ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਕਰਨਾਟਕ: ਸਿਆਸੀ ਸੰਕਟ ਸੁਪਰੀਮ ਕੋਰਟ ਪੁੱਜਾ

Posted On July - 11 - 2019

ਨਵੀਂ ਦਿੱਲੀ/ਬੰਗਲੌਰ, 10 ਜੁਲਾਈ

ਕਾਂਗਰਸ ਵਿਧਾਇਕਾਂ ਦੀ ਕਥਿਤ ਖ਼ਰੀਦੋ ਫਰੋਖ਼ਤ ਦੇ ਰੋਸ ਵਜੋਂ ਭਾਜਪਾ ਆਗੂਆਂ ਖ਼ਿਲਾਫ਼ ਬੰਗਲੌਰ ’ਚ ਪ੍ਰਦਰਸ਼ਨ ਕਰਦੇ ਹੋਏ ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ, ਮਲਿਕਾਰਜੁਨ ਖੜਗੇ, ਕੇ ਸੀ ਵੇਣੂਗੋਪਾਲ, ਸਿੱਧਾਰਮਈਆ ਅਤੇ ਹੋਰ। -ਫੋਟੋ: ਪੀਟੀਆਈ

ਕਰਨਾਟਕ ਦਾ ਸਿਆਸੀ ਸੰਕਟ ਬੁੱਧਵਾਰ ਨੂੰ ਸੁਪਰੀਮ ਕੋਰਟ ਪਹੁੰਚ ਗਿਆ ਹੈ। ਕਾਂਗਰਸ ਅਤੇ ਜਨਤਾ ਦਲ (ਐਸ) ਦੇ 10 ਬਾਗ਼ੀ ਵਿਧਾਇਕਾਂ ਨੇ ਅਰਜ਼ੀ ਦਾਖ਼ਲ ਕਰਕੇ ਦੋਸ਼ ਲਾਇਆ ਕਿ ਕਰਨਾਟਕ ਵਿਧਾਨ ਸਭਾ ਦਾ ਸਪੀਕਰ ਜਾਣ-ਬੁੱਝ ਕੇ ਉਨ੍ਹਾਂ ਦੇ ਅਸਤੀਫ਼ੇ ਸਵੀਕਾਰ ਨਹੀਂ ਕਰ ਰਿਹਾ ਹੈ। ਉਧਰ ਦੋ ਹੋਰ ਕਾਂਗਰਸ ਵਿਧਾਇਕਾਂ ਹਾਊਸਿੰਗ ਮੰਤਰੀ ਐਮ ਟੀ ਬੀ ਨਾਗਰਾਜ ਅਤੇ ਕੇ ਸੁਧਾਕਰ ਨੇ ਅੱਜ ਵਿਧਾਨ ਸਭਾ ਸਪੀਕਰ ਰਮੇਸ਼ ਕੁਮਾਰ ਨੂੰ ਅਸਤੀਫ਼ੇ ਸੌਂਪ ਦਿੱਤੇ। ਹੁਣ ਤਕ ਕਾਂਗਰਸ ਦੇ 13 ਅਤੇ ਜਨਤਾ ਦਲ (ਐਸ) ਦੇ ਤਿੰਨ ਵਿਧਾਇਕਾਂ ਨੇ ਅਸਤੀਫ਼ੇ ਦੇ ਦਿੱਤੇ ਹਨ ਜਦਕਿ ਦੋ ਆਜ਼ਾਦ ਵਿਧਾੲਕਾਂ ਐਚ ਨਾਗੇਸ਼ ਅਤੇ ਆਰ ਸ਼ੰਕਰ ਨੇ ਸਰਕਾਰ ਤੋਂ ਹਮਾਇਤ ਵਾਪਸ ਲੈ ਲਈ ਹੈ। ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਜਾਣ ਵਾਲੇ 10 ਵਿਧਾਇਕਾਂ ’ਚੋਂ 8 ਨੇ ਮੁੜ ਸਪੀਕਰ ਨੂੰ ਆਪਣੇ ਅਸਤੀਫੇ ਭੇਜੇ ਹਨ।
ਸੁਪਰੀਮ ਕੋਰਟ ’ਚ ਪਾਈ ਅਰਜ਼ੀ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਸੰਵਿਧਾਨ ਦੇ ਨੇਮਾਂ ਮੁਤਾਬਕ ਹਨ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦੇ ਸਪੀਕਰ ਨੇ ਮੰਗਲਵਾਰ ਨੂੰ ਆਖਿਆ ਸੀ ਕਿ 14 ਵਿਧਾਇਕਾਂ ’ਚੋਂ 9 ਦੇ ਅਸਤੀਫ਼ੇ ਨੇਮਾਂ ਮੁਤਾਬਕ ਨਹੀਂ ਹਨ। ਅਰਜ਼ੀ ਦਾਖ਼ਲ ਕਰਨ ਵਾਲੇ 10 ਬਾਗ਼ੀ ਵਿਧਾਇਕਾਂ ’ਚ ਪ੍ਰਤਾਪ ਗੌੜਾ ਪਾਟਿਲ, ਰਮੇਸ਼ ਜਾਰਕਿਹੋਲੀ, ਬੀ ਬਾਸਵਰਾਜ, ਬੀ ਸੀ ਪਾਟਿਲ, ਐਸ ਟੀ ਸੋਮਸ਼ੇਖਰ, ਏ ਸ਼ਿਵਰਾਮ ਹੇਬੱਰ, ਮਹੇਸ਼ ਕੁਮਤਲੀ, ਕੇ ਗੋਪਾਲੱਈਆ, ਏ ਐਚ ਵਿਸ਼ਵਨਾਥ ਅਤੇ ਨਾਰਾਇਣ ਗੌੜਾ ਸ਼ਾਮਲ ਹਨ।
ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠਲੇ ਬੈਂਚ ਨੇ ਬਾਗ਼ੀ ਵਿਧਾਇਕਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਦੀ ਅਰਜ਼ੀ ਦਾ ਨੋਟਿਸ ਲੈਂਦਿਆਂ ਭਰੋਸਾ ਦਿਵਾਇਆ ਕਿ ਉਹ ਪਟੀਸ਼ਨ ਵੀਰਵਾਰ ਨੂੰ ਸੁਣਵਾਈ ਲਈ ਸੂਚੀਬੱਧ ਕਰਨ ਬਾਰੇ ਵਿਚਾਰ ਕਰਨਗੇ। ਸੀਨੀਅਰ ਵਕੀਲ ਨੇ ਆਪਣੀਆਂ ਦਲੀਲਾਂ ’ਚ ਕਿਹਾ ਕਿ ਇਹ ਵਿਧਾਇਕ ਵਿਧਾਨ ਸਭਾ ਦੀ ਮੈਂਬਰੀ ਤੋਂ ਪਹਿਲਾਂ ਹੀ ਅਸਤੀਫ਼ੇ ਦੇ ਚੁੱਕੇ ਹਨ ਅਤੇ ਉਹ ਨਵੇਂ ਸਿਰੇ ਤੋਂ ਚੋਣਾਂ ਲੜਨਾ ਚਾਹੁੰਦੇ ਹਨ। ਉਨ੍ਹਾਂ ਅੱਜ ਜਾਂ ਕੱਲ ਅਰਜ਼ੀ ’ਤੇ ਸੁਣਵਾਈ ਦੀ ਮੰਗ ਕਰਦਿਆਂ ਕਿਹਾ ਕਿ ਸਪੀਕਰ ਪੱਖਪਾਤੀ ਢੰਗ ਨਾਲ ਕੰਮ ਕਰ ਰਿਹਾ ਹੈ ਅਤੇ ਉਹ ਵਿਧਾਇਕਾਂ ਦੇ ਅਸਤੀਫ਼ੇ ਸਵੀਕਾਰ ਨਹੀਂ ਕਰ ਰਿਹਾ ਹੈ। ਅਰਜ਼ੀ ’ਚ ਬਾਗ਼ੀ ਵਿਧਾਇਕਾਂ ਨੇ ਮੰਗ ਕੀਤੀ ਕਿ ਸੁਪਰੀਮ ਕੋਰਟ ਸਪੀਕਰ ਨੂੰ ਉਨ੍ਹਾਂ ਦੇ ਅਸਤੀਫ਼ੇ ਸਵੀਕਾਰ ਕਰਨ ਦੇ ਨਿਰਦੇਸ਼ ਦੇਵੇ। ਵਿਧਾਇਕਾਂ ਨੇ ਇਹ ਮੰਗ ਵੀ ਕੀਤੀ ਕਿ ਉਨ੍ਹਾਂ ਨੂੰ ਅਯੋਗ ਠਹਿਰਾਉਣ ਵਾਲੀ ਅਰਜ਼ੀ ਤੋਂ ਵੀ ਸਪੀਕਰ ਨੂੰ ਲਾਂਭੇ ਰੱਖਿਆ ਜਾਵੇ। ਪਟੀਸ਼ਨ ਮੁਤਾਬਕ 12 ਜੁਲਾਈ ਨੂੰ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਣ ਵਾਲਾ ਹੈ ਅਤੇ ਉਸੇ ਦਿਨ ਵਿਧਾਇਕਾਂ ਨੂੰ ਸਪੀਕਰ ਮੂਹਰੇ ਪੇਸ਼ ਹੋਣ ਲਈ ਕਿਹਾ ਗਿਆ ਹੈ ਜਿਸ ਤੋਂ ਸਪੱਸ਼ਟ ਹੈ ਕਿ ਸਪੀਕਰ ਉਨ੍ਹਾਂ ਨੂੰ ਅਯੋਗ ਠਹਿਰਾ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਸੰਵਿਧਾਨ ਦੀ ਉਲੰਘਣਾ ਹੈ ਕਿਉਂਕਿ ਸਪੀਕਰ ਚਾਹੁੰਦਾ ਹੈ ਕਿ ਘੱਟ ਗਿਣਤੀ ’ਚ ਆਈ ਸਰਕਾਰ ਬਿਨਾਂ ਬਹੁਮਤ ਦੇ ਸਦਨ ’ਚ ਗ਼ੈਰਕਾਨੂੰਨੀ ਢੰਗ ਨਾਲ ਕੰਮਕਾਜ ਕਰਦੀ ਰਹੇ। -ਪੀਟੀਆਈ

ਕਰਨਾਟਕ ਵਿਧਾਨ ਸਭਾ ਦੇ ਬਾਹਰ ਭਾਜਪਾ ਦੇ ਸੂਬਾਈ ਪ੍ਰਧਾਨ ਬੀ.ਐੱਸ. ਯੇਦੀਯੁਰੱਪਾ ਪਾਰਟੀ ਵਿਧਾਇਕਾਂ ਨਾਲ ਵਿਰੋਧ ਪ੍ਰਦਰਸ਼ਨ ਕਰਦੇ ਹੋਏ। -ਫੋਟੋ: ਪੀਟੀਆਈ

ਭਾਜਪਾ ਵੱਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ, ਰਾਜਪਾਲ ਨੂੰ ਮੰਗ ਪੱਤਰ ਸੌਂਪਿਆ
ਬੰਗਲੌਰ/ਨਵੀਂ ਦਿੱਲੀ: ਭਾਜਪਾ ਆਗੂਆਂ ਨੇ ਅੱਜ ਇਥੇ ਸੂਬਾ ਪ੍ਰਧਾਨ ਬੀ ਐਸ ਯੇਡੀਯੁਰੱਪਾ ਦੀ ਅਗਵਾਈ ਹੇਠ ਕਰਨਾਟਕ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰਕੇ ਮੰਗ ਕੀਤੀ ਕਿ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਅਹੁਦੇ ਤੋਂ ਅਸਤੀਫ਼ਾ ਦੇਵੇ ਕਿਉਂਕਿ ਹੁਕਮਰਾਨ ਕਾਂਗਰਸ-ਜਨਤਾ ਦਲ (ਐਸ) ਗਠਜੋੜ ਦੇ 14 ਵਿਧਾਇਕਾਂ ਵੱਲੋਂ ਅਸਤੀਫ਼ੇ ਦਿੱਤੇ ਜਾਣ ਨਾਲ ਉਨ੍ਹਾਂ ਦੀ ਅਗਵਾਈ ਹੇਠਲੀ ਸਰਕਾਰ ਬਹੁਮਤ ਗੁਆ ਚੁੱਕੀ ਹੈ। ਮਹਾਤਮਾ ਗਾਂਧੀ ਦੇ ਬੁੱਤ ਮੂਹਰੇ ਕੀਤੇ ਪ੍ਰਦਰਸ਼ਨ ’ਚ ਸਾਬਕਾ ਉਪ ਮੁੱਖ ਮੰਤਰੀ ਕੇ ਐਸ ਈਸ਼ਵਰੱਪਾ ਅਤੇ ਹੋਰ ਆਗੂ ਹਾਜ਼ਰ ਸਨ। ਬਾਅਦ ’ਚ ਯੇਡੀਯੁਰੱਪਾ ਦੀ ਅਗਵਾਈ ਹੇਠ ਭਾਜਪਾ ਆਗੂਆਂ ਦਾ ਵਫ਼ਦ ਰਾਜਪਾਲ ਵਜੂਭਾਈ ਵਾਲਾ ਨੂੰ ਰਾਜ ਭਵਨ ’ਚ ਮਿਲਿਆ ਅਤੇ ਮੰਗ ਪੱਤਰ ਸੌਂਪ ਕੇ ਬੇਨਤੀ ਕੀਤੀ ਕਿ ਉਹ ਸਪੀਕਰ ਨੂੰ ਆਖਣ ਕੇ ਵਿਧਾਇਕਾਂ ਦੇ ਅਸਤੀਫ਼ੇ ਤੁਰੰਤ ਸਵੀਕਾਰੇ ਜਾਣ। ਇਸ ਦੌਰਾਨ ਸੀਨੀਅਰ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਡੀ ਵੀ ਸਦਾਨੰਦ ਗੌੜਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਰਨਾਟਕ ਦੇ ਰਾਜਪਾਲ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਰਕੇਗੀ। ਉਨ੍ਹਾਂ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ ਕਿ ਕਰਨਾਟਕ ’ਚ ਮੌਜੂਦਾ ਸੰਕਟ ਲਈ ਭਾਜਪਾ ਜ਼ਿੰਮੇਵਾਰ ਹੈ। ਇਸ ਦੌਰਾਨ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਾਂਗਰਸ ਵੱਲੋ ਰਾਜ ਸਭਾ ’ਚ ਹੰਗਾਮਾ ਕਰਨ ਲਈ ਉਨ੍ਹਾਂ ਦੀ ਕਰੜੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਰਨਾਟਕ ’ਚ ਕਾਂਗਰਸ ਪਾਰਟੀ ਆਪਣੀਆਂ ਅੰਦਰੂਨੀ ਮੁਸ਼ਕਲਾਂ ਦਾ ਮੁੱਦਾ ਉਭਾਰ ਕੇ ਰਾਜ ਸਭਾ ਨੂੰ ਚਲਣ ਨਹੀਂ ਦੇ ਰਹੀ ਹੈ। -ਪੀਟੀਆਈ

ਆਜ਼ਾਦ ਵੱਲੋਂ ਰੈੱਡੀ ਨੂੰ ਮਨਾਉਣ ਦਾ ਯਤਨ
ਬੰਗਲੌਰ: ਸੀਨੀਅਰ ਕਾਂਗਰਸ ਆਗੂ ਅਤੇ ਪਾਰਟੀ ਦੇ ਸੰਕਟਮੋਚਕ ਗੁਲਾਮ ਨਬੀ ਆਜ਼ਾਦ ਨੇ ਬਾਗ਼ੀ ਵਿਧਾਇਕ ਆਰ ਰਾਮਾਲਿੰਗਾ ਰੈੱਡੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਆਜ਼ਾਦ ਕਰਨਾਟਕ ਸਰਕਾਰ ਨੂੰ ਬਚਾਉਣ ਲਈ ਇਥੇ ਪੁੱਜੇ ਹੋਏ ਹਨ। ਸ੍ਰੀ ਆਜ਼ਾਦ ਨੇ ਫੋਨ ’ਤੇ ਰੈੱਡੀ ਨਾਲ ਗੱਲਬਾਤ ਕਰਕੇ ਉਸ ਨੂੰ ਅਸਤੀਫ਼ਾ ਵਾਪਸ ਲੈਣ ਲਈ ਕਿਹਾ ਤਾਂ ਜੋ ਗੱਠਜੋੜ ਸਰਕਾਰ ਨੂੰ ਬਚਾਇਆ ਜਾ ਸਕੇ। ਉਂਜ ਰੈੱਡੀ ਨੇ ਅਸਤੀਫ਼ਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਸ੍ਰੀ ਆਜ਼ਾਦ ਦੀ ਅਗਵਾਈ ਹੇਠ ਇਥੇ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ ਗਿਆ। ਉਨ੍ਹਾਂ ਨਾਲ ਸਿੱਧਾਰਮਈਆ ਅਤੇ ਹੋਰ ਆਗੂ ਵੀ ਹਾਜ਼ਰ ਸਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਕਾਂਗਰਸ ਸ਼ਾਸਿਤ ਸੂਬਿਆਂ ਦੀਆਂ ਸਰਕਾਰਾਂ ਨੂੰ ਡੇਗਣ ਲਈ ਰਾਜਪਾਲਾਂ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਰਾਜਪਾਲਾਂ ਦੇ ਗ਼ੈਰ ਲੋਕਰਾਜੀ ਢੰਗ ਤਰੀਕਿਆਂ ਖ਼ਿਲਾਫ਼ ਲੋਕਾਂ ਨੂੰ ਆਵਾਜ਼ ਬੁਲੰਦ ਕਰਨ ਲਈ ਵੀ ਕਿਹਾ। -ਆਈਏਐਨਐਸ

ਮੁੰਬਈ ਪੁਲੀਸ ਦੇ ਅਧਿਕਾਰੀ ਕਾਂਗਰਸ ਆਗੂ ਅਤੇ ਕਰਨਾਟਕ ਦੇ ਮੰਤਰੀ ਡੀ ਸ਼ਿਵਕੁਮਾਰ ਨੂੰ ਮੁੰਬਈ ਹਵਾਈ ਅੱਡੇ ਵੱਲ ਲੈ ਕੇ ਜਾਂਦੇ ਹੋਏ। -ਫੋਟੋ: ਪੀਟੀਆਈ

ਸ਼ਿਵਕੁਮਾਰ ਨੂੰ ਮੁੰਬਈ ਪੁਲੀਸ ਨੇ ਜਬਰੀ ਬੰਗਲੌਰ ਦੇ ਜਹਾਜ਼ ’ਚ ਚੜ੍ਹਾਇਆ
ਮੁੰਬਈ: ਕਰਨਾਟਕ ਦੇ ਮੰਤਰੀ ਡੀ ਸ਼ਿਵਕੁਮਾਰ, ਕਾਂਗਰਸ ਆਗੂ ਮਿਲਿੰਦ ਦਿਉੜਾ ਅਤੇ ਨਸੀਮ ਖ਼ਾਨ ਨੂੰ ਬੁੱਧਵਾਰ ਨੂੰ ਉਸ ਆਲੀਸ਼ਾਨ ਹੋਟਲ ਦੇ ਬਾਹਰੋਂ ਹਿਰਾਸਤ ’ਚ ਲੈ ਲਿਆ ਗਿਆ ਜਿਥੇ ਬਾਗ਼ੀ ਵਿਧਾਇਕ ਠਹਿਰੇ ਹੋਏ ਹਨ। ਪੁਲੀਸ ਨੇ ਹੋਟਲ ਦੇ ਬਾਹਰ ਦਫ਼ਾ 144 ਲਾਗੂ ਕਰ ਦਿੱਤੀ ਹੈ। ਬਾਅਦ ’ਚ ਪੁਲੀਸ ਨੇ ਉਨ੍ਹਾਂ ਨੂੰ ਛੱਡ ਦਿੱਤਾ ਪਰ ਜਬਰੀ ਬੰਗਲੌਰ ਦੇ ਜਹਾਜ਼ ’ਚ ਬਿਠਾ ਦਿੱਤਾ। ਸ਼ਿਵਕੁਮਾਰ ਨੇ ਕਿਹਾ ਕਿ ਭਾਜਪਾ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਅਮਨ ਕਾਨੂੰਨ ਦੀ ਹਾਲਤ ’ਚ ਕੋਈ ਰੋੜਾ ਨਹੀਂ ਪਾਉਣਾ ਚਾਹੁੰਦੇ ਜਿਸ ਕਾਰਨ ਉਹ ਬੰਗਲੌਰ ਪਰਤ ਰਹੇ ਹਨ। ਇਸ ਤੋਂ ਪਹਿਲਾਂ ਕਾਂਗਰਸ ਦੇ ਸੰਕਟਮੋਚਕ ਮੰਨੇ ਜਾਂਦੇ ਸ਼ਿਵਕੁਮਾਰ ਸਵੇਰ ਤੋਂ ਪਵਈ ਦੇ ਰੈਨੇਸਾਂ ਹੋਟਲ ਦੇ ਬਾਹਰ ਡੇਰਾ ਜਮਾਈ ਬੈਠੇ ਸਨ। ਉਹ ਬਾਗ਼ੀ ਵਿਧਾਇਕਾਂ ਨਾਲ ਮੁਲਾਕਾਤ ਕਰਨ ’ਤੇ ਅੜੇ ਰਹੇ। ਹੋਟਲ ਦੇ ਬਾਹਰ ਸੁਰੱਖਿਆ ਕਰਮੀਆਂ, ਕੈਮਰਾਮੈਨਾਂ, ਮੀਡੀਆ ਕਰਮੀਆਂ ਅਤੇ ਸਿਆਸੀ ਸਮਰਥਕਾਂ ਵਿਚਕਾਰ ਧੱਕਾ-ਮੁੱਕੀ ਹੋਈ। ਇਕ ਹੋਰ ਗੁੱਟ ਨੇ ‘ਸ਼ਿਵਕੁਮਾਰ ਵਾਪਸ ਜਾਓ’ ਜਿਹੇ ਨਾਅਰੇ ਲਾਏ ਅਤੇ ਕੁਝ ਵਿਅਕਤੀ ਹੋਟਲ ਦੇ ਉੱਚੇ ਗੇਟ ’ਤੇ ਚੜ੍ਹ ਗਏ। ਮੁੰਬਈ ਪੁਲੀਸ ਨੇ ਜਦੋਂ ਸ਼ਿਵਕੁਮਾਰ ਨੂੰ ਹਿਰਾਸਤ ’ਚ ਲਿਆ ਤਾਂ ਉਹ ਟੀਵੀ ਚੈਨਲ ਨੂੰ ਇੰਟਰਵਿਊ ਦੇ ਰਹੇ ਸਨ। ਤਿੰਨਾਂ ਆਗੂਆਂ ਨੂੰ ਪੁਲੀਸ ਗੈਸਟ ਹਾਊਸ ਲੈ ਗਈ। ਸਵੇਰੇ ਸ਼ਿਵਕੁਮਾਰ ਦੇ ਹੋਟਲ ਪੁੱਜਣ ’ਤੇ ਪੁਲੀਸ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਜਦਕਿ ਸ਼ਿਵਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਹੋਟਲ ’ਚ ਬੁਕਿੰਗ ਹੈ। ਮੰਨਿਆ ਜਾ ਰਿਹਾ ਹੈ ਕਿ ਪੁਲੀਸ ਅਧਿਕਾਰੀਆਂ ਨੇ ਸ਼ਿਵਕੁਮਾਰ ਨੂੰ ਦੱਸਿਆ ਕਿ ਬਾਗ਼ੀ ਵਿਧਾਇਕਾਂ ਨੇ ਮੁੰਬਈ ਪੁਲੀਸ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸ਼ਿਵਕੁਮਾਰ ਦੇ ਆਉਣ ਨਾਲ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। -ਪੀਟੀਆਈ

ਗੋਆ ’ਚ ਕਾਂਗਰਸ ਦੇ 10 ਵਿਧਾਇਕ ਭਾਜਪਾ ਨਾਲ ਰਲਣ ਲਈ ਤਿਆਰ
ਪਣਜੀ, 10 ਜੁਲਾਈ
ਗੁਆਂਢੀ ਸੂਬੇ ਕਰਨਾਟਕ ’ਚ ਸਿਆਸੀ ਅਸਥਿਰਤਾ ਦੀ ਹਵਾ ਗੋਆ ’ਚ ਵੀ ਪਹੁੰਚ ਗਈ ਹੈ ਜਿਥੇ ਕਾਂਗਰਸ ਦੇ 15 ’ਚੋਂ 10 ਵਿਧਾਇਕਾਂ ਨੇ ਹੁਕਮਰਾਨ ਭਾਜਪਾ ਨਾਲ ਰਲਣ ਦਾ ਫ਼ੈਸਲਾ ਲਿਆ ਹੈ। ਵਿਰੋਧੀ ਧਿਰ ਦੇ ਆਗੂ ਚੰਦਰਕਾਂਤ ਕਾਵਲੇਕਰ ਦੀ ਅਗਵਾਈ ਹੇਠ ਬਾਗ਼ੀਆਂ ਦਾ ਇਹ ਗੁੱਟ ਵਿਧਾਨ ਸਭਾ ਸਪੀਕਰ ਰਾਜੇਸ਼ ਪਟਨੇਕਰ ਨੂੰ ਮਿਲਿਆ ਅਤੇ ਪਾਰਟੀ ਤੋਂ ਅਲਹਿਦਾ ਹੋਣ ਸਬੰਧੀ ਪੱਤਰ ਸੌਂਪਿਆ। ਇਸ ਮੌਕੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਅਤੇ ਡਿਪਟੀ ਸਪੀਕਰ ਮਾਈਕਲ ਲੋਬੋ ਵੀ ਹਾਜ਼ਰ ਸਨ। -ਪੀਟੀਆਈ


Comments Off on ਕਰਨਾਟਕ: ਸਿਆਸੀ ਸੰਕਟ ਸੁਪਰੀਮ ਕੋਰਟ ਪੁੱਜਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.