ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਇਮਰਾਨ ਨੂੰ ਅਮਰੀਕੀ ਦੌਰੇ ਤੋਂ ਕੀ ਕੁਝ ਮਿਲਿਆ

Posted On July - 30 - 2019

ਸੰਜੀਵ ਪਾਂਡੇ

ਤੀਹ ਤੋਂ ਚਾਲੀ ਹਜ਼ਾਰ ਅਤਿਵਾਦੀ ਪਾਕਿਸਤਾਨ ਵਿਚ ਅੱਜ ਵੀ ਮੌਜੂਦ ਹਨ। ਇਮਰਾਨ ਖ਼ਾਨ ਦੇ ਅਮਰੀਕੀ ਦੌਰੇ ਦੌਰਾਨ ਇਸਨੂੰ ਸਵੀਕਾਰਨ ਦੀ ਭਾਰਤੀ ਮੀਡੀਆ ਵਿਚ ਖ਼ੂਬ ਚਰਚਾ ਹੋਈ, ਪਰ ਇਸ ਦੌਰੇ ਦੀ ਇਸਤੋਂ ਵੀ ਜ਼ਿਆਦਾ ਮਹੱਤਵਪੂਰਨ ਗੱਲ ਇਹ ਸੀ ਕਿ ਅਫ਼ਗਾਨ ਸ਼ਾਂਤੀ ਵਾਰਤਾ ਵਿਚ ਪਾਕਿਸਤਾਨ ਦੀ ਅਹਿਮ ਭੂਮਿਕਾ ਹਾਸਲ ਕਰਨ ਵਿਚ ਪਾਕਿਸਤਾਨੀ ਲੀਡਰਸ਼ਿਪ ਕਾਮਯਾਬ ਰਹੀ। ਟਰੰਪ ਪ੍ਰਸ਼ਾਸਨ ਵੱਲੋਂ ਪਾਕਿਸਤਾਨ ਨੂੰ ਦਿੱਤੀ ਗਈ ਇਸ ਅਹਿਮ ਭੂਮਿਕਾ ਤੋਂ ਬਾਅਦ ਪਾਕਿਸਤਾਨ ਫਿਰ ਦੱਖਣੀ ਏਸ਼ੀਆ ਦੀ ਖੇਤਰੀ ਕੂਟਨੀਤੀ ਵਿਚ ਮਹੱਤਵਪੂਰਨ ਸਥਿਤੀ ਹਾਸਲ ਕਰ ਸਕਦਾ ਹੈ। ਦਰਅਸਲ, ਪਾਕਿਸਤਾਨ ਨੇ ਆਪਣੇ ਪੁਰਾਣੇ ਤੌਰ ਤਰੀਕੇ ਨੂੰ ਅਪਣਾਉਂਦੇ ਹੋਏ ਅਮਰੀਕੀ ਦੌਰੇ ਵਿਚ ਆਰਥਿਕ ਮਦਦ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰੇ ਤੋਂ ਬਾਅਦ ਖ਼ਬਰ ਆਈ ਕਿ ਅਮਰੀਕਾ ਪਾਕਿਸਤਾਨ ਨੂੰ 1.3 ਬਿਲੀਅਨ ਡਾਲਰ ਦੀ ਸੁਰੱਖਿਆ ਸਹਿਯੋਗ ਰਾਸ਼ੀ ਜਾਰੀ ਕਰ ਸਕਦਾ ਹੈ। 2018 ਵਿਚ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਮਿਲਣ ਵਾਲੀ ਇਸ ਸਹਿਯੋਗ ਰਾਸ਼ੀ ’ਤੇ ਰੋਕ ਲਗਾ ਦਿੱਤੀ ਸੀ।
ਦਰਅਸਲ, ਇਮਾਰਨ ਖ਼ਾਨ ਦੇ ਅਮਰੀਕੀ ਦੌਰੇ ਤੋਂ ਪਹਿਲਾਂ ਹੀ ਪਾਕਿਸਤਾਨੀ ਮੀਡੀਆ ਵਿਚ ਸਵਾਲ ਉੱਠ ਰਹੇ ਸਨ ਕਿ ਅਫ਼ਗਾਨ ਸ਼ਾਂਤੀ ਵਾਰਤਾ ਨੂੰ ਸਫਲ ਕਰਨ ਦੇ ਇਵਜ਼ ਵਿਚ ਪਾਕਿਸਤਾਨ ਨੂੰ ਅਮਰੀਕਾ ਕੀ ਦੇਏਗਾ? ਕਿਉਂਕਿ ਪਾਕਿਸਤਾਨ ਲਗਾਤਾਰ ਕਹਿੰਦਾ ਰਿਹਾ ਹੈ ਕਿ ਅਫ਼ਗਾਨ ਯੁੱਧ ਕਾਰਨ ਪਾਕਿਸਤਾਨ ਨੂੰ 123 ਅਰਬ ਡਾਲਰ ਦਾ ਆਰਥਿਕ ਨੁਕਸਾਨ ਹੋਇਆ, ਜਦੋਂਕਿ ਅਫ਼ਗਾਨ ਯੁੱਧ ਪਾਕਿਸਤਾਨ ਦਾ ਨਹੀਂ ਸੀ। ਇਮਰਾਨ ਖ਼ਾਨ ਹੁਣ ਬੋਲ ਰਹੇ ਹਨ ਕਿ ਉਹ ਜਲਦੀ ਹੀ ਤਾਲਿਬਾਨ ਲੀਡਰਾਂ ਨਾਲ ਮੁਲਾਕਾਤ ਕਰਕੇ ਸ਼ਾਂਤੀ ਪ੍ਰਕਿਰਿਆ ਨੂੰ ਤੇਜ਼ ਕਰਨਗੇ। ਫਿਲਹਾਲ ਪਾਕਿਸਤਾਨ ਅਫ਼ਗਾਨ ਸ਼ਾਂਤੀ ਵਾਰਤਾ ਵਿਚ ਆਪਣੀ ਸਥਿਤੀ ਮਜ਼ਬੂਤ ਕਰਦਾ ਨਜ਼ਰ ਆ ਰਿਹਾ ਹੈ। ਦਰਅਸਲ, ਪਾਕਿਸਤਾਨੀ ਭੂਗੋਲ ਨੇ ਚੀਨ ਅਤੇ ਅਮਰੀਕਾ ਦੋਵਾਂ ਨੂੰ ਮਜਬੂਰ ਕੀਤਾ ਕਿ ਉਹ ਅਫਗ਼ਾਨ ਸ਼ਾਂਤੀ ਵਾਰਤਾ ਵਿਚ ਪਾਕਿਸਤਾਨ ਦੀ ਅਹਿਮ ਭੂਮਿਕਾ ਸਵੀਕਾਰ ਕਰੇ।
ਬੇਸ਼ੱਕ ਪਾਕਿਸਤਾਨ ਦੀ ਆਰਥਿਕ ਹਾਲਤ ਕਾਫ਼ੀ ਖਰਾਬ ਹੈ। ਅੱਜ ਪਾਕਿਸਤਾਨੀ ਸਰਕਾਰ ਨੂੰ ਮੁਲਕ ਚਲਾਉਣ ਲਈ ਦੂਜੇ ਮੁਲਕਾਂ ਤੋਂ ਪੈਸੇ ਮੰਗਾਉਣੇ ਪੈਂਦੇ ਹਨ, ਪਰ ਇਕ ਸੱਚਾਈ ਇਹ ਵੀ ਹੈ ਕਿ ਅਮਰੀਕਾ ਪਾਕਿਸਤਾਨ ਨੂੰ ਇੰਨੀ ਆਸਾਨੀ ਨਾਲ ਛੱਡ ਨਹੀਂ ਸਕਦਾ। ਇਸਦੇ ਕਈ ਕਾਰਨ ਹਨ। ਪਾਕਿਸਤਾਨ ਦਾ ਭੂਗੋਲ ਪਾਕਿਸਤਾਨ ਦੀ ਅਹਿਮੀਅਤ ਨੂੰ ਘੱਟ ਨਹੀਂ ਹੋਣ ਦਿੰਦਾ। ਪਾਕਿਸਤਾਨ ਦਾ ਇਕ ਗੁਆਂਢੀ ਚੀਨ ਹੈ ਤਾਂ ਦੂਜਾ ਇਰਾਨ। ਦੋਵੇਂ ਮੁਲਕਾਂ ਨਾਲ ਅਮਰੀਕਾ ਦੇ ਸਬੰਧ ਲੰਬੇ ਸਮੇਂ ਤੋਂ ਖਰਾਬ ਰਹੇ ਹਨ। ਇਸ ਲਈ ਪਾਕਿਸਤਾਨ ਨਾਲ ਨੇੜਤਾ ਕਾਇਮ ਰੱਖਣਾ ਅਮਰੀਕਾ ਦੀ ਮਜਬੂਰੀ ਹੈ। ਹੁਣ ਅਫ਼ਗਾਨ ਸ਼ਾਂਤੀ ਵਾਰਤਾ ਦੇ ਉਪਰਾਲਿਆਂ ਦਾ ਹੀ ਅਧਿਐਨ ਕਰੀਏ। ਪਾਕਿਸਤਾਨ ਦੇ ਸਹਿਯੋਗ ਤੋਂ ਬਿਨਾਂ ਸ਼ਾਂਤੀ ਵਾਰਤਾ ਸਫਲ ਨਹੀਂ ਹੋ ਸਕਦੀ। ਪਾਕਿਸਤਾਨ ਅਤੇ ਅਫ਼ਗਾਨਿਸਤਾਨ ਗੁਆਂਢੀ ਮੁਲਕ ਹਨ ਜਿਨ੍ਹਾਂ ਦੀਆਂ ਆਪਸੀ ਸੀਮਾਵਾਂ 2640 ਕਿਲੋਮੀਟਰ ਲੰਬੀਆਂ ਹਨ। ਸੀਮਾ ਦੇ ਦੋਵੇਂ ਪਾਸੇ ਪਸ਼ਤੂਨ ਆਬਾਦੀ ਹੈ ਜਿਨ੍ਹਾਂ ਦੀਆਂ ਆਪਸ ਵਿਚ ਰਿਸ਼ਤੇਦਾਰੀਆਂ ਹਨ। ਤਾਲਿਬਾਨ ਵੀ ਮੂਲ ਰੂਪ ਨਾਲ ਪਸ਼ਤੂਨਾਂ ਦਾ ਅਤਿਵਾਦੀ ਸੰਗਠਨ ਹੈ। ਅਫ਼ਗਾਨ ਤਾਲਿਬਾਨ ਦੇ ਪਾਕਿਸਤਾਨ ਨਾਲ ਲੰਬੇ ਸਮੇਂ ਤੋਂ ਚੰਗੇ ਸਬੰਧ ਰਹੇ ਹਨ।

ਸੰਜੀਵ ਪਾਂਡੇ

ਦੂਜੇ ਪਾਸੇ ਅਮਰੀਕਾ ਕਿਸੇ ਵੀ ਕੀਮਤ ’ਤੇ ਅਫ਼ਗਾਨਿਸਤਾਨ ਤੋਂ ਬਾਹਰ ਨਿਕਲਣਾ ਚਾਹੁੰਦਾ ਹੈ ਕਿਉਂਕਿ ਅਫ਼ਗਾਨਿਸਤਾਨ ਵਿਚ ਅਮਰੀਕਾ ਹਰੇਕ ਸਾਲ 48 ਅਰਬ ਡਾਲਰ ਖ਼ਰਚ ਕਰ ਰਿਹਾ ਹੈ। 18 ਸਾਲ ਬੀਤ ਚੁੱਕੇ ਹਨ। ਤਾਲਿਬਾਨ ਨੂੰ ਨਾਟੋ ਸੈਨਿਕ ਕਮਜ਼ੋਰ ਨਹੀਂ ਕਰ ਸਕੇ। ਅਫ਼ਗਾਨਿਸਤਾਨ ਵਿਚ ਅਮਰੀਕਾ ਦੇ ਸਹਿਯੋਗ ਨਾਲ ਹਾਮਿਦ ਕਰਜ਼ਈ ਅਤੇ ਅਸ਼ਰਫ਼ ਗਨੀ ਦੀ ਸਰਕਾਰ ਬਣੀ। ਦੋਵਾਂ ਨੂੰ ਨਾਟੋ ਸੈਨਾ ਦਾ ਸਹਿਯੋਗ ਮਿਲਿਆ। ਫਿਰ ਵੀ ਤਾਲਿਬਾਨ ਅੱਜ ਲਗਪਗ ਅੱਧੇ ਅਫ਼ਗਾਨਿਸਤਾਨ ਵਿਚ ਮਜ਼ਬੂਤ ਹਨ। ਅਫ਼ਗਾਨਿਸਤਾਨ ਦੇ ਦੱਖਣੀ ਅਤੇ ਪੂਰਬੀ ਰਾਜਾਂ ਦੇ ਪੇਂਡੂ ਇਲਾਕੇ ਤਾਲਿਬਾਨ ਤੇ ਨਿਯੰਤਰਣ ਵਿਚ ਹਨ। ਇਨ੍ਹਾਂ ਰਾਜਾਂ ਵਿਚ ਸ਼ਹਿਰਾਂ ਤਕ ਹੀ ਅਫ਼ਗਾਨ ਪ੍ਰਸ਼ਾਸਨ ਸੀਮਤ ਹੈ। ਇਸ ਮਜਬੂਰੀ ਵਿਚ ਅਮਰੀਕਾ ਨੇ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਸ਼ੁਰੂ ਕੀਤੀ। ਤਾਲਿਬਾਨ ਨੂੰ ਸ਼ਾਂਤੀ ਵਾਰਤਾ ਦੇ ਮੇਜ਼ ’ਤੇ ਲਿਆਉਣ ਲਈ ਰੂਸ ਅਤੇ ਚੀਨ ਪਹਿਲਾਂ ਤੋਂ ਹੀ ਸਰਗਰਮ ਸਨ, ਪਰ ਪਾਕਿਸਤਾਨ ਨੂੰ ਸ਼ਾਂਤੀ ਵਾਰਤਾ ਵਿਚ ਭੂਮਿਕਾ ਦੇਣੀ ਕਾਫ਼ੀ ਜ਼ਰੂਰੀ ਹੈ ਕਿਉਂਕਿ ਅਫ਼ਗਾਨ ਤਾਲਿਬਾਨ ਦੇ ਜ਼ਿਆਦਾਤਰ ਕਮਾਂਡਰ ਲੰਬੇ ਸਮੇਂ ਤੋਂ ਪਾਕਿਸਤਾਨ ਵਿਚ ਹੀ ਬੈਠੇ ਰਹੇ।
ਟਰੰਪ ਪ੍ਰਸ਼ਾਸਨ ਦੀ ਦੂਜੀ ਮਜਬੂਰੀ ਇਰਾਨ ਵੀ ਹੈ। ਇਸ ਕਾਰਨ ਅਮਰੀਕਾ ਪਾਕਿਸਤਾਨ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਜਨਵਰੀ 2018 ਵਿਚ ਟਰੰਪ ਨੇ ਪਾਕਿਸਤਾਨ ਨਾਲ ਭਾਰੀ ਨਾਰਾਜ਼ਗੀ ਪ੍ਰਗਟਾਈ ਸੀ। ਟਰੰਪ ਨੇ ਕਿਹਾ ਸੀ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਅਤਿਵਾਦ ਨਾਲ ਲੜਨ ਲਈ 15 ਸਾਲਾਂ ਵਿਚ 33 ਅਰਬ ਡਾਲਰ ਦਿੱਤੇ, ਪਰ ਪਾਕਿਸਤਾਨ ਨੇ ਅਤਿਵਾਦ ਖਿਲਾਫ਼ ਕੋਈ ਲੜਾਈ ਨਹੀਂ ਲੜੀ। ਪਾਕਿਸਤਾਨ ਨੇ ਅਮਰੀਕਾ ਨੂੰ ਮੂਰਖ ਬਣਾਇਆ। ਟਰੰਪ ਦੇ ਬਿਆਨ ਨਾਲ ਇਕ ਵਾਰ ਮਹਿਸੂਸ ਹੋਣ ਲੱਗਿਆ ਸੀ ਕਿ ਪਾਕਿਸਤਾਨ ਅਤੇ ਅਮਰੀਕਾ ਦੇ ਸਬੰਧ ਕਾਫ਼ੀ ਖ਼ਰਾਬ ਹੋ ਗਏ ਹਨ, ਪਰ ਦਸੰਬਰ, 2018 ਆਉਂਦੇ ਆਉਂਦੇ ਟਰੰਪ ਦਾ ਰਵੱਈਆ ਫਿਰ ਬਦਲਣ ਲੱਗਿਆ। ਟਰੰਪ ਨੇ ਪਾਕਿਸਤਾਨ ਪ੍ਰਤੀ ਨਰਮ ਰੁਖ਼ ਅਪਣਾਇਆ ਕਿਉਂਕਿ ਹੁਣ ਅਫ਼ਗਾਨ ਸ਼ਾਂਤੀ ਵਾਰਤਾ ਵਿਚ ਪਾਕਿਸਤਾਨ ਦੀ ਅਹਿਮ ਭੂਮਿਕਾ ਆਉਣ ਵਾਲੀ ਸੀ। ਤਾਲਿਬਾਨ ਕਮਾਂਡਰਾਂ ਨੂੰ ਇਮਾਨਦਾਰੀ ਨਾਲ ਗੱਲਬਾਤ ਦੇ ਮੇਜ਼ ’ਤੇ ਲਿਆਉਣ ਲਈ ਪਾਕਿਤਸਾਨ ਦੀਆਂ ਕੋਸ਼ਿਸ਼ਾਂ ਜ਼ਰੂਰੀ ਸਨ। ਟਰੰਪ ਪੁਰਾਣੇ ਸਟੈਂਡ ਨੂੰ ਇਸ ਲਈ ਬਦਲ ਰਿਹਾ ਸੀ ਕਿ ਤਾਲਿਬਾਨ ਕਮਾਂਡਰ ਇਰਾਨ ਦੇ ਸੰਪਰਕ ਵਿਚ ਵੀ ਹਨ। ਇਰਾਨ ਅਤੇ ਅਫ਼ਗਾਨਿਸਤਾਨ ਵਿਚਕਾਰ 921 ਕਿਲੋਮੀਟਰ ਲੰਬੀ ਸੀਮਾ ਹੈ। ਇਹੀ ਕਾਰਨ ਹੈ ਕਿ ਇਰਾਨ ਦੀ ਅਫ਼ਗਾਨਿਸਤਾਨ ਵਿਚ ਦਖਲਅੰਦਾਜ਼ੀ 80 ਦੇ ਦਹਾਕੇ ਤੋਂ ਰਹੀ ਹੈ। ਤਾਲਿਬਾਨ ਦੇ ਪ੍ਰਭਾਵ ਵਾਲੇ ਅਫ਼ਗਾਨ ਰਾਜ ਹੈਰਾਤ ਅਤੇ ਕੰਧਾਰ ਦੀ ਸੀਮਾ ਇਰਾਨ ਨਾਲ ਮਿਲਦੀ ਹੈ। ਇੱਥੇ ਲੰਬੇ ਸਮੇਂ ਤੋਂ ਇਰਾਨ ਘੁਸਪੈਠ ਕਰਦਾ ਰਿਹਾ ਹੈ। ਤਾਲਿਬਾਨ ਦੇ ਸ਼ਾਸਨਕਾਲ ਵਿਚ ਤਾਬਿਲਾਨ ਵਿਰੋਧੀ ਦੇ ਵਿਰੋਧੀ ਤਾਜਿਕ ਅਤੇ ਉਜ਼ਬੇਕ ਕਮਾਂਡਰਾਂ ਨੂੰ ਇਰਾਨ ਮਦਦ ਕਰਦਾ ਰਿਹਾ, ਪਰ ਹੁਣ ਸਥਿਤੀ ਬਦਲ ਗਈ ਹੈ। ਹੁਣ ਤਾਲਿਬਾਨ ਕਮਾਂਡਰ ਵੀ ਇਰਾਨ ਦੇ ਨਜ਼ਦੀਕ ਹਨ ਕਿਉਂਕਿ ਇਰਾਨ ਨੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਹੈ। ਇਹ ਹੀ ਨਹੀਂ ਤਾਲਿਬਾਨ ਕਮਾਂਡਰਾਂ ਦੇ ਆਰਥਿਕ ਹਿੱਤ ਵੀ ਇਰਾਨ ਵਿਚ ਹਨ। ਇਸ ਕਾਰਨ ਤਾਲਿਬਾਨ ਕਮਾਂਡਰ ਇਰਾਨ ਦੇ ਪ੍ਰਭਾਵ ਵਿਚ ਹਨ। ਪਾਕਿਸਤਾਨ ਦੇ ਬਲੋਚਿਸਤਾਨ ਇਲਾਕੇ ਵਿਚ ਰਹਿਣ ਵਾਲੇ ਤਾਲਿਬਾਨ ਕਮਾਂਡਰ ਲਗਾਤਾਰ ਤਹਿਰਾਨ ਦੇ ਸੰਪਰਕ ਵਿਚ ਹਨ, ਇਹ ਕਮਾਂਡਰ ਤਹਿਰਾਨ ਜਾਂਦੇ ਰਹਿੰਦੇ ਹਨ ਅਤੇ ਇਰਾਨ ਉਨ੍ਹਾਂ ਨੂੰ ਪੈਸਾ ਅਤੇ ਹਥਿਆਰ ਦੋਵੇਂ ਦਿੰਦਾ ਹੈ, ਇਹ ਸਭ ਸਾਬਤ ਹੋ ਚੁੱਕਿਆ ਹੈ। ਅਮਰੀਕਾ ਇਸਤੋਂ ਕਾਫ਼ੀ ਪਰੇਸ਼ਾਨ ਰਿਹਾ ਹੈ। ਇਰਾਨ ਅਤੇ ਅਫ਼ਗਾਨ ਤਾਲਿਬਾਨ ਦੀ ਮਿਲਭੁਗਤ ਦੀ ਜਾਣਕਾਰੀ ਉਦੋਂ ਸਾਹਮਣੇ ਆਈ ਜਦੋਂ ਤਾਲਿਬਾਨ ਦਾ ਮੁਖੀ ਮੁੱਲਾ ਅਖ਼ਤਰ ਮੰਸੂਰ ਅਮਰੀਕੀ ਡਰੋਨ ਹਮਲੇ ਵਿਚ ਮਾਰਿਆ ਗਿਆ। ਮਈ 2016 ਵਿਚ ਇਰਾਨ ਤੋਂ ਵਾਪਸੀ ਸਮੇਂ ਪਾਕਿਸਤਾਨੀ ਸੀਮਾ ਵਿਚ ਮੰਸੂਰ ਨੂੰ ਅਮਰੀਕੀ ਡਰੋਨ ਨੇ ਮਾਰ ਦਿੱਤਾ। ਮੰਸੂਰ ਮਾਰਚ 2016 ਵਿਚ ਇਰਾਨ ਗਿਆ ਸੀ, ਮਈ ਵਿਚ ਉਸਦੀ ਵਾਪਸੀ ਸੀ। ਇਹ ਜਾਣਕਾਰੀ ਮੰਸੂਰ ਦੇ ਪਾਸਪੋਰਟ ਤੋਂ ਮਿਲੀ। ਪਿਛਲੇ ਤਿੰਨ ਚਾਰ ਸਾਲਾਂ ਵਿਚ ਅਫ਼ਗਾਨ ਸੀਮਾ ਅੰਦਰ ਤਾਲਿਬਾਨ ਦੇ ਹੋਏ ਹਮਲਿਆਂ ਵਿਚ ਵੀ ਇਰਾਨ ਦੀ ਸਰਗਰਮੀ ਸਾਫ਼ ਦਿਖੀ। ਤਾਲਿਬਾਨ ਦੇ ਕੁਝ ਹਮਲਿਆਂ ਵਿਚ ਜਵਾਬੀ ਕਾਰਵਾਈ ਦੇ ਬਾਅਦ ਮਾਰੇ ਗਏ ਤਾਲਿਬਾਨ ਲੜਾਕਿਆਂ ਵਿਚਕਾਰ ਇਰਾਨੀ ਸੈਨਿਕਾਂ ਦੀਆਂ ਲਾਸ਼ਾਂ ਮਿਲੀਆਂ। ਇਨ੍ਹਾਂ ਬਦਲੀਆਂ ਹੋਈਆਂ ਪਰਸਥਿਤੀਆਂ ਵਿਚ ਟਰੰਪ ਪ੍ਰਸ਼ਾਸਨ ਦੀ ਮਜਬੂਰੀ ਹੈ ਕਿ ਪਾਕਿਸਤਾਨ ਨੂੰ ਅਫ਼ਗਾਨ ਸ਼ਾਂਤੀ ਵਾਰਤਾ ਵਿਚ ਸਰਗਰਮ ਭੂਮਿਕਾ ਨਿਭਾਉਣ ਨੂੰ ਕਹੇ। ਇਰਾਨ ਅਤੇ ਪਾਕਿਸਤਾਨ ਦੋਵਾਂ ਦੀ ਲੰਬੀ ਸੀਮਾ ਅਫ਼ਗਾਨਿਸਤਾਨ ਨਾਲ ਹੈ। ਦੋਵਾਂ ਨੂੰ ਸ਼ਾਂਤੀ ਪ੍ਰਕਿਰਿਆ ਵਿਚ ਇਕੱਠੇ ਅਲੱਗ ਕਰਕੇ ਅਫ਼ਗਾਨ ਸ਼ਾਂਤੀ ਵਾਰਤਾ ਨੂੰ ਸਫਲ ਨਹੀਂ ਬਣਾਇਆ ਜਾ ਸਕਦਾ।
ਅਫ਼ਗਾਨ ਸ਼ਾਂਤੀ ਵਾਰਤਾ ਦੇ ਕਈ ਦੌਰ ਪੂਰੇ ਹੋ ਚੁੱਕੇ ਹਨ। ਦਾਅਵੇ ਹੋ ਰਹੇ ਹਨ ਕਿ ਜਲਦੀ ਹੀ ਸ਼ਾਂਤੀ ਸਮਝੌਤਾ ਹੋ ਜਾਵੇਗਾ। ਹਾਲਾਂਕਿ ਸ਼ਾਂਤੀ ਵਾਰਤਾ ਦੌਰਾਨ ਵੀ ਤਾਲਿਬਾਨ ਦੇ ਹਮਲੇ ਅਫ਼ਗਾਨਿਸਤਾਨ ਤੋਂ ਘੱਟ ਨਹੀਂ ਹੋਏ ਹਨ, ਪਰ ਦਿਲਚਸਪ ਗੱਲ ਇਹ ਹੈ ਕਿ ਇਸ ਸ਼ਾਂਤੀ ਵਾਰਤਾ ਵਿਚ ਚੀਨ, ਪਾਕਿਸਤਾਨ, ਅਮਰੀਕਾ ਅਤੇ ਰੂਸ ਦੀ ਭੂਮਿਕਾ ਸਰਗਰਮ ਹੈ, ਪਰ ਭਾਰਤ ਕਿਧਰੇ ਨਜ਼ਰ ਨਹੀਂ ਆ ਰਿਹਾ। ਹਾਲ ਹੀ ਵਿਚ ਸ਼ਾਂਤੀ ਵਾਰਤਾ ਵਿਚ ਸ਼ਾਮਲ ਤਾਲਿਬਾਨ ਕਮਾਂਡਰ ਮੁੱਲਾ ਅਬਦੁੱਲ ਗਨੀ ਬਰਾਦਰ ਨੇ ਚੀਨ ਦਾ ਦੌਰਾ ਕੀਤਾ। ਸ਼ਾਂਤੀ ਵਾਰਤਾ ਦੇ ਕੁਝ ਦੌਰ ਦੋਹਾ ਵਿਚ ਹੋਏ ਹਨ, ਪਰ ਸ਼ਾਂਤੀ ਵਾਰਤਾ ਤੋਂ ਭਾਰਤ ਫਿਲਹਾਲ ਦੂਰ ਹੈ। ਹਾਲਾਂਕਿ ਭਾਰਤ ਦਾ ਆਪਣਾ ਸਪੱਸ਼ਟ ਸਟੈਂਡ ਹੈ। ਭਾਰਤ ਅਫ਼ਗਾਨ ਅਗਵਾਈ ਵਿਚ ਹੋਣ ਵਾਲੀ ਸ਼ਾਂਤੀ ਵਾਰਤਾ ਨੂੰ ਸਵੀਕਾਰ ਕਰੇਗਾ।
ਭਾਰਤ ਅਤੇ ਪਾਕਿਸਤਾਨ ਵਿਚਕਾਰ ਖ਼ਰਾਬ ਸਬੰਧਾਂ ਦਾ ਇਕ ਮੁੱਖ ਕਾਰਨ ਅਫ਼ਗਾਨਿਸਤਾਨ ਵੀ ਰਿਹਾ ਹੈ। ਪਾਕਿਸਤਾਨ ਬਣਨ ਤੋਂ ਬਾਅਦ ਹੀ ਅਫ਼ਗਾਨਿਸਤਾਨ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਸ਼ੁਰੂ ਹੋ ਗਿਆ ਸੀ। ਦੱਸਿਆ ਜਾਂਦਾ ਹੈ ਕਿ ਕਸ਼ਮੀਰ ਵਿਚ ਪਾਕਿਸਤਾਨ ਵਿਚਕਾਰ ਅਸ਼ਾਂਤੀ ਦਾ ਇਕ ਵੱਡਾ ਕਾਰਨ ਅਫ਼ਗਾਨਿਸਤਾਨ ਵੀ ਹੈ। ਦਰਅਸਲ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਪਾਕਿਸਤਾਨ ਦੇ ਜਨਮ ਤੋਂ ਹੀ ਵਿਵਾਦ ਸ਼ੁਰੂ ਹੋ ਗਿਆ ਕਿਉਂਕਿ ਅਫ਼ਗਾਨਿਸਤਾਨ ਨੇ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਨੂੰ ਵੰਡਣ ਵਾਲੀ ਡੂਰੰਡ ਲਾਈਨ ਨੂੰ ਨਹੀਂ ਮੰਨਿਆ। ਅਫ਼ਗਾਨਿਸਤਾਨ ਨੇ ਪਾਕਿਸਤਾਨ ਦੇ ਪਸ਼ਤੂਨ ਆਬਾਦੀ ਵਾਲੇ ਇਲਾਕਿਆਂ ਨੂੰ ਅਫ਼ਗਾਨਿਸਤਾਨ ਦਾ ਹਿੱਸਾ ਦੱਸਿਆ। ਅਫ਼ਗਾਨਿਸਤਾਨ ਦਾ ਇਕ ਵੱਡਾ ਤਬਕਾ ਅੱਜ ਵੀ ਪਸ਼ਤੂਨ ਆਬਾਦੀ ਵਾਲੇ ਇਲਾਕਿਆਂ ’ਤੇ ਆਪਣੀ ਦਾਅਵੇਦਾਰੀ ਕਰਦਾ ਹੈ। ਅਫ਼ਗਾਨ ਸੀਮਾ ’ਤੇ ਤਣਾਅ ਵਿਚਕਾਰ ਪਾਕਿਸਤਾਨ ਨੂੰ ਸ਼ੱਕ ਰਿਹਾ ਕਿ ਭਾਰਤ ਅਫ਼ਗਾਨਿਸਤਾਨ ਨੂੰ ਹਮੇਸ਼ਾਂ ਮਦਦ ਕਰਦਾ ਰਿਹਾ ਹੈ। ਦਿਲਚਸਪ ਗੱਲ ਹੈ ਕਿ ਅੱਜ ਵੀ ਭਾਰਤ ਦੀ ਅਫ਼ਗਾਨਿਸਤਾਨ ਵਿਚ ਅਹਿਮ ਭੂਮਿਕਾ ਹੈ। ਭਾਰਤ ਨੇ ਅਫ਼ਗਾਨ ਯੁੱਧ ਵਿਚ ਬਰਬਾਦ ਹੋਏ ਅਫ਼ਗਾਨਿਸਤਾਨ ਅੰਦਰ ਵਿਕਾਸ ਨਾਲ ਸਬੰਧਿਤ ਯੋਜਨਾਵਾਂ ਵਿਚ ਨਿਵੇਸ਼ ਕੀਤਾ। ਅਫ਼ਗਾਨਿਸਤਾਨ ਨੂੰ ਸਿੱਖਿਆ, ਸਿਹਤ ਤੋਂ ਲੈ ਕੇ ਹੋਰ ਵਿਕਾਸ ਕਾਰਜਾਂ ਵਿਚ ਮਦਦ ਕੀਤੀ ਹੈ।


Comments Off on ਇਮਰਾਨ ਨੂੰ ਅਮਰੀਕੀ ਦੌਰੇ ਤੋਂ ਕੀ ਕੁਝ ਮਿਲਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.