ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਕਰਨਾਟਕ: ਬਾਗ਼ੀਆਂ ਨੂੰ ਅਯੋਗ ਠਹਿਰਾਉਣ ਦੀ ਮੰਗ

Posted On July - 10 - 2019

ਇਕ ਹੋਰ ਵਿਧਾਇਕ ਵੱਲੋਂ ਅਸਤੀਫ਼ਾ, ਸੰਕਟ ਦੇ ਹੱਲ ਲਈ ਆਜ਼ਾਦ ਤੇ ਹਰੀਪ੍ਰਸਾਦ ਬੰਗਲੌਰ ਭੇਜੇ

ਬੰਗਲੁਰੂ/ਮੁੰਬਈ, 9 ਜੁਲਾਈ

ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮੱਈਆ, ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਿਨੇਸ਼ ਗੁੰਡੂਰਾਓ (ਐਨ ਖੱਬੇ) ਤੇ ਹੋਰ ਆਗੂ ਅਸੈਂਬਲੀ ਦੇ ਸਪੀਕਰ ਰਮੇਸ਼ ਕੁਮਾਰ (ਐਨ ਸੱਜੇ) ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ

ਕਰਨਾਟਕ ਵਿੱਚ ਗੱਠਜੋੜ ਸਰਕਾਰ ਨੂੰ ਬਚਾਉਣ ਲਈ ਲੜਾਈ ਲੜ ਰਹੀ ਕਾਂਗਰਸ ਨੇ ਅੱਜ ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਲਈ ਅਸੈਂਬਲੀ ਸਪੀਕਰ ਤੋਂ ਦਖ਼ਲ ਦੀ ਮੰਗ ਕੀਤੀ ਹੈ। ਇਕ ਹੋਰ ਵਿਧਾਇਕ ਵੱਲੋਂ ਪਾਰਟੀ ਨੂੰ ਅਲਵਿਦਾ ਆਖਣ ਮਗਰੋਂ ਕਾਂਗਰਸ ਨੇ ਦੋਸ਼ ਲਾਇਆ ਕਿ ਭਾਜਪਾ ਪੈਸੇ ਦੇ ਜ਼ੋਰ ’ਤੇ ਉਹਦੇ ਵਿਧਾਇਕਾਂ ਨੂੰ ਭਰਮਾਉਣ ਦਾ ਯਤਨ ਕਰ ਰਹੀ ਹੈ। ਇਸ ਦੌਰਾਨ ਕਾਂਗਰਸ ਨੇ ਕਰਨਾਟਕ ਵਿੱਚ ਵਧਦੇ ਸਿਆਸੀ ਸੰਕਟ ਦੇ ਹੱਲ ਲਈ ਸੀਨੀਅਰ ਆਗੂਆਂ ਗੁਲਾਮ ਨਬੀ ਆਜ਼ਾਦ ਤੇ ਬੀ.ਕੇ.ਹਰੀਪ੍ਰਸਾਦ ਨੂੰ ਬੰਗਲੂਰੂ ਭੇਜ ਦਿੱਤਾ ਹੈ। ਉਧਰ ਲੰਘੇ ਦਿਨ ਗੋਆ ਲਈ ਨਿਕਲਿਆ ਕਾਂਗਰਸ-ਜੇਡੀਐੱਸ ਦੇ ਬਾਗ਼ੀ ਵਿਧਾਇਕਾਂ ਦਾ ਸਮੂਹ ਅੱਜ ਪੱਛਮੀ ਮਹਾਰਾਸ਼ਟਰ ਦੇ ਸਤਾਰਾ ਤੋਂ ਵਾਪਸ ਮੁੰਬਈ ਪਰਤ ਆਇਆ। ਸੂਤਰਾਂ ਮੁਤਾਬਕ ਬਾਗ਼ੀ ਵਿਧਾਇਕਾਂ ਨੂੰ ਕਰਨਾਟਕ ਅਸੈਂਬਲੀ ਦੇ ਸਪੀਕਰ ਵੱਲੋਂ ਉਨ੍ਹਾਂ ਦੇ ਅਸਤੀਫਿਆਂ ਬਾਬਤ ਲਏ ਫੈਸਲੇ ’ਤੇ ਕਾਨੂੰਨੀ ਰਾਇ ਦੀ ਉਡੀਕ ਹੈ। ਸ਼ਨਿੱਚਰਵਾਰ ਨੂੰ ਕਾਂਗਰਸ ਤੇ ਜੇਡੀਐੱਸ ਗੱਠਜੋੜ ਨਾਲ ਸਬੰਧਤ 13 ਵਿਧਾਇਕਾਂ ਵੱਲੋਂ ਦਿੱਤੇ ਅਸਤੀਫਿਆਂ ਕਰਕੇ ਮੁੱਖ ਮੰਤਰੀ ਐੱਚ.ਡੀ.ਕੁਮਾਰਸਵਾਮੀ ਦੀ ਅਗਵਾਈ ਵਾਲੀ 13 ਮਹੀਨੇ ਪੁਰਾਣੀ ਸੰਕਟ ਵਿੱਚ ਘਿਰ ਗਈ ਸੀ।
ਸਾਬਕਾ ਮੁੱਖ ਮੰਤਰੀ ਐੱਸ ਸਿੱਧਾਰਮਈਆ ਦੀ ਅਗਵਾਈ ਵਾਲੇ ਕਾਂਗਰਸੀ ਆਗੂਆਂ ਦੇ ਵਫ਼ਦ ਨੇ ਅੱਜ ਅਸੈਂਬਲੀ ਸਪੀਕਰ ਕੇ.ਆਰ.ਰਮੇਸ਼ ਨਾਲ ਮੁਲਾਕਾਤ ਕੀਤੀ ਤੇ ਦਲ-ਬਦਲੀ ਰੋਕੂ ਕਾਨੂੰਨ ਤਹਿਤ ਬਾਗੀ ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਦੀ ਮੰਗ ਕੀਤੀ। ਸਿਧਾਰਮੱਈਆ ਨੇ ਕਿਹਾ ਕਿ ਉਨ੍ਹਾਂ ਸਪੀਕਰ ਨਾਲ ਮੁਲਕਾਤ ਦੌਰਾਨ ਬਾਗ਼ੀ ਵਿਧਾਇਕਾਂ ਨੂੰ ਨਾ ਸਿਰਫ਼ ਅਯੋਗ ਠਹਿਰਾਉਣ ਬਲਕਿ ਛੇ ਸਾਲਾਂ ਲਈ ਚੋਣ ਲੜਨ ਤੋਂ ਰੋਕਣ ਦੀ ਵੀ ਮੰਗ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਦੀ ਗੱਠਜੋੜ ਸਰਕਾਰ ਹੋਂਦ ਵਿੱਚ ਆਈ ਹੈ, ਭਾਜਪਾ ਵੱਲੋਂ ਲਗਾਤਾਰ ਇਸ ਨੂੰ ਲੀਹੋਂ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਵਿਧਾਇਕਾਂ ਨੂੰ 12 ਜੁਲਾਈ ਤੋਂ ਸ਼ੁਰੂ ਹੋ ਰਹੇ ਅਸੈਂਬਲੀ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਤਾਕੀਦ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਿੱਧਾਰਮਈਆ ਨੇ ਕਾਂਗਰਸ ਵਿਧਾਇਕ ਦਲ ਦੇ ਆਗੂ ਵਜੋਂ ਅੱਜ ਪਾਰਟੀ ਵਿਧਾਇਕਾਂ ਨਾਲ ਮੀਟਿੰਗ ਕਰਕੇ ਮੌਜੂਦਾ ਸਿਆਸੀ ਸੰਕਟ ’ਤੇ ਚਰਚਾ ਕੀਤੀ। ਸਿੱਧਾਰਮਈਆ ਨੇ ਕਿਹਾ ਕਿ ਉਹ ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਮੰਗ ਕਰਨਗੇ। ਉਨ੍ਹਾਂ ਪਾਰਟੀ ਨਾਲ ਸਬੰਧਤ ਦਸ ਬਾਗ਼ੀ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਪਰਤ ਆਉਣ ਜਾਂ ਫ਼ਿਰ ਸਿੱਟੇ ਭੁਗਤਣ ਲਈ ਤਿਆਰ ਰਹਿਣ।
ਸਪੀਕਰ ਨਾਲ ਮੁਲਾਕਾਤ ਮਗਰੋਂ ਸੂਬਾਈ ਕਾਂਗਰਸ ਦੇ ਪ੍ਰਧਾਨ ਦਿਨੇਸ਼ ਗੁੰਡੂ ਰਾਓ ਨੇ ਕਿਹਾ ਕਿ ਕਾਂਗਰਸ ਵਿਧਾਇਕ ਦਲ ਦੇ ਫੈਸਲੇ ਮੁਤਾਬਕ ਬਾਗ਼ੀ ਵਿਧਾਇਕਾਂ ਖ਼ਿਲਾਫ਼ ਕਾਰਵਾਈ ਲਈ ਸਪੀਕਰ ਨੂੰ ਲਿਖਿਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਲ ਬਦਲੀ ਰੋਕੂ ਕਾਨੂੰਨ ਬਾਗ਼ੀ ਵਿਧਾਇਕਾਂ ’ਤੇ ਲਾਗੂ ਹੁੰਦਾ ਹੈ ਤੇ ਅਗਲੇਰੀ ਕਾਰਵਾਈ ਸਪੀਕਰ ਵੱਲੋਂ ਕੀਤੀ ਜਾਵੇਗੀ। ਆਸ ਕਰਦੇ ਹਾਂ ਕਿ ਸਪੀਕਰ ਜਮਹੂਰੀਅਤ ਨੂੰ ਬਚਾਉਣ ਲਈ ਉਨ੍ਹਾਂ ਨੂੰ ਅਯੋਗ ਠਹਿਰਾਉਣਗੇ। ਉਂਜ ਸੀਐੈੱਲਪੀ ਦੀ ਮੀਟਿੰਗ ਦੌਰਾਨ ਕੁੱਲ 20 ਵਿਧਾਇਕ ਗੈਰਹਾਜ਼ਰ ਰਹੇ। ਕਾਂਗਰਸ ਦੇ ਸੂਤਰਾਂ ਮੁਤਾਬਕ ਇਨ੍ਹਾਂ ਵਿਚੋਂ ਸੱਤ ਵਿਧਾਇਕਾਂ ਨੇ ਸਿਹਤ ਨਾਸਾਜ਼ ਹੋਣ ਦੇ ਆਧਾਰ ’ਤੇ ਮੀਟਿੰਗ ’ਚ ਸ਼ਾਮਲ ਨਾ ਹੋ ਸਕਣ ਦੀ ਇਜਾਜ਼ਤ ਮੰਗੀ ਸੀ। ਮੀਟਿੰਗ ਵਿੱਚ ਏਆਈਸੀਸੀ ਦੇ ਜਨਰਲ ਸਕੱਤਰ ਕੇ.ਸੀ.ਵੇਣੂੁਗੋਪਾਲ, ਗੁੰਡੂ ਰਾਓ, ਕੇਪੀਸੀਸੀ ਦੇ ਕਾਰਜਕਾਰੀ ਪ੍ਰਧਾਨ ਈਸ਼ਵਰ ਖਾਂਡਰੇ, ਉਪ ਮੁੱਖ ਮੰਤਰੀ ਜੀ.ਪਰਮੇਸ਼ਵਰਾ ਵੀ ਮੌਜੂਦ ਸਨ। ਮੀਟਿੰਗ ਉਪਰੰਤ ਕਾਂਗਰਸੀ ਆਗੂਆਂ ਨੇ ਵਿਧਾਨ ਸੌਦਾ (ਸਭਾ) ਦੇ ਬਾਹਰ ਗਾਂਧੀ ਦੇ ਬੁੱਤ ਅੱਗੇ ਇਕ ਘੰਟੇ ਲਈ ਧਰਨਾ ਵੀ ਲਾਇਆ।
ਇਸ ਦੌਰਾਨ ਸ਼ਿਵਾਜੀਨਗਰ ਤੋਂ ਵਿਧਾਇਕ ਆਰ.ਰੋਸ਼ਨ ਬੇਗ, ਜਿਸ ਨੂੰ ਹਾਲ ਹੀ ਵਿੱਚ ਕਥਿਤ ਪਾਰਟੀ ਵਿਰੋਧੀ ਸਰਗਰਮੀਆਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ, ਨੇ ਅੱਜ ਪਾਰਟੀ ’ਚੋਂ ਅਸਤੀਫ਼ਾ ਦੇ ਦਿੱਤਾ। ਮਹਾਰਾਸ਼ਟਰ ਵਿੱਚ ਡੇਰਾ ਲਾਈ ਬੈਠੇ ਬਾਗੀ ਵਿਧਾਇਕਾਂ ਨੇ ਕਿਹਾ ਕਿ ਕਾਂਗਰਸ ਵੱਲੋਂ ਉਨ੍ਹਾਂ ਨੂੰ ਅਯੋਗ ਠਹਿਰਾਉਣ ਲਈ ਕੀਤੀ ਪੇਸ਼ਕਦਮੀ ਦੇ ਬਾਵਜੂਦ ਉਹ ਫੈਸਲੇ ’ਤੇ ਅਟੱਲ ਹਨ। ਕਾਂਗਰਸੀ ਵਿਧਾਇਕ ਐੱਸ.ਟੀ ਸੋਮਾਸ਼ੇਖਰ ਨੇ ਪੱਤਰਕਾਰਾਂ ਨੂੰ ਕਿਹਾ, ‘ਅਸਤੀਫ਼ੇ ਵਾਪਸ ਲੈਣ ਦਾ ਸਵਾਲ ਪੈਦਾ ਨਹੀਂ ਹੁੰਦਾ। ਅਸੀਂ ਸਵੈ-ਇੱਛਾ ਨਾਲ ਅਸਤੀਫ਼ੇ ਦਿੱਤੇ ਸਨ ਤੇ ਅਸੀਂ ਕਿਸੇ ਪਾਰਟੀ ਵਿਰੋਧੀ ਸਰਗਰਮੀ ’ਚ ਸ਼ਾਮਲ ਨਹੀਂ ਰਹੇ।’ ਦੋ ਹੋਰ ਬਾਗ਼ੀ ਵਿਧਾਇਕਾਂ ਰਮੇਸ਼ ਜਰਕੀਹੋਲੀ ਤੇ ਬਾਇਰਾਤੀ ਬਸਾਵਰਾਜ ਨੇ ਵੀ ਇਹੀ ਗੱਲਾਂ ਕਹੀਆਂ। -ਪੀਟੀਆਈ

ਬਾਗ਼ੀ ਵਿਧਾਇਕ ਮੁੰਬਈ ਵਿੱਚ ਹੀ ਮੌਜੂਦ
ਮੁੰਬਈ: ਕਰਨਾਟਕ ਕਾਂਗਰਸ ਦੇ ਵਿਧਾਇਕ ਬੀ.ਸੀ.ਪਾਟਿਲ ਨੇ ਦਾਅਵਾ ਕੀਤਾ ਹੈ ਕਿ ਤਿੰਨ ਦਿਨ ਪਹਿਲਾਂ ਅਸਤੀਫ਼ੇ ਦੇ ਕੇ ਮੁੰਬਈ ਦੇ ਇਕ ਹੋਟਲ ਵਿੱਚ ਡੇਰੇ ਲਾਈ ਬੈਠੇ ਬਾਗ਼ੀ ਵਿਧਾਇਕ ਅਜੇ ਵੀ ਮੁੰਬਈ ਵਿੱਚ ਮੌਜੂਦ ਹਨ। ਕਾਬਿਲੇਗੌਰ ਹੈ ਕਿ ਅਜਿਹੇ ਕਿਆਸ ਲਾਏ ਜਾ ਰਹੇ ਸਨ ਕਿ ਇਹ ਵਿਧਾਇਕ ਲੰਘੇ ਦਿਨੀਂ ਗੋਆ ਲਈ ਨਿਕਲੇ ਸਨ ਤੇ ਅੱਜ ਉਨ੍ਹਾਂ ਨੂੰ ਪੱਛਮੀ ਮਹਾਰਾਸ਼ਟਰ ਦੇ ਸਤਾਰਾ ਵਿੱਚ ਰੋਕ ਲਿਆ ਗਿਆ। ਪਾਟਿਲ ਨੇ ਕਿਹਾ ਕਿ ਉਸ ਸਮੇਤ ਸਾਰੇ ਵਿਧਾਇਕ ਮੁੰਬਈ ਵਿੱਚ ਹੀ ਮੌਜੂਦ ਹਨ। ਇਸ ਦੌਰਾਨ ਇਹ ਵੀ ਚਰਚਾ ਹੈ ਕਿ ਕਰਨਾਟਕ ਦੇ ਕਾਂਗਰਸੀ ਆਗੂ ਤੇ ਮੰਤਰੀ ਡੀ.ਕੇ.ਸ਼ਿਵਕੁਮਾਰ ਭਲਕੇ ਬੁੱਧਵਾਰ ਨੂੰ ਮੁੰਬਈ ਪੁੱਜ ਕੇ ਬਾਗ਼ੀ ਵਿਧਾਇਕਾਂ ਨੂੰ ਮਿਲ ਸਕਦੇ ਹਨ।

ਅੱਠ ਦੇ ਅਸਤੀਫ਼ੇ ਨਿਰਧਾਰਿਤ ਪ੍ਰੋਫਾਰਮੇ ’ਚ ਨਹੀਂ: ਸਪੀਕਰ
ਬੰਗਲੁਰੂ: ਕਰਨਾਟਕ ਅਸੈਂਬਲੀ ਦੇ ਸਪੀਕਰ ਕੇ.ਆਰ.ਰਮੇਸ਼ ਕੁਮਾਰ ਨੇ ਕਿਹਾ ਕਿ ਅਸਤੀਫ਼ੇ ਦੇਣ ਵਾਲੇ ਸੱਤਾਧਾਰੀ ਗੱਠਜੋੜ ਨਾਲ ਸਬੰਧਤ 13 ਵਿਧਾਇਕਾਂ ਵਿੱਚੋਂ ਅੱਠ ਦੇ ਅਸਤੀਫ਼ੇ ਨਿਰਧਾਰਿਤ ਪ੍ਰੋਫਾਰਮੇ ਵਿੱਚ ਨਹੀਂ ਹਨ। ਉਨ੍ਹਾਂ ਸਬੰਧਤ ਵਿਧਾਇਕਾਂ ਨੂੰ ਅਸਤੀਫ਼ੇ ਮੁੜ ਸਹੀ ਤਰੀਕੇ ਨਾਲ ਭੇਜਣ ਲਈ ਕਿਹਾ ਹੈ। ਕੁਮਾਰ ਨੇ ਕਿਹਾ, ‘ਆਨੰਦ ਸਿੰਘ, ਨਰਾਇਣ ਗੌੜਾ, ਪ੍ਰਤਾਪ ਗੌੜਾ ਪਾਟਿਲ ਤੇ ਰਾਮਾਲਿੰਗਾ ਰੈੱਡੀ ਦੇ ਅਸਤੀਫ਼ੇ ਨੇਮਾਂ ਮੁਤਾਬਕ ਨਿਰਧਾਰਿਤ ਪ੍ਰੋਫਾਰਮੇ ਵਿੱਚ ਨਹੀਂ ਸਨ। ਲਿਹਾਜ਼ਾ ਅਸੀਂ ਉਨ੍ਹਾਂ ਨੂੰ ਇਸ ਸਬੰਧੀ ਲਿਖ ਦਿੱਤਾ ਹੈ।’ ਅਸਤੀਫ਼ੇ ਪੋਸਟ ਰਾਹੀਂ ਭੇਜੇ ਜਾਣ ਬਾਰੇ ਪੁੱਛੇ ਜਾਣ ’ਤੇ ਕੁਮਾਰ ਨੇ ਕਿਹਾ, ‘ਜੇਕਰ ਸਾਰਾ ਕੁਝ ਪੋਸਟ ਰਾਹੀਂ ਭੇਜਿਆ ਜਾਣ ਲੱਗਾ ਤਾਂ ਫਿਰ ਮੇਰੀ ਇਥੇ ਕੀ ਲੋੜ ਹੈ।’ ਸਪੀਕਰ ਨੇ ਕਿਹਾ ਕਿ ਉਹ ਨੇਮਾਂ ਮੁਤਾਬਕ ਤੇ ਸੀਨੀਅਰਾਂ ਨਾਲ ਸਲਾਹ ਮਸ਼ਵਰੇ ਮਗਰੋਂ ਹੀ ਅਸਤੀਫਿਆਂ ਬਾਰੇ ਕੋਈ ਫੈਸਲਾ ਲੈਣਗੇ। ਉਨ੍ਹਾਂ ਕਿਹਾ, ‘ਮੈਂ ਸਚੇਤ ਹੋ ਕੇ ਫੈਸਲਾ ਲੈਣਾ ਹੈ। ਮੈਂ ਜਿਹੜਾ ਵੀ ਕਦਮ ਪੁੱਟਾਂਗਾ, ਉਹ ਇਤਿਹਾਸ ਬਣੇਗਾ। ਇਸ ਲਈ ਮੈਂ ਕੋਈ ਗ਼ਲਤੀ ਨਹੀਂ ਕਰ ਸਕਦਾ। ਮੈਂ ਨਹੀਂ ਚਾਹੁੰਦਾ ਕਿ ਭਵਿੱਖੀ ਪੀੜ੍ਹੀਆਂ ਮੈਨੂੰ ਇਕ ਮੁਲਜ਼ਮ ਵਜੋਂ ਵੇਖਣ।’ -ਪੀਟੀਆਈ

ਭਾਜਪਾ ਵੱਲੋਂ ਕੁਮਾਰਸਵਾਮੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਧਰਨਾ ਅੱਜ
ਬੰਗਲੁਰੂ: ਕਰਨਾਟਕ ਭਾਜਪਾ ਦੇ ਪ੍ਰਧਾਨ ਬੀ.ਐੱਸ.ਯੇਦੀਯੁਰੱਪਾ ਨੇ ਅੱਜ ਕਿਹਾ ਕਿ ਪਾਰਟੀ ਵਿਧਾਇਕ ਮੁੱਖ ਮੰਤਰੀ ਐੱਚ.ਡੀ.ਕੁਮਾਰਸਵਾਮੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਵਿਧਾਨ ਸਭਾ ਦੇ ਬਾਹਰ ਗਾਂਧੀ ਦੇ ਬੁੱਤ ਅੱਗੇ ਧਰਨਾ ਦੇਣਗੇ। ਉਨ੍ਹਾਂ ਦਾਅਵਾ ਕੀਤਾ ਕਿ 14 ਵਿਧਾਇਕਾਂ ਦੇ ਅਸਤੀਫ਼ਿਆਂ ਮਗਰੋਂ ਸੂਬੇ ਦੀ ਗੱਠਜੋੜ ਸਰਕਾਰ ਲੋੜੀਂਦਾ ਬਹੁਮਤ ਗੁਆ ਚੁੱਕੀ ਹੈ। ਸੂਤਰਾਂ ਮੁਤਾਬਕ ਯੇਦੀਯੁਰੱਪਾ ਭਲਕੇ ਰਾਜ ਭਵਨ ਵਿੱਚ ਰਾਜਪਾਲ ਵਾਜੂਭਾਈ ਵਾਲਾ ਨਾਲ ਮੁਲਾਕਾਤ ਕਰ ਸਕਦੇ ਹਨ। -ਪੀਟੀਆਈ


Comments Off on ਕਰਨਾਟਕ: ਬਾਗ਼ੀਆਂ ਨੂੰ ਅਯੋਗ ਠਹਿਰਾਉਣ ਦੀ ਮੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.