ਨਵੀਂ ਸਿੱਖਿਆ ਨੀਤੀ ਅਤੇ ਅਧਿਆਪਨ ਸਿੱਖਿਆ !    ਮੈਂ ਲਾਚਾਰ ਸਰਕਾਰੀ ਸਕੂਲ ਬੋਲਦਾਂ…… !    ਵੱਡੀ ਉਮਰ ਦਾ ਗੱਠੀਆ (ਓਸਟੀਓ ਆਰਥਰਾਈਟਿਸ) !    ਮੰਦੀ ਤੋਂ ਧਿਆਨ ਭਟਕਾਉਣ ਲਈ ਐੱਨਆਰਸੀ ਦਾ ਰੌਲਾ ਪਾਇਆ: ਸੀਪੀਆਈਐੱਮ !    ਦੂਜਿਆਂ ਦੀ ਸੋਚ ਦਾ ਵਿਰੋਧ ਕਰਨ ਵਾਲੇ ਜਮਹੂਰੀਅਤ ਦੇ ਦੁਸ਼ਮਣ: ਦੇਬਰੀਤੋ !    ਜ਼ਿਮਨੀ ਚੋਣਾਂ ’ਚ ਖਿੱਲਰਿਆ ਪੀਡੀਏ !    ਬਟਾਲਾ ਧਮਾਕਾ: ਪੁਲੀਸ ਨੂੰ ਫੋਰੈਂਸਿਕ ਜਾਂਚ ਰਿਪੋਰਟ ਮਿਲੀ !    ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਵਾਲਿਆਂ ਨੂੰ ਸਮਾਗਮਾਂ ਤੋਂ ਦੂਰ ਰੱਖਣ ਦੀ ਮੰਗ !    ਪੀਵੀ ਸਿੰਧੂ ਡੈਨਮਾਰਕ ਓਪਨ ’ਚੋਂ ਬਾਹਰ !    ਮੁੱਕੇਬਾਜ਼ ਪੈੱਟ੍ਰਿਕ ਡੇਅ ਦਾ ਦੇਹਾਂਤ !    

ਕਰਤਾਰਪੁਰ ਲਾਂਘਾ: ਮੀਂਹ ਕਾਰਨ ਉਸਾਰੀ ਕਾਰਜ ਪ੍ਰਭਾਵਿਤ

Posted On July - 11 - 2019

ਕੇ.ਪੀ. ਸਿੰਘ
ਗੁਰਦਾਸਪੁਰ, 10 ਜੁਲਾਈ
ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਕਰਤਾਰਪੁਰ ਲਾਂਘੇ ਦਾ ਨਿਰਮਾਣ ਕੰਮ ਪ੍ਰਭਾਵਿਤ ਕੀਤਾ ਹੈ। ਅਗਲੇ ਦੋ ਮਹੀਨੇ ਬਰਸਾਤ ਵਾਲੇ ਹੋਣ ਕਰ ਕੇ ਆਮ ਲੋਕਾਂ ਤੇ ਅਧਿਕਾਰੀਆਂ ਨੂੰ ਉਸਾਰੀ ਕਾਰਜ 31 ਅਕਤੂਬਰ ਦੇ ਨਿਰਧਾਰਿਤ ਸਮੇਂ ਤੱਕ ਪੂਰਾ ਹੋਣ ਬਾਰੇ ਤੌਖ਼ਲੇ ਹਨ। ਮੰਗਲਵਾਰ ਨੂੰ ਇਲਾਕੇ ਵਿਚ ਮੌਨਸੂਨ ਦੀ ਪਹਿਲੀ ਬਾਰਿਸ਼ ਨਾਲ ਬਹੁਮੰਜ਼ਿਲਾ ਇੰਟੀਗ੍ਰੇਟਡ ਚੈੱਕ ਪੋਸਟ (ਆਈਸੀਪੀ) ਤੇ ਸੌ ਮੀਟਰ ਓਵਰਬ੍ਰਿਜ ਅਤੇ ਡਰੇਨੇਜ ਦੇ ਕੰਮ ਦੀ ਰਫ਼ਤਾਰ ਹੌਲੀ ਹੋ ਗਈ। ਅਧਿਕਾਰੀਆਂ ਨੇ ਮੰਨਿਆ ਕਿ ਅਗਲੇ ਦੋ ਮਹੀਨੇ ਦੌਰਾਨ ਜਦ ਬਰਸਾਤ ਸਿਖ਼ਰ ਤੇ ਹੋਵੇਗੀ, ਕੰਮ ਰੁਕ-ਰੁਕ ਕੇ ਚੱਲਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪਾਕਿਸਤਾਨ ਨੇ ਉਨ੍ਹਾਂ ਵਾਲੇ ਪਾਸੇ ਜਾਰੀ ਉਸਾਰੀ ਕੰਮ ਦੀ ਵੀਡੀਓ ਜਾਰੀ ਕੀਤੀ ਹੈ ਤੇ ਦਾਅਵਾ ਕੀਤਾ ਗਿਆ ਹੈ ਕਿ ਲਾਂਘੇ ਦੇ ਨਿਰਮਾਣ ਸਬੰਧੀ 80 ਫ਼ੀਸਦੀ ਕੰਮ ਪੂਰਾ ਹੋ ਚੁੱਕਿਆ ਹੈ ਤੇ ਬਾਕੀ ਦਾ 20 ਫ਼ੀਸਦ ਕੰਮ ਨਿਰਧਾਰਿਤ ਸਮੇਂ ਤੱਕ ਪੂਰਾ ਕਰ ਲਿਆ ਜਾਵੇਗਾ। ਪਾਕਿਸਤਾਨ ਵੱਲੋਂ ਆਪਣੇ ਪਾਸੇ ਲਾਂਘੇ ਦੇ ਨਿਰਮਾਣ ਦਾ ਕੰਮ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਕੰਮ ਦਾ ਨੀਂਹ ਪੱਥਰ ਰੱਖਣ ਦੇ ਇੱਕ ਮਹੀਨੇ ਬਾਅਦ 28 ਦਸੰਬਰ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ। ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਗੁਰਦੁਆਰੇ ਤੱਕ ਜਾਣ ਵਾਲੇ ਚਾਰ ਕਿਲੋਮੀਟਰ ਦੇ ਰਸਤੇ ’ਤੇ ਸ਼ਕਰਗੜ੍ਹ ਰੋਡ ਤੱਕ, ਲੰਗਰ ਹਾਲ ਅਤੇ ਦਰਸ਼ਨੀ ਡਿਉਢੀ ਤੱਕ ਪਹੁੰਚਣ ਵਾਲੇ ਰਸਤੇ ਦਾ ਕੰਮ ਲਗਭਗ ਪੂਰਾ ਹੈ। ਇਸ ਦੇ ਨਾਲ ਹੀ ਵਾਟਰ ਸਪਲਾਈ ਅਤੇ ਸੀਵਰੇਜ ਦਾ ਕੰਮ ਵੀ ਨੇਪਰੇ ਚਾੜ੍ਹ ਲਿਆ ਗਿਆ ਹੈ। ਮੰਗਲਵਾਰ ਦੇ ਭਾਰੀ ਮੀਂਹ ਕਾਰਨ ਕੰਮ ਵਾਲੀ ਜਗ੍ਹਾ ’ਤੇ ਚਿੱਕੜ ਹੋਣ ਕਾਰਨ ਕੰਮ ਦੀ ਗਤੀ ਕਾਫ਼ੀ ਮੱਧਮ ਹੋ ਗਈ ਸੀ।

ਉਸਾਰੀ ਨਿਰਧਾਰਿਤ ਸਮੇਂ ’ਚ ਮੁਕੰਮਲ ਹੋਣ ਦੀ ਪੂਰੀ ਸੰਭਾਵਨਾ: ਰੰਧਾਵਾ
ਕੰਮ ਦੀ ਨਿਗਰਾਨੀ ਕਰ ਰਹੇ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਲੰਘੇ ਸਮੇਂ ਕੁੱਝ ਦਿੱਕਤਾਂ ਆਈਆਂ ਸਨ ਪਰ ਹੁਣ ਸਭ ਸਹੀ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ, ਲੈਂਡ ਪੋਰਟ ਅਥਾਰਿਟੀ ਆਫ਼ ਇੰਡੀਆ ਅਤੇ ਨਿਰਮਾਣ ਕੰਮ ਦੇਖ ਰਹੀ ਸੀਗਲ ਇੰਡੀਆ ਲਿਮਟਿਡ ਕੰਪਨੀ ਨਾਲ ਲਗਾਤਾਰ ਸੰਪਰਕ ਵਿੱਚ ਹਨ।

ਲਾਂਘੇ ਦੀ ਜ਼ੱਦ ’ਚ ਆਉਂਦੇ ਮੰਦਰ ਦੇ ਕੁਝ ਹਿੱਸੇ ਨੂੰ ਹਟਾਉਣ ਦਾ ਕੰਮ ਸ਼ੁਰੂ
ਬਟਾਲਾ (ਦਲਬੀਰ ਸੱਖੋਵਾਲੀਆ): ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਜ਼ੱਦ ਵਿੱਚ ਆਉਂਦੇ ਸੰਤ ਸਰੋਵਰ ਮੰਦਰ ਦੇ ਕੁਝ ਹਿੱਸੇ ਨੂੰ ਹਟਾਉਣ ਦਾ ਕੰਮ ਨਿਰਮਾਣ ਕੰਪਨੀ ਵੱਲੋਂ ਸ਼ੁਰੂ ਕੀਤਾ ਗਿਆ ਹੈ। ਲਾਂਘੇ ਦੀ ਜ਼ੱਦ ’ਚ ਮੰਦਰ ਦੇ ਦੋ ਕਮਰੇ, ਇੱਕ ਵਰਾਂਡਾ, ਕੰਧ ਅਤੇ ਗੇਟ ਆਉਂਦਾ ਹੈ। ਡੇਰਾ ਬਾਬਾ ਨਾਨਕ ਦੇ ਐੱਸਡੀਐਮ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਮੰਦਰ ’ਚ ਸਥਾਪਤ ਦੋ ਮੂਰਤੀਆਂ ਪਹਿਲਾਂ ਦੀ ਤਰ੍ਹਾਂ ਬਿਰਾਜਮਾਨ ਰਹਿਣਗੀਆਂ, ਕਿਉਂਕਿ ਇਹ ‘ਰੂਟ ਆਫ਼ ਵਰਕ’ ਤੋਂ ਬਾਹਰ ਹਨ। ਉਨ੍ਹਾਂ ਦੱਸਿਆ ਮੰਦਰ ਕਮੇਟੀ ਨੂੰ ਇਸ ਦਾ 55 ਤੋਂ 60 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਇਸ ਸਬੰਧੀ ਐੱਸਡੀਐਮ ਤੇ ਨਿਰਮਾਣ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਮੰਦਰ ਕਮੇਟੀ ਦੇ ਪ੍ਰਬੰਧਕਾਂ ਨਾਲ 4 ਜੁਲਾਈ ਨੂੰ ਸੁਖ਼ਾਵੇਂ ਮਾਹੌਲ ਵਿੱਚ ਮੀਟਿੰਗ ਕੀਤੀ ਗਈ ਸੀ। ਪਹਿਲਾਂ ਵੀ ਕਈ ਗੇੜ ਦੀਆਂ ਮੀਟਿੰਗਾਂ ਹੋਈਆਂ ਸਨ। ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਸੀ ਕਿ ਲਾਂਘੇ ਲਈ ਬਣਾਏ ਜਾ ਰਹੇ ਰਸਤੇ ’ਚ 2 ਮੂਰਤੀਆਂ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਹੋਵੇਗੀ। ਹਲਕਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਧਾਰਮਿਕ ਕਮੇਟੀਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ ਹੈ।


Comments Off on ਕਰਤਾਰਪੁਰ ਲਾਂਘਾ: ਮੀਂਹ ਕਾਰਨ ਉਸਾਰੀ ਕਾਰਜ ਪ੍ਰਭਾਵਿਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.