ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਇਸਮਤ ਦੀ ਅਜ਼ਮਤ

Posted On July - 7 - 2019

ਇਸਮਤ ਚੁਗਤਾਈ ਦੀਆਂ ਕਹਾਣੀਆਂ ਵਿਚ ਨਾਰੀਵਾਦੀ ਸੋਚ, ਔਰਤ ਦੀ ਸਰੀਰਕਤਾ, ਜਾਤੀ ਤੇ ਜਮਾਤੀ ਸੰਘਰਸ਼ ਅਤੇ ਖੱਬੇ ਪੱਖੀ ਸੋਚ ਦਾ ਸੁਮੇਲ ਹੈ। ਉਸ ਦੀਆਂ ‘ਲਿਹਾਫ਼’ ਜਿਹੀਆਂ ਕਹਾਣੀਆਂ ਕਾਰਨ ਉਸ ’ਤੇ ਮੁਕੱਦਮਾ ਚਲਾਇਆ ਗਿਆ। ਇਕ ਵਾਰ ਉਹ ਤੇ ਸਆਦਤ ਹਸਨ ਮੰਟੋ ਅਦਾਲਤ ਵਿਚ ਪੇਸ਼ ਹੋਣ ਲਈ ਇਕੱਠੇ ਲਾਹੌਰ ਆਏ।
ਦਰਅਸਲ, ਇਸਮਤ ਚੁਗਤਾਈ ਛੋਟੀ ਉਮਰ ਤੋਂ ਹੀ ਆਜ਼ਾਦ-ਖਿਆਲ ਸੀ। ਕਿਸੇ ਵੀ ਸਾਂਚੇ ਵਿਚ ਕੈਦ ਰਹਿਣਾ ਉਸ ਨੇ ਸਿੱਖਿਆ ਨਹੀਂ ਸੀ। ਆਪਣੀ ਸਵੈਜੀਵਨੀ ‘ਕਾਗ਼ਜ਼ੀ ਹੈ ਪੈਰਹਨ’ ਵਿਚ ਉਸ ਨੇ ਕਈ ਥਾਂ ਲਿੰਗਿਕ ਨਾਬਰਾਬਰੀ ਅਤੇ ਔਰਤਾਂ ਦੇ ਸੋਸ਼ਣ ਬਾਰੇ ਖੁੱਲ੍ਹ ਕੇ ਗੱਲ ਕੀਤੀ। ਔਰਤਾਂ ’ਤੇ ਸਮਾਜਿਕ, ਮਜ਼ਹਬੀ ਬੰਦਿਸ਼ਾਂ ਦਾ ਉਸ ਨੇ ਹਮੇਸ਼ਾਂ ਵਿਰੋਧ ਕੀਤਾ। ਉਹ ਔਰਤਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਹੋਈਆਂ ਦੇਖਣਾ ਚਾਹੁੰਦੀ ਸੀ।

ਜ਼ਾਹਿਦ ਖ਼ਾਨ

ਸਮੁੱਚੇ ਭਾਰਤੀ ਬਰੇ-ਸਗੀਰ ਵਿਚ ਇਸਮਤ ਚੁਗਤਾਈ ਦਾ ਨਾਂ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ। ਉਹ ਜਿੰਨੀ ਹਿੰਦੋਸਤਾਨ ਵਿਚ ਮਸ਼ਹੂਰ ਹੈ, ਓਨੀ ਹੀ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ ਵੀ। ਇਸਮਤ ਚੁਗਤਾਈ ਨੇ ਉਸ ਦੌਰ ਵਿਚ ਔਰਤ ਮਰਦ ਦੀ ਨਾਬਰਾਬਰੀ ਬਾਰੇ ਗੱਲ ਕੀਤੀ, ਜਦੋਂ ਇਨ੍ਹਾਂ ਗੱਲਾਂ ’ਤੇ ਸੋਚਣਾ ਅਤੇ ਲਿਖਣਾ ਮੁਸ਼ਕਿਲ ਸੀ। ਔਰਤਾਂ ਆਪਣੇ ਹੀ ਘਰ ਵਿਚ ਮਜ਼ਹਬ, ਮਰਿਆਦਾ, ਫੋਕੀ ਇੱਜ਼ਤ ਦੇ ਨਾਂ ’ਤੇ ਗੁਲਾਮ ਬਣਾ ਦਿੱਤੀਆਂ ਗਈਆਂ। ਔਰਤ ਦੀ ਆਜ਼ਾਦੀ ’ਤੇ ਉਸ ਨੇ ਬੇਬਾਕੀ ਨਾਲ ਕਲਮ ਚਲਾਈ ਅਤੇ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਉਹ ਸੱਚਮੁੱਚ ਇਕ ਇਸਤਰੀਵਾਦੀ ਲੇਖਿਕਾ ਸੀ। ਆਪਣੇ ਸਮੁੱਚੇ ਸਾਹਿਤ ਵਿਚ ਉਸ ਨੇ ਨਿਮਨ ਮੱਧਵਰਗੀ ਮੁਸਲਿਮ ਤਬਕੇ ਦੀਆਂ ਔਰਤਾਂ ਦੀਆਂ ਸਮੱਸਿਆਵਾਂ, ਉਨ੍ਹਾਂ ਦੇ ਦੁੱਖ-ਸੁੱਖ, ਉਮੀਦ-ਨਾਉਮੀਦ ਨੂੰ ਆਵਾਜ਼ ਦਿੱਤੀ।
ਇਸਮਤ ਚੁਗਤਾਈ ਦੀ ਲੇਖਣੀ ਵਿਚ ਧਰਮ ਨਿਰਪੱਖਤਾ ਅਤੇ ਆਧੁਨਿਕਤਾ ਹਮੇਸ਼ਾਂ ਭਾਰੂ ਰਹੀ। ਅੰਧ-ਵਿਸ਼ਵਾਸ, ਫ਼ਿਰਕੂ ਤੁਅੱਸਬ, ਵਰਗ ਭੇਦ ਅਤੇ ਜਾਤੀ ਭੇਦ ਦਾ ਉਸ ਨੇ ਖੁੱਲ੍ਹ ਕੇ ਵਿਰੋਧ ਕੀਤਾ। ਉਸ ਦੌਰ ਵਿਚ ਉਰਦੂ ਅਦਬ ਵਿਚ ਸਆਦਤ ਹਸਨ ਮੰਟੋ, ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ, ਖਵਾਜਾ ਅਹਿਮਦ ਅੱਬਾਸ ਜਿਹੇ ਲੇਖਕਾਂ ਦੀ ਧੁੰਮ ਸੀ। ਇਨ੍ਹਾਂ ਸਾਰਿਆਂ ਵਿਚ ਆਪਣੀ ਜਗ੍ਹਾ ਬਣਾਉਣਾ ਸੌਖਾ ਕੰਮ ਨਹੀਂ ਸੀ, ਪਰ ਇਸਮਤ ਚੁਗਤਾਈ ਨੇ ਆਪਣੀ ਵੱਖਰੀ ਪਛਾਣ ਬਣਾਈ। ਉਸ ਦੀ ਸੋਚ ਆਪਣੇ ਸਮੇਂ ਤੋਂ ਬਹੁਤ ਅੱਗੇ ਸੀ। ਇਹੀ ਵਜ੍ਹਾ ਹੈ ਕਿ ਉਸ ਦਾ ਸਾਹਿਤ ਅੱਜ ਵੀ ਬੜਾ ਮਕਬੂਲ ਹੈ।
ਹਿੰਦੀ, ਉਰਦੂ ਅਦਬ ਦੀ ਦੁਨੀਆਂ ਵਿਚ ‘ਇਸਮਤ ਆਪਾ’ ਦੇ ਨਾਂ ਨਾਲ ਮਸ਼ਹੂਰ ਇਸਮਤ ਚੁਗਤਾਈ ਦਾ ਜਨਮ 15 ਅਗਸਤ 1915 ਨੂੰ ਉੱਤਰ ਪ੍ਰਦੇਸ਼ ਦੇ ਬਦਾਯੂੰ ਸ਼ਹਿਰ ਵਿਚ ਹੋਇਆ। ਉਸ ਨੂੰ ਬਚਪਨ ਤੋਂ ਹੀ ਪੜ੍ਹਨ ਦਾ ਬਹੁਤ ਸ਼ੌਕ ਸੀ। ਕਿਤਾਬਾਂ ਨਾਲ ਉਸ ਨੂੰ ਬੜਾ ਮੋਹ ਸੀ। ਉਸ ਨੇ ਹਰ ਕਿਤਾਬ ਤੋਂ ਕੁਝ ਨਾ ਕੁਝ ਸਿੱਖਿਆ। ਹਿਜਾਬ ਇਮਤਿਆਜ਼ ਅਲੀ, ਮੌਲਵੀ ਨਜ਼ੀਰ ਅਹਿਮਦ, ਅੱਲਾਮਾ ਰਾਸ਼ਿਦੁਲ-ਖੈਰੀ, ਹਾਰਡੀ, ਬ੍ਰਾਂਟੀ ਸਿਸਟਰਜ਼ ਤੋਂ ਸ਼ੁਰੂ ਕਰਕੇ ਉਹ ਬਰਨਾਰਡ ਸ਼ਾਅ ਤਕ ਪਹੁੰਚੀ। ਚਾਰਲਿਸ ਡਿਕਨਜ਼, ਡੇਵਿਡ ਕੌਪਰਫੀਲਡ, ਅੋਲੀਵਰ ਟ੍ਰਿਵਸਟ ਆਦਿ ਦੀਆਂ ਰਚਨਾਵਾਂ ਪੜ੍ਹੀਆਂ। ਉਸ ਨੂੰ ਸਭ ਤੋਂ ਵੱਧ ਮੁਤਾਸਿਰ ਰੂਸੀ ਅਦੀਬਾਂ ਨੇ ਕੀਤਾ। ਉਸ ਨੇ ਗੋਰਕੀ, ਐਮਿਲੀ ਜੋਲਾ, ਗੋਗੋਲ, ਤਾਲਸਤਾਏ, ਦੋਸਤੋਵਸਕੀ, ਮੋਪਾਂਸਾ, ਬਾਲਜ਼ਾਕ, ਮਾਮ, ਹੈਮਿੰਗਵੇ ਆਦਿ ਦੀਆਂ ਰਚਨਾਵਾਂ ਪੜ੍ਹੀਆਂ।
ਉਹ ਖ਼ਾਸਕਰ ਚੈਖੋਵ ਤੋਂ ਕਾਫ਼ੀ ਪ੍ਰਭਾਵਿਤ ਸੀ। ਲਿਖਣ ਵਿਚ ਉਹ ਹਮੇਸ਼ਾਂ ਪੜ੍ਹਨ ਦਾ ਲੁਤਫ਼ ਮਹਿਸੂਸ ਕਰਦੀ ਸੀ। ਇਹੀ ਵਜ੍ਹਾ ਹੈ ਕਿ ਉਸ ਦੀਆਂ ਕਹਾਣੀਆਂ ਵਿਚ ਪਾਠਕਾਂ ਨੂੰ ਵੀ ਲੁਤਫ਼ ਆਉਂਦਾ ਹੈ। ਘਰਾਂ ਵਿਚ ਬੋਲੀ ਜਾਣ ਵਾਲੀ ਜ਼ੁਬਾਨ ਇਸਮਤ ਚੁਗਤਾਈ ਦੀਆਂ ਕਹਾਣੀਆਂ ਦੀ ਭਾਸ਼ਾ ਹੈ। ਉਸ ਵਿਚ ਉਰਦੂ ਜ਼ੁਬਾਨ ਵੀ ਹੈ ਅਤੇ ਹਿੰਦੀ ਵੀ। ਉਸ ਵਿਚ ਠੇਠ ਮੁਹਾਵਰੇ ਅਤੇ ਗੰਗਾ-ਜਮੁਨੀ ਜ਼ੁਬਾਨ ਹੀ ਮਿਲੇਗੀ। ਆਪਣੀਆਂ ਰਚਨਾਵਾਂ ਵਿਚ ਉਹ ਕਈ ਥਾਂ ਵਿਅੰਗ ਕਰਨ ਅਤੇ ਚਟਕਾਰਾ ਲੈਣ ਤੋਂ ਵੀ ਬਾਜ਼ ਨਹੀਂ ਆਉਂਦੀ।
ਇਸਮਤ ਚੁਗਤਾਈ ਨੇ ਪਹਿਲੀ ਕਹਾਣੀ ‘ਬਚਪਨ’ ਨਾਂ ਨਾਲ ਲਿਖੀ ਅਤੇ ਉਸ ਨੂੰ ‘ਤਹਜ਼ੀਬੇ ਨਿਸਬਾ’ ਰਸਾਲੇ ਵਿਚ ਛਪਣ ਨੂੰ ਘੱਲਿਆ। ਕੁਝ ਦਿਨ ਬਾਅਦ ਕਹਾਣੀ ਵਾਪਸ ਆ ਗਈ ਅਤੇ ਨਾਲ ਹੀ ਸੰਪਾਦਕ ਮੁਮਤਾਜ਼ ਅਲੀ ਦਾ ਫਿਟਕਾਰ ਭਰਿਆ ਖ਼ਤ ਵੀ। ਉਸ ਨੇ ਇਸ ਕਹਾਣੀ ਵਿਚ ਕਿਰਅਤ ਦੇ ਮਜ਼ਾਕ ਉਡਾਉਣ ’ਤੇ ਚੁਗਤਾਈ ਦੀ ਨਿੰਦਿਆ ਕੀਤੀ ਸੀ ਅਤੇ ਉਸ ਦੀ ਇਸ ‘ਹਰਕਤ’ ਨੂੰ ਧਰਮ ਵਿਰੋਧੀ ਗੁਨਾਹ ਦੱਸਿਆ ਸੀ। ਫਿਰ ਜਦੋਂ ਇਸਮਤ ਚੁਗਤਾਈ ਦੀਆਂ ਕਹਾਣੀਆਂ ਸਭ ਥਾਵੇਂ ਛਪਣ ਅਤੇ ਤਾਰੀਫ਼ ਪਾਉਣ ਲੱਗੀਆਂ ਤਾਂ ਇਹ ਕਹਾਣੀ ‘ਸਾਕੀ’ ਰਸਾਲੇ ਵਿਚ ਛਪੀ ਅਤੇ ਬਹੁਤ ਪਸੰਦ ਕੀਤੀ ਗਈ।
ਇਸਮਤ ਚੁਗਤਾਈ ਦਾ ਪਹਿਲਾ ਨਾਟਕ ‘ਫਸਾਦੀ’ ਅਤੇ ਸ਼ੁਰੂਆਤੀ ਕਹਾਣੀਆਂ ‘ਨੀਰਾਂ, ‘ਲਿਹਾਫ਼’ ‘ਗੇਂਦਾ’ ਆਦਿ ਰਸਾਲੇ ‘ਸਾਕੀ’ ਵਿਚ ਹੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਹੋਈਆਂ। ‘ਲਿਹਾਫ਼’ ਨੇ ਜੇ ਇਸਮਤ ਨੂੰ ਸ਼ੋਹਰਤ ਬਖ਼ਸ਼ੀ ਤਾਂ ਬਦਨਾਮੀ ਵੀ ਦਿਵਾਈ। ਔਰਤਾਂ ਦੀ ਸਮਲਿੰਗਤਾ ਦੇ ਮੁੱਦੇ ’ਤੇ ਲਿਖੀ ਗਈ ਇਸ ਕਹਾਣੀ ’ਤੇ ਕਾਫੀ ਹੋਹੱਲਾ ਮੱਚਿਆ। ਜੋ ਵੀ ਸੀ, ‘ਲਿਹਾਫ਼’ ਮਗਰੋਂ ਇਸਮਤ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਰਸਾਲਿਆਂ ਵਿਚ ਉਸ ਦੀਆਂ ਕਹਾਣੀਆਂ ਦੀ ਮੰਗ ਵਧਣ ਲੱਗੀ। ਪਾਠਕ ਉਸ ਦੀਆਂ ਕਹਾਣੀਆਂ ਦੀ ਉਡੀਕ ਕਰਦੇ। ਜਦੋਂ ਵੀ ਉਸ ਦੀਆਂ ਕਹਾਣੀਆਂ ’ਤੇ ਇਤਰਾਜ਼ ਹੁੰਦੇ, ਕਹਾਣੀਆਂ ਦੀ ਮੰਗ ਹੋਰ ਵਧ ਜਾਂਦੀ।
‘ਲਿਹਾਫ਼’ ਤੋਂ ਬਾਅਦ ਉਸ ਦੇ ਆਲੋਚਕਾਂ ਨੇ ਉਸ ਨੂੰ ‘ਫਹਸ਼ਨਿਗਾਰ’ (ਅਸ਼ਲੀਲ ਲੇਖਕ) ਦਾ ਲਕਬ ਦੇ ਦਿੱਤਾ, ਪਰ ਇਸਮਤ ਚੁਗਤਾਈ ਨੇ ਇਨ੍ਹਾਂ ਆਲੋਚਕਾਂ ਦੀ ਬਿਲਕੁਲ ਪ੍ਰਵਾਹ ਨਹੀਂ ਕੀਤੀ। ਉਸ ਨੇ ਉਹੀ ਲਿਖਿਆ ਜੋ ਆਪਣੇ ਸਮਾਜ ਵਿਚ ਦੇਖਿਆ। ਉਸ ਵਿਚ ਸੱਚ ਨੂੰ ਸੱਚ ਅਤੇ ਗ਼ਲਤ ਨੂੰ ਗ਼ਲਤ ਕਹਿਣ ਦੀ ਹਿੰਮਤ ਸੀ।
‘ਚੌਥੀ ਦਾ ਜੋੜਾ’ ਅਤੇ ‘ਮੁਗ਼ਲ ਬੱਚਾ’ ਉਸ ਦੀਆਂ ਬੇਮਿਸਾਲ ਕਹਾਣੀਆਂ ਹਨ। ਉਸ ਦੀਆਂ ਕਈ ਕਹਾਣੀਆਂ ’ਤੇ ਵਾਮਪੰਥੀ ਵਿਚਾਰਧਾਰਾ ਦਾ ਅਸਰ ਹੈ। ਇਸ ਦੌਰ ਦੇ ਤਮਾਮ ਰਚਨਾਕਾਰਾਂ ਵਾਂਗ ਉਹ ਵੀ ਆਪਣੀਆਂ ਕਹਾਣੀਆਂ ਜ਼ਰੀਏ ਸਮਾਜਵਾਦ ਦਾ ਪੈਗਾਮ ਦਿੰਦੀ ਹੈ। ‘ਕੱਚੇ ਧਾਗੇ’, ‘ਦੋ ਹਾਥ’ ਅਤੇ ‘ਅਜਨਬੀ’ ਉਸ ਦੀਆਂ ਅਜਿਹੀਆਂ ਹੀ ਕਹਾਣੀਆਂ ਹਨ। ਇਸਮਤ ਚੁਗਤਾਈ ਇਨਸਾਨੀ ਬਰਾਬਰੀ ਦੇ ਪੱਖ ਦੀ ਜ਼ਾਮਨ ਸੀ। ਔਰਤ ਅਤੇ ਮਰਦ ਵਿਚਾਲੇ ਵੀ ਅਸਮਾਨਤਾ ਦੇਖ ਕੇ ਉਹ ਹਮਲਾਵਰ ਹੋ ਜਾਂਦੀ। ਉਹ ਔਰਤਾਂ ਨੂੰ ਹਰ ਪ੍ਰਕਾਰ ਦੀ ਆਜ਼ਾਦੀ ਦੇ ਹੱਕ ਵਿਚ ਸੀ। ਔਰਤਾਂ ’ਤੇ ਸਮਾਜਿਕ, ਮਜ਼ਹਬੀ ਬੰਦਿਸ਼ਾਂ ਦਾ ਉਸ ਨੇ ਹਮੇਸ਼ਾਂ ਵਿਰੋਧ ਕੀਤਾ।
ਇਸਮਤ ਚੁਗਤਾਈ ਛੋਟੀ ਉਮਰ ਤੋਂ ਹੀ ਆਜ਼ਾਦ-ਖਿਆਲ ਸੀ। ਕਿਸੇ ਵੀ ਸਾਂਚੇ ਵਿਚ ਕੈਦ ਰਹਿਣਾ ਉਸ ਨੇ ਸਿੱਖਿਆ ਨਹੀਂ ਸੀ। ਆਪਣੀ ਸਵੈਜੀਵਨੀ ‘ਕਾਗ਼ਜ਼ੀ ਹੈ ਪੈਰਹਨ’ ਵਿਚ ਉਸ ਨੇ ਕਈ ਥਾਂ ਲਿੰਗਿਕ ਨਾਬਰਾਬਰੀ ਅਤੇ ਔਰਤਾਂ ਦੇ ਸੋਸ਼ਣ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਹ ਔਰਤਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਹੋਈਆਂ ਦੇਖਣਾ ਚਾਹੁੰਦੀ ਸੀ।
ਇਸਮਤ ਚੁਗਤਾਈ ਦੇ ਕਹਾਣੀ-ਸ੍ਰੰਗਹਿਆਂ ਵਿਚ ਮੁੱਖ ਹਨ: ਛੂਈਮੂਈ, ਕਲੀਆਂ, ਏਕ ਰਾਤ, ਦੋ ਹਾਥ, ਦੋਜ਼ਖੀ, ਸ਼ੈਤਾਨ ਆਦਿ। 1941 ਵਿਚ ਪ੍ਰਕਾਸ਼ਿਤ ‘ਜ਼ਿੱਦੀ’ ਉਸ ਦਾ ਪਹਿਲਾ ਨਾਵਲ ਸੀ। ਟੇਢੀ ਲਕੀਰ, ਏਕ ਕਤਰਾ ਖ਼ੂਨ, ਦਿਲ ਕੀ ਦੁਨੀਆਂ, ਮਾਸੂਮਾਂ, ਬਹਿਰੂਪ ਨਗਰ, ਸ਼ੈਦਾਈ, ਜੰਗਲੀ ਕਬੂਤਰ, ਅਜੀਬ ਆਦਮੀ, ਬਾਂਦੀ ਉਸ ਦੇ ਹੋਰ ਨਾਵਲ ਹਨ। ਆਪਣੀ ਸਵੈਜੀਵਨ ‘ਕਾਗਜ਼ੀ ਹੈ ਪੈਰਹਨ’ ਸਮੇਤ ਆਪਣੀਆਂ ਹੋਰ ਲਿਖਤਾਂ ਵਿਚ ਆਪਣੀਆਂ ਗੱਲਾਂ ਅਤੇ ਵਿਚਾਰਾਂ ਨਾਲ ਉਹ ਪਿਤਾ ਪੁਰਖੀ ਮੁਸਲਿਮ ਸਮਾਜ ਦੇ ਪਾਜ ਉਘਾੜਦੀ ਹੈ।
ਅਫ਼ਸਾਨਿਆਂ ਤੋਂ ਇਲਾਵਾ ਇਸਮਤ ਚੁਗਤਾਈ ਨੇ ਕਈ ਨਾਟਕ ਵੀ ਲਿਖੇ, ਪਰ ਉਨ੍ਹਾਂ ਨੂੰ ਉਹ ਸ਼ੋਹਰਤ ਨਹੀਂ ਮਿਲੀ ਜੋ ਉਸ ਦੀਆਂ ਕਹਾਣੀਆਂ ਨੂੰ ਹਾਸਿਲ ਹੈ। ਉਸ ਦਾ ਸਬੰਧ ਫਿਲਮਾਂ ਨਾਲ ਵੀ ਰਿਹਾ। ਉਸ ਦੀਆਂ ਕਈ ਕਹਾਣੀਆਂ ’ਤੇ ਫਿਲਮਾਂ ਵੀ ਬਣੀਆਂ। ਅਨੇਕ ਫਿਲਮਾਂ ਦੀ ਪਟਕਥਾ ਲਿਖੀ। ਫਿਲਮ ‘ਜੁਗਨੂੰ’ ਵਿਚ ਅਦਾਕਾਰੀ ਕੀਤੀ। ਨਿਰਦੇਸ਼ਕ ਐਮ.ਐਸ. ਸਤਯੂ ਦੀ ਮਸ਼ਹੂਰ ਫਿਲਮ ‘ਗਰਮ ਹਵਾ’ ਇਸਮਤ ਚੁਗਤਾਈ ਦੀ ਕਹਾਣੀ ’ਤੇ ਬਣੀ ਸੀ ਜਿਸ ਲਈ ਉਸ ਨੂੰ ਵਧੀਆ ਕਹਾਣੀ ਦਾ ਫਿਲਮਫੇਅਰ ਐਵਾਰਡ ਮਿਲਿਆ। ਇਸਮਤ ਚੁਗਤਾਈ ਨੂੰ ਕਈ ਸਨਮਾਨਾਂ ਨਾਲ ਨਿਵਾਜਿਆ ਗਿਆ। ਇਨ੍ਹਾਂ ਵਿਚ ਸਾਹਿਤ ਅਕਾਦਮੀ ਪੁਰਸਕਾਰ, ਗਾਲਿਬ ਐਵਾਰਡ, ਇਕਬਾਲ ਸਨਮਾਨ, ਮਖ਼ਦੂਮ ਐਵਾਰਡ ਆਦਿ ਪ੍ਰਮੁੱਖ ਹਨ।
ਇਸਮਤ ਚੁਗਤਾਈ ਨੂੰ ਵਤਨ ਦੀ ਗੰਗਾ-ਜਮੁਨੀ ਤਹਿਜ਼ੀਬ ਨਾਲ ਬੇਹੱਦ ਪਿਆਰ ਸੀ। ਆਮ ਤੌਰ ’ਤੇ ਦੂਸਰੇ ਧਰਮ ਨੂੰ ਲੈ ਕੇ ਲੋਕਾਂ ਵਿਚ ਜੋ ਕੱਟੜਤਾ ਹੁੰਦੀ ਹੈ, ਉਹ ਉਸ ਵਿਚ ਬਿਲਕੁਲ ਨਹੀਂ ਸੀ। ਉਸ ਸਾਰੇ ਧਰਮਾਂ ਨੂੰ ਪਸੰਦ ਕਰਦੀ ਸੀ। ਉਹ ਕਹਿੰਦੀ ਸੀ, ‘ਮੈਂ ਮੁਸਲਮਾਨ ਹਾਂ, ਬੁਤਪ੍ਰਸਤੀ ਸਿਕਰ (ਅੱਲ੍ਹਾ ਦੀ ਜਾਤ ਵਿਚ ਕਿਸੇ ਨੂੰ ਸ਼ਰੀਕ ਕਰਨਾ, ਜੋ ਇਸਲਾਮ ਮੁਤਾਬਿਕ ਪਾਪ ਹੈ)। ਪਰ ਦੇਵਮਾਲਾ (ਪੁਰਾਣ, ਮਿਥਿਹਾਸ) ਮੇਰੇ ਵਤਨ ਦਾ ਵਿਰਸਾ ਹੈ। ਇਸ ਵਿਚ ਸਦੀਆਂ ਦਾ ਸਭਿਆਚਾਰ ਅਤੇ ਫਲਸਫ਼ਾ ਸਮੋਇਆ ਹੋਇਆ ਹੈ। ਇਮਾਨ ਅਲਹਿਦਾ ਹੈ, ਵਤਨ ਦੀ ਤਹਜ਼ੀਬ ਅਲਹਿਦਾ ਹੈ। ਇਸ ਵਿਚ ਮੇਰਾ ਬਰਾਬਰ ਦਾ ਹਿੱਸਾ ਹੈ। ਜਿਵੇਂ ਉਸ ਦੀ ਮਿੱਟੀ, ਧੁੱਪ ਅਤੇ ਪਾਣੀ ਵਿਚ ਮੇਰਾ ਹਿੱਸਾ ਹੈ। ਮੈਂ ਹੌਲੀ ’ਤੇ ਰੰਗ ਖੇਲਾਂ, ਦੀਵਾਲੀ ’ਤੇ ਦੀਵੇ ਜਗਾਵਾਂ ਤਾਂ ਕੀ ਮੇਰਾ ਇਮਾਨ ਮੁਤਜਲਜਲ ਹੋ ਜਾਏਗਾ। ਮੇਰਾ ਯਕੀਨ ਅਤੇ ਰੁਤਬਾ ਕੀ ਏਨਾ ਛੋਟਾ ਹੈ, ਏਨਾ ਅਧੂਰਾ ਹੈ ਕਿ ਟੁਕੜੇ-ਟੁਕੜੇ ਹੋ ਜਾਵੇਗਾ।
ਚੌਵੀ ਅਕਤੂਬਰ 1991 ਨੂੰ ਉਹ ਇਸ ਦੁਨੀਆਂ ਤੋਂ ਰੁਖਸਤ ਹੋ ਗਈ। ਜਾਂਦੀ ਜਾਂਦੀ ਵੀ ਉਹ ਦੁਨੀਆਂ ਸਾਹਮਣੇ ਇਕ ਮਿਸਾਲ ਛੱਡ ਗਈ। ਉਸ ਦੀ ਵਸੀਅਤ ਮੁਤਾਬਿਕ ਮੁੰਬਈ ਦੇ ਚੰਦਨਬਾੜੀ ਸ਼ਮਸ਼ਾਨ ਵਿਚ ਉਸ ਨੂੰ ਅੱਗ ਦੇ ਸਪੁਰਦ ਕੀਤਾ ਗਿਆ। ਇਕ ਮੁਸਲਿਮ ਔਰਤ ਨੂੰ ਦਫ਼ਨਾਉਣ ਦੀ ਥਾਂ ਹਿੰਦੂ ਰੀਤੀ-ਰਿਵਾਜਾਂ ਨਾਲ ਦਾਹ ਸੰਸਕਾਰ, ਸੱਚਮੁੱਚ ਉਸ ਦਾ ਹੈਰਾਨੀ ਭਰਿਆ ਅਤੇ ਹੌਸਲੇ ਵਾਲਾ ਫ਼ੈਸਲਾ ਸੀ। ਇਸਮਤ ਚੁਗਤਾਈ ਦੇ ਇਸ ਫ਼ੈਸਲੇ ਤੋਂ ਉਸ ਦੇ ਕੁਝ ਤਰੱਕੀਪਸੰਦ ਸਾਥੀ ਨਾਰਾਜ਼ ਵੀ ਹੋਏ, ਪਰ ਚੁਗਤਾਈ ਵੱਖਰੀ ਮਿੱਟੀ ਦੀ ਬਣੀ ਸੀ। ਨਾ ਤਾਂ ਉਹ ਜਿਉਂਦੇ ਜੀਅ ਕਦੇ ਲੀਕ ’ਤੇ ਚੱਲੀ ਅਤੇ ਨਾ ਹੀ ਮਰਨ ਤੋਂ ਬਾਅਦ।

ਪੰਜਾਬੀ ਰੂਪ: ਨਿਰਮਲ ‘ਪ੍ਰੇਮੀ’
ਸੰਪਰਕ: 094631-61691


Comments Off on ਇਸਮਤ ਦੀ ਅਜ਼ਮਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.