਰੇ ਹੁਲਾਸ ਨਾਲ ਭਾਣਜੇ ਨੂੰ ਮਿਲਿਆ। ਰਸਮੀਂ ਗੱਲਾਂ-ਬਾਤਾਂ ਮਗਰੋਂ ਸੁਖਦਰਸ਼ਨ ਨੇ ਝਿਜਕਦਿਆਂ ਪੁੱਛ ਹੀ ਲਿਆ, ‘‘ਮਾਮਾ ਜੀ, ਤੁਸੀਂ ਇਹ ਜਾਇਦਾਦ ਵੇਚ-ਵੱਟ ਦਾ ਕੰਮ ਕਿਉਂ ਸ਼ੁਰੂ ਕਰ ਲਿਆ? ਜਦੋਂਕਿ ਕਾਮਰੇਡਾਂ ਦਾ ਸਭ ਤੋਂ ਵੱਡਾ ਗੁਰੂ ਤਾਂ ਕਹਿੰਦਾ ਹੈ ਕਿ ਦੁਨੀਆਂ ਦੇ ਕੁੱਲ ਕਲੇਸ਼ ਪੈਦਾ ਹੀ ਨਿੱਜੀ ਜਾਇਦਾਦ ਵਿਚੋਂ ਹੁੰਦੇ ਹਨ।’’
‘‘ਅੱਛਾ! ਮੈਨੂੰ ਤਾਂ ਸੁਖਦਰਸ਼ਨ ਪੁੱਤ ਨਾ ਵੱਡੇ ਗੁਰੂ ਬਾਰੇ ਕੁਝ ਪਤੈ ਤੇ ਨਾ ਹੀ ਇਸ ਅਸੂਲ ਬਾਰੇ।’’
‘‘ਇਸੇ ਲਈ ਮਾਮਾ ਜੀ, ਉਹਨੇ ਇਹਦੇ ਮੇਰਾ ਮਤਲਬ ਨਿੱਜੀ ਜਾਇਦਾਦ ਦੇ ਖਾਤਮੇ ਉੱਪਰ ਜ਼ੋਰ ਦਿੱਤਾ ਸੀ। ਉਹਦਾ ਕਹਿਣਾ ਸੀ ਕਿ ਜਦੋਂ ਤਕ ਜਾਇਦਾਦ ਕੁਝ ਲੋਕਾਂ ਦੇ ਕਬਜ਼ੇ ਵਿਚ ਰਹੇਗੀ, ਦੁਨੀਆਂ ’ਚ ਗ਼ਰੀਬੀ, ਨਾਬਰਾਬਰੀ, ਬੇਇਨਸਾਫ਼ੀ ਵੀ ਰਹੇਗੀ, ਤਕੜੇ ਮਾੜਿਆਂ ’ਤੇ ਜ਼ੁਲਮ ਕਰਨਗੇ, ਸਭ ਪਾਸੇ ਕਲੇਸ਼ ਮੱਚਿਆ ਰਹੇਗਾ, ਜਾਇਦਾਦ ਸਭ ਲਈ ਸਾਂਝੀ ਕਰ ਦੇਣੀ ਚਾਹੀਦੀ ਹੈ, ਪਰ ਆਪਾਂ ਤਾਂ ਕਾਮਰੇਡ ਹੋ ਕੇ ਵੀ ਮਾਮਾ ਜੀ, ਜਾਇਦਾਦ ਦਾ ਕਾਰੋਬਾਰ ਚਲਾ ਰੱਖਿਆ ਹੈ!’’
ਨੱਥਾ ਸਿੰਘ ਨੂੰ ਸੁਖਦਰਸ਼ਨ ਦੀਆਂ ਗੱਲਾਂ ਬੁਰੀਆਂ ਨਹੀਂ ਲੱਗੀਆਂ ਭਾਵੇਂ ਓਪਰੀਆਂ ਜ਼ਰੂਰ ਜਾਪੀਆਂ। ਉਹਨੂੰ ਨਾ ਤਾਂ ਕਾਮਰੇਡਾਂ ਦੇ ਸਭ ਤੋਂ ਵੱਡੇ ਗਰੂ ਬਾਰੇ ਕੁਝ ਪਤਾ ਸੀ ਤੇ ਨਾ ਹੀ ਅਸੂਲਾਂ ਬਾਰੇ। ਫਿਰ ਵੀ ਉਹਨੂੰ ਇਸ ਤਜ਼ਰਬੇ ’ਚੋਂ ਅਕਸਰ ਗੁਜ਼ਰਨਾ ਪਿਆ ਸੀ ਕਿ ਜਾਇਦਾਦ ਦਾ ਹਰ ਤਰ੍ਹਾਂ ਦੇ ਕਲੇਸ਼ ਨਾਲ ਕੋਈ ਨਾ ਕੋਈ ਰਿਸ਼ਤਾ ਜ਼ਰੂਰ ਹੈ। ਅੱਜ ਤਾਂ ਸੁਖਦਰਸ਼ਨ ਕਹਿ ਰਿਹਾ ਸੀ ਕਿ ਕਲੇਸ਼ ਦੀ ਜੜ੍ਹ ਹੀ ਨਿੱਜੀ ਜਾਇਦਾਦ ਹੈ। ‘ਤਾਂ ਕੀ ਉਹ ਹੁਣ ਤੱਕ ਕਲੇਸ਼ ਦਾ ਕਾਰੋਬਾਰ ਕਰਦਾ ਆ ਰਿਹਾ ਸੀ ਤੇ ਉੱਤੋਂ ਕਾਮਰੇਡ ਵੀ ਅਖਵਾ ਰਿਹਾ ਸੀ?’ ਉਹਨੂੰ ਆਪਣੇ ਬਾਰੇ ਆਪੇ ਕੀਤੇ ਸਵਾਲ ਨੇ ਆਸਮਾਨ ਤੋਂ ਧਰਤੀ ’ਤੇ ਲਿਆ ਪਟਕਾ ਮਾਰਿਆ। ਉਹਨੂੰ ਜਾਪਿਆ ਕਿ ਹੁਣ ਉਹ ਚਾਹ ਕੇ ਵੀ ਕੁਝ ਨਹੀਂ ਕਰ ਸਕੇਗਾ। ਉਹ ਬਹੁਤ ਦੂਰ ਨਿਕਲ ਆਇਆ ਸੀ। ਨਾ ਕਾਲੋਨੀ ਛੱਡ ਸਕਦਾ ਸੀ ਤੇ ਨਾ ਮੈਰਿਜ ਪੈਲੇਸ। ਖ਼ੈਰ, ਉਹਨੂੰ ਆਪਣੇ ਅੰਦਰ ਦੀ ਖਲਬਲੀ ਸ਼ਾਂਤ ਕਰਨ ਲਈ ਕੁਝ ਤਾਂ ਕਰਨਾ ਹੀ ਪੈਣਾ ਸੀ। ਸੁਖਦਰਸ਼ਨ ਨੂੰ ਮਹਿਮਾਨ-ਨਿਵਾਜ਼ੀ ਲਈ ਸੁਖਵੰਤ ਹਵਾਲੇ ਕਰਕੇ, ਉਹ ਕਲੋਨੀ ਦੇ ਵੱਡੇ ਗੇਟ ’ਤੇ ਬਹਾਦਰ ਕੋਲ ਗਿਆ ਤੇ ਆਖ ਆਇਆ, ‘‘ਚੂਨਾ ਕੂਚੀ ਲੈ ਲਵੀਂ, ਸ਼ਹਿਰ ਵਿਚ ਜਿੱਥੇ-ਜਿੱਥੇ ਵੀ ਲਿਖਿਆ ਹੋਇਐ ‘ਕਾਮਰੇਡ ਨੱਥਾ ਸਿੰਘ ਪ੍ਰਾਪਰਟੀ ਡੀਲਰ’ ਸਭ ਉੱਪਰ ਫੇਰ ਆਈਂ।’’ ਇਕ ਵਾਰ ਫਿਰ ਪਿੱਛੇ ਮੁੜ ਕੇ ਉਹਨੇ ਬਹਾਦਰ ਨੂੰ ਤਾਕੀਦ ਕੀਤੀ, ‘‘ਬਹਾਦਰ, ਇਹ ਕੰਮ ਕੱਲ੍ਹ ਵੱਡੇ ਤੜਕੇ ਸ਼ੁਰੂ ਕਰ ਦੇਵੀਂ ਤੇ ਕੱਲ੍ਹ-ਕੱਲ੍ਹ ਹੀ ਮੁਕੰਮਲ ਕਰ ਲਈਂ। ਪੈਸੇ ਜਿੰਨੇ ਚਾਹੀਦੇ ਹੋਏ ਸੁਖਵੰਤ ਤੋਂ ਲੈ ਲਵੀਂ।’’

ਸੰਪਰਕ: 98785-31166


Comments Off on ਕਾਮਰੇਡ ਨੱਥਾ ਸਿੰਘ ਪ੍ਰਾਪਰਟੀ ਡੀਲਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.