ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਐ ਦਿਲ ਤੈਨੂੰ ਕਸਮ ਹੈ, ਹਿੰਮਤ ਨਾ ਹਾਰਨਾ…

Posted On July - 6 - 2019

ਮਹਿੰਦਰ ਸਿੰਘ ਦੁਸਾਂਝ
ਕਈ ਸਾਲ ਪਹਿਲਾਂ ਅਕਾਸ਼ਬਾਣੀ ਜਲੰਧਰ ਤੋਂ ਹਿੰਦੀ ਗੀਤ ਸੁਣੀਂ ਦਾ ਸੀ, ਜਿਸ ਦੀ ਪਹਿਲੀ ਸਤਰ ਸੀ ‘ਐ ਦਿਲ ਤੁਝੇ ਕਸਮ ਹੈ, ਹਿੰਮਤ ਨਾ ਹਾਰਨਾ’ ਇਹ ਗੀਤ ਸੁਣ ਕੇ ਮਨ ਵਿਚ ਵਿਸ਼ਵਾਸ ਤੇ ਦ੍ਰਿੜਤਾ ਦਾ ਵਿਲੱਖਣ ਅਹਿਸਾਸ ਉਤਪੰਨ ਹੁੰਦਾ ਸੀ ਤੇ ਮਨ ਵਿਚ ਧਾਰਨਾ ਪੱਕੀ ਹੁੰਦੀ ਸੀ ਕਿ ਜ਼ਿੰਦਗੀ ਵਿਚ ਕਦੇ ਵੀ ਹਿੰਮਤ ਨਹੀਂ ਹਾਰਾਂਗੇ।
ਜ਼ਿੰਦਗੀ ਵਿਚ ਕਈ ਮੌਕੇ ਆਏ ਜਦੋਂ ਹਿੰਮਤ ਨਾਲ ਅੱਗੇ ਵਧਦਿਆਂ ਨੂੰ ਹਾਲਾਤ ਨੇ ਅੱਖਾਂ ਵਿਚ ਭਰੇ ਅਣਗਿਣਤ ਖ਼ੂਬਸੂਰਤ ਸੁਫ਼ਨੇ ਠੋਕਰ ਮਾਰ ਕੇ ਜ਼ਿੰਦਗੀ ਦੇ ਮਾਰਗ ਵਿਚ ਬੁਰੀ ਤਰ੍ਹਾਂ ਖਿਲਾਰ ਦਿੱਤੇ ਸਨ।
ਮੈਨੂੰ ਏਸ ਵੇਲੇ ਯਾਦ ਆ ਰਿਹਾ ਹੈ 1970 ਦਾ ਸਾਲ, ਇਸ ਸਾਲ ਦੇ ਮਈ ਮਹੀਨੇ ਸਾਡੇ ਖੇਤਾਂ ਵਿਚ ਕਾਮਿਆਂ ਦਾ ਪਰਿਵਾਰ ਕਣਕ ਦੀ ਵਾਢੀ ਕਰ ਰਿਹਾ ਸੀ ਤੇ ਮੈਂ ਕਿਸੇ ਜ਼ਰੂਰੀ ਕੰਮ ਲਈ ਚੰਡੀਗੜ੍ਹ ਚਲੇ ਗਿਆ, ਜਦੋਂ ਦੂਜੇ ਦਿਨ ਵਾਪਸ ਮੁੜਿਆ ਤਾਂ ਆਪਣੇ ਇਲਾਕੇ ਦੇ ਪਿੰਡ ਗੁਣਾਚੌਰ ਵਿਚ ਖੇਤਾਂ ਵਿੱਚ ਵੱਢੀ ਪਈ ਲੋਕਾਂ ਦੀ ਕਣਕ ਖਿਲਰੀ ਪਈ ਦੇਖੀ ਤੇ ਅੱਗੇ ਰਾਹ ਵਿੱਚ ਖਿਲਰੀ ਕਣਕ ਦਾ ਹੋਰ ਮਾੜਾ ਹਾਲ ਦੇਖਿਆ।
ਜਦੋਂ ਮੈਂ ਆਪਣੇ ਖੇਤਾਂ ਵਿਚ ਪਹੁੰਚਿਆ ਤਾਂ ਇਹ ਦੇਖ ਕੇ ਮਨ ਨੂੰ ਸਖ਼ਤ ਧੱਕਾ ਲਗਾ ਕਿ ਕਣਕ ਦੇ ਵੱਢ ਖ਼ਾਲੀ ਪਏ ਹਨ ਤੇ ਕਣਕ ਤੀਲਾ ਤੀਲਾ ਹੋ ਕੇ ਪਤਾ ਨਹੀਂ ਕਿੱਥੇ ਚਲੀ ਗਈ ਸੀ। ਗਵਾਂਢੀ ਪਿੰਡ ਤੋਂ ਸਾਡੀ ਕਣਕ ਦੀ ਵਾਢੀ ਦਾ ਕੰਮ ਕਰ ਰਿਹਾ ਦਲੀਪਾ ਆਪਣੇ ਪਰਿਵਾਰ ਸਣੇ ਗੋਡਿਆਂ ਵਿਚ ਸਿਰ ਦੇ ਕੇ ਬੈਠਾ ਸੀ, ਮੈਂ ਉਸ ਨੂੰ ਬਾਹੋਂ ਫੜ ਕੇ ਉਠਾ ਲਿਆ ਤੇ ਕਿਹਾ-ਕੋਈ ਨ੍ਹੀਂ ਚੌਧਰੀ ਹਿੰਮਤ ਕਰ, ਤਕੜਾ ਹੋ! ਆਪਾਂ ਡੋਲਾਂਗੇ ਨਹੀਂ!!
ਦਲੀਪੇ ਨੇ ਵੇਦਨਾ ਭਰੇ ਲਹਿਜੇ ਵਿਚ ਦੱਸਿਆ-ਸਰਦਾਰ ਜੀ, ਅਸੀਂ ਸਾਰੀ ਕਣਕ ਵੱਢ ਕੇ ਭਰੀਆਂ ਬੰਨ੍ਹ ਦਿੱਤੀਆਂ ਤੇ ਚਾਅ ਨਾਲ਼ ਭਰੀਆਂ ਦੀ ਗਿਣਤੀ ਵੀ ਕਰ ਲਈ, ਪਰ ਕੱਲ੍ਹ ਸ਼ਾਮ ਪੱਛੋਂ ਵਲੋਂ ਤੇਜ਼ ਹਨੇਰੀ ਆਈ ਜਿਸ ਨੇ ਦੇਖਦਿਆਂ ਦੇਖਦਿਆਂ ਭਰੀਆਂ ਖੇਤਾਂ ਵਿਚੋਂ ਚੁੱਕ ਕੇ ਦੂਰ ਸੁੱਟ ਦਿੱਤੀਆਂ। ਮੈਂ ਦਲੀਪੇ ਨੂੰ ਹੌਸਲਾ ਦੇ ਕੇ ਘਰ ਆਇਆ ਤੇ ਆਪਣੀ ਜੀਵਨ ਸਾਥਣ ਮਹਿੰਦਰ ਕੌਰ ਨੂੰ ਕਿਹਾ ਕਿ ਅਫ਼ਸੋਸ ਹੈ ਕਣਕ ਲਈ ਆਪਣੀ ਸਾਰੀ ਕੀਤੀ ਕਰਾਈ ਮਿਹਨਤ ਅਜਾਈਂ ਚਲੀ ਗਈ।
ਮੇਰੀ ਜੀਵਨ ਸਾਥਣ ਦੇ ਮੱਥੇ ’ਤੇ ਚਿੰਤਾ ਦੀ ਕੋਈ ਲਕੀਰ ਮੈਨੂੰ ਨਜ਼ਰ ਨਾ ਆਈ। ਉਹ ਵਿਸ਼ਵਾਸ ਨਾਲ ਬੋਲੀ ਕਿ ਸਰਦਾਰ ਜੀ ਆਪਾਂ ਪਹਿਲਾਂ ਵਾਂਗ ਮਿਹਨਤ ਨਾਲ ਅੱਗੇ ਵਧਾਂਗੇ। ਉਹ ਮੈਨੂੰ ਚਾਹ ਪਾਣੀ ਛਕਾ ਕੇ ਮੇਰੇ ਨਾਲ ਖੇਤਾਂ ਵਿੱਚ ਆ ਕੇ ਦਲੀਪੇ ਨੂੰ ਕਹਿਣ ਲੱਗੀ ਕਿ ਤੂੰ ਕਿਉਂ ਫ਼ਿਕਰ ਕਰਦਾ ਹੈ। ਇਹ ਖੜ੍ਹੀ ਕਣਕ ਕੱਟ ਲੈ ਤੇ ਸਾਰੀ ਵੱਢੀ ਕਣਕ ਦੀਆਂ ਭਰੀਆਂ ਤੂੰ ਗਿਣੀਆਂ ਹੋਈਆਂ ਹਨ, ਗਿਣਤੀ ਦੇ ਹਿਸਤਬ ਨਾਲ ਜਿੰਨੀਆਂ ਭਰੀਆਂ ਬਣਦੀਆਂ ਹਨ ਲੈ ਜਾ। ਮੈਂ ਦਲੀਪੇ ਨੂੰ ਕਿਹਾ-ਦੇਖ ਤੂੰ ਆਪਣੀਆਂ ਭਰੀਆਂ ਰੱਖ ਲੈ ਤੇ ਜਿਹੜੀਆਂ ਵਧਣ ਉਹ ਮੈਂ ਸੇਪੀ ਕਰਨ ਵਾਲੇ ਤਰਖਾਣ, ਲੁਹਾਰ ਤੇ ਲਾਗੀਆਂ ਨੂੰ ਦੇ ਦੇਣੀਆਂ ਹਨ।
ਇਸ ਤੋਂ ਬਾਅਦ ਸਾਉਣੀ ਦੀ ਫ਼ਸਲ ਬੀਜ ਕੇ ਅਸੀਂ ਪੂਰਾ ਸਮਾਂ ਲਾ ਕੇ ਮਿਹਨਤ ਕੀਤੀ ਤੇ ਮਿਹਨਤ ਨੂੰ ਫ਼ਲ ਵੀ ਭਰਪੂਰ ਪਿਆ। ਹਾੜ੍ਹੀ ਦੀ ਫ਼ਸਲ ਦੇ ਸਾਰੇ ਧੋਣੇ ਸਾਉਣੀ ਦੀ ਫ਼ਸਲ ਨੇ ਧੋ ਦਿੱਤੇ ਸਨ।
ਇਸ ਘਟਨਾ ਤੋਂ ਚਾਰ ਸਾਲ ਬਾਅਦ ਸਨ 1979 ਵਿਚ ਕੁਦਰਤ ਨੇ ਫਿਰ ਸਾਡੇ ਵਿਕਾਸ ਦਾ ਮਾਰਗ ਰੋਕ ਲਿਆ, ਇਸ ਸਾਲ ਵੀ ਮਈ ਵਿਚ ਖੇਤਾਂ ਅੰਦਰ ਭਰੀਆਂ ਵਿਚ ਬੱਝੀ ਕਣਕ ਦੀ ਸਾਰੀ ਫ਼ਸਲ ਪਈ ਸੀ ਤੇ ਜ਼ੋਰਦਾਰ ਮੀਂਹ ਵਰ੍ਹਨ ਲੱਗਿਆ। ਕਈ ਦਿਨ ਪਏ ਮੀਂਹ ਕਰਕੇ ਬੱਝੀ ਕਣਕ ਦੇ ਦਾਣੇ ਪੁੰਗਰਣ ਲੱਗ ਪਏ ਤੇ ਦਾਣਿਆਂ ਦਾ ਰੰਗ ਬਦਲ ਗਿਆ।
ਮੀਂਹ ਹਟਣ ’ਤੇ ਅਸੀਂ ਭਰੀਆਂ ਖੋਲ੍ਹ ਕੇ ਕਣਕ ਨੂੰ ਸੁਕਾਉਣਾ ਸ਼ੂਰੂ ਕੀਤਾ। ਮੇਰੀ ਪਤਨੀ ਨੇ ਕਿਹਾ ਕਿ ਸਰਦਾਰ ਜੀ ਮਜ਼ਦੂਰ ਲਾਉਣ ਦੀ ਕੋਈ ਲੋੜ ਨਹੀਂ ਆਪਾਂ ਇਹ ਕੰਮ ਆਪੇ ਹੀ ਕਰ ਲਵਾਂਗੇ। ਹਫ਼ਤੇ ਭਰ ਵਿਚ ਅਸੀਂ ਕਣਕ ਸੁਕਾ ਕੇ ਕਣਕ ਕੱਢ ਲਈ। ਮੰਡੀ ਵਿਚ ਏਸ ਕਣਕ ਦੀ ਕੀਮਤ ਥੋੜ੍ਹੀ ਘੱਟ ਮਿਲੀ ਪਰ ਕਣਕ ਵੇਚਣ ਵਿਚ ਸਾਨੂੰ ਕੋਈ ਮੁਸ਼ਕਿਲ ਨਾ ਆਈ। ਉਸ ਸਮੇਂ ਦੀ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਕਿ ਜਿਨ੍ਹਾਂ ਕਿਸਾਨਾਂ ਦੀ ਕਣਕ ਖੇਤਾਂ ਵਿਚ ਭਿੱਜ ਕੇ ਖ਼ਰਾਬ ਹੋਈ ਹੈ, ਉਨ੍ਹਾਂ ਨੂੰ ਨਗਦ ਮੁਆਵਜ਼ਾ ਦਿੱਤਾ ਜਾਵੇ ਤੇ ਘਰਾਂ ‘ਚ ਵਰਤੋਂ ਲਈ ਸਾਫ਼ ਕਣਕ ਵੀ ਦਿੱਤੀ ਜਾਵੇ।
ਇੱਕ ਦਿਨ ਪਟਵਾਰੀ ਨੰਬਰਦਾਰ ਤੇ ਚੌਕੀਦਾਰ ਨੂੰ ਨਾਲ ਲੈ ਕੇ ਗਿਰਦਾਵਰੀ ਕਰਨ ਆਇਆ ਤੇ ਉਸ ਨੇ ਕਣਕ ਦੇ ਖ਼ਰਾਬੇ ਵਾਲੇ ਰਕਬੇ ਬਾਰੇ ਪੁੱਛਿਆ। ਮੈਂ ਪਟਵਾਰੀ ਨੂੰ ਕਿਹਾ ਕਿ ਇਹ ਨੁਕਸਾਨ ਕੁਦਰਤ ਦੇ ਕਹਿਰ ਕਰਕੇ ਹੋਇਆ ਹੈ, ਅਸੀਂ ਮੁਆਵਜ਼ੇ ਕਈ ਕਲੇਮ ਨਹੀਂ ਕਰਾਂਗੇ। ਇਹ ਸੁਣ ਕੇ ਪਟਵਾਰੀ ਅਗਲੇ ਖੇਤਾਂ ਵੱਲ ਚਲਾ ਗਿਆ। ਸਾਡੇ ਸਾਹਮਣੇ ਪ੍ਰੇਸ਼ਾਨੀ ਇਹ ਸੀ ਕਿ ਸਾਰਾ ਸਾਲ ਖ਼ਰਾਬ ਕਣਕ ਦੇ ਆਟੇ ਦੀਆਂ ਰੋਟੀਆਂ ਨਹੀਂ ਸਨ ਖਾਧੀਆਂ ਜਾ ਸਕਦੀਆਂ। ਅਸੀਂ ਗੁਆਂਢੀ ਪਿੰਡ ਦੇ ਆਪਣੇ ਮਿੱਤਰ ਨੂੰ ਫੋਨ ਕੀਤਾ ਤਾਂ ਪਤਾ ਲੱਗਾ ਕੇ ਉਸ ਨੇ ਵਾਧੂ ਕਣਕ ਵੇਚ ਦਿੱਤੀ ਹੈ। ਅਸੀਂ ਅਜੇ ਸੋਚ ਹੀ ਰਹੇ ਸੀ ਕਿ ਦਰਵਾਜ਼ੇ ਤੋਂ ਆਵਾਜ਼ ਆਈ ਮੈਂ ਬਾਹਰ ਗਿਆ ਤਾਂ ਰਿਕਸ਼ੇ ਵਾਲੇ ਨੇ ਕਿਹਾ ਕਿ ਸਰਦਾਰ ਜੀ ਆਹ ਆਟੇ ਦੀ ਬੋਰੀ ਲਹਾਓ। ਉਸ ਨੇ ਕਿਹਾ ਇਹ ਮੁਕੰਦਪੁਰ ਤੋਂ ਭੀਮੇ ਨੇ ਭੇਜੀ ਹੈ। ਲਾਲੇ ਦਾ ਨਾਮ ਤਾਂ ਅਮਰਨਾਥ ਸੀ ਪਰ ਉਹ ਭੀਮੇ ਦੇ ਨਾਂ ਨਾਲ ਹੀ ਮਸ਼ਹੂਰ ਸੀ। ਉਹ ਮੈਨੂੰ ਆਪਣਾ ਭਰਾ ਸਮਝਦਾ ਸੀ, ਸਾਡੇ ਪਿੰਡ ਜਗਤਪੁਰ ਦੇ ਨਾਲ ਹੀ ਮੁਕੰਦਪੁਰ ਕਸਬੇ ’ਚ ਉਸ ਦੀ ਆਟਾ ਚੱਕੀ ਤੇ ਲੋਹੇ ਦੀ ਦੁਕਾਨ ਸੀ। ਮੈਂ ਭੀਮੇ ਨੂੰ ਫੋਨ ਕਰਕੇ ਆਟੇ ਬਾਰੇ ਪੁੱਛਿਆ ਤਾਂ ਕਹਿਣ ਲੱਗਾ ਕਿ ਤੁਸੀਂ ਸੁੱਕੀ ਕਣਕ ਲੈਣ ਲਈ ਚਾਹਲ ਕਲਾਂ ਪਰਮਜੀਤ ਨੂੰ ਫੋਨ ਕਰ ਰਹੇ ਸੀ, ਉਸ ਦੇ ਫੋਨ ਦੀ ਤਾਰ ਕਿਸੇ ਖੰਭੇ ਜਾਂ ਐਸਚੇਂਜ ਵਿਚ ਮੇਰੇ ਫੋਨ ਨਾਲ ਵੀ ਜੁੜ ਗਈ, ਮੈਂ ਫੋਨ ਸੁਣ ਲਿਆ ਤੇ ਉਸੇ ਵੇਲੇ ਆਟੇ ਦੀ ਬੋਰੀ ਭੇਜ ਦਿੱਤੀ। ਮੈਂ ਉਸ ਦਾ ਧੰਨਵਾਦ ਕੀਤਾ। ਸਾਡੀ ਮਿਹਨਤ ਤੇ ਲਗਨ ਕਰਕੇ ਖੇਤੀ ਨੇ ਜ਼ਿੰਦਗੀ ਦੀ ਕਿਸੇ ਵੀ ਲੋੜ ਵਿਚ ਕਦੇ ਥੁੜ੍ਹ ਨਹੀਂ ਆਉਣ ਦਿੱਤੀ ਸੀ। ਖੇਤੀ ਵਿਚ ਠੀਕ ਵਿਉਂਤਬੰਦੀ ਨਾਲ ਅਸੀਂ ਆਪਣੇ ਸੁਫ਼ਨਿਆਂ ਦੇ ਅਨੁਸਾਰ ਬਹੁਤ ਚਿਰ ਪਹਿਲਾਂ ਹੀ ਸਭ ਕੁਝ ਬਣਾ ਕੇ ਉਸਾਰ ਲਿਆ ਸੀ।
ਮਈ 1979 ਵਿਚ ਲੱਗੀ ਭਾਰੀ ਤੇ ਕਰੁੱਤੀ ਝੜੀ ਨੇ ਇਕੱਲੀ ਕਿਸਾਨਾਂ ਦੀ ਕਣਕ ਹੀ ਬਰਬਾਦ ਨਹੀਂ ਸੀ ਕੀਤੀ ਘਰਾਂ ਦੇ ਮਕਾਨਾਂ ਦਾ ਵੀ ਬਹੁਤ ਨੁਕਸਾਨ ਕੀਤਾ ਸੀ, ਅਸੀਂ ਭਾਵੇਂ ਆਪਣੀ ਲੋੜ ਅਨੁਸਾਰ ਆਪਣਾ ਖੁੱਲ੍ਹਾ ਡੁੱਲ੍ਹਾ ਤੇ ਪੱਕਾ ਘਰ ਬਣਾ ਲਿਆ ਸੀ ਪਰ ਘਰ ਦੇ ਨਾਲ ਹੀ ਇੱਕ ਪਾਸੇ ਬਾਲਣ ਵਾਸਤੇ ਇੱਕ ਕੱਚੀ ਕੋਠੜੀ ਅਜੇ ਰੱਖੀ ਹੋਈ ਸੀ ਤੇ ਇਸ ਕੋਠੜੀ ਦੀ ਕੱਚੀ ਕੰਧ ਮੀਂਹ ਦੇ ਨਾਲ ਡਿੱਗ ਪਈ।
ਪੰਜਾਬ ਸਰਕਾਰ ਵਲੋਂ ਮਕਾਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਵਾਸਤੇ ਵੀ ਸਰਕਾਰੀ ਟੀਮ ਸਰਵੇ ਕਰਨ ਲਈ ਸਾਡੇ ਮੁਹੱਲੇ ’ਚ ਆਈ ਤਾਂ ਮੈਂ ਘਰ ਨਹੀਂ ਸੀ, ਪਰ ਪਤਨੀ ਮਹਿੰਦਰ ਕੌਰ ਨੇ ਡਿੱਗੀ ਕੰਧ ਗੁਆਂਢੀ ਪਰਿਵਾਰ ਦੇ ਨਾਂ ਲਿਖਾ ਦਿੱਤੀ ਤੇ ਮੈਂ ਆਇਆ ਤਾਂ ਕਹਿਣ ਲੱਗੀ ਸਰਦਾਰ ਜੀ ਡਿੱਗੀ ਕੰਧ ਭਾਵੇਂ ਹੈ ਤਾਂ ਸਾਡੇ ਹੀ ਥਾਂ ਵਿੱਚ ਸੀ ਪਰ ਇਨ੍ਹਾਂ ਗੁਆਂਢੀਆਂ ਦੀ ਛੋਟੀ ਜਿਹੀ ਖੇਤੀ ਆ ਤੇ ਇਹ ਮਿਹਨਤੀ ਬੰਦੇ ਆ, ਮੈਂ ਤਾਂ ਕੰਧ ਉਨ੍ਹਾਂ ਦੇ ਨਾਂ ਲਿਖਾ ਦਿੱਤੀ। ਮੈਂ ਆਪਣੀ ਪਤਨੀ ਨੂੰ ਸਾਬਾਸ਼ ਦਿੱਤੀ ਤੇ ਕਿਹਾ ਚੰਗਾ ਕੀਤਾ ਤੂੰ ਸਾਡੇ ਕਿਸਾਨੀ ਖ਼ਾਨਦਾਨ ਦੀਆਂ ਰਵਾਇਤਾਂ ਨੂੰ ਅੱਗੇ ਤੋਰਿਆ ਹੈ।
ਇਉਂ ਗੁਆਂਢੀਆਂ ਨੂੰ ਢੱਠੀ ਕੰਧ ਦਾ ਮੁਆਵਜ਼ਾ ਮਿਲ ਗਿਆ ਤੇ ਪਿੱਛੋਂ ਅਸੀਂ ਆਪਣੇ ਖ਼ਰਚੇ ਨਾਲ ਪੱਕੀ ਤੇ ਨਵੀਂ ਕੰਧ ਬਣਾ ਕੇ ਗੁਆਂਢੀਆਂ ਨੂੰ ਪੇਸ਼ਕਸ ਵੀ ਕੀਤੀ ਕਿ ਤੁਸੀਂ ਏਸ ਕੰਧ ਨਾਲ ਕੋਈ ਕਮਰਾ ਜਾਂ ਵਰਾਡਾਂ ਬਣਾਉਣਾ ਹੈ ਤਾਂ ਆਪਣੇ ਬਾਲੇ ਬਿਨਾ ਝਿੱਜਕ ਇਸ ਕੰਧ ਵਿੱਚ ਰੱਖ ਲੈਣਾ।
ਸੰਪਰਕ: 94632-33991


Comments Off on ਐ ਦਿਲ ਤੈਨੂੰ ਕਸਮ ਹੈ, ਹਿੰਮਤ ਨਾ ਹਾਰਨਾ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.