ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    ਕਾਵਿ ਕਿਆਰੀ !    ਜਦੋਂ ਮੈਨੂੰ ਪੁਰਸਕਾਰ ਮਿਲਿਆ! !    ਨਿਆਂ !    

ਕਵੀਸ਼ਰੀ ਦਾ ਬਾਪੂ ਪਾਰਸ

Posted On July - 6 - 2019

ਕਰਨੈਲ ਸਿੰਘ ਪਾਰਸ ਤੇ ਹਰਭਜਨ ਮਾਨ

ਹਰਦੀਪ ਕੌਰ

ਮਾਲਵੇ ਵਿਚ ਹੀ ਨਹੀਂ ਪੂਰੇ ਪੰਜਾਬ ਵਿਚ ਖ਼ੁਸ਼ੀਆਂ ਦੇ ਮੌਕਿਆਂ, ਧਾਰਮਿਕ ਸਮਾਗਮਾਂ, ਮੇਲਿਆਂ, ਛਿੰਝਾਂ, ਇਕੱਠਾਂ ਤੇ ਡੇਰਿਆਂ ਵਿਚ ਕਵੀਸ਼ਰੀ ਗਾਉਣ ਦੀ ਅਮੀਰ ਪਰੰਪਰਾ ਹੈ। ਕਵੀਸ਼ਰੀ ਉੱਚੀ ਹੇਕ ਵਿਚ ਗਾਈ ਜਾਣ ਕਰਕੇ ਇਹ ਲੋਕ-ਮਨ ਦੀ ਤ੍ਰਿਪਤੀ ਦਾ ਸਾਧਨ ਬਣੀ, ਜਿਸ ਨੇ ਲੋਕਾਂ ਦੇ ਮਨਾਂ ਅੰਦਰ ਸੁਹਜ ਰਸ ਪੈਦਾ ਕੀਤਾ। ਚੰਗਾ ਕਵੀਸ਼ਰ ਉਹ ਹੀ ਮੰਨਿਆ ਜਾਂਦਾ ਹੈ ਜੋ ਆਪ ਲਿਖਦਾ ਅਤੇ ਆਪ ਹੀ ਗਾਉਂਦਾ ਹੈ। ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਇਸ ਵਿਲੱਖਣਤਾ ਤੇ ਵਿਸ਼ੇਸ਼ਤਾ ਦਾ ਧਾਰਨੀ ਬਣਦਾ ਹੈ। ਇਸ ਕਵੀਸ਼ਰ ਤੇ ਕਿੱਸਾਕਾਰ ਦਾ ਜਨਮ 28 ਜੂਨ, 1916 ਨੂੰ ਪਿੰਡ ਮਹਿਰਾਜ ਆਪਣੇ ਨਾਨਕੇ ਘਰ ਵਿਖੇ ਹੋਇਆ। ਪਾਰਸ ਨੇ ਪਿੰਡ ਦੇ ਡੇਰੇ ਦੇ ਮਹੰਤ ਕ੍ਰਿਸ਼ਨਾ ਨੰਦ ਤੋਂ ਗੁਰਮੁਖੀ ਦਾ ਗਿਆਨ ਪ੍ਰਾਪਤ ਕੀਤਾ। ਘਰ ਵਿਚ ਦਾਦੇ ਵੱਲੋਂ ਸੰਭਾਲੇ ਹੋਏ ਕਿੱਸਿਆਂ ਨੂੰ ਪੜ੍ਹਦਿਆਂ ਉਸਦੇ ਮਨ ਵਿਚ ਤੁਕਬੰਦੀ ਨੂੰ ਜੋੜਨ ਦੀ ਚੇਟਕ ਪੈਦਾ ਹੋਈ। ਫਿਰ ਉਸਨੇ ਆਪਣੀ ਕਵੀਸ਼ਰੀ ਅਤੇ ਕਿੱਸਾਕਾਰੀ ਦੀ ਕਲਾ ਰਾਹੀਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ ਵਿਸ਼ੇਸ਼ ਯੋਗਦਾਨ ਪਾਇਆ। ਸਾਹਿਤ ਦੀ ਇਸ ਵੰਨਗੀ ਦੇ ਸੰਦਰਭ ਵਿਚ ਦਿੱਤੇ ਵਡਮੁੱਲੇ ਯੋਗਦਾਨ ਸਦਕਾ ਪਾਰਸ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ 1985 ਦੌਰਾਨ ‘ਸ਼੍ਰੋਮਣੀ ਕਵੀਸ਼ਰ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਉਸਨੇ ਸਾਧਾਰਨ ਲੋਕਾਂ ਦੇ ਸਮਾਜਿਕ, ਆਰਥਿਕ, ਧਾਰਮਿਕ ਤੇ ਸੱਭਿਆਚਾਰਕ ਵਰਤਾਰਿਆਂ ਦੀ ਤਸਵੀਰ ਨੂੰ ਕਵੀਸ਼ਰੀ ਰਾਹੀਂ ਪੇਸ਼ ਕੀਤਾ ਹੈ। ਪਾਰਸ ਨੇ ਲੰਮਾ ਸਮਾਂ ਕਵੀਸ਼ਰੀ ਦੀ ਸੇਵਾ ਕਰਦਿਆਂ ਆਪਣੀ ਕਾਵਿ ਰਚਨਾ ਵਿਚੋਂ ਨਵੇਂ-ਨਵੇਂ ਤਜਰਬੇ ਕਰਦਿਆਂ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ। ਉਸਨੇ ਲੰਮਾ ਸਮਾਂ ਮੋਹਨ ਸਿੰਘ ਰੋਡੇ ਨਾਲ ਰਲ ਕੇ ਕਵੀਸ਼ਰੀ ਕੀਤੀ ਤੇ ਫਿਰ ਆਪਣਾ ਵੱਖਰਾ ਜੱਥਾ ਬਣਾ ਕੇ ਰਣਜੀਤ ਸਿੰਘ ਸਿੱਧਵਾਂ ਤੇ ਚੰਦ ਸਿੰਘ ਜੰਡੀ ਨਾਲ ਮਿਲ ਕੇ ਕਵੀਸ਼ਰੀ ਰਾਹੀਂ ਲੋਕਾਂ ਦੀ ਸੇਵਾ ਕੀਤੀ। ਕਰਨੈਲ ਸਿੰਘ ਸਟੇਜ ਦਾ ਧਨੀ ਤੇ ਬੋਲ ਸੱਭਿਆਚਾਰ ਦਾ ਮਾਹਿਰ ਸੀ। ਉਸ ਦਾ ਭਾਸ਼ਨ ਬਹੁਤ ਸਰਲ, ਸਪੱਸ਼ਟ ਅਤੇ ਰੌਚਕ ਹੁੰਦਾ ਸੀ ਜਿਸ ਨੂੰ ਸੁਣ ਕੇ ਸਰੋਤਿਆਂ ਦੇ ਚਿਹਰਿਆਂ ’ਤੇ ਰੌਣਕਾਂ ਆ ਜਾਂਦੀਆਂ ਸਨ। ਉਹ ਆਪਣੀਆਂ ਕਈ ਰਚਨਾਵਾਂ ਨੂੰ ਨਾਟਕੀ ਅੰਦਾਜ਼ ਵਿਚ ਵੀ ਪੇਸ਼ ਕਰਦਾ ਸੀ। ਪਾਰਸ ਵਿਆਹ ਸ਼ਾਦੀ, ਖ਼ੁਸ਼ੀ ਭਰੇ ਮਾਹੌਲ ਜਾਂ ਅਖਾੜਿਆਂ ਵਿਚ ਸਰੋਤਿਆਂ ਦੀ ਰੁਚੀ ਨੂੰ ਧਿਆਨ ਵਿਚ ਰੱਖਦਿਆਂ ਆਪਣੇ ਬਹੁ-ਚਰਚਿਤ ਫੁਟਕਲ ਛੰਦ ਇਸ ਤਰ੍ਹਾਂ ਪੇਸ਼ ਕਰਦਾ ਸੀ:
* ਲੱਗਦੇ ਰਹਿਣ ਖ਼ੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ
* ਹੈ ਆਉਣ ਜਾਣ ਬਣਿਆ ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ
* ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇਕ ਆਵੇ ਇਕ ਜਾਵੇ
ਉਹ ਕਵੀਸ਼ਰੀ ਨੂੰ ਗੁਰਦੁਆਰਿਆਂ ਦੀਆਂ ਧਾਰਮਿਕ ਸਟੇਜਾਂ ਅਤੇ ਪਿੰਡਾਂ ਦੇ ਅਖਾੜਿਆਂ ਤੋਂ ਲੈ ਕੇ ਰੇਡੀਓ-ਪ੍ਰਸਾਰਨ ਤੇ ਰਿਕਾਰਡਾਂ ਤਕ ਲੈ ਕੇ ਜਾਣ ਵਾਲਾ ਪਹਿਲਾ ਕਵੀਸ਼ਰ ਹੈ ਕਿਉਂਕਿ ਇਸ ਤੋਂ ਪਹਿਲਾਂ ਕਵੀਸ਼ਰ ਮੇਲਿਆਂ, ਵਿਆਹਾਂ, ਮਰਨਿਆਂ ਤੇ ਹੋਰ ਇਕੱਠਾਂ ਜਾਂ ਪਿੰਡ-ਪਿੰਡ ਘੁੰਮਦੇ ਫਿਰਦੇ ਆਪਣੀ ਕਲਾ ਦਾ ਪ੍ਰਗਟਾਵਾ ਕਰਦੇ ਸਨ। ਜਦੋਂ ਪਾਰਸ ਨੇ ਧਾਰਮਿਕ ਤੇ ਇਤਿਹਾਸਕ ਕਾਵਿ ਰਚਨਾ ਆਰੰਭ ਕੀਤੀ ਤਾਂ ਉਸਦੀ ਕਲਾਕਾਰੀ ਸਹਿਜ ਰੂਪ ਵਿਚ ਗੁਰਦੁਆਰਿਆਂ ਤਕ ਪਹੁੰਚ ਗਈ। ਫਿਰ ਉਸਨੇ ਧਾਰਮਿਕ ਰਚਨਾ ‘ਛੋਟੇ ਸਾਹਿਬਜ਼ਾਦੇ’ ਸਰੋਤਿਆਂ ਦੇ ਸਨਮੁਖ ਕੀਤੀ:
ਕਿਉਂ ਫੜੀ ਸਿਪਾਹੀਆਂ ਨੇ
ਭੈਣੋਂ ਇਹ ਹੰਸਾਂ ਦੀ ਜੋੜੀ।
ਉਸਨੇ ਆਪਣੀ ਸਾਰੀ ਉਮਰ ਕਵੀਸ਼ਰੀ ਨੂੰ ਸਮਰਪਿਤ ਕੀਤੀ ਅਤੇ ਲਿਖਣ ਦੀ ਪਰੰਪਰਾ ਨੂੰ ਆਪਣੇ ਅੰਤ ਤਕ ਜਾਰੀ ਰੱਖਿਆ। ਉਸਦੀ ਕਵਿਤਾ ਲੋਕ ਭਾਵੀ ਹੋਣ ਕਰਕੇ ਉਸ ਨੇ ਲੋਕ ਪੱਖੀ ਵਿਚਾਰਾਂ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਇਆ ਹੈ। ਉਸਨੇ ਦੇਸ਼ ਪਿਆਰ ਦੇ ਕਿੱਸਿਆਂ ਵਿਚ ਉਨ੍ਹਾਂ ਆਜ਼ਾਦੀ ਸੰਗਰਾਮੀਆਂ ਨੂੰ ਪੇਸ਼ ਕੀਤਾ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਵਿਚ ਆਪਣੇ ਪ੍ਰਾਣਾਂ ਦੀ ਅਹੂਤੀ ਦਿੱਤੀ। ਇਨ੍ਹਾਂ ਵਿਚ ਬਹੁ-ਚਰਚਿਤ ਕਿੱਸੇ ‘ਬਾਗ਼ੀ ਸੁਭਾਸ਼’, ‘ਸ਼ਹੀਦ ਸੇਵਾ ਸਿੰਘ ਠੀਕਰੀਵਾਲਾ’ ਤੇ ‘ਸ਼ਹੀਦ ਭਗਤ ਸਿੰਘ’ ਦੀਆਂ ਰਚਨਾਵਾਂ ਨੂੰ ਕਲਮਬੱਧ ਕੀਤਾ। ਪਾਰਸ ਦੀ ਕਵਿਤਾ ਜਿੱਥੇ ਦੇਸ਼ ਪਿਆਰ ਦੇ ਰੰਗ ਵਿਚ ਰੰਗੀ ਹੋਈ ਹੈ, ਉੱਥੇ ਸਮਾਜਿਕ ਸਰੋਕਾਰਾਂ ਨੂੰ ਫੁਟਕਲ ਕਵਿਤਾਵਾਂ ਰਾਹੀਂ ਪੇਸ਼ ਕਰਦੀ ਹੈ।
ਇਸ਼ਕੀਆਂ ਕਿੱਸਿਆਂ ਵਿਚ ‘ਹੀਰ ਰਾਂਝਾ’, ‘ਮਿਰਜ਼ਾ ਸਾਹਿਬਾਂ’ ਅਤੇ ਲਘੂ ਆਕਾਰ ਦੀਆਂ ਰਚਨਾਵਾਂ ਵਿਚ ‘ਸੋਹਣੀ ਮਹੀਂਵਾਲ’, ‘ਸੱਸੀ ਪੁੰਨੂ’, ‘ਸੀਰੀ ਫਰਿਹਾਦ’, ਰੁਮਾਂਟਿਕ ਕਿੱਸਾ ‘ਦਹੂਦ ਬਾਦਸ਼ਾਹ’, ਸਦਾਚਾਰਕ ਕਿੱਸਿਆਂ ਵਿਚ ‘ਕੌਲਾਂ ਭਗਤਣੀ’ ਅਤੇ ‘ਪੂਰਨ ਭਗਤ’, ਪੌਰਾਣਿਕ ਕਿੱਸਿਆਂ ਵਿਚ ‘ਤਾਰਾ ਰਾਣੀ’ ਅਤੇ ‘ਸਰਵਣ ਪੁੱਤਰ’ ਸ਼ਾਮਲ ਹਨ। ਇਸ ਤੋਂ ਇਲਾਵਾ ਪਾਰਸ ਨੇ ਸੂਰਮਗਤੀ ਨਾਲ ਸਬੰਧਿਤ ਰਚਨਾਵਾਂ ਨੂੰ ਅੰਕਿਤ ਕੀਤਾ।
ਕਰਨੈਲ ਸਿੰਘ ਪਾਰਸ ਨੇ ਸਿੱਖ ਇਤਿਹਾਸ ਨਾਲ ਸਬੰਧਿਤ ਘਟਨਾਵਾਂ ਨੂੰ ਸਾਕਿਆਂ ਅਤੇ ਪ੍ਰਸੰਗਾਂ ਦੇ ਰੂਪ ਵਿਚ ਪੇਸ਼ ਕੀਤਾ। ਜਿਹੜੀਆਂ ਅੱਜ ਵੀ ਬਹੁਤ ਹਰਮਨ ਪਿਆਰੀਆਂ ਹਨ। ਪਾਰਸ ਦੇ ਪ੍ਰਸਿੱਧ ਪ੍ਰਸੰਗਾਂ ਵਿਚ ‘ਗੁਰੂ ਅਰਜਨ ਦੇਵ ਜੀ’, ‘ਗੁਰੂ ਹਰਗੋਬਿੰਦ ਜੀ’, ‘ਗੁਰੂ ਗੋਬਿੰਦ ਸਿੰਘ’, ‘ਹਰੀ ਸਿੰਘ ਨਲਵਾ’, ‘ਨਨਕਾਣਾ ਸਾਹਿਬ’ ਅਤੇ ‘ਮੱਸਾ ਰੰਗੜ’ ਆਦਿ ਹਨ। ‘ਬੰਦਾ ਸਿੰਘ ਬਹਾਦਰ’ ਦੇ ਸਾਕੇ ਵਿਚ ਉਹ ਬੰਦਾ ਸਿੰਘ ਬਹਾਦਰ ਦੇ ਮੁਗਲਾਂ ਪ੍ਰਤੀ ਵਿਰੋਧ ਨੂੰ ਬਿਆਨਦਾ ਹੈ। ‘ਜੰਗ ਚਮਕੌਰ’ ਵਿਚ ਅਜੀਤ ਸਿੰਘ ਦਾ ਜੰਗ ’ਚ ਜੂਝਣ ਲਈ ਕਹਿਣਾ ਤੇ ਪਿਤਾ ਗੁਰੂ ਗੋਬਿੰਦ ਸਿੰਘ ਤੋਂ ਆਗਿਆ ਲੈ ਕੇ ਜੰਗ ਵਿਚ ਜਾਣ ਦੇ ਵੇਰਵੇ ਨੂੰ ਬਿਆਨ ਕੀਤਾ ਹੈ:
ਆਗਿਆ ਸਿੰਘ ਅਜੀਤ ਨੇ ਸਤਿਗੁਰ ਤੋਂ ਮੰਗੀ
ਫੜਕੇ ਤੇ ਤਲਵਾਰ ਸੀ ਹੱਥ ਸੱਜੇ ਨੰਗੀ…।
‘ਪੰਜ ਪਿਆਰੇ’ ਦੇ ਪ੍ਰਸੰਗ ਵਿਚ ਪਾਰਸ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਜ ਪਿਆਰਿਆਂ ਤੋਂ ਸ਼ੀਸ਼ ਮੰਗਣ ਦੀ ਅਪੀਲ ਕੀਤੀ ਗਈ ਹੈ:
ਤਿੰਨ ਸਿੱਖਾਂ ਸਿਰ ਦੇ ਦਿੱਤੇ ਆ ਵਿਚ ਆਨੰਦਾਂ
ਤੰਬੂ ’ਚੋਂ ਮੁੱਖ ਕੱਢਿਆ ਕੱਠਿਆਂ ਸੌ ਚੰਦਾਂ…।
‘ਸਾਕਾ ਨਨਕਾਣਾ ਸਾਹਿਬ’ ਵਿਚ ਉਸਨੇ ਨਰਾਇਣ ਦਾਸ ਵੱਲੋਂ ਨਨਕਾਣਾ ਸਾਹਿਬ ਵਿਚ ਉਸਦੇ ਕਾਰੇ ਨੂੰ ਬਿਆਨ ਕੀਤਾ ਹੈ। ‘ਮੱਸਾ ਰੰਘੜ’ ਪ੍ਰਸੰਗ ਵਿਚ ਮੱਸਾ ਰੰਘੜ ਅਤੇ ਸਿੱਖਾਂ ਦੀ ਲੜਾਈ ਦਾ ਜ਼ਿਕਰ ਕੀਤਾ ਹੈ, ਜਿਸ ਵਿਚ ਮੱਸਾ ਸਿੱਖਾਂ ਦਾ ਕਤਲੇਆਮ ਕਰਕੇ ਦਰਬਾਰ ਸਾਹਿਬ ਵਿਚ ਹੁੱਕਾ ਪੀਂਦਾ ਹੈ। ਫੁਟਕਲ ਕਵੀਸ਼ਰੀ ਵਿਚ ਉਸਨੇ ਵੰਨ ਸੁਵੰਨੇ ਵਿਸ਼ਿਆਂ ਨੂੰ ਅਪਣਾਇਆ ਹੈ।
ਪਾਰਸ ਪਿੰਡ ਦਾ ਵਸਨੀਕ ਹੋਣ ਕਰਕੇ ਲੋਕ ਜੀਵਨ ਦੀਆਂ ਹਰ ਪ੍ਰਸਥਿਤੀਆਂ ਨੂੰ ਨੇੜਿਓ ਜਾਣਨ ਵਾਲਾ ਕਵੀਸ਼ਰ ਸੀ। ਉਸ ਦੀਆਂ ਕਵਿਤਾਵਾਂ ਦਾ ਸਬੰਧ ਲੋਕ ਪੱਧਰ ਦੀ ਮਾਨਸਿਕਤਾ ਨਾਲ ਜੁੜਿਆ ਹੋਇਆ ਸੀ ਤੇ ਇਸ ਕਰਕੇ ਉਸਨੇ ਸਥਾਨਕ ਭਾਸ਼ਾ ਨੂੰ ਹੀ ਆਪਣੇ ਕਾਵਿ ਦਾ ਵਾਹਨ ਬਣਾਇਆ ਹੈ। ਉਸਨੇ ਆਪਣੀਆਂ ਰਚਨਾਵਾਂ ਵਿਚ ਫ਼ਾਰਸੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਸ਼ਬਦਾਵਲੀ ਅਤੇ ਕੇਂਦਰੀ ਪੰਜਾਬੀ ਵਰਤੀ ਹੈ। ਉਸਨੇ ਆਪਣੀਆਂ ਰਚਨਾਵਾਂ ਵਿਚ ਅਖਾਣਾਂ ਅਤੇ ਮੁਹਾਵਰਿਆਂ ਨੂੰ ਵੀ ਭਾਸ਼ਾਈ ਗੁਣ ਵਜੋਂ ਅਪਣਾਇਆ ਹੈ ਅਤੇ ਆਪਣੀ ਸ਼ਬਦਾਵਲੀ ਸਰਲ ਰੱਖਣ ਦਾ ਵੀ ਯਤਨ ਕੀਤਾ ਹੈ। ਪਾਰਸ ਦੀ ਕਾਵਿ ਰਚਨਾ ਛੰਦਾਂ-ਬੰਦੀ ’ਤੇ ਆਧਾਰਿਤ ਹੈ। ਪੇਂਡੂ ਵਰਗ ਨਾਲ ਜੁੜਿਆ ਹੋਣ ਕਰਕੇ ਪਾਰਸ ਦੀ ਰਚਨਾ ਕਿਰਸਾਨੀ ਜੀਵਨ ਦੇ ਨੇੜੇ ਹੈ, ਜਿਸਦੇ ਬਹੁਤੇ ਅਲੰਕਾਰ ਕਿਰਸਾਨੀ ਜੀਵਨ ਵਿਚੋਂ ਹੀ ਹਨ। ਉਪਰੋਕਤ ਤੋਂ ਸਪੱਸ਼ਟ ਹੈ ਕਿ ਕਰਨੈਲ ਸਿੰਘ ਪਾਰਸ ਆਪਣੀਆਂ ਕਾਵਿ ਰਚਨਾਵਾਂ ਵਿਚ ਮਲਵਈ ਉਪਭਾਸ਼ਾ ਦੀ ਸ਼ਬਦਾਵਲੀ ਦੇ ਵਿਸ਼ਾਲ ਭੰਡਾਰ ਸਦਕਾ ਪੰਜਾਬੀ ਕਵੀਸ਼ਰੀ ਅਤੇ ਕਿੱਸਾਕਾਰੀ ਵਿਚ ਸਫਲ ਹੋਇਆ। ਉਸ ਕੋਲ ਸ਼ਬਦਾਵਲੀ ਅਤੇ ਮੁਹਾਵਰਿਆਂ ਦਾ ਅਮੁੱਕ ਖ਼ਜ਼ਾਨਾ ਸੀ ਜਿਸ ਕਾਰਨ ਸਭ ਤਰ੍ਹਾਂ ਦੇ ਵਿਸ਼ੇ ਉਸ ਦੀ ਪਕੜ ਵਿਚ ਸਨ। ਜਿੱਥੇ ਉਸ ਨੇ ਦੇਸ਼ ਭਗਤੀ, ਇਤਿਹਾਸਕ, ਧਾਰਮਿਕ, ਵਿਸ਼ਿਆਂ ਨੂੰ ਕਲਮਬੱਧ ਕੀਤਾ ਉੱਥੇ ਸਮਾਜ ਨਾਲ ਸਬੰਧਿਤ ਵਿਭਿੰਨ ਪ੍ਰਕਾਰ ਦੇ ਵਿਸ਼ਿਆਂ ਨੂੰ ਆਪਣੀ ਕਵੀਸ਼ਰੀ ਅਤੇ ਕਿੱਸਿਆਂ ਰਾਹੀਂ ਪੇਸ਼ ਕਰ ਕੇ ਸ਼੍ਰੋਮਣੀ ਰੁਤਬਾ ਵੀ ਪ੍ਰਾਪਤ ਕੀਤਾ। ਫੁਟਕਲ ਕਵੀਸ਼ਰੀ ਵਿਚ ਉਸਨੇ ਸਮਕਾਲੀ ਸਮਾਜਿਕ ਯਥਾਰਥ ਦੀਆਂ ਹਕੀਕਤਾਂ, ਆਪਣੇ ਆਲੇ-ਦੁਆਲੇ ਦੱਬੇ-ਕੁਚਲੇ ਲੋਕਾਂ ਦੀਆਂ ਤੰਗੀਆਂ, ਤੁਰਸੀਆਂ, ਮਜਬੂਰੀਆਂ ਨਾਲ ਭਰੀ ਜ਼ਿੰਦਗੀ ਨੂੰ ਕਵੀਸ਼ਰੀ ਤੇ ਕਿੱਸਾਕਾਰੀ ਦਾ ਵਿਸ਼ਾ ਬਣਾਇਆ। ਪਾਰਸ ਭਾਵੇਂ ਰੱਬ ਨੂੰ ਨਹੀਂ ਸੀ ਮੰਨਦਾ, ਪਰ ਸਦਾ ਹੀ ਲੋਕਾਂ ਲਈ ਅਰਦਾਸ ਏਹੀ ਕਰਦਾ ਸੀ:
ਹੋਵੇ ਹੇ ਪਰਮਾਤਮਾ, ਦੁਸ਼ਮਣ ਦਾ ਵੀ ਭਲਾ
ਟਲੇ ਗੁਆਂਢੀ ਤੋਂ ਸਦਾ, ਕੋਹਾਂ ਦੂਰ ਬਲਾ
ਰੱਖੀਂ ਮਰਦਿਆਂ ਤਕ ਤੂੰ, ਸਭ ਦੀ ਉੱਜਲੀ ਪੱਤ
ਤੇਰੀ ਭਾਣੇ ਦਾਤਿਆ, ਸੁਖੀ ਵਸੇ ਸਰਬੱਤ
ਪ੍ਰਸਿੱਧ ਗਾਇਕ, ਕਵੀ, ਲੇਖਕ, ਉੱਘੇ ਸਿਆਸਤਦਾਨ ਪੈਦਾ ਕਰਨ ਵਾਲਾ ਸ਼੍ਰੋਮਣੀ ਕਵੀਸ਼ਰ ਅਤੇ ਕਿੱਸਾਕਾਰ ਕਰਨੈਲ ਸਿੰਘ ਪਾਰਸ ਭਾਵੇਂ 28 ਫਰਵਰੀ, 2009 ਨੂੰ ਇਸ ਸੰਸਾਰ ਤੋਂ ਚਲਾ ਗਿਆ, ਪਰ ਉਨ੍ਹਾਂ ਦੀਆਂ ਰਚਨਾਵਾਂ ਲੋਕਮਨਾਂ ਵਿਚ ਅੱਜ ਵੀ ਜਿਉਂਦੀਆਂ ਹਨ।


Comments Off on ਕਵੀਸ਼ਰੀ ਦਾ ਬਾਪੂ ਪਾਰਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.