ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਕਵਿਤਾ ਦਾ ਸਵੈ-ਸੰਵਾਦ

Posted On July - 21 - 2019

ਮਲਵਿੰਦਰ

ਕਵਿਤਾ ਲਿਖਦਿਆਂ ਜਦ ਕਵਿਤਾ ਦੀ ਗੱਲ ਕਰਨ ਨੂੰ ਜੀਅ ਕਰੇ ਤਾਂ ਇਹ ਭਾਗੁਕਤਾ ਦਾ ਚਿੰਤਨ ਵੱਲ ਕੱਟਿਆ ਸੁਖਾਵਾਂ ਮੋੜ ਕਿਹਾ ਜਾਣਾ ਚਾਹੀਦਾ ਹੈ। ਛਪ ਰਹੀ ਕਵਿਤਾ ਦੀ ਬਹੁਤਾਤ ਨੂੰ ਵੇਖਦਿਆਂ ਲੱਗਦਾ ਹੈ ਜਿਵੇਂ ਬਹੁਤ ਸਾਰੇ ਲੋਕ ਕਵਿਤਾ ਨਾਲ ਜੁੜ ਰਹੇ ਹਨ। ਵੱਖ ਵੱਖ ਸ਼ਹਿਰਾਂ ਵਿਚ ਹੁੰਦੇ ਸਾਹਿਤਕ ਸਮਾਗਮਾਂ ਵਿਚ ਲੋਕ-ਅਰਪਣ ਹੁੰਦੀਆਂ ਕਾਵਿ-ਪੁਸਤਕਾਂ ਨੂੰ ਵੇਖਦਿਆਂ ਇਹ ਭਰਮ ਹੋਰ ਵੱਡਾ ਹੋ ਜਾਂਦਾ ਹੈ। ਸੋਸ਼ਲ ਮੀਡੀਆ ’ਚ ਦਿਖਾਈ ਦਿੰਦੀਆਂ ਕਵਿਤਾਵਾਂ ਉੱਪਰ ਹੁੰਦੀਆਂ ਟਿੱਪਣੀਆਂ ਅਤੇ ਪਸੰਦਾਂ ਦਾ ਹੜ੍ਹ ਆਇਆ ਰਹਿੰਦਾ ਹੈ। ਸਾਹਿਤਕ ਸਮਾਗਮਾਂ ਵਿਚ ਜਿਵੇਂ ਸਾਧਾਰਨ ਜਿਹੀ ਕਵਿਤਾ ਉਪਰ ਘੰਟਿਆਂਬੱਧੀ ਵਿਚਾਰ ਚਰਚਾ ਹੁੰਦੀ ਹੈ, ਲੰਮੇ ਲੰਮੇ ਪਰਚੇ ਪੜ੍ਹੇ ਜਾਂਦੇ ਹਨ, ਉਹ ਪਾਠਕ ਨੂੰ ਚੰਗੀ ਕਵਿਤਾ ਤੋਂ ਦੂਰ ਰੱਖਣ ਦਾ ਖ਼ਤਰਨਾਕ ਵਰਤਾਰਾ ਹੈ ਜੋ ਪਾਠਕਾਂ ਦੀ ਕਵਿਤਾ ਪ੍ਰਤੀ ਉਪਰਾਮਤਾ ਨੂੰ ਵਧਾਉਂਦਾ ਹੈ ਅਤੇ ਨਵੇਂ ਕਵੀ ਦੀ ਕਵਿਤਾ ਵਿਚ ਖੜੋਤ ਵੀ ਪੈਦਾ ਕਰਦਾ ਹੈ। ਵਿਦਵਾਨਾਂ ਦੇ ਪ੍ਰਸ਼ੰਸਾਮਈ ਸ਼ਬਦ ਸੁਣ ਕੇ ਕਵੀ ਆਪਣੀ ਕਵਿਤਾ ਬਾਰੇ ਭਰਮ ਪਾਲ ਲੈਂਦਾ ਹੈ। ਉਸ ਦੀ ਕਵਿਤਾ ਅਗਲੇ ਪੜਾਅ ’ਤੇ ਜਾਣ ਦੀ ਬਜਾਏ ਪਿੱਛਲਖੁਰੀ ਸਫ਼ਰ ਕਰਦੀ ਹੈ।
ਤਿੰਨ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਪੰਜਾਬੀ ਸਾਹਿਤ ਦਾ ਪਾਠਕ ਬਣਿਆਂ, ਕਵਿਤਾ ਦੇ ਲੜ ਲੱਗਿਆਂ। ਕਵਿਤਾ ਦੀਆਂ ਛੇ ਕਿਤਾਬਾਂ ਵੀ ਛਪ ਚੁੱਕੀਆਂ ਹਨ, ਪਰ ਹਾਲੇ ਵੀ ਲੱਗਦਾ ਹੈ ਕਿ ਮੈਨੂੰ ਕਵਿਤਾ ਲਿਖਣੀ ਨਹੀਂ ਆਉਂਦੀ। ਜਿਉਂ ਜਿਉਂ ਕਵਿਤਾ ਪ੍ਰਤੀ ਸੂਝ ਵਧਦੀ ਜਾਂਦੀ ਹੈ, ਮੇਰੀ ਆਪਣੀ ਲਿਖੀ ਕਵਿਤਾ ਹੀ ਮੇਰੀਆਂ ਨਜ਼ਰਾਂ ’ਚ ਰੱਦ ਹੋਈ ਜਾਂਦੀ ਹੈ। ਦਰਅਸਲ, ਕਵਿਤਾ ਦੀਆਂ ਏਨੀਆਂ ਪਰਤਾਂ ਹਨ ਕਿ ਇਸ ਦੀ ਗਹਿਰਾਈ ਦੀ ਥਾਹ ਪਾਉਣ ਲਈ ਇਕ ਉਮਰ ਥੋੜ੍ਹੀ ਲੱਗਦੀ ਹੈ। ਅਧਿਐਨ ਅਤੇ ਅਭਿਆਸ ਦੀ ਵਿਧੀ ਨਾਲ ਪੈਦਾ ਹੋ ਰਹੀ ਕਵਿਤਾ ਵਿਦਵਤਾ ਦਾ ਬੋਝਲ ਮੁਹਾਂਦਰਾ ਤਾਂ ਬਣਦੀ ਹੈ, ਪਰ ਸਿਰਜਣਾ ਦਾ ਸਹਿਜ ਤੇ ਸਰਲ ਮੁਹਾਵਰਾ ਨਹੀਂ ਬਣਦੀ। ਅੱਜ ਲਿਖੀ ਜਾ ਰਹੀ ਕਵਿਤਾ ਦੇ ਪਾਠਕ ਕਵੀ ਹੀ ਹਨ। ਕਵੀ ਪਰਿਵਾਰ ਤੋਂ ਬਾਹਰਲੇ ਪਾਠਕ ਕਵਿਤਾ ਨਹੀਂ ਪੜ੍ਹ ਰਹੇ। ਇਸ ਪਾਠਕ ਵਰਗ ਦੀ ਵੀ ਅੱਗਿਉਂ ਵੰਡ ਹੋ ਜਾਂਦੀ ਹੈ। ਤੁਹਾਡੀ ਸਮਾਜਿਕਤਾ, ਦੋਸਤੀ, ਫੇਸਬੁੱਕ ’ਤੇ ਤੁਹਾਡੀ ਸਰਗਰਮੀ, ਤੁਹਾਡਾ ਰੁਤਬਾ, ਅਹੁਦਾ ਅਤੇ ਆਪਣੇ ਆਪ ਨੂੰ ਪ੍ਰਮੋਟ ਕਰਨ ਦਾ ਹੁਨਰ ਪਾਠਕਾਂ ਦਾ ਨਿਰਣਾ ਕਰਦਾ ਹੈ। ਕਵਿਤਾ ਹੁਣ ਵਿਆਪਕ ਪ੍ਰਵਾਨਗੀ ਵਾਲੀ ਵਿਧਾ ਨਹੀਂ ਰਹੀ। ਸਥਾਪਤ ਸ਼ਾਇਰ ਹੁਣ ਵਾਰਤਕ ਲਿਖਣ ਵੱਲ ਰੁਚਿਤ ਹੋ ਰਹੇ ਹਨ ਅਤੇ ਵਧੀਆ ਵਾਰਤਕ ਲਿਖ ਰਹੇ ਹਨ। ਜਿਉਂ ਜਿਉਂ ਸਾਡੀਆਂ ਮਾਨਸਿਕ ਉਲਝਣਾ ਵਧਦੀਆਂ ਹਨ, ਕਵਿਤਾ ਸਾਡੀ ਸਮਝ ਤੋਂ ਬਾਹਰਲੀ ਵਸਤੂ ਬਣੀ ਜਾਂਦੀ ਹੈ। ਧਰਤੀ ਨੂੰ ਕਲੀ ਕਰਵਾਉਣ ਅਤੇ ਅੰਬਰ ’ਤੇ ਪੀਂਘ ਪਵਾਉਣ ਵਰਗੀਆਂ ਸੋਚ ਉਡਾਰੀਆਂ ਹੁਣ ਸਾਡੀ ਕਵਿਤਾ ਦੀ ਪਰਵਾਜ਼ ਨਹੀਂ ਬਣਦੀਆਂ। ਅਸੀਂ ਨਵੇਂ ਨਵੇਂ ਸ਼ਬਦ ਘੜਨ ਅਤੇ ਉਨ੍ਹਾਂ ਦੇ ਆਪਣੀ ਮਰਜ਼ੀ ਦੇ ਅਰਥ ਕਰਨ ਨੂੰ ਕਵਿਤਾ ਕਹਿਣ ਲੱਗੇ ਹਾਂ।
ਸਮਾਜਿਕ ਜੀਵਨ ਤੇ ਰਾਜਨੀਤਕ ਵਰਤਾਰਿਆਂ ਵਿਚ ਜੋ ਵੀ ਗਲ਼ਤ ਹੋ ਰਿਹਾ ਹੈ, ਸਾਡਾ ਸਹਿਜ ਭੰਗ ਕਰ ਰਿਹਾ ਹੈ, ਸਾਡੀਆਂ ਸੋਚਾਂ ਨੂੰ ਵਲੂੰਧਰ ਰਿਹਾ ਹੈ, ਸਾਡੀ ਕਵਿਤਾ ਦੇ ਵਿਸ਼ੇ ਬਣਦੇ ਹਨ। ਇਨ੍ਹਾਂ ਵਿਸ਼ਿਆਂ ਬਾਰੇ ਕਵਿਤਾ ਲਿਖਦਿਆਂ ਅਸੀਂ ਤਟਫਟ ਪ੍ਰਤੀਕਰਮ ਉਸਾਰਦੇ ਹਾਂ। ਤਟਫਟ ਮਿਲੇ ਲਾਈਕ ਤੇ ਕੁਮੈਂਟਸ ਸਾਨੂੰ ਮਾਲਾਮਾਲ ਕਰ ਦਿੰਦੇ ਹਨ। ਕੁਝ ਦਿਨਾਂ, ਮਹੀਨਿਆਂ, ਸਾਲਾਂ ਬਾਅਦ ਸਥਿਤੀ ਬਦਲਦਿਆਂ ਜਾਂ ਵਿਗੜਦਿਆਂ ਹੀ ਕਵਿਤਾ ਅਪ੍ਰਸੰਗਿਕ ਹੋ ਜਾਂਦੀ ਹੈ। ਅਸੀਂ ਸ਼ੁਭ-ਇੱਛਾਵਾਂ ਵਰਗੀ, ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਰਗੀ ਕਵਿਤਾ ਨਹੀਂ ਲਿਖਦੇ। ਅਸੀਂ ਤਾਂ ਕਵਿਤਾ ਵਿਚ ਸਭ ਤੋਂ ਵੱਧ ਪੀੜਤ ਛਿਣਾਂ ਨੂੰ ਸਾਕਾਰ ਕਰਨ ਵੱਲ ਰੁਚਿਤ ਰਹਿੰਦੇ ਹਾਂ। ਅਜਿਹੀ ਕਵਿਤਾ ਪਹਿਲਾਂ ਹੀ ਦੁਖੀ ਬੰਦੇ ਨੂੰ ਹੋਰ ਦੁੱਖ ਨਾਲ ਭਰ ਦਿੰਦੀ ਹੈ। ਅਜਿਹੀ ਕਵਿਤਾ ਮਨੁੱਖ ਨੂੰ ਸੁਖ, ਸ਼ਾਂਤੀ, ਸਹਿਜ ਨਹੀਂ ਦਿੰਦੀ। ਇਹ ਮਨੁੱਖ ਨੂੰ ਆਪਣੇ-ਆਪ ਨਾਲ ਨਹੀਂ ਜੋੜਦੀ। ਇਹ ਟੁੱਟੇ ਹੋਏ ਨੂੰ ਹੋਰ ਤੋੜਦੀ ਹੈ। ਉਸ ਦੀਆਂ ਮਾਨਸਿਕ ਉਲਝਣਾਂ ’ਚ ਹੋਰ ਗੁੰਝਲਾਂ ਪੈਦਾ ਕਰਦੀ ਹੈ। ਮਨੁੱਖ ਕੁਝ ਅਜਿਹਾ ਪੜ੍ਹਣਾ, ਸੁਣਨਾ, ਵੇਖਣਾ ਚਾਹੁੰਦਾ ਹੈ ਜੋ ਉਸ ਨੂੰ ਵਕਤ ਦੀਆਂ ਬੇਤਰਤੀਬੀਆਂ ’ਚੋਂ ਬਾਹਰ ਕੱਢੇ ਤੇ ਉਹ ਰਾਹਤ ਮਹਿਸੂਸ ਕਰੇ। ਕਵਿਤਾ ਪੜ੍ਹਦਾ ਪੜ੍ਹਦਾ ਉਹ ਕਿਤਾਬ ਨੂੰ ਸਿਰਹਾਣੇ ਰੱਖ ਕਿਸੇ ਵਿਸਮਾਦੀ ਸਥਿਤੀ ਵਿਚ ਗੁਆਚ ਜਾਵੇ। ਉਸ ਦੇ ਕੰਨਾਂ ’ਚ ਸ਼ੋਰ ਪੈਦਾ ਕਰਦੀਆਂ ਧੁਨੀਆਂ, ਉਸ ਦੀਆਂ ਅੱਖਾਂ ’ਚ ਜਲਣ ਪੈਦਾ ਕਰਦੇ ਵਰਤਾਰੇ ਸ਼ਾਂਤ ਹੋ ਜਾਣ। ਉਹ ਚੁੱਪ ਦੇ ਅਧਿਆਤਮਕ ਪਾਸਾਰ ਨਾਲ ਜੁੜ ਜਾਵੇ। ਕਵਿਤਾ ਉਸ ਦੇ ਕੰਨਾਂ ’ਚ ਨਾਅਰਿਆਂ ਦਾ ਸ਼ੋਰ ਨਾ ਪੈਦਾ ਕਰੇ, ਕਿਸੇ ਕਲਾਸੀਕਲ ਧੁਨ ਦੀ ਮਿਠਾਸ ਘੋਲੇ। ਕਵਿਤਾ ਫ਼ਿਕਰਾਂ ਦਾ ਰੌਲਾ ਨਾ ਪਾਵੇ, ਬੱਸ ਘੜੀ ਪਲ ਫ਼ਿਕਰਾਂ ਕੋਲ ਰੁਕਣ ਦਾ ਇਸ਼ਾਰਾ ਕਰੇ। ਰੁਕਣਾ, ਸੋਚਣ ਦਾ ਪਹਿਲਾ ਪੜਾਅ ਹੁੰਦਾ ਹੈ। ਸੋਚਣਾ, ਸਮਾਧਾਨ ਲੱਭਣ ਵੱਲ ਪੇਸ਼ਕਦਮੀ ਹੁੰਦੀ ਹੈ। ਕਵਿਤਾ ਅਜਿਹੀ ਹੋਵੇ ਜਿਹੜੀ ਸਾਨੂੰ ਬਿਨਾਂ ਰੌਲਾ ਪਾਇਆਂ ਸਮਾਧਾਨ ਤਕ ਲੈ ਕੇ ਜਾਵੇ। ਕਵਿਤਾ ਦਾ ਕੋਈ ਧਰਮ, ਕੋਈ ਜਾਤ, ਕੋਈ ਰੰਗ ਨਾ ਹੋਵੇ। ਕਵਿਤਾ ’ਚ ਸਭ ਕੁਝ ਲੁਪਤ ਹੋਵੇ। ਇਹ ਹਥਿਆਰ ਬਣੇ, ਪਰ ਆਹੂ ਲਾਹੁਣ ਵਰਗੀ ਨਹੀਂ। ਕਵਿਤਾ ਸਮਾਜਿਕ ਤਬਦੀਲੀਆਂ ਦੀ ਗਵਾਹ, ਮਾਰਗਦਰਸ਼ਕ ਬਣੇ।
ਹੋਰ ਕਿਹੋ ਜਿਹੀ ਹੋਵੇ ਕਵਿਤਾ? ਉਹ ਹਰ ਪਲ ਕਵਿਤਾ ਹੈ ਜਿਹੜਾ ਨੀਰ ਬਣ ਤੁਹਾਡੀਆਂ ਅੱਖਾਂ ’ਚ ਤੈਰ ਜਾਵੇ। ਹਰ ਉਹ ਸਤਰ, ਵਾਕ ਕਵਿਤਾ ਹੈ ਜਿਸ ਨੂੰ ਪੜ੍ਹਦਿਆਂ ਤੁਹਾਡੇ ਅੰਦਰੋਂ ਆਪਮੁਹਾਰੇ ਵਾਹ ਨਿਕਲੇ। ਸ਼ਬਦਾਂ ਦੇ ਖਿਲਾਰੇ ਨੂੰ ਹੂੰਝ ਕੇ ਥੱਲਿਉਂ ਜਿਹੜਾ ਕੂਲਾ ਅਹਿਸਾਸ ਨਿਕਲੇ, ਉਹ ਕਵਿਤਾ ਹੈ। ਕਵਿਤਾ ਲਿਖਣ ਲਈ ਕਵਿਤਾ ਹੰਢਾਉਣੀ ਪੈਂਦੀ ਹੈ, ਜਿਊਣੀ ਪੈਂਦੀ ਹੈ। ਸਮਿਆਂ ਤੋਂ ਪਾਰ ਜਾ ਕੇ ਵੀ ਜਿਊਂਦੇ ਰਹਿੰਦੇ ਸ਼ਬਦ ਕਵਿਤਾ ਹਨ। ਕਵਿਤਾ ਕਵਿਤਾ ਵਰਗੀ ਹੋਵੇ।
ਸਾਡੀ ਕਵਿਤਾ ਅਜੇ ਕਵਿਤਾ ਵਰਗੀ ਨਹੀਂ। ਇਸੇ ਲਈ ਕਹਿੰਦਾ ਹਾਂ ਕਿ ਸਾਨੂੰ ਬਹੁਤਿਆਂ ਨੂੰ ਅਜੇ ਕਵਿਤਾ ਲਿਖਣੀ ਨਹੀਂ ਅਉਂਦੀ। ਫਿਰ ਵੀ ਅਸੀਂ ਕਵਿਤਾ ਪੜ੍ਹਦੇ ਹਾਂ, ਪ੍ਰਸ਼ੰਸਾ ਕਰਦੇ ਹਾਂ। ਸਾਨੂੰ ਅਜੇ ਕਵਿਤਾ ਪੜ੍ਹਨੀ ਵੀ ਨਹੀਂ ਆਉਂਦੀ। ਆਉ! ਕਵਿਤਾ ਲਿਖਣੀ ਅਤੇ ਪੜ੍ਹਨੀ ਸਿੱਖੀਏ।

ਸੰਪਰਕ: 97795-91344


Comments Off on ਕਵਿਤਾ ਦਾ ਸਵੈ-ਸੰਵਾਦ
1 Star2 Stars3 Stars4 Stars5 Stars (1 votes, average: 1.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.