ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਇਮਤਿਹਾਨਾਂ ਵਿਚ ਸੌ ਫ਼ੀਸਦੀ ਅੰਕਾਂ ਦਾ ਮਾਇਆਜਾਲ਼

Posted On July - 18 - 2019

ਨੌਜਵਾਨ ਕਲਮਾਂ

ਚਰਨਜੀਤ ਸਿੰਘ ਮੁਕਤਸਰ

ਸਾਲ 2019 ਦੇ ਵੱਖ-ਵੱਖ ਬੋਰਡ ਇਮਤਿਹਾਨਾਂ ਦਾ ਨਤੀਜਾ ਪਿਛੇ ਜਿਹੇ ਐਲਾਨਿਆ ਗਿਆ। ਸੀਬੀਐਸਈ, ਆਈਸੀਐਸਈ, ਪੰਜਾਬ ਸਕੂਲ ਸਿੱਖਿਆ ਬੋਰਡ ਆਦਿ ਦੇ ਨਤੀਜਿਆਂ ਵਿਚ ਵਿਦਿਆਰਥੀਆਂ ਦੇ 90-91 ਫ਼ੀਸਦੀ ਅੰਕ ਆਮ ਹੀ ਆਏ ਹਨ। ਇਸ ਨਾਲ ਇਹ ਬਹਿਸ ਛਿੜ ਪਈ ਹੈ ਕਿ ਸਾਡੇ ਬੱਚੇ ਇੰਨੇ ਮਿਹਨਤੀ, ਕਾਬਲ ਤੇ ਪੜ੍ਹਾਕੂ ਕਿਵੇਂ ਹੋ ਗਏ ਕਿ 90 ਫ਼ੀਸਦੀ ਅੰਕ ਲੈਣਾ ਇਨ੍ਹਾਂ ਲਈ ਖੱਬੇ ਹੱਥ ਦੀ ਖੇਡ ਬਣ ਗਈ।
ਕੋਈ ਸਮਾਂ ਸੀ ਜਦੋਂ 60 ਫ਼ੀਸਦੀ ਨੰਬਰ ਵੀ ਵੱਡੇ ਮਾਅਰਕੇ ਵਾਲੀ ਗੱਲ ਹੁੰਦੀ ਸੀ। ਸੱਠ ਫ਼ੀਸਦੀ ਨੰਬਰਾਂ ਵਾਲੇ ਬੱਚਿਆਂ ਨੂੰ ਮੈਡੀਕਲ, ਨਾਨ ਮੈਡੀਕਲ ਰੱਖਣ ਦੀ ਸਲਾਹ ਦਿੱਤੀ ਜਾਂਦੀ। ਫੁੱਲ ਬਟਾ ਫੁੱਲ ਭਾਵ ਪੂਰੇ ਦੇ ਪੂਰੇ ਨੰਬਰ ਸਾਇੰਸ ਤੇ ਗਣਿਤ ਵਿਸ਼ਿਆਂ ਲਈ ਹੀ ਸੰਭਵ ਸਨ, ਕਿਉਂਕਿ ਇਹ ਪ੍ਰੈਕਟੀਕਲ ਵਿਸ਼ੇ ਹਨ ਪਰ ਅੱਜਕੱਲ੍ਹ ਤਾਂ ਸਾਰੇ ਵਿਸ਼ਿਆਂ ਵਿਚ ਇਹ ਗੱਲ ਆਮ ਹੋ ਗਈ ਹੈ। ਇਸ ਵਾਰ ਦੇ ਨਤੀਜਿਆਂ ’ਤੇ ਨਿਗ੍ਹਾ ਮਾਰੀਏ ਤਾਂ 70-75 ਫ਼ੀਸਦ ਤਾਂ ਆਮ ਹੀ ਹੋ ਗਏ ਹਨ। ਅਧਿਆਪਕਾਂ ਨੂੰ ਜਿਨ੍ਹਾਂ ਦੇ ਮੁਸ਼ਕਲ ਨਾਲ ਪਾਸ ਹੋਣ ਦੀ ਉਮੀਦ ਸੀ, ਉਹ ਤਾਂ 80 ਫ਼ੀਸਦ ਤੱਕ ਲੈ ਗਏ। ਇਸ ਵਾਰ 500/500 ਜਾਂ 499/500 ਅਜਿਹਾ ਅੰਕੜਾ ਹੈ, ਜਿਸ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਸਾਲ 2018 ਦਾ ਦਸਵੀਂ ਜਮਾਤ ਦਾ ਨਤੀਜਾ 57 ਫ਼ੀਸਦੀ ਸੀ ਤੇ ਇਸ ਵਾਰ 86 ਫ਼ੀਸਦੀ ਤੱਕ ਪਹੁੰਚ ਗਿਆ… ਏਨੀ ਵੱਡੀ ਛਾਲ਼!! ਕੀ ਇਹ ਸਭ ਕੁਝ ਪ੍ਰਸ਼ਨ ਪੱਤਰਾਂ ਦਾ ਢੰਗ-ਤਰੀਕਾ ਬਦਲਣ ਨਾਲ, ਉੱਤਰ ਕਾਪੀਆਂ ਦੀ ਜਾਂਚ ਕਰਨ ਵਾਲੇ ਅਧਿਆਪਕਾਂ ਵੱਲੋਂ ਜਾਂਚ ਦਾ ਢੰਗ ਤਰੀਕਾ ਬਦਲਣ ਨਾਲ, ਜਾਂ ਬੋਰਡਾਂ ਵੱਲੋਂ ਵੱਧ ਤੋਂ ਵੱਧ ਨੰਬਰ ਤੇ ਵਧੀਆ ਤੋਂ ਵਧੀਆ ਨਤੀਜੇ ਲਿਆਉਣ ਦੀ ਦੌੜ ਕਾਰਨ ਸੰਭਵ ਹੋਇਆ ਹੈ? ਕੀ ਇਹ ਬੱਚੇ ਦੀ ਪ੍ਰਤਿਭਾ ਦਾ ਵਿਸਫੋਟ ਹੈ ਜਾਂ ਸਾਡੀ ਸਿੱਖਿਆ ਵਿਵਸਥਾ ਦੀ ਕਮਜ਼ੋਰੀ? ਕੀ ਸਾਡੀ ਸਿੱਖਿਆ ਪ੍ਰਣਾਲੀ ਅੰਕਾਂ ਦੀ ਖੇਡ ਬਣ ਕੇ ਰਹਿ ਗਈ ਹੈ? ਕੀ ਅਜਿਹਾ ਕਰ ਕੇ ਅਸੀਂ ਇਕ ਪੂਰੀ ਪੀੜ੍ਹੀ ਨੂੰ ਹਨੇਰੇ ਭਰੀ ਸੁਰੰਗ ਵੱਲ ਤਾਂ ਨਹੀਂ ਧੱਕ ਰਹੇ? ਕੀ ਅਸੀਂ ਪੜ੍ਹੇ-ਲਿਖੇ ਅਨਪੜ੍ਹਾਂ ਦੀ ਫੌਜ ਤਾਂ ਨਹੀਂ ਇਕੱਠੀ ਕਰ ਰਹੇ?

ਚਰਨਜੀਤ ਸਿੰਘ ਮੁਕਤਸਰ

ਫੁੱਲ ਬਟਾ ਫੁੱਲ ਨੰਬਰਾਂ ਵਾਲੇ ਇਹ ਬੱਚੇ ਅਖਬਾਰਾਂ, ਟੀਵੀ ਜਾਂ ਹੋਰ ਮੀਡੀਆ ਵਿਚ ਛਾਏ ਆਪਣੇ ਆਪ ਨੂੰ ਹੀਰੋ ਸੁਪਰਮੈਨ ਜਾਂ ਬਹੁਤ ਵੱਡੇ ਗਿਆਤਾ ਮੰਨਣ ਲੱਗਣਗੇ। ਇਨ੍ਹਾਂ ਬੱਚਿਆਂ ਦੀ ਧਾਰਨਾ ਬਣ ਜਾਵੇਗੀ ਕਿ ਮੈਂ ਸਭ ਜਾਣਦਾ ਹਾਂ ਤੇ ਮੇਰੇ ਨਾ ਜਾਨਣ ਵਾਲਾ ਕੁਝ ਰਹਿ ਹੀ ਨਹੀਂ ਗਿਆ। ਸਾਡੀ ਸਿੱਖਿਆ ਪ੍ਰਣਾਲ਼ੀ ਇਹ ਕੀ ਕਰ ਰਹੀ ਹੈ, ਜਿਥੇ ਗੱਲ ਗਿਆਨ ਦੀ ਨਹੀਂ ਬਲਕਿ ਪ੍ਰੀਖਿਆ ਜਾਂ ਅੰਕਾਂ ਤੱਕ ਸੀਮਤ ਹੋ ਗਈ ਹੈ। ਵਿਦਿਆਰਥੀਆਂ ਕੋਲ਼ ਸੂਚਨਾਵਾਂ ਦਾ ਭੰਡਾਰ ਹੈ ਪਰ ਉਨ੍ਹਾਂ ਦੀ ਵਿਆਖਿਆ ਕਰਨ ਦਾ ਪੱਧਰ ਬਹੁਤ ਘੱਟ ਵਿਦਿਆਰਥੀਆਂ ਕੋਲ ਹੁੰਦਾ ਹੈ। ਇਸੇ ਕਰਕੇ ਬਹੁਤ ਸਾਰੇ ਵਿਦਿਆਰਥੀ ਮੁਕਾਬਲਾ ਇਮਤਿਹਾਨਾਂ ਵਿਚੋਂ ਫੇਲ੍ਹ ਹੋ ਜਾਂਦੇ ਹਨ। ਹਾਲ ਵਿਚ ਹੀ ਲਏ ਮੈਰੀਟੋਰੀਅਸ ਸਕੂਲਾਂ ਦੇ ਦਾਖਲਾ ਟੈਸਟ ਵਿਚ 15442 ਵਿਚੋਂ 4841 ਬੱਚੇ ਹੀ 50 ਫ਼ੀਸਦੀ ਨੰਬਰ ਲੈ ਕੇ ਪ੍ਰੀਖਿਆ ਪਾਸ ਕਰ ਸਕੇ। ਹੋਰ ਤਾਂ ਹੋਰ 90 ਫ਼ੀਸਦੀ ਤੋਂ ਵੱਧ ਅੰਕਾਂ ਵਾਲੇ ਬਹੁਤ ਸਾਰੇ ਬੱਚੇ ਫੇਲ੍ਹ ਹੋ ਗਏ।
ਫੁੱਲ ਬਟਾ ਫੁੱਲ ਨੰਬਰ ਮਤਲਬ ਸਭ ਕੁਝ ਪਰਫੈਕਟ! ਕੀ ਇਹ ਸੰਭਵ ਹੈ? ਭਾਸ਼ਾ ਵਿਸ਼ਿਆ ਵਿਚ ਪ੍ਰਸੰਗ ਸਹਿਤ ਵਿਆਖਿਆ ਵਿਚ ਹਮੇਸ਼ਾ ਨਵੇਂ ਤੋਂ ਨਵਾਂ ਸੱਚ ਲੱਭਿਆ ਜਾ ਸਕਦਾ ਹੈ, ਪਰ ਹੁਣ ਕੀ ਸੌ ਫ਼ੀਸਦੀ ਨਾਲ ਅੰਤਿਮ ਸੱਚ ਲੱਭਿਆ ਜਾ ਚੁੱਕਿਆ ਹੈ? ਕਵਿਤਾਵਾਂਂ ਦੀ ਅੰਤਿਮ ਸਮੀਖਿਆ ਆ ਚੁੱਕੀ ਹੈ? ਔਰਤਾਂ ਨਾਲ ਦੁਰਵਿਹਾਰ ਬਾਰੇ ਸ਼ਿਕਾਇਤ ਉਤੇ ਅਰਜ਼ੀ ਵਿਚੋਂ ਪੂਰੇ ਦੇ ਪੂਰੇ ਅੰਕ, ਮਤਲਬ ਬੱਚਾ ਔਰਤਾਂ ਨਾਲ ਬਦਸਲੂਕੀ ਬਾਰੇ ਸਭ ਸਮੱਸਿਆਵਾਂ ਤੋਂ ਜਾਣੂ ਹੋ ਗਿਆ ਹੈ ਤੇ ਉਸ ਦੇ ਹੱਲ ਦੇ ਵੀ ਸਭ ਕਦਮ ਚੁੱਕਣ ਬਾਰੇ ਬੱਚਾ ਚੰਗੀ ਤਰ੍ਹਾਂ ਜਾਣੂ ਹੈ।
ਸੰਘ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਵੱਲੋਂ ਲਈ ਜਾਂਦੀ ਸਿਵਸ ਸਰਵਿਸਿਜ਼ ਪ੍ਰੀਖਿਆ ਦੇਸ਼ ਦਾ ਸਭ ਤੋਂ ਔਖਾ ਇਮਤਿਹਾਨ ਹੈ। ਸਿਵਲ ਸਰਵਿਸਿਜ਼ ਪ੍ਰੀਖਿਆ 2018 ’ਚ ਕੁੱਲ ਹਿੰਦ ਟਾਪਰ ਰਿਹਾ ਕਨਿਸ਼ਕ ਕਟਾਰੀਆ 55.35 ਫ਼ੀਸਦੀ ਅੰਕ ਹੀ ਲੈ ਸਕਿਆ ਹੈ। ਇਹ ਠੀਕ ਹੈ ਕਿ ਇਹ ਦੇਸ਼ ਦੀ ਸਭ ਤੋਂ ਔਖੀ ਪ੍ਰੀਖਿਆ ਹੈ, ਪਰ ਇਸ ਵਿਚ ਬੈਠਦੇ ਵੀ ਸਿਰੇ ਦੇ ਲਾਇਕ ਤੇ ਸ਼੍ਰੇਸਟ ਵਿਦਿਆਰਥੀ ਹੀ ਹਨ। ਸਾਡੀ ਸਿੱਖਿਆ ਪ੍ਰਣਾਲ਼ੀ ਦੇ ਨਵੇਂ ਤਜਰਬੇ ਕਾਰਨ ਇਸ ਵਾਰ ਦੇ ਨਤੀਜਿਆਂ ਨੇ ਪਿਛਲੇ ਕੁਝ ਸਾਲਾਂ ਵਿਚ ਪਾਸ ਹੋਏ ਬੱਚਿਆਂ ਨੂੰ ਵੀ ਨਿਰਾਸ਼ਾ ਦੇ ਆਲਮ ਵਿਚ ਧੱਕ ਦਿੱਤਾ ਹੈ, ਕਿਉਂਕਿ ਕਿਸੇ ਮੁਕਾਬਲਾ ਪ੍ਰੀਖਿਆ ਵਿਚ ਚਾਰ ਪੰਜ ਸਾਲਾਂ ਦੇ ਪਾਸ ਆਊਟ ਬੱਚੇ ਬੈਠਦੇ ਹਨ। ਜੇ ਮੈਰਿਟ ਬਣਦੀ ਹੈ ਤਾਂ ਇਸ ਵਾਰ ਦੇ ਪਾਸ ਬੱਚਿਆਂ ਮੁਕਾਬਲੇ ਪਹਿਲਾਂ ਵਾਲੇ ਵਿਦਿਆਰਥੀ ਕਿਤੇ ਵੀ ਨਹੀਂ ਖੜ੍ਹਨਗੇ। ਜਿਵੇਂ ਈਟੀਟੀ ਦਾਖਲਾ ਮੈਰਿਟ ਆਧਾਰਿਤ ਹੁੰਦਾ ਹੈ ਤੇ ਇਸ ਵਿਚ ਇਸ ਵਾਰ ਪਾਸ ਆਊਟ ਬੱਚੇ ਹੀ ਚੁਣੇ ਜਾਣਗੇ ਤੇ ਪਹਿਲਾਂ ਪਾਸ ਹੋਏ ਬੱਚੇ ਰਹਿ ਜਾਣਗੇ।
ਦੂਜੇ ਪਾਸੇ ਇਨ੍ਹਾਂ ਬੱਚਿਆਂ ਦੇ ਨਾਲ ਹੀ ਪੜ੍ਹੇ ਅਜਿਹੇ ਬੱਚੇ ਜਿਨ੍ਹਾਂ ਦੇ ਨੰਬਰ ਔਸਤ ਜਾਂ ਹੋਰ ਘੱਟ ਆਏ ਹਨ, ਉਨ੍ਹਾਂ ਦੇ ਮਾਪੇ ਹੀਣ ਭਾਵਨਾ ਤੇ ਕਰੋਧ ਨਾਲ ਭਰ ਜਾਂਦੇ ਹਨ। ਮਾਪੇ ਚਿੰਤਤ ਹੋ ਜਾਂਦੇ ਹਨ ਕਿ ਜੇ ਦੂਜੇ ਬੱਚੇ ਉਸੇ ਸਕੂਲ ਤੇ ਉਨ੍ਹਾਂ ਹੀ ਅਧਿਆਪਕਾਂ ਤੋਂ ਪੜ੍ਹ ਕੇ ਇੰਨੇ ਚੰਗੇ ਨੰਬਰ ਲੈ ਰਹੇ ਹਨ ਤਾਂ ਉਨ੍ਹਾਂ ਦੇ ਬੱਚੇ ਕਿਉਂ ਔਸਤ ਦਰਜੇ ਵਿਚ ਪਾਸ ਹੋਏ ਹਨ। ਉਹ ਇਨ੍ਹਾਂ ਇਮਤਿਹਾਨਾਂ ਨੂੰ ਹੀ ਜ਼ਿੰਦਗੀ ਦਾ ਇਮਤਿਹਾਨ ਮੰਨ ਲੈਂਦੇ ਹਨ ਤੇ ਸਾਰਾ ਸਾਲ ਆਪਣੀ ਨੀਂਦ ਖਰਾਬ ਕਰਦੇ, ਬਿਮਾਰੀਆਂ ਲਾ ਲੈਂਦੇ ਹਨ। ਕੋਈ ਬੱਚਾ ਵਧੀਆ ਖਿਡਾਰੀ, ਗਾਇਕ, ਲੇਖਕ ਜਾਂ ਕਲਾਕਾਰ ਵੀ ਹੋ ਸਕਦਾ ਹੈ, ਪਰ ਮਾਪਿਆਂ ਲਈ ਕੋਈ ਹੁਨਰ ਮਾਅਨੇ ਨਹੀਂ ਰੱਖਦਾ। ਉਨ੍ਹਾਂ ਲਈ ਅਕਾਦਮਿਕ ਖੇਤਰ ਤੋਂ ਬਾਹਰ ਕੋਈ ਦੁਨੀਆਂ ਨਹੀਂ ਹੈ, ਜਦਕਿ ਇਹ ਸੀਮਤ ਹੈ ਤੇ ਦੁਨੀਆਂ ਇੰਨੀ ਛੋਟੀ ਨਹੀਂ।
ਇੰਝ ਵੀ ਨਹੀਂ ਕਿ ਵੱਧ ਨੰਬਰਾਂ ਜਾਂ ਵਧੀਆ ਕਾਲਜਾਂ-ਯੂਨੀਵਰਸਿਟੀਆਂ ਦੀ ਪੜ੍ਹਾਈ ਦਾ ਕੋਈ ਮਹੱਤਵ ਨਹੀਂ, ਪਰ ਨੰਬਰ ਹੀ ਸਭ ਕੁਝ ਨਹੀਂ ਹੁੰਦੇ। ਮਾਪਿਆਂ ਦੇ ਚਿਹਰਿਆਂ ’ਤੇ ਨਿਰਾਸ਼ਾ ਦੇਖ ਕੇ ਬਹੁਤ ਵਾਰ ਬੱਚੇ ਵੀ ਨਿਰਾਸ਼ ਹੋ ਜਾਂਦੇ ਹਨ ਕਿ ਉਹ ਆਪਣੇ ਮਾਪਿਆਂ ਨੂੰ ਖੁਸ਼ ਨਹੀਂ ਕਰ ਸਕੇ। ਇਸ ਮਨੋਸਥਿਤੀ ਵਿਚ ਕਈ ਵਾਰ ਗਲ਼ਤ ਕਦਮ ਵੀ ਚੁੱਕ ਲੈਂਦੇ ਹਨ। ਅਜਿਹੀ ਹਾਲਤ ਵਿਚ ਮਾਪਿਆਂ ਦਾ ਫਰਜ਼ ਹੈ ਕਿ ਉਹ ਬੱਚੇ ਦਾ ਹੌਸਲਾ ਵਧਾਉਣ ਕਿ ਬੱਚੇ ਨੇ ਕੋਸ਼ਿਸ਼ ਤਾਂ ਕੀਤੀ।
ਸਾਨੂੰ ਇਹ ਗੱਲ ਵੀ ਚੇਤੇ ਰੱਖਣੀ ਚਾਹੀਦੀ ਹੈ ਕਿ ਦੁਨੀਆਂ ਦੇ ਅਨੇਕਾਂ ਵੱਡੇ-ਵੱਡੇ ਕੰਮ ਉਨ੍ਹਾਂ ਲੋਕਾਂ ਨੇ ਹੀ ਕੀਤੇ, ਜਿਨ੍ਹਾਂ ਦੀ ਪੜ੍ਹਾਈ ਦਾ ਪੱਧਰ ਔਸਤ ਦਰਜੇ ਦਾ ਸੀ। ਮਹਾਨ ਵਿਗਿਆਨੀ ਐਡੀਸਨ ਦੀ ਸਕੂਲ ਅਧਿਆਪਕਾ ਨੇ ਉਸ ਦੀ ਜੇਬ ਵਿਚ ਪਰਚੀ ਪਾ ਕੇ ਘਰੇ ਤੋਰ ਦਿੱਤਾ ਸੀ ਕਿ ਉਹ ਇਸ ਨੂੰ ਨਹੀਂ ਪੜ੍ਹਾ ਸਕਦੇ।…ਪਰ ਉਸਦੀ ਮਾਂ ਨੇ ਉਹ ਪਰਚੀ ਲੁਕੋ ਲਈ ਤੇ ਉਸ ਨੂੰ ਘਰੇ ਪੜ੍ਹਾ ਕੇ ਮਹਾਨ ਵਿਗਿਆਨੀ ਬਣਾ ਦਿੱਤਾ। ਡਾਰਵਿਨ ਵੀ ਜੰਗਲਾਂ ਵਿਚ ਕੀੜੇ ਮਕੌੜੇ ਫੜਨ ਚਲਾ ਜਾਂਦਾ ਸੀ। ਆਈਨਸਟਾਈਨ ਦੀ ਕਹਾਣੀ ਵੀ ਕੁਝ ਅਜਿਹੀ ਹੀ ਸੀ। ਮਾਰਕ ਜਕਰਬਰਗ ਤੇ ਬਿਲ ਗੇਟਸ ਵੀ ਡਰਾਪ ਆਊਟ ਵਿਦਿਆਰਥੀ ਰਹੇ ਹਨ। ਬਹੁਤ ਸਾਰੇ ਖੇਤਰਾਂ ਵਿਚ ਕੋਈ ਮਾਰਕਸ਼ੀਟ ਨਹੀਂ ਵੇਖੀ ਜਾਂਦੀ। ਸਿਰਫ ਹੌਸਲਾ, ਸ਼ਖ਼ਸੀਅਤ ਤੇ ਨਜ਼ਰੀਆ ਮਾਅਨੇ ਰੱਖਦਾ ਹੈ ਤਾਂ ਕਿ ਉਹ ਅੱਗੇ ਜਾ ਕੇ ਤਣਾਅ ਅਤੇ ਦਬਾਅ ਝੱਲਣ ਦੀ ਸਮਰੱਥਾ ਪੈਦਾ ਕਰ ਸਕਣ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਨੰਬਰਾਂ ਦੀ ਦੌੜ ਤੋਂ ਪਾਸੇ ਰੱਖ ਕੇ ਤੇ ਉਨ੍ਹਾਂ ਦੀ ਅਸਲ ਖੂਬੀ ਨੂੰ ਪਛਾਣ ਕੇ ਉਨ੍ਹਾਂ ਨੂੰ ਅੱਗੇ ਵੱਧਣ ਲਈ ਉਤਸ਼ਾਹਿਤ ਕਰਨ।

-ਈਟੀਟੀ ਅਧਿਆਪਕ
ਸੰਪਰਕ: 95013-00716


Comments Off on ਇਮਤਿਹਾਨਾਂ ਵਿਚ ਸੌ ਫ਼ੀਸਦੀ ਅੰਕਾਂ ਦਾ ਮਾਇਆਜਾਲ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.