ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਕਾਇਨਾਤ, ਕਿਆਮਤ ਅਤੇ ਬਰਫ਼ਾਨੀ ਢਾਲ

Posted On July - 22 - 2019

ਸੁਰਿੰਦਰ ਸਿੰਘ ਤੇਜ

ਦੁਨੀਆਂ ਦਾ ਸਭ ਤੋਂ ਵੱਡਾ ਟਾਪੂ ਹੈ ਗਰੀਨਲੈਂਡ। ਅਮਰੀਕੀ ਸੂਬੇ ਕੈਲੀਫੋਰਨੀਆਂ ਤੋਂ ਪੰਜ ਗੁਣਾਂ ਵੱਡਾ। 700 ਮੀਲ ਚੌੜਾ, 1500 ਮੀਲ ਲੰਮਾ। ਇਸ ਦਾ ਕੁੱਲ ਰਕਬਾ ਅੱਠ ਲੱਖ ਵਰਗ ਮੀਲ ਤੋਂ ਵੱਧ ਮੰਨਿਆ ਜਾਂਦਾ ਹੈ ਜਿਸ ਦੇ ਤਿੰਨ-ਚੌਥਾਈ ਤੋਂ ਵੱਧ ਹਿੱਸੇ ਵਿਚ ਸਿਰਫ਼ ਬਰਫ਼ ਹੈ। ਬਾਕੀ ਦੀ ਥਾਂ ’ਤੇ ਕੁਝ ਹਰਿਆਲੀ ਹੈ। ਹਰਿਆਲੇ ਖਿੱਤੇ ’ਚ ਮਨੁੱਖੀ ਜੀਵਨ 4500 ਵਰ੍ਹਿਆਂ ਤੋਂ ਮੌਜੂਦ ਜ਼ਰੂਰ ਹੈ, ਪਰ ਜਿਊਣਾ ਉੱਥੇ ਵੀ ਸੁਖਾਲਾ ਨਹੀਂ। ਇਸੇ ਲਈ ਮਹਾਂਦੀਪ ਜਿੰਨੇ ਆਕਾਰ ਵਾਲੇ ਇਸ ਟਾਪੂ ਦੀ ਵਸੋਂ ਸਿਰਫ਼ 58 ਹਜ਼ਾਰ ਹੈ। ਇਹ ਵਸੋਂ ਆਪਣੇ ਗੁਜ਼ਰ-ਬਸਰ ਲਈ ਵ੍ਹੇਲਾਂ ਦੇ ਸ਼ਿਕਾਰ ’ਤੇ ਨਿਰਭਰ ਹੈ। ਸ਼ਿਕਾਰ ਵੀ ਸਿਰਫ਼ ਚਾਰ ਕੁ ਮਹੀਨੇ ਹੁੰਦਾ ਹੈ। ਬਾਕੀ ਮਹੀਨਿਆਂ ਦੌਰਾਨ ਬਹੁਤੀ ਮਨੁੱਖੀ ਵਸੋਂ ਕੈਨੇਡਾ ਜਾਂ ਅਲਾਸਕਾ (ਅਮਰੀਕਾ) ਵੱਲ ਪਰਵਾਸ ਕਰ ਜਾਂਦੀ ਹੈ। ਜਿੱਥੇ ਬਰਫ਼ ਹੈ, ਉੱਥੇ ਇਸ ਦੀ ਪਰਤ ਬਹੁਤ ਮੋਟੀ ਹੈ। ਬਹੁਤੀ ਥਾਈਂ 10 ਹਜ਼ਾਰ ਫੁੱਟ, ਕਈ ਥਾਈਂ ਕਈ ਕਈ ਮੀਲ ਮੋਟੀ।
ਵਿਗਿਆਨੀ ਦੱਸਦੇ ਹਨ ਕਿ ਦਸ ਲੱਖ ਸਾਲ ਪਹਿਲਾਂ ਗਰੀਨਲੈਂਡ ਉੱਤੇ ਪਹਿਲੀ ਵਾਰ ਬਰਫ਼ ਪਈ। ਉਸ ਸਮੇਂ ਇਸ ਧਰਤ ਦਾ ਤਾਪਮਾਨ ਏਨਾ ਘੱਟ ਸੀ ਕਿ ਬਰਫ਼ ਉੱਥੇ ਜੰਮਣੀ ਸ਼ੁਰੂ ਹੋ ਗਈ। ਹੋਰ ਬਰਫ਼ ਪੈਂਦੀ ਗਈ, ਹੋਰ ਜੰਮਦੀ ਚਲੀ ਗਈ। ਬਰਫ਼ ਦੀ ਪਰਤ ਸਾਲ-ਦਰ-ਸਾਲ ਮੋਟੀ ਹੁੰਦੀ ਗਈ। ਕਈ ਦਹਿਸਦੀਆਂ ਤੋਂ ਬਾਅਦ ਇਹ ਦਸ ਹਜ਼ਾਰ ਫੁੱਟ ਤੋਂ ਵੀ ਵੱਧ ਮੋਟੀ ਹੋ ਗਈ। ਬਰਫ਼ ਹੁਣ ਵੀ ਪੈਂਦੀ ਹੈ, ਪਰ ਖੁਰਨ ਦੀ ਕਿਰਿਆ ਪੈਣ ਨਾਲੋਂ ਵੱਧ ਤੇਜ਼ੀ ਫੜ ਚੁੱਕੀ ਹੈ। ਇਹ ਤੇਜ਼ੀ ਹੀ ਗਰੀਨਲੈਂਡ ਦੇ ਵਜੂਦ ਲਈ ਖ਼ਤਰਾ ਬਣ ਚੁੱਕੀ ਹੈ।

ਜੌਨ ਗਰਟਨਰ ਦੀ ਪੁਸਤਕ।

ਇਸ ਟਾਪੂ ਦੇ ਪੱਛਮੀ ਹਿੱਸੇ ਨੂੰ ਸਾਢੇ ਚਾਰ ਦਹਿਸਦੀਆਂ ਪਹਿਲਾਂ ਕੈਨੇਡਾ-ਅਲਾਸਕਾ ਦੇ ਮੂਲਵਾਸੀਆਂ ਇਨੁਇਟ ਲੋਕਾਂ ਨੇ ਖੋਜਿਆ। ਫਿਰ ਯੂਰੋੋਪ ਵੱਲੋਂ ਦੋ ਹਜ਼ਾਰ ਸਾਲ ਪਹਿਲਾਂ ਵਾਈਕਿੰਗ ਪੁੱਜੇ। ਉਹ ਆਈਸਲੈਂਡ ਨੂੰ ਪਹਿਲਾਂ ਹੀ ਖੋਜ ਚੁੱਕੇ ਸਨ ਅਤੇ ਉੱਤਰ-ਪੱਛਮੀ ਯੂਰੋਪ ਦੇ ਬਹੁਤੇ ਇਲਾਕਿਆਂ ’ਤੇ ਕਾਬਜ਼ ਸਨ। ਮੀਲਾਂ ਦੂਰ ਤਕ ਫੈਲੀ ਬਰਫ਼ਾਨੀ ਧਰਤੀ ਦੀ ਥਾਹ ਨਾ ਪਾਉਣ ਕਾਰਨ ਵਾਈਕਿੰਗ ਵਾਪਸ ਚਲੇ ਗਏ। ਪਰ ਆਈਸਲੈਂਡ ਤੋਂ ਗਰੀਨਲੈਂਡ ਤਕ ਦੀ ਸਮੁੰਦਰੀ ਯਾਤਰਾ ਏਨੀ ਦੁਸ਼ਵਾਰ ਸੀ ਕਿ ਢਾਈ ਸੌ ਦੇ ਜਥੇ ਵਿਚੋਂ ਕੇਵਲ ਨੌਂ ਦੇ ਹੀ ਹੱਡ-ਪੈਰ ਸਲਾਮਤ ਸਨ। ਅਗਲੀਆਂ ਮੁਹਿੰਮਾਂ 18ਵੀਂ ਸਦੀ ਵਿਚ ਸ਼ੁਰੂ ਹੋਈਆਂ। ਸਭ ਤੋਂ ਪਹਿਲਾਂ ਦੋ ਨਾਰਵੇਜੀਅਨ ਅਪਰਾਧੀ ਗਰੀਨਲੈਂਡ ਪੁੱਜੇ। ਉਨ੍ਹਾਂ ਨੂੰ ਮੌਤ ਦੀ ਸਜ਼ਾ ਆਈਸਲੈਂਡ ਦੀ ਇਕ ਅਦਾਲਤ ਨੇ ਸੁਣਾਈ ਸੀ, ਪਰ ਫਾਹਾ ਦੇਣ ਦੀ ਥਾਂ ਬੇੜੀ ਵਿਚ ਪਾ ਕੇ ਗਰੀਨਲੈਂਡ ਵੱਲ ਨੂੰ ਠੇਲ੍ਹ ਦਿੱਤਾ ਗਿਆ। ਕੁਝ ਹੋਰ ਜਾਂਬਾਜ਼ ਵੀ ਉਸੇ ਬੇੜੀ ’ਚ ਸਵਾਰ ਹੋ ਗਏ। ਬਰਫ਼ਾਨੀ ਟਾਪੂ ਦੇ ਦੀਦਾਰੇ ਕਰਨ ਮਗਰੋਂ ਉਨ੍ਹਾਂ ਨੇ ਪਹਿਲਾਂ ਆਈਸਲੈਂਡ ਤੇ ਫਿਰ ਨਾਰਵੇ ਜਾਣਾ ਵਾਜਬ ਸਮਝਿਆ। ਨਾਲੋ ਨਾਲ ਕਹਾਣੀ ਫੈਲਾਉਂਦੇ ਗਏ ਕਿ ਬਰਫ਼ਾਨੀ ਮਾਰੂਥਲ ਦੇ ਅੰਦਰ ਹਰਿਆਲਾ ਨਖ਼ਲਿਸਤਾਨ ਮੌਜੂਦ ਹੈ ਜਿੱਥੇ ਵਣ ਵੀ ਹਨ, ਵਣ ਪ੍ਰਾਣੀ ਵੀ ਅਤੇ ਰੇਂਡੀਅਰਾਂ ਦੀ ਤਾਂ ਭਰਮਾਰ ਹੈ। ਬਰਫ਼ਾਨੀ ਮਾਰੂਥਲ ਨੂੰ ਗਰੀਨਲੈਂਡ ਦਾ ਨਾਮ ਵੀ ਉਨ੍ਹਾਂ ਨੇ ਹੀ ਦਿੱਤਾ। ਲੋਕਾਂ ਨੂੰ ਭਰਮਾਉਣ ਅਤੇ ਇਸ ਟਾਪੂ ਵੱਲ ਮੁਹਿੰਮਾਂ ਜਥੇਬੰਦ ਕਰ ਕੇ ਮੋਟੀ ਕਮਾਈ ਕਰਨ ਦੇ ਲੋਭ-ਵੱਸ ਸਾਧਨ ਦੇ ਰੂਪ ਵਿਚ।
ਯੂਰੋਪ ਵਿਚ ਆਏ ਸਨਅਤੀ ਇਨਕਲਾਬ ਨੇ ਇਨਸਾਨ ਨੂੰ ਨਵੇਂ ਨਵੇਂ ਮਸ਼ੀਨੀ ਸਾਧਨ ਬਖ਼ਸ਼ੇ। ਧਰੁਵੀ ਸਮੁੰਦਰਾਂ ਵੱਲ ਇਨਸਾਨੀ ਯਾਤਰਾਵਾਂ ਆਸਾਨ ਹੋ ਗਈਆਂ। ਕਈ ਲੋਕ ਗਰੀਨਲੈਂਡ ਪੁੱਜੇ, ਪਰ ਉਸ ਧਰਤੀ ਦੀ ਬਣਤਰ ਨੇ ਅੰਤਾਂ ਦੀ ਠੰਢ ਹੀ ਉਨ੍ਹਾਂ ਦੇ ਪੱਲੇ ਪਾਈ। ਇਕ ਡੈਨਮਾਰਕ ਵਾਸੀ ਨੇ ਲਿਖਿਆ, ‘‘ਇਕੱਲ ਤੇ ਨਿਰਾਸ਼ਾ ਹੀ ਇਸ ਇਲਾਕੇ ਦਾ ਨਸੀਬ ਹੈ।’’ ਅਜਿਹੇ ਫਤਵੇ ਨੂੰ ਸਰਬ-ਪ੍ਰਵਾਨਗੀ ਮਿਲਣ ਦੇ ਬਾਵਜੂਦ ਕੁਝ ਖੁਰਾਫ਼ਾਤੀਆਂ ਨੇ ਇਸ ਨੂੰ ਚੁਣੌਤੀ ਦੇ ਤੌਰ ’ਤੇ ਲਿਆ। ਅਜਿਹੇ ਬੰਦਿਆਂ ਵਿਚੋਂ ਕੁਝ ਤਾਂ ਸੱਚਮੁੱਚ ਦੇ ਜਾਂਬਾਜ਼ ਸਨ ਅਤੇ ਕੁਝ ਸਿਰਫ਼ ਦਿਖਾਵੇਬਾਜ਼। ਗਿਆਨ ਗ੍ਰਹਿਣ ਕਰਨ ਦੇ ਝੱਸ ਵਾਲੇ ਤਾਂ ਜਨੂਨੀਆਂ ਵਾਂਗ ਖੋਜ-ਸ਼ੋਧ ਵਿਚ ਜੁਟ ਗਏ, ਦਿਖਾਵੇਬਾਜ਼ ਗਰੀਨਲੈਂਡ ਦੇ ਸਾਹਿਲ ਦੇ ਦੂਰੋਂ ਹੀ ਦਰਸ਼ਨ ਕਰਕੇ ਯੂਰੋਪ-ਅਮਰੀਕਾ ਪਰਤ ਗਏ ਅਤੇ ਕਿੱਸੇਬਾਜ਼ੀ ਤੇ ਮਜਮੇਬਾਜ਼ੀ ਰਾਹੀਂ ਨਾ ਸਿਰਫ਼ ਮੋਟੀ ਕਮਾਈ ਕਰਦੇ ਰਹੇ ਸਗੋਂ ਇਨਾਮ-ਸਨਮਾਨ ਵੀ ਹਾਸਲ ਕਰ ਗਏ। ਇਸ ਸਾਰੇ ਕਥਾਕ੍ਰਮ, ਖ਼ਾਸ ਕਰਕੇ ਜਨੂਨੀਆਂ ਤੇ ਸਿਰਲੱਥਾਂ ਦੀ ਘਾਲਣਾ ਦੀ ਗਾਥਾ ਬਿਆਨ ਕਰਦੀ ਹੈ ਜੌਨ ਗਰਟਨਰ ਦੀ ਮਹਾਂਕੋਸ਼ਨੁਮਾ ਕਿਤਾਬ ‘ਦਿ ਆਈਸ ਐਟ ਦਿ ਐਂਡ ਆਫ ਦਿ ਵਲ਼ਡ’ (ਰੈਂਡਮ ਹਾਊਸ; ਪੰਨੇ 418)। ਇਹ ਕਿਤਾਬ ਅਮਰੀਕਾ ’ਚ 19 ਜੂਨ ਨੂੰ ਰਿਲੀਜ਼ ਹੋਈ। ਕੀਮਤ 28 ਡਾਲਰ ਹੈ, ਪਰ ਆਨਲਾਈਨ ਪਲੈਟਫਾਰਮ ‘ਬੁੱਕਸਵੈਗਨ’ ਉੱਤੇ 1395 ਰੁਪਏ ’ਚ ਉਪਲੱਬਧ ਹੈ। ਉਂਜ ਪੈਂਗੁਇਨ-ਵਾਈਕਿੰਗ ਵੱਲੋਂ ਭਾਰਤੀ ਐਡੀਸ਼ਨ ਵੀ ਛੇਤੀ ਜਾਰੀ ਕੀਤੇ ਜਾਣ ਦੀ ਉਮੀਦ ਹੈ।

ਜੌਨ ਗਰਟਨਰ

ਗਰਟਨਰ ਪੇਸੇ ਵਜੋਂ ਅਖ਼ਬਾਰਨਵੀਸ ਤੇ ਰੁਚੀ ਵੱਲੋਂ ਇਤਿਹਾਸਕਾਰ ਹੈ। ਇਨ੍ਹਾਂ ਦੋਵਾਂ ਕਲਾਵਾਂ ਦਾ ਸੁਮੇਲ ਹੈ ਇਹ ਕਿਤਾਬ। ਗਿਆਨ, ਵਿਗਿਆਨ ਤੇ ਕਥਾ-ਰਸ ਨਾਲ ਭਰਪੂਰ, ਭਾਸ਼ਾ ਸਰਲ ਤੇ ਸਹਿਜ- ਆਮ ਪਾਠਕ ਨੂੰ ਆਪਣੇ ਨਾਲ ਤੋਰਨ ਵਾਲੀ। ਕਿਤਾਬ ਅੰਦਰਲੀ ਕਹਾਣੀ, ਅਸਲ ਵਿਚ 1882 ਤੋਂ ਸ਼ੁਰੂ ਹੁੰਦੀ ਹੈ ਜਦੋਂ ਸੀਲਾਂ ਦੇ ਸ਼ਿਕਾਰ ਦੇ ਸ਼ੌਕੀਨ ਨਾਰਵੇਜੀਅਨ ਜੀਵ-ਵਿਗਿਆਨੀ ਫਰਿੱਡਿਓਫ਼ ਨੈੱਨਸੇਨ ਨੇ ਗਰੀਨਲੈਂਡ ਨੂੰ ਸਮੁੰਦਰੀ ਬੇੜੇ ਤੋਂ ਦੇਖਿਆ। ਮੀਲਾਂ ਦੂਰ ਤਕ ਫੈਲੀ ਬਰਫ਼ੀਲੀ ਚਾਦਰ ਨੇ ਉਸ ਦੀਆਂ ਅੱਖਾਂ ਚੁੰਧਿਆ ਦਿੱਤੀਆਂ। ਇਸ ਨਵੇਲੇ ਇਲਾਕੇ ਤਕ ਪੁੱਜਣ ਦੀ ਉਸ ਦੀ ਇੱਛਾ ਨੂੰ ਬੇੜੇ ਦੇ ਕਪਤਾਨ ਨੇ ਖਾਰਿਜ ਕਰ ਦਿੱਤਾ। ਬੇੜੇ ਅਤੇ ਬਰਫ਼ਾਨੀ ਧਰਤੀ ਦਰਮਿਆਨ 25 ਮੀਲਾਂ ਦਾ ਫ਼ਾਸਲਾ ਸੀ। ਹਰ ਪਾਸੇ ਬਰਫੀਲੀਆਂ ਸਿੱਲਾਂ ਤਰ ਰਹੀਆਂ ਸਨ। ਇਨ੍ਹਾਂ ਵਿਚੋਂ ਛੋਟੀ ਬੇੜੀ ਰਾਹੀਂ ਗੁਜ਼ਰਨ ਦੀ ਉਸ ਦੀ ਬੇਨਤੀ ਵੀ ਕਪਤਾਨ ਨੇ ਠੁਕਰਾ ਦਿੱਤੀ। ਵਰ੍ਹਿਆਂ ਬਾਅਦ ਉਸ ਨੇ ‘ਮੌਤ ਜਾਂ ਗਰੀਨਲੈਂਡ ਦਾ ਪੂਰਬੀ ਸਾਹਿਲ’ ਨਾਮ ਹੇਠ ਇਕ ਮੁਹਿੰਮ ਜਥੇਬੰਦ ਕੀਤੀ। ਉਹ ਤੇ ਉਸ ਦੇ ਪੰਜ ਸਾਥੀ ਪੂਰਬੀ ਸਾਹਿਲ ’ਤੇ ਉਤਰੇ ਅਤੇ ਉੱਥੋਂ ਸਕੀਅਜ਼ ਤੇ ਬਰਫ਼-ਰੇੜ੍ਹੀਆਂ (ਸਲੈੱਜਜ਼) ਦੀ ਮਦਦ ਨਾਲ ਪੱਛਮੀ ਸਾਹਿਲ ਵੱਲ ਕੂਚ ਆਰੰਭ ਕਰ ਦਿੱਤਾ। ਹਰੇਕ ਕੋਲ 200 ਕਿਲੋ ਵਜ਼ਨ ਸੀ। ਉਨ੍ਹਾਂ ਦਾ ਰਾਸ਼ਨ ਮਹੀਨਾ ਭਰ ਵੀ ਨਾ ਚੱਲਿਆ। ਉਹ 350 ਮੀਲ ਹੀ ਜਾ ਸਕੇ। ਦੋ ਮਹੀਨੇ ਬਾਅਦ ਭੁੱਖੇ-ਭਾਣੇ ਤੇ ਫਰੌਸਟਬਾਈਟਸ ਦੇ ਝੰਬੇ ਹੋਏ ਪੂਰਬੀ ਸਾਹਿਲ ਵੱਲ ਪਰਤ ਆਏ। ਉਨ੍ਹਾਂ ਨੇ ਇਸ ਪੂਰੇ ਤਜਰਬੇ ਨੂੰ ‘ਨਰਕੀਲਾ’ ਦੱਸਿਆ, ਪਰ ਜਦੋਂ ਵਤਨ ਪਰਤੇ ਤਾਂ ਉਨ੍ਹਾਂ ਦਾ ਸਵਾਗਤ ਕੌਮੀ ਮਹਾਂਨਾਇਕਾਂ ਵਰਗਾ ਹੋਇਆ। ਭਾਵੇਂ ਉਨ੍ਹਾਂ ਨੇ ਬਰਫ਼ੀਲੇ ਮਾਰੂਥਲ ਦੇ ਮੱਧ ਵਿਚ ਨਖ਼ਲਿਸਤਾਨ ਹੋਣ ਦਾ ਭਰਮ ਦੂਰ ਕਰ ਦਿੱਤਾ, ਪਰ ਉਨ੍ਹਾਂ ਦੇ ਸਵਾਗਤ ਤੇ ਸਨਮਾਨਾਂ ਨੇ ਨਾਰਵੇ-ਸਵੀਡਨ-ਡੈਨਮਾਰਕ ਹੀ ਨਹੀਂ, ਬਾਕੀ ਯੂਰੋਪ ਤੇ ਅਮਰੀਕੀ ਮਹਾਂਦੀਪ ਵਿਚ ਵੀ ‘ਗਰੀਨਲੈਂਡੀ’ ਮੁਹਿੰਮਬਾਜ਼ਾਂ ਦੇ ਨਵੇਂ ਦਸਤੇ ਖੜ੍ਹੇ ਕਰ ਦਿੱਤੇ। ਇਸ ਮਗਰੋਂ ਇਕ ਅਮਰੀਕੀ ਮੁਹਿੰਮਬਾਜ਼ ਰੌਬਰਟ ਪੀਅਰਜ਼ ਨੇ ਸਾਬਤ ਕੀਤਾ ਕਿ ਗਰੀਨਲੈਂਡ ਵੱਖਰਾ ਟਾਪੂ ਹੈ, ਉੱਤਰੀ ਧਰੁਵ ਦਾ ਹਿੱਸਾ ਨਹੀਂ। ਉਹਨੇ ਆਪਣੀ ਯਾਤਰਾ ਨੂੰ ਭੁਨਾਇਆ ਵੀ ਖ਼ੂਬ।
ਜਾਂਬਾਜ਼ਾਂ ਤੇ ਤਿਕੜਮਬਾਜ਼ਾਂ ਦੀਆਂ ਫੇਰੀਆਂ ਨੇ ਵਿਗਿਆਨੀਆਂ ਦਾ ਰਾਹ ਵੀ ਮੋਕਲਾ ਕੀਤਾ। ਜਰਮਨ ਮੌਸਮ ਵਿਗਿਆਨੀ ਅਲਫਰੈੱਡ ਨੇ ਆਪਣੀਆਂ ਖੋਜਾਂ ਤੇ ਅਧਿਐਨ ਰਾਹੀਂ ਦਰਸਾਇਆ ਕਿ ਗਰੀਨਲੈਂਡ ਦੀ ਬਰਫ਼ਾਨੀ ਢਾਲ ਕਿਵੇਂ ਬਾਕੀ ਮਹਾਂਦੀਪਾਂ ਲਈ ਏਅਰਕੰਡੀਸ਼ਨਰ ਦਾ ਕੰਮ ਕਰਦੀ ਆ ਰਹੀ ਹੈ। ਸਵਿੱਸ ਗਲੇਸ਼ੀਅਰ-ਵਿਗਿਆਨੀ ਹੈਨਰੀ ਬਾਡਰ ਨੇ ਆਪਣੇ ਸਹਾਇਕਾਂ ਦੀ ਮਦਦ ਨਾਲ ਬਰਫ਼ੀਲੀ ਪਰਤ ਹੇਠ ਹਜ਼ਾਰਾਂ ਫੁੱਟ ਡੂੰਘੀ ਡਰਿਲਿੰਗ ਕਰਕੇ ਪਰਤ ਦੇ ਹੇਠਾਂ ਮੌਜੂਦ ਗੈਸਾਂ ਦੇ ਨਮੂਨੇ ਇਕੱਠੇ ਕੀਤੇ ਅਤੇ ਇਨ੍ਹਾਂ ਰਾਹੀਂ ਸਾਡੀ ਧਰਤੀ ਦੀ ਆਬੋ-ਹਵਾ ਦੇ ਲੱਖਾਂ ਵਰ੍ਹੇ ਪੁਰਾਣੇ ਇਤਿਹਾਸ ਦਾ ਪੁਨਰ-ਸਿਰਜਣ ਸੰਭਵ ਬਣਾਇਆ।
ਅਜਿਹੇ ਦਸ ਖੋਜਕਾਰਾਂ ਦਾ ਜੀਵਨ ਦਰਸ਼ਨ ਕਰਵਾਉਣ ਮਗਰੋਂ ਗਰਟਨਰ, ਗਰੀਨਲੈਂਡ ਦੀ ਬਰਫ਼ੀਲੀ ਢਾਲ ਪਿਘਲਣ ਅਤੇ ਇਸ ਕਾਰਨ ਸਾਡੀ ਧਰਤੀ ਉੱਤੇ ਆ ਰਹੀਆਂ ਤਬਦੀਲੀਆਂ ਤੇ ਮੁਸੀਬਤਾਂ ਦਾ ਖੁਲਾਸਾ ਬੜੀ ਬੇਬਾਕੀ ਨਾਲ ਕਰਦਾ ਹੈ। ਉਸ ਦੇ ਸਮੁੱਚੇ ਅਧਿਐਨ ਦਾ ਨਿਚੋੜ ਬੜਾ ਸਿੱਧਾ ਤੇ ਸਪਸ਼ਟ ਹੈ: ਸਾਡੀ ਕਾਇਨਾਤ ਲਈ ਕਿਆਮਤ ਹੁਣ ਦਹਿਸਦੀਆਂ ਜਾਂ ਸਦੀਆਂ ਨਹੀਂ, ਕੁਝ ਦਹਾਕੇ ਹੀ ਦੂਰ ਹੈ। ਸਾਡੀ ਧਰਤੀ ਦਾ ਏਅਰਕੰਡੀਸ਼ਨਰ ਹੁਣ ਆਖ਼ਰੀ ਸਾਹਾਂ ’ਤੇ ਹੈ। ਕੁਦਰਤ ਬਖ਼ਸ਼ਿੰਦ ਜ਼ਰੂਰ ਹੈ, ਸਦ-ਬਖ਼ਸ਼ਿੰਦ ਨਹੀਂ। ਜੇ ਅਸੀਂ ਆਪਣੀ ਕਾਇਨਾਤ ਬਚਾਉਣੀ ਹੈ ਤਾਂ ਇਸ ਬਖ਼ਸ਼ਿੰਦਗੀ ਨੂੰ ਲੰਮਾ ਖਿੱਚਣ ਦੇ ਹੀਲੇ ਇਕ ਨਹੀਂ, ਸਾਰੇ ਮੁਲਕਾਂ ਵੱਲੋਂ ਹੁਣੇ ਹੀ ਸ਼ੁਰੂ ਹੋ ਜਾਣੇ ਚਾਹੀਦੇ ਹਨ। ਉਹ ਵੀ ਬਿਨਾਂ ਕਿਸੇ ਦੂਸ਼ਣਬਾਜ਼ੀ ਦੇ; ਪੂਰੀ ਸੰਜੀਦਗੀ, ਤਨਦੇਹੀ ਤੇ ਇਕਸੁਰਤਾ ਨਾਲ।
* * *
ਲੈਫ਼ਟੀਨੈਂਟ ਜਨਰਲ ਹਰਬਖ਼ਸ਼ ਸਿੰਘ ਦਾ ਨਾਮ ਅਤਿ-ਸਤਿਕਾਰਤ ਫ਼ੌਜੀ ਕਮਾਂਡਰਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ। ਥਲ ਸੈਨਾ ਦੀਆਂ ਉੱਤਰੀ ਤੇ ਪੱਛਮੀ ਕਮਾਨਾਂ ਦੀਆਂ ਬਟਾਲੀਅਨ-ਮੈੱਸਾਂ ਤੋਂ ਇਲਾਵਾ ਸਿਕੰਦਰਾਬਾਦ ਤੇ ਕੋਚੀ ਸਥਿਤ ਅਫ਼ਸਰੀ ਮੈੱਸਾਂ ਵਿਚ ਵੀ ਮੈਂ ਇਸ ਜਾਂਬਾਜ਼ ਜਰਨੈਲ ਦੀਆਂ ਆਦਮ-ਕੱਦ ਤਸਵੀਰਾਂ ਲੱਗੀਆਂ ਦੇਖੀਆਂ ਹਨ। 1965 ਦੀ ਹਿੰਦ-ਪਾਕਿ ਜੰਗ ਦਾ ਮਹਾਂਨਾਇਕ ਸੀ ਜਨਰਲ ਹਰਬਖ਼ਸ਼। ਪੂਰਾ ਕੱਦਾਵਰ- ਦਿੱਖ ਤੇ ਦਾਨਿਸ਼ਵਰੀ ਪੱਖੋਂ ਵੀ ਅਤੇ ਕਰਤੱਵ ਨਿਸ਼ਠਾ ਤੇ ਕਿਰਦਾਰ ਪੱਖੋਂ ਵੀ। 35 ਵਰ੍ਹਿਆਂ ਦੇ ਆਪਣੇ ਫ਼ੌਜੀ ਜੀਵਨ ਦੌਰਾਨ ਉਸ ਨੇ 40 ਬੰਦਿਆਂ ਦੇ ਜਥੇ ਤੋਂ ਲੈ ਕੇ ਚਾਰ ਲੱਖ ਫ਼ੌਜੀਆਂ ਦੇ ਕਮਾਂਡਰ ਵਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਈਆਂ। ਇਨਾਮ-ਸਨਮਾਨ ਵੀ ਖ਼ੂਬ ਜਿੱਤੇ, ਪਰ ਆਤਮ-ਵਡਿਆਈ ਨੂੰ ਨੇੜੇ ਨਹੀਂ ਢੁਕਣ ਦਿੱਤਾ।
ਬਡਰੁੱਖਾਂ (ਸੰਗਰੂਰ) ਦੇ ਇਕ ਸਤਿਕਾਰਤ ਖਾਨਦਾਨ ਨਾਲ ਸਬੰਧਤ ਇਸ ਜਰਨੈਲ ਦੀ ਸਵੈ-ਜੀਵਨੀ ‘ਇਨ ਲਾਈਨ ਆਫ ਡਿਊਟੀ: ਏ ਸੋਲਜਰ ਰਿਮੈਂਬਰਜ਼’ ਸਾਲ 2000 ਵਿਚ ਪ੍ਰਕਾਸ਼ਿਤ ਹੋਈ ਸੀ। ਹੁਣ ਇਸ ਦਾ ਪੰਜਾਬੀ ਅਨੁਵਾਦ ‘ਫਰਜ਼ ਦੇ ਰਾਹ ’ਤੇ’ (ਚੇਤਨਾ ਪ੍ਰਕਾਸ਼ਨ; ਪੰਨੇ 456; 895 ਰੁਪਏ) ਜੰਮੂ ਦੀ ਰਹਿਣ ਵਾਲੀ ਗੁਰਦੀਪ ਕੌਰ ਹੁਰਾਂ ਨੇ ਪ੍ਰਕਾਸ਼ਿਤ ਕਰਵਾਇਆ ਹੈ। ਇਹ ਕਿਤਾਬ ਇਨਸਾਨੀ ਸਾਹਸ, ਨਿਸ਼ਚੇ ਤੇ ਅਸੂਲਪ੍ਰਸਤੀ ਦੀ ਕਹਾਣੀ ਹੈ। ਫ਼ੌਜੀ ਕਮਾਂਡਰਾਂ ਦੀ ਖ਼ੁਦਦਾਰੀ ਤੇ ਫਰਜ਼ਸ਼ੱਨਾਸੀ ਦੇ ਗੁਰ ਸਿਖਾਉਣ ਤੋਂ ਇਲਾਵਾ ਇਹ ਕਿਤਾਬ ਲਕੀਰ ਦਾ ਫ਼ਕੀਰ ਬਣਨ ਦੀ ਥਾਂ ਮੌਕੇ ਮੁਤਾਬਿਕ ਫ਼ੈਸਲੇ ਲੈਣ (ਤੇ ਉਨ੍ਹਾਂ ਦਾ ਫ਼ਲ ਖਾਣ ਜਾਂ ਭੁਗਤਣ) ਦਾ ਪਾਠ ਵੀ ਪੜ੍ਹਾਉਂਦੀ ਹੈ।
ਗੁਰਦੀਪ ਕੌਰ ਹੁਰਾਂ ਦਾ ਉੱਦਮ ਸਲਾਮ ਦਾ ਹੱਕਦਾਰ ਹੈ, ਉਨ੍ਹਾਂ ਨੇ ਬੜੇ ਔਖੇ ਕਾਰਜ ਨੂੰ ਹੱਥ ਪਾਇਆ। ਉਂਜ, ਮੈਨੂੰ ਇਸ ਤਰਜਮੇ ਵਿਚੋਂ ਰਵਾਨੀ ਦੀ ਘਾਟ ਖਟਕੀ। ਤਰਜਮਾ, ਮੂਲ ਲੇਖਣੀ ਜਿੰਨਾ ਹੀ ਰਵਾਂ ਤੇ ਜ਼ਾਇਕੇਦਾਰ ਹੋਣਾ ਚਾਹੀਦਾ ਹੈ। ਨੋਬੇਲ ਇਨਾਮ ਜੇਤੂ ਕੋਲੰਬਿਆਈ ਲੇਖਕ ਗੈਬਰੀਏਲ ਗਾਰਸ਼ੀਆ ਮਾਰਖੁਏਜ਼ ਬੜੇ ਫ਼ਖਰ ਨਾਲ ਤਸਲੀਮ ਕਰਦਾ ਹੁੰਦਾ ਸੀ ਕਿ (ਅੰਗਰੇਜ਼ੀ) ਅਨੁਵਾਦ ਦੀ ਖ਼ੂਬਸੂਰਤੀ ਨੇ ਹੀ ਉਸ ਦੀਆਂ ਰਚਨਾਵਾਂ ਨੂੰ ਆਲਮੀਅਤਾ ਪ੍ਰਦਾਨ ਕੀਤੀ ਅਤੇ ਉਸ ਨੂੰ ਨੋਬੇਲ ਪੁਰਸਕਾਰ ਦਾ ਹੱਕਦਾਰ ਬਣਾਇਆ। ਗੁਰਦੀਪ ਜੰਮੂ ਤੋਂ ਹਨ, ਸੋ ਉਨ੍ਹਾਂ ਦੀ ਭਾਸ਼ਾ ’ਤੇ ਹਿੰਦੀ ਦੀ ਪੁੱਠ ਹੋਣੀ ਸੁਭਾਵਿਕ ਹੀ ਹੈ। ਇਹ ਪ੍ਰਕਾਸ਼ਨ ਘਰ ਦਾ ਫਰਜ਼ ਬਣਦਾ ਸੀ ਕਿ ਉਹ ਤਰੁੱਟੀਆਂ ਦੂਰ ਕਰਵਾਉਂਦਾ। ਘੱਟੋ-ਘੱਟ ਪਰੂਫ-ਰੀਡਿੰਗ ਦੀਆਂ ਗ਼ਲਤੀਆਂ ਤਾਂ ਘਟਾਈਆਂ ਜਾ ਸਕਦੀਆਂ ਸਨ। ਇਹ ਕੋਤਾਹੀ ਅਫ਼ਸੋਸਨਾਕ ਹੈ।
* * *
ਸੁਰਾਂ ਦੀਆਂ ਕਲਾਬਾਜ਼ੀਆਂ (ਯੌਡਲਿੰਗ) ਦਾ ਮਾਹਿਰ ਸੀ ਗਾਇਕ ਕਿਸ਼ੋਰ ਕੁਮਾਰ। ਸੰਗੀਤ ਦੀ ਕੋਈ ਰਸਮੀ ਤਾਲੀਮ ਨਹੀਂ, ਕੋਈ ਉਸਤਾਦ ਨਹੀਂ; ਫਿਰ ਵੀ ਸੁਰ ਤੇ ਸੋਜ਼ ਉੱਤੇ ਡੂੰਘੀ ਪਕੜ। ਉਪਰੋਂ ਯੌਡਲਿੰਗ ਦੀ ਮੁਹਾਰਤ। ਇਹ ਸਭ ਰੱਬੀ ਦਾਤ ਸੀ। ਉਂਜ, ਉਸ ਅੰਦਰਲੀ ਯੌਡਲਿੰਗ ਦੀ ਖ਼ੂਬੀ ਨੂੰ ਸਭ ਤੋਂ ਪਹਿਲਾਂ ਉਸ ਦੀ ਮਾਂ ਗੌਰੀ ਦੇਵੀ ਨੇ ਪਛਾਣਿਆ ਸੀ। ਉਸ ਨੇ ਇਸ ਨੂੰ ਉਤਸ਼ਾਹਿਤ ਵੀ ਕੀਤਾ, ਉਹ ਵੀ ਅਣਕਿਆਸਿਆਂ।
ਕਮਲ ਧੀਮਾਨ ਦੀ ਕਿਤਾਬ ‘ਮੈਂ ਹੂੰ ਝੁਮਰੂ’ ਅਨੁਸਾਰ ਕਿਸ਼ੋਰ ਆਪਣੇ ਮਾਪਿਆਂ ਦੀ ਸਭ ਤੋਂ ਛੋਟੀ ਔਲਾਦ ਸੀ। ਮਾਂ ਦਾ ਪੂਰਾ ਲਾਡਲਾ, ਪਰ ਥੱਪੜ ਵੀ ਬੜੇ ਪੈਂਦੇ ਸਨ। ਬਹੁਤੀ ਵਾਰ ਬਿਨਾਂ ਕਿਸੇ ਕਾਰਨ ਦੇ। ਇਕ ਵਾਰ ਇਕ ਗੁਆਂਢਣ ਨੇ ਆਭਾਸ (ਕਿਸ਼ੋਰ ਦਾ ਅਸਲ ਨਾਮ- ਆਭਾਸ ਕੁਮਾਰ ਗਾਂਗੁਲੀ) ਨੂੰ ਬੇਵਜ੍ਹਾ ਪੈਂਦੇ ਥੱਪੜਾਂ ’ਤੇ ਇਤਰਾਜ਼ ਕੀਤਾ। ਗੌਰੀ ਦੇਵੀ ਮੁਸਕਰਾਈ ਤੇ ਬੋਲੀ, ‘‘ਇਹਦੇ ਰੋਣ ਦੀ ਸ਼ੈਲੀ ਬੜੀ ਪਿਆਰੀ ਹੈ। ਇਸੇ ਲਈ ਮੈਂ ਇਹਨੂੰ ਜਾਣਬੁੱਝ ਕੇ ਰੁਲਾਉਂਦੀ ਰਹਿੰਦੀ ਹਾਂ।’’
ਚਾਰ ਵਰ੍ਹਿਆਂ ਦੇ ਕਿਸ਼ੋਰ ਨੇ ਇਹ ਗੱਲ ਸੁਣ ਲਈ। ਮਾਂ ਦੇ ਥੱਪੜਾਂ ਤੋਂ ਬਚਣ ਦੀ ਵਿਧੀ ਵੀ ਉਸ ਨੂੰ ਸਮਝ ਆ ਗਈ। ਮਾਂ ਨੂੰ ਨੇੜੇ ਢੁਕਦਿਆਂ ਦੇਖ ਕੇ ਉਹ ਰੋਣਾ ਸ਼ੁਰੂ ਕਰ ਦਿੰਦਾ। ਹਰ ਵਾਰ ਵੱਧ ਕਲਾਬਾਜ਼ਾਨਾ ਢੰਗ ਨਾਲ। ਇਹ ਵਿਧੀ ਹੌਲੀ ਹੌਲੀ ਨਿਖਰ ਕੇ ਯੌਡਲਿੰਗ ਦਾ ਰੂਪ ਧਾਰਨ ਕਰ ਗਈ।
ਕਿਸ਼ੋਰ ਦੀ ਗਾਇਨ ਸ਼ੈਲੀ ਦੀ ਨਕਲ ਕਰਨ ਵਾਲੇ ਗਾਇਕਾਂ ਦੀ ਫਹਿਰਿਸਤ ਬੜੀ ਲੰਮੀ ਹੈ, ਪਰ ਉਸ ਦੀ ‘ਯੌਡਲਿੰਗ’ ਵਾਲੀ ਮੁਹਾਰਤ ਦੇ ਕੋਈ ਵੀ ਨੇੜੇ ਨਹੀਂ ਢੁੱਕ ਸਕਿਆ।

ਸੁਰਿੰਦਰ ਸਿੰਘ ਤੇਜ


Comments Off on ਕਾਇਨਾਤ, ਕਿਆਮਤ ਅਤੇ ਬਰਫ਼ਾਨੀ ਢਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.