ਨਾਭਾ ਜੇਲ੍ਹ ’ਚ ਬੇਅਦਬੀ ਖ਼ਿਲਾਫ਼ ਬੰਦੀ ਸਿੰਘਾਂ ਵੱਲੋਂ ਭੁੱਖ ਹੜਤਾਲ !    ਜਾਨ੍ਹਵੀ ਕਪੂਰ ਨੇ ਆਪਣੀ ਮਾਂ ਨੂੰ ਯਾਦ ਕੀਤਾ !    ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    

ਇਮਰਾਨ ਨੂੰ ਹਜ਼ਮ ਨਹੀਂ ਹੋ ਰਹੀ ਨੁਕਤਾਚੀਨੀ…

Posted On July - 15 - 2019

ਵਾਹਗਿਓਂ ਪਾਰ

ਮੀਡੀਆ ਨੂੰ ਸੰਬੋਧਨ ਕਰਦਿਆਂ ਮਰੀਅਮ ਨਵਾਜ਼।

ਇਹਤਿਸਾਬ ਅਦਾਲਤ ਦੇ ਜੱਜ, ਜਸਟਿਸ ਅਰਸ਼ਦ ਮਲਿਕ ਦੀ ‘ਇਕਬਾਲੀਆ ਵੀਡੀਓ’ ਦੇ ਮਾਮਲੇ ਤੋਂ ਪਾਕਿਸਤਾਨੀ ਸਿਆਸਤ ਵਿਚ ਚੱਲ ਰਹੀ ਹਲਚਲ ਰੁਕਣ ਦਾ ਨਾਂਅ ਨਹੀਂ ਲੈ ਰਹੀ। ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ ਇਸਲਾਮਾਬਾਦ ਹਾਈ ਕੋਰਟ ਵਿਚ ਦਰਖ਼ਾਸਤ ਦਾਖਲ ਕਰ ਕੇ ਮੰਗ ਕੀਤੀ ਹੈ ਕਿ ਉਹ ਅਲ ਅਜ਼ੀਜ਼ਾ ਭ੍ਰਿਸ਼ਟਾਚਾਰ ਕੇਸ ਵਿਚ ਸਾਬਕਾ ਵਜ਼ੀਰੇ ਆਜ਼ਮ ਨਵਾਜ਼ ਸ਼ਰੀਫ਼ ਨੂੰ ਸੁਣਾਈ ਗਈ ਸੱਤ ਸਾਲਾਂ ਦੀ ਕੈਦ ਦੀ ਸਜ਼ਾ ਰੱਦ ਕਰੇ। ਜ਼ਿਕਰਯੋਗ ਹੈ ਕਿ ਚੰਦ ਦਿਨ ਪਹਿਲਾਂ ਸ੍ਰੀ ਸ਼ਰੀਫ਼ ਦੀ ਬੇਟੀ ਮਰੀਅਮ ਨਵਾਜ਼ ਨੇ ਇਕ ਮੀਡੀਆ ਕਾਨਫਰੰਸ ਵਿਚ ਇਕ ਵੀਡੀਓ ਪੇਸ਼ ਕਰਕੇ ਦੋਸ਼ ਲਾਇਆ ਸੀ ਕਿ ਜੱਜ ਮਲਿਕ ਨੇ ਕੈਦ ਦੀ ਸਜ਼ਾ ਸਰਕਾਰ ਤੇ ਫ਼ੌਜ ਦੇ ਦਬਾਅ ਹੇਠ ਆ ਕੇ ਸੁਣਾਈ ਸੀ। ਵੀਡੀਓ ਵਿਚ ਜੱਜ ਮਲਿਕ, ਨਾਸਿਰ ਬੱਟ ਨਾਮ ਦੇ ਇਕ ਕਾਰੋਬਾਰੀ ਨਾਲ ਗੱਲਬਾਤ ਦੌਰਾਨ ਇਹ ਕਹਿੰਦਾ ਸੁਣਿਆ ਗਿਆ ਹੈ ਕਿ ਜਦੋਂ ਤੋਂ ਉਸ ਨੇ ਨਵਾਜ਼ ਸ਼ਰੀਫ਼ ਨੂੰ ਸਜ਼ਾ ਸੁਣਾਈ ਹੈ, ਉਹ ਬਹੁਤ ਨਮੋਸ਼ੀ ਮਹਿਸੂਸ ਕਰਦਾ ਆ ਰਿਹਾ ਹੈ। ਉਸ ਨੂੰ ਮਜਬੂਰੀ ਤੇ ਦਬਾਅ ਅੱਗੇ ਗੋਡੇ ਨਹੀਂ ਸੀ ਟੇਕਣੇ ਚਾਹੀਦੇ।
ਜੱਜ ਮਲਿਕ ਨੇ ਵੀਡੀਓ ਨੂੰ ਜਾਅਲੀ ਦੱਸਿਆ ਅਤੇ ਦਾਅਵਾ ਕੀਤਾ ਕਿ ਉਸ ਨੇ ਜੋ ਫ਼ੈਸਲਾ ਦਿੱਤਾ, ਉਹ ਕਾਨੂੰਨਾਂ ਮੁਤਾਬਿਕ ਬਿਲਕੁਲ ਸਹੀ ਸੀ। ਇਸ ਬਿਆਨ ਤੇ ਬਾਅਦ ’ਚ ਲਿਖਤੀ ਸਪਸ਼ਟੀਕਰਨ ਦੇ ਬਾਵਜੂਦ ਇਸਲਾਮਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਜੱਜ ਮਲਿਕ ਨੂੰ ਅਸਤੀਫ਼ਾ ਦੇਣ ਲਈ ਕਿਹਾ। ਵੀਡੀਓ ਜਾਰੀ ਹੋਣ ਮਗਰੋਂ ਹੁਕਮਰਾਨ ਧਿਰ ਨੇ ਮਰੀਅਮ ਉੱਤੇ ਨਿਆਂਪਾਲਿਕਾ ਦਾ ਅਕਸ ਵਿਗਾੜਨ ਅਤੇ ਜੱਜਾਂ ਦੇ ਵੱਕਾਰ ਨੂੰ ਢਾਹ ਲਾਉਣ ਦੇ ਦੋਸ਼ ਲਾਏ। ਨਾਲ ਹੀ ਤਿੰਨ ਅਜਿਹੇ ਨਿਊਜ਼ ਚੈਨਲਾਂ ਦਾ ਪ੍ਰਸਾਰਨ ਵੀ ਜਬਰੀ ਬੰਦ ਕਰਵਾ ਦਿੱਤਾ ਜਿਹੜੇ ਵਿਰੋਧੀ ਧਿਰ ਦੇ ਨਜ਼ਰੀਏ ਦਾ ਖੁੱਲ੍ਹ ਕੇ ਪ੍ਰਸਾਰਨ ਕਰਦੇ ਸਨ। ਅਜਿਹਾ ਕੀਤੇ ਜਾਣ ਤੋਂ ਬਾਅਦ ਇਕ ਹੋਰ ਚੈਨਲ ‘ਹਮ ਟੀਵੀ’ ਉੱਤੇ ਚੱਲਦੀ ਮਰੀਅਮ ਨਵਾਜ਼ ਦੀ ਇੰਟਰਵਿਊ ਵੀ ਅੱਧ-ਵਿਚਾਲਿਓਂ ਬੰਦ ਕਰਵਾ ਦਿੱਤੀ ਗਈ। ਇਮਰਾਨ ਸਰਕਾਰ ਨੇ ਮੀਡੀਆ ਨੂੰ ਇਹ ਚਿਤਾਵਨੀ ਵੀ ਜਾਰੀ ਕੀਤੀ ਕਿ ਉਹ ਨਿਆਂਪਾਲਿਕਾ ਦਾ ਅਕਸ ਵਿਗਾੜਨ ਵਾਲੀ ਸਮੱਗਰੀ ਪੇਸ਼ ਕਰਨ ਤੋਂ ਬਚੇ ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਈ ਹੋਰ ਬੰਦਸ਼ਾਂ ਵੀ ਮੀਡੀਆ ’ਤੇ ਆਇਦ ਕਰ ਦਿੱਤੀਆਂ ਗਈਾਆਂ।

ਪਾਕਿਸਤਾਨ ਅਤੇ ਇੰਗਲੈਂਡ ਦੇ ਪਾਰਲੀਮਾਨੀ ਮੈਂਬਰਾਂ ਦੀਆਂ ਟੀਮਾਂ ਦਰਮਿਆਨ ਹੋਏ ਮੈਚ ਦਾ ਦ੍ਰਿਸ਼।

ਇਨ੍ਹਾਂ ਕਾਰਵਾਈਆਂ ਖ਼ਿਲਾਫ਼ ਮੀਡੀਆ ਵੱਲੋਂ ਤਿੱਖਾ ਵਿਰੋਧ ਜਾਰੀ ਹੈ। ਸੀਨੀਅਰ ਪੱਤਰਕਾਰ ਜ਼ੋਹਰਾ ਯੂਸਫ਼ ਨੇ ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਵਿਚ ਹਾਲ ਹੀ ’ਚ ਪ੍ਰਕਾਸ਼ਿਤ ਇਕ ਲੇਖ ਵਿਚ ਲਿਖਿਆ ਹੈ ਕਿ ਮੀਡੀਆ ਨੂੰ ਹੁਣ ਨਾਲੋਂ ਵੱਧ ਆਜ਼ਾਦੀ ਜਨਰਲ ਜ਼ਿਆ-ਉਲ-ਹੱਕ ਦੇ ਰਾਜ-ਕਾਲ ਦੌਰਾਨ ਮਿਲੀ ਹੋਈ ਸੀ। ਭਾਵੇਂ ਕਿ ਉਸ ਸਮੇਂ ਮਾਰਸ਼ਲ ਲਾਅ ਲਾਗੂ ਸੀ, ਫਿਰ ਵੀ ਮੀਡੀਆ ਦੀ ਬਾਂਹ ਮਰੋੜਨ ਤੋਂ ਗੁਰੇਜ਼ ਕੀਤਾ ਜਾਂਦਾ ਸੀ। ਹੁਣ ਕਹਿਣ ਨੂੰ ਤਾਂ ਦੇਸ਼ ਵਿਚ ਜਮਹੂਰੀ ਸਰਕਾਰ ਹੈ, ਪਰ ਮੀਡੀਆ ਦੀ ਆਜ਼ਾਦੀ ਦਾ ਗਲਾ ਘੁੱਟਣ ਲਈ ਨਿੱਤ ਨਵੇਂ ਹਥਕੰਡੇ ਵਰਤੇ ਜਾ ਰਹੇ ਹਨ। ਇਸੇ ਤਰ੍ਹਾਂ ਉਰਦੂ ਰੋਜ਼ਾਨਾ ‘ਜੰਗ’ ਦੀ ਸੰਪਾਦਕੀ ਅਨੁਸਾਰ ‘‘ਇਮਰਾਨ ਖ਼ਾਨ ਸਰਕਾਰ ਨੁਕਤਾਚੀਨੀ ਝੱਲਣ ਦਾ ਮਾਦਾ ਦਿਖਾਉਣ ਦੀ ਥਾਂ ਨੁਕਤਾਚੀਨਾਂ ਨੂੰ ਦਬਾਉਣ ਦੇ ਰਾਹ ਚੱਲ ਰਹੀ ਹੈ। ਇਹ ਜਮਹੂਰੀ ਅਸੂਲਾਂ ਦੀ ਖ਼ਿਲਾਫ਼ਵਰਜ਼ੀ ਹੈ।’’
* * *
ਸੈਨੇਟ ਦੇ ਮੁਖੀ ਖ਼ਿਲਾਫ਼ ਵਿਦਰੋਹ
ਸਾਲ ਪਹਿਲਾਂ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਤੇ ਪਾਕਿਸਤਾਨ ਪੀਪਲਜ਼ ਪਾਰਟੀ ਨੇ ਏਕਾ ਦਰਸਾਉਂਦਿਆਂ ਬਲੋਚ ਆਗੂ ਸਾਦਿਕ ਸੰਜਰਾਨੀ ਨੂੰ ਸੈਨੇਟ ਦਾ ਚੇਅਰਮੈਨ (ਸਭਾਪਤੀ) ਬਣਵਾਇਆ ਸੀ। ਹੁਣ ਇਨ੍ਹਾਂ ਹੀ ਪਾਰਟੀਆਂ ਵੱਲੋਂ ਸੰਜਰਾਨੀ ਦੀ ਥਾਂ ਇਕ ਹੋਰ ਬਲੋਚ ਆਗੂ- ਮੀਰ ਹਾਸਿਲ ਬਿਜ਼ੈਂਜੋ ਨੂੰ ਸਭਾਪਤੀ ਬਣਾਉਣ ਦੇ ਹੀਲੇ ਜ਼ੋਰਾਂ ’ਤੇ ਹਨ। ਵਜ੍ਹਾ ਹੈ ਕਿ ਸੰਜਰਾਨੀ, ਵਿਰੋਧੀ ਧਿਰ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰਿਆ। ਵਿਰੋਧੀ ਧਿਰ ਨਾਲ ਸਬੰਧਤ ਹੋਣ ਦੇ ਬਾਵਜੂਦ ਉਸ ਵੱਲੋਂ ਸਮੇਂ ਸਮੇਂ ਸਰਕਾਰ ਦੀ ਮਦਦ ਕਰਨ ਦੇ ਦੋਸ਼ ਲਗਾਤਾਰ ਲੱਗਦੇ ਆਏ ਹਨ। ਇਸੇ ਲਈ ਉਸ ਨੂੰ ਅਹੁਦੇ ਤੋਂ ਹਟਾਉਣ ਦਾ ਅਮਲ ਸ਼ੁਰੂ ਹੋ ਚੁੱਕਾ ਹੈ।
ਅੰਗਰੇਜ਼ੀ ਰੋਜ਼ਨਾਮਾ ‘ਦਿ ਟਾਈਮਜ਼’ ਦੀ ਰਿਪੋਰਟ ਅਨੁਸਾਰ ਬਿਜ਼ੈਂਜੋ ਤਰੱਕੀਪਸੰਦ ਤਹਿਰੀਕ ਨਾਲ ਹਮੇਸ਼ਾਂ ਹੀ ਜੁੜਿਆ ਰਿਹਾ ਹੈ। ਉਸ ਦਾ ਨਾਮ ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਬਿਲਾਵਲ ਜ਼ਰਦਾਰੀ ਨੇ ਤਜਵੀਜ਼ ਕੀਤਾ। ਪੀਐੱਮਐਲ (ਨਵਾਜ਼) ਸਾਦਿਕ ਸੰਜਰਾਨੀ ਨੂੰ ਬਦਲਣ ਦੇ ਹੱਕ ਵਿਚ ਨਹੀਂ ਸੀ, ਪਰ ਸ਼ੁੱਕਰਵਾਰ ਨੂੰ ਇਸ ਨੇ ਵਿਰੋਧੀ ਧਿਰ ਨਾਲ ਏਕਾ ਬਰਕਰਾਰ ਰੱਖਣ ਦਾ ਨਿਰਣਾ ਲਿਆ। ਬਿਜ਼ੈਂਜੋ ਤਿੰਨ ਦਹਾਕੇ ਪਹਿਲਾਂ ਜਦੋਂ ਕਰਾਚੀ ਵਿਚ ਯੂਨੀਵਰਸਿਟੀ ਆਰਟਸ ਫੈਕਲਟੀ ਦੀ ਚੋਣ ਲੜ ਰਿਹਾ ਸੀ ਤਾਂ ਉਸ ’ਤੇ ਜ਼ਿਆ-ਉਲ-ਹੱਕ ਪੱਖੀ ਧਿਰ- ਜਮਾਇਤ-ਇ-ਤੁਲਬਾ ਦੇ ਕਾਰਕੁਨਾਂ ਨੇ ਗੋਲੀ ਚਲਾਈ ਸੀ। ਸਖ਼ਤ ਫੱਟੜ ਹੋਣ ਦੇ ਬਾਵਜੂਦ ਬਿਜ਼ੈਂਜੋ ਨੇ ਸਰਕਾਰਾਂ ਤੇ ਗਰਮ-ਖਿਆਲੀਆਂ ਦੀ ਚੜ੍ਹਤ ਅਤੇ ਅਜਿਹੇ ਅਨਸਰਾਂ ਨੂੰ ਸਰਕਾਰੀ ਸਰਪ੍ਰਸਤੀ ਤੇ ਸ਼ਹਿ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਜਾਰੀ ਰੱਖੀ। ਉਸ ਦਾ ਅਜਿਹਾ

ਮੀਰ ਹਾਸਿਲ ਬਿਜ਼ੈਂਜੋ

ਅਣਖੀਲਾ ਕਿਰਦਾਰ ਹੁਣ ਵਿਰੋਧੀ ਧਿਰ ਨੂੰ ਰਾਸ ਆ ਰਿਹਾ ਹੈ।
* * *
ਪਾਕਿ ਨੇ ਜਿੱਤਿਆ ਵਿਸ਼ਵ ਕੱਪ
ਪਾਕਿਸਤਾਨ ਦੀ ਕ੍ਰਿਕਟ ਟੀਮ ਤਾਂ ਹਾਲੀਆ ਵਿਸ਼ਵ ਕੱਪ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਨਾ ਪਹੁੰਚ ਸਕੀ, ਪਰ ਇੰਗਲੈਂਡ ’ਚ ਇਸ ਦੇਸ਼ ਦੀ ਇਕ ਹੋਰ ਟੀਮ ਵੱਖਰੀ ਕਿਸਮ ਦਾ ਵਿਸ਼ਵ ਕੱਪ ਆਪਣੇ ਨਾਮ ਕਰਵਾਉਣ ਵਿਚ ਕਾਮਯਾਬ ਰਹੀ ਹੈ। ਇਹ ਟੂਰਨਾਮੈਂਟ ਸੀ ਅੰਤਰ-ਪਾਰਲੀਮਾਨੀ ਕ੍ਰਿਕਟ ਵਿਸ਼ਵ ਕੱਪ ਚੈਂਪੀਅਨਸ਼ਿਪ। ਇਸ ਵਿਚ ਪਾਕਿਸਤਾਨ ਤੇ ਮੇਜ਼ਬਾਨ ਇੰਗਲੈਂਡ ਤੋਂ ਇਲਾਵਾ ਆਸਟਰੇਲੀਆ, ਨਿਊਜ਼ੀਲੈਂਡ, ਭਾਰਤ, ਬੰਗਲਾਦੇਸ਼ ਤੇ ਅਫ਼ਗ਼ਾਨਿਸਤਾਨ ਦੀਆਂ ਟੀਮਾਂ ਨੇ ਹਿੱਸਾ ਲਿਆ। ਅੰਗਰੇਜ਼ੀ ਰੋਜ਼ਨਾਮਾ ‘ਦਿ ਨੇਸ਼ਨ’ ਦੀ ਰਿਪੋਰਟ ਅਨੁਸਾਰ ਫਾਈਨਲ ਮੈਚ ਪਾਕਿਸਤਾਨ ਤੇ ਬੰਗਲਾਦੇਸ਼ ਦਰਮਿਆਨ ਖੇਡਿਆ ਗਿਆ। ਪਾਕਿਸਤਾਨੀ ਟੀਮ ਦੇ ਕਪਤਾਨ ਮਖ਼ਦੂਮ ਜ਼ਾਇਨ ਹੁਸੈਨ ਕੁਰੈਸ਼ੀ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ। ਪੂਰੀ ਬੰਗਲਾ ਟੀਮ ਨਿਰਧਾਰਤ 50 ਓਵਰਾਂ ’ਚ ਅੱਠ ਵਿਕਟਾਂ ਪਿੱਛੇ 104 ਦੌੜਾਂ ਹੀ ਬਣਾ ਸਕੀ। ਜਵਾਬ ਵਿਚ ਪਾਕਿਸਤਾਨ ਨੇ ਮਹਿਜ਼ ਇਕ ਵਿਕਟ ਦੇ ਨੁਕਸਾਨ ਬਦਲੇ ਮੁਕਾਬਲਾ 32 ਓਵਰਾਂ ’ਚ ਹੀ ਮੁਕਾ ਲਿਆ। ਇਸ ਕਾਮਯਾਬੀ ’ਚ ਮੁੱਖ ਯੋਗਦਾਨ ਸਾਬਕਾ ਮੰਤਰੀ ਅਲੀ ਅਮੀਨ ਖ਼ਾਨ ਗੰਡਾਪੁਰ ਦਾ ਰਿਹਾ। ਉਸ ਨੇ 52 ਨਾਬਾਦ ਦੌੜਾਂ ਬਣਾਈਆਂ।
* * *
ਕਾਰ ਸੰਕਟ ਹੋਇਆ ਹਾਵੀ
ਭਾਰਤ ਵਾਂਗ ਪਾਕਿਸਤਾਨ ਵਿਚ ਵੀ ਕਾਰਾਂ ਦੀ ਵਿਕਰੀ ਦੀ ਮਹੀਨੇਵਾਰ ਦਰ ਤੇਜ਼ੀ ਨਾਲ ਘਟਦੀ ਜਾ ਰਹੀ ਹੈ। ਅਣਵਿਕੀਆਂ ਕਾਰਾਂ ਦੇ ਵੱਡੇ ‘ਜ਼ਖੀਰੇ’ ਤੋਂ ਤੰਗ ਆਈ ਕੰਪਨੀ- ਹੌਂਡਾ ਐਟਲਸ ਕਾਰਜ਼ ਲਿਮਟਿਡ ਨੇ 10 ਦਿਨਾਂ ਲਈ ਆਪਣਾ ਪਲਾਂਟ ਬੰਦ ਕਰ ਦਿੱਤਾ। ਪਹਿਲਾਂ ਇਹ ਕੰਪਨੀ ਪੰਜ ਮਹੀਨੇ ਤੋਂ ਹਫ਼ਤੇ ’ਚ ਦੋ ਦਿਨ ਆਪਣਾ ਉਤਪਾਦਨ ਬੰਦ ਰੱਖਦੀ ਆ ਰਹੀ ਸੀ। ਇਸੇ ਤਰ੍ਹਾਂ ਇੰਡਸ ਮੋਟਰ ਕੰਪਨੀ ਨੇ ਵੀ ਆਪਣੇ ਪਲਾਂਟ ਇਕ ਹਫ਼ਤੇ ਲਈ ਬੰਦ ਕਰ ਦਿੱਤੇ ਹਨ। ਪਾਕਿਸਤਾਨ ਸੁਜ਼ੂਕੀ ਮੋਟਰ ਕੰਪਨੀ ਨੇ ਅਜੇ ਪੈਦਾਵਾਰ ਬੰਦ ਕਰਨ ਦਾ ਫ਼ੈਸਲਾ ਨਹੀਂ ਲਿਆ, ਪਰ ਅੰਗਰੇਜ਼ੀ ਰੋਜ਼ਨਾਮੇ ‘ਐਕਸਪ੍ਰੈਸ ਟ੍ਰਿਬਿਊਨ’ ਅਨੁਸਾਰ ਇਸ ਕੰਪਨੀ ਨੂੰ ਵੀ ਆਪਣਾ ਉਤਪਾਦਨ ਘਟਾਉਣ ਵਾਲਾ ਕਦਮ ਚੰਦ ਦਿਨਾਂ ਬਾਅਦ ਚੁੱਕਣਾ ਹੀ ਪਵੇਗਾ ਕਿਉਂਕਿ ਇਸ ਕੋਲ ਵੀ ਦਸ ਹਜ਼ਾਰ ਦੇ ਕਰੀਬ ਅਣਵਿਕੀਆਂ ਕਾਰਾਂ ਪਈਆਂ ਹੋਈਆਂ ਹਨ।
* * *
ਟਰੈਕ-2 ਸੰਵਾਦ ਮੁੜ ਸ਼ੁਰੂ
ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਟਕਰਾਅਵਾਦੀ ਰੁਖ਼ ਦੇ ਬਾਵਜੂਦ ਅਮਨ ਦੇ ਸ਼ੈਦਾਈਆਂ ਨੇ ਅਮਨ ਦਾ ਹੋਕਾ ਦੇਣਾ ਨਹੀਂਂ ਛੱਡਿਆ। ਅੰਗਰੇਜ਼ੀ ਅਖ਼ਬਾਰ ‘ਡੇਲੀ ਟਾਈਮਜ਼’ ਦੀ ਰਿਪੋਰਟ ਅਨੁਸਾਰ ਦੋਵਾਂ ਦੇਸ਼ਾਂ ਦੀ ਸਿਵਿਲ ਸੁਸਾਿੲਟੀ ਦੇ ਪ੍ਰਤੀਨਿਧਾਂ ਦਰਮਿਆਨ ਦੋ-ਰੋਜ਼ਾ ਟਰੈਕ-2 ਵਾਰਤਾਲਾਪ ਸ਼ਨਿੱਚਰਵਾਰ ਨੂੰ ਇਸਲਾਮਾਬਾਦ ’ਚ ਸਮਾਪਤ ਹੋਈ। ਇਸ ਵਿਚ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਵੀਜ਼ਾ-ਪ੍ਰਣਾਲੀ ਨੂੰ ਵੱਧ ਉਦਾਰ ਬਣਾਉਣ ਅਤੇ ਵਪਾਰਕ ਸਬੰਧਾਂ ਨੂੰ ਵੱਧ ਵਿਆਪਕ ਬਣਾਉਣ ਦੇ ਉਪਾਅ ਕਰਨ। ਦੋਵਾਂ ਸਰਕਾਰਾਂ ਨੂੰ ਆਪੋ-ਆਪਣਾ ਹਵਾਈ ਮੰਡਲ ਖੋਲ੍ਹਣ ਦੀ ਅਪੀਲ ਵੀ ਕੀਤੀ ਗਈ ਤਾਂ ਜੋ ਆਮ ਲੋਕਾਂ ਨੂੰ ਹੋ ਰਹੀ ਅਸੁਵਿਧਾ ਦੂਰ ਹੋ ਸਕੇ। ਇਸ ਵਾਰਤਾਲਾਪ ਦਾ ਅਗਲਾ ਦੌਰ ਨਵੀਂ ਦਿੱਲੀ ਵਿਚ ਹੋਵੇਗਾ। ਇਹ ਫ਼ੈਸਲਾ ਲਿਆ ਗਿਆ ਕਿ ਸਿਆਸੀ ਆਬੋ-ਹਵਾ ’ਚ ਵਿਗਾੜਾਂ-ਨਿਘਾਰਾਂ ਦੇ ਬਾਵਜੂਦ ਦੋਵਾਂ ਮੁਲਕਾਂ ਦੀ ਸਿਵਿਲ ਸੁਸਾਇਟੀ ਦਰਮਿਆਨ ਰਾਬਤਾ ਬਰਕਰਾਰ ਰੱਖਿਆ ਜਾਵੇ ਅਤੇ ਅਮਨ ਕਾਇਮ ਰੱਖਣ ਲਈ ਜੋ ਕੁਝ ਵੀ ਸੰਭਵ ਹੋ ਸਕਦਾ ਹੋਵੇ, ਉਹ ਜ਼ਰੂਰ ਕੀਤਾ ਜਾਵੇ।
– ਪੰਜਾਬੀ ਟ੍ਰਿਬਿਊਨ ਫੀਚਰ


Comments Off on ਇਮਰਾਨ ਨੂੰ ਹਜ਼ਮ ਨਹੀਂ ਹੋ ਰਹੀ ਨੁਕਤਾਚੀਨੀ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.