ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਇਤਿਹਾਸਕ ਗੁਰਦੁਆਰਾ ਪਾਉਂਟਾ ਸਾਹਿਬ

Posted On July - 24 - 2019

ਦਲਬੀਰ ਸਿੰਘ ਸੱਖੋਵਾਲੀਆ
ਹਿਮਾਚਲ ਪ੍ਰਦੇਸ਼ ਵਿਚ ਯਮੁਨਾ ਨਦੀ ਕੰਢੇ ਵਸਿਆ ਨਗਰ ਪਾਉਂਟਾ ਸਾਹਿਬ ਇਤਿਹਾਸ ਦੀਆਂ ਕਈ ਘਟਨਾਵਾਂ ਨੂੰ ਆਪਣੀ ਬੁੱਕਲ ਵਿਚ ਸਮੋਈ ਬੈਠਾ ਹੈ। ਇਤਿਹਾਸ ’ਤੇ ਪੰਛੀ ਝਾਤ ਮਾਰਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਰਿਆਸਤ ਨਾਹਨ ਦੇ 33ਵੇਂ ਰਾਜਾ ਮੇਦਨੀ ਪ੍ਰਕਾਸ਼ ਦਾ ਕੁਝ ਇਲਾਕਾ ਗੜਵਾਲ ਦੇ ਰਾਜਾ ਫ਼ਤਹਿ ਸ਼ਾਹ ਨੇ ਆਪਣੇ ਕਬਜ਼ੇ ਵਿਚ ਲਿਆ ਹੋਇਆ ਸੀ। ਮੇਦਨੀ ਪ੍ਰਕਾਸ਼ ਨੇ ਇਹ ਇਲਾਕਾ ਵਾਪਿਸ ਲੈਣ ਲਈ ਆਪਣੇ ਵਜ਼ੀਰਾਂ ਨਾਲ ਸਲਾਹ ਕੀਤੀ। ਇਸੇ ਦੌਰਾਨ ਹੀ ਇਲਾਕੇ ਦੇ ਪ੍ਰਸਿੱਧ ਤਪੱਸਵੀ ਕਾਲਪੀ ਰਿਸ਼ੀ ਕੋਲ ਜਾਣ ’ਤੇ ਉਨ੍ਹਾਂ ਨੇ ਰਾਜਾ ਮੇਦਨੀ ਪ੍ਰਕਾਸ਼ ਨੂੰ ਸਲਾਹ ਦਿੱਤੀ,‘‘ਤੁਸੀਂ ਗੁਰੂ ਨਾਨਕ ਦੇਵ ਦੀ ਦਸਵੀਂ ਜੋਤ ਗੁਰੂ ਗੋਬਿੰਦ ਰਾਏ ‘ਗੁਰੂ ਗੋਬਿੰਦ ਸਿੰਘ’ ਕੋਲ ਕਿਉਂ ਨਹੀਂ ਜਾਂਦੇ? ਉਥੇ ਜਾਣ ਅਤੇ ਆਪਣੀ ਸਮੱਸਿਆ ਦੱਸਣ ’ਤੇ ਤੁਹਾਡੀ ਮੁਸ਼ਕਲ ਦਾ ਹੱਲ ਹੋ ਜਾਵੇਗਾ।’’ ਰਾਜਾ ਮੇਦਨੀ ਪ੍ਰਕਾਸ਼ ਆਪਣੇ ਕੁਝ ਚੋਣਵੇਂ ਸਲਾਹਕਾਰਾਂ ਨੂੰ ਨਾਲ ਲੈ ਕੇ ਗੁਰੂ ਜੀ ਕੋਲ ਆਨੰਦਪੁਰ ਸਾਹਿਬ ਗਏ ਅਤੇ ਰਿਆਸਤ ਨਾਹਨ ਵਿੱਚ ਆਉਣ ਦਾ ਸੱਦਾ ਦਿੱਤਾ। ਸੋਚ ਵਿਚਾਰ ਮਗਰੋਂ ਮਾਤਾ ਗੁਜਰੀ ਜੀ, ਗੁਰੂ ਜੀ ਦੇ ਭੂਆ ਬੀਬੀ ਵੀਰੋ ਸਮੇਤ ਪੰਜ ਪੁੱਤਰ, ਭਾਈ ਜੀਵਨ ਸਿੰਘ ਅਤੇ ਉਨ੍ਹਾਂ ਦੇ ਮਾਤਾ ਪ੍ਰੇਮੋ, ਮਾਮਾ ਕਿਰਪਾਲ ਚੰਦ ਅਤੇ ਪੰਜ ਸੌ ਸਿੱਖਾਂ ਨਾਲ ਨਾਹਨ ਨੂੰ ਚਾਲੇ ਪਾ ਲਏ। ਰਿਆਸਤ ਨਾਹਨ ’ਚ ਪੁੱਜਣ ’ਤੇ ਰਾਜਾ ਮੇਦਨੀ ਪ੍ਰਕਾਸ਼ ਅਤੇ ਹੋਰ ਵਜ਼ੀਰਾਂ ਨੇ ਸੰਗਤ ਦਾ ਭਰਵਾਂ ਸਵਾਗਤ ਕੀਤਾ।
ਗੁਰੂ ਜੀ ਕੁਝ ਸਮਾਂ ਨਾਹਨ ਵਿਚ ਰਹੇ ਅਤੇ ਕੁਝ ਥਾਵਾਂ ਦਾ ਦੌਰਾ ਕੀਤਾ। ਉਨ੍ਹਾਂ ਨੂੰ ਇਹ ਇਲਾਕਾ ਕਾਫੀ ਪਸੰਦ ਆਇਆ ਅਤੇ ਉਨ੍ਹਾਂ ਨੇ ਇੱਥੇ ਹੀ ਟਿਕਣ ਦਾ ਫ਼ੈਸਲਾ ਕੀਤਾ। ਨਗਰ ਦਾ ਨਾਂ ‘ਪਾਉਂਟਾ ਸਾਹਿਬ’ ਵੀ ਗੁਰੂ ਸਾਹਿਬ ਨੇ ਆਪ ਹੀ ਰੱਖਿਆ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿਚ ਪਾਂਵਟਾ ਸ਼ਬਦ ਦੇ ਤਿੰਨ ਅਰਥ ਲਿਖੇ ਹਨ। ਪਹਿਲਾ ‘ਜਿਸ ਵਿੱਚ ਪੈਰ ਅਟਕਾਇਆ ਜਾਵੇ, ਰਕਾਬ’, ਦੂਜਾ ‘ਜੋੜਾ, ਜੁੱਤਾ’ ਅਤੇ ਤੀਜਾ ‘ਮਕਾਨ ਅੱਗੇ ਵਿਛਾਇਆ ਉੁਹ ਫਰਸ਼, ਜਿਸ ਉਪਰ ਸਨਮਾਨਯੋਗ ਪ੍ਰਾਹੁਣਾ, ਪੈਰ ਰੱਖ ਕੇ ਜਾਵੇ।’ ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਲਿੱਖਦੇ ਹਨ:
ਪਾਵ ਟਿਕਯੋ ਸਤਗੁਰੂ ਕੋ ਆਨਦਪੁਰ ਤੇ ਆਇ।।
ਨਾਮ ਧਰਯੋ ਇਸ ਪਾਂਵਟਾ ਸਭ ਦੇਸਨ ਪ੍ਰਗਟਾਇ॥
ਗੁਰਦੁਆਰੇ ਦੇ ਪਿਛਲੇ ਪਾਸੇ ਪਹਾੜੀ ਦੀ ਢਲਾਨ ’ਤੇ ਯਮੁਨਾ ਦੇ ਕੰਢੇ ’ਤੇ ਉਹ ਇਤਿਹਾਸਿਕ ਅਸਥਾਨ ਹੈ, ਜਿੱਥੇ ਗੁਰੂ ਜੀ ਦੇ 52 ਦਰਬਾਰੀ ਕਵੀ ਦਰਬਾਰ ਸਜਾਇਆ ਕਰਦੇ ਸਨ। ਗੁਰੂ ਜੀ ਨੇ ਇੱਥੇ ਹੀ ਬਚਿੱਤਰ ਨਾਟਕ, ਅਕਾਲ ਉਸਤਿਤ, ਸਵੱਈਏ ਸਮੇਤ ਹੋਰ ਬਾਣੀ ਦੀ ਰਚਨਾ ਕੀਤੀ। ਪੁਰਾਤਨ ਸਾਹਿਤ ਦੇ ਅਨੁਵਾਦ ਤੇ ਹੋਰ ਗਿਆਨ ਭਰੀਆਂ ਲਿਖਤਾਂ ਨੂੰ ਸੌਖੀ ਭਾਸ਼ਾ ਵਿਚ ਬਦਲਣ ਦਾ ਕੰਮ ਵੀ ਲਿਖਾਰੀਆਂ ਤੋਂ ਇੱਥੇ ਹੀ ਕਰਵਾਇਆ ਗਿਆ। ਇਸੇ ਸਥਾਨ ’ਤੇ ਉਹ ਕਵੀਆਂ ਅਤੇ ਹੋਰ ਸਾਹਿਤਕਾਰਾਂ ਨੂੰ ਉਨ੍ਹਾਂ ਦੀਆਂ ਚੰਗੀਆਂ ਰਚਨਾਵਾਂ ਲਈ ਇਨਾਮ ਦਿੰਦੇ ਤੇ ਸਨਮਾਨ ਕਰਦੇ ਰਹੇ। ਪਾਉਂਟਾ ਸਾਹਿਬ ਤੋਂ ਚੜ੍ਹਦੇ ਵਾਲੇ ਪਾਸੇ ਕੋਈ 6 ਕੋਹ ਦੀ ਵਿੱਥ ’ਤੇ ਭੰਗਾਣੀ ਦੇ ਸਥਾਨ ’ਤੇ ਗੁਰੂ ਸਾਹਿਬ ਨੇ ਜ਼ੁਲਮ ਖ਼ਿਲਾਫ਼ ਪਹਿਲਾ ਯੁੱਧ ਲੜਿਆ ਤੇ ਜਿੱਤ ਪ੍ਰਾਪਤ ਕੀਤੀ।
ਬਲਦੇਵ ਸਿੰਘ ਸੜਕਨਾਮਾ ਦੇ ਲਿਖੇ ਨਾਵਲ ‘ਪੰਜਵਾਂ ਸਾਹਿਬਜ਼ਾਦਾ-ਭਾਈ ਜੀਵਨ ਸਿੰਘ’ ਅਨੁਸਾਰ ਇਸ ਯੁੱਧ ਵਿਚ ਗੁਰੂ ਜੀ ਦੇ 1500 ਅਣਸਿੱਖੇ ਸਿਪਾਹੀ ਅਤੇ ਦੂਸਰੇ ਪਾਸੇ ਦੁਸ਼ਮਣ ਫ਼ੌਜ ਦੇ 80 ਹਜ਼ਾਰ ਪੇਸ਼ਾਵਰ ਸਿਪਾਹੀ ਸਨ। ਬਾਈਧਾਰ ਦੇ ਰਾਜਿਆਂ ਨੇ ਭੰਗਾਣੀ ਦਾ ਯੁੱਧ ਖ਼ੁਦ ਗੁਰੂ ’ਤੇ ਮੜਿਆ। 13-14 ਦਿਨ ਤੱਕ ਚੱਲੀ ਇਸ ਜੰਗ ਵਿਚ ਪੀਰ ਬੁੱਧੂ ਸ਼ਾਹ ਆਪਣੇ ਪੰਜ ਪੁੱਤਰਾਂ ਅਤੇ ਸੈਂਕੜੇ ਮੁਰੀਦਾਂ ਨਾਲ ਗੁਰੂ ਜੀ ਦੀ ਮਦਦ ਲਈ ਆਏ। ਗੁਰੂ ਜੀ ਦੀਆਂ ਫੌਜਾਂ ਦੀ ਅਗਵਾਈ ਭਾਈ ਜੈਤਾ (ਭਾਈ ਜੀਵਨ ਸਿੰਘ) ਨੇ ਕੀਤੀ। ਯੁੱਧ ਵਿਚ ਬੀਬੀ ਵੀਰੋ ਦੇ ਦੋ ਪੁੱਤਰ ਸੰਗੋ ਸ਼ਾਹ ਅਤੇ ਜੀਤ ਮੱਲ ਸਮੇਤ ਹੋਰ ਸਿਪਾਹੀ ਸ਼ਹੀਦ ਹੋ ਗਏ। ਉਥੇ ਹੀ ਹੰਢੂਰ ਦੇ ਰਾਜੇ ਹਰੀ ਚੰਦ ਤੋਂ ਇਲਾਵਾ ਪਠਾਣ ਫੌਜਾਂ ਦੇ ਜਰਨੈਲ ਹਯਾਤ ਖਾਂ, ਨਜ਼ਾਬਤ ਖ਼ਾਂ ਸਮੇਤ ਵੱਡੀ ਗਿਣਤੀ ਵਿਚ ਸਿਪਾਹੀ ਮਾਰੇ ਗਏ। ਇਸ ਜੰਗ ਵਿੱਚ ਜਿੱਤ ਗੁਰੂ ਜੀ ਦੀ ਹੋਈ। ਗਰੂ ਸਾਹਿਬ ਨੇ ਪਠਾਣ ਫੌਜਾਂ ਦੇ ਜਰਨੈਲ ਹਯਾਤ ਨੂੰ ਕੋਤਕੋ (ਡੰਡੇ) ਨਾਲ ਮਾਰਨ ਵਾਲੇ ਸੰਤ ਕਿਰਪਾਲ ਚੰਦ ਅਤੇ ਪੀਰ ਬੁੱਧੂ ਸ਼ਾਹ ਨੂੰ ਆਪਣੀ ਅੱਧੀ-ਅੱਧੀ ਦਸਤਾਰ ਸਤਿਕਾਰ ਵਜੋਂਂ ਦੇ ਕੇ ਸਨਮਾਨ ਕੀਤਾ। ਇਸ ਮੌਕੇ ਜੰਗ ਵਿਚ ਆਪਣੀ ਬਹਾਦਰੀ ਦੇ ਜੌਹਰ ਵਿਖਾਉਣ ਵਾਲੇ ਭਾਈ ਜੈਤਾ ਜੀ (ਭਾਈ ਜੀਵਨ ਸਿੰਘ) ਨੂੰ ਗੁਰੂ ਨੇ ਆਪਣੀਆਂ ਫੌਜਾਂ ਦਾ ਸ਼੍ਰੋਮਣੀ ਜਰਨੈਲ ਥਾਪਿਆ ਸੀ। ਇਸੇ ਦਰਮਿਆਨ ਮਾਤਾ ਪ੍ਰੇਮੋ ਨੇ ਗੁਰੂ ਜੀ ਨੂੰ ਘਰ ਪੁੱਤਰ ਦੇ ਜਨਮ ਦੀ ਖ਼ਬਰ ਦਿੱਤੀ, ਜਿਸ ਦਾ ਨਾਂ ਜਿੱਤ ਦੀ ਖ਼ੁਸ਼ੀ ਵਿਚ ‘ਅਜੀਤ ਸਿੰਘ’ ਰੱਖਿਆ ਗਿਆ।
ਗੁਰਦੁਆਰਾ ਪਾਉਂਟਾ ਸਾਹਿਬ ਕੰਪਲੈਕਸ ’ਚ ‘ਦਸਤਾਰ ਅਸਥਾਨ’ ਬਣਿਆ ਹੋਇਆ ਹੈ। ਇੱਥੇ ਕਲਗੀਧਰ ਪਾਤਸ਼ਾਹ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਇਆ ਕਰਦੇ ਸਨ। ਇਹ ਪ੍ਰੰਪਰਾ ਅੱਜ ਵੀ ਕਾਇਮ ਹੈ। ਪਾਉਂਟਾ ਸਾਹਿਬ ਤੋਂ ਗੁਰੂ ਜੀ ਨੇ ਆਪਣੇ ਪੰਜ ਸਿੱਖਾਂ ਨੂੰ ਬਨਾਰਸ (ਕਾਂਸ਼ੀ) ਵਿਚ ਸੰਸਕ੍ਰਿਤ ਦੀ ਉਚ ਵਿਦਿਆ ਪ੍ਰਾਪਤ ਕਰਨ ਲਈ ਭੇਜਿਆ ਤਾਂ ਜੋ ਉਹ ਉਥੋਂ ਆ ਕੇ ਇਥੋਂ ਦੇ ਸਿੱਖਾਂ ਨੂੰ ਵਿੱਦਿਆ ਵਿਚ ਨਿਪੁੰਨ ਕਰਨ, ਜੋ ਹੁਣ ਨਿਰਮਲੇ ਸਿੰਘ ਹਨ। ਨਾਹਨ ਰਿਆਸਤ ’ਚ ਗੁਰੂ ਜੀ ਨੂੰ ਲਿਆਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਾਲਪੀ ਰਿਸ਼ੀ ਨੂੰ ਮਿਲਣ ਗੁਰੂ ਸਾਹਿਬ ਉਨ੍ਹਾਂ ਦੇ ਅਸਥਾਨ ’ਤੇ ਪੁੱਜੇ। ਗੁਰੂ ਜੀ ਦੇ ਦਰਸ਼ਨ ਦੀਦਾਰ ਕਰਕੇ ਰਿਸ਼ੀ ਬਹੁਤ ਖ਼ੁਸ਼ ਹੋਇਆ। ਬਹੁਤ ਬਿਰਧ ਹੋਏ ਰਿਸ਼ੀ ਨੂੰ ਗੁਰੂ ਜੀ ਆਪਣੇ ਨਾਲ ਲੈ ਆਏ। ਜਿਸ ਸਥਾਨ ’ਤੇ ਕਾਲਪੀ ਰਿਸ਼ੀ ਅਕਾਲ ਚਲਾਣਾ ਕਰ ਗਏ, ਉਸ ਸਥਾਨ ’ਤੇ ਗੁਰੂ ਸਾਹਿਬ ਨੇ ਉਨ੍ਹਾਂ ਦਾ ਸਸਕਾਰ ਕੀਤਾ। ਇਹ ਸਥਾਨ ਵੀ ਗੁਰਦੁਆਰਾ ਕੰਪਲੈਕਸ ਵਿਚ ਮੌਜੂਦ ਹੈ। ਇਸ ਧਰਤੀ ’ਤੇ ਗੁਰੂ ਸਾਹਿਬ ਲਗਭਗ ਸਾਢੇ ਚਾਰ ਸਾਲ ਰਹੇ।
ਸੰਪਰਕ: 97794-79439


Comments Off on ਇਤਿਹਾਸਕ ਗੁਰਦੁਆਰਾ ਪਾਉਂਟਾ ਸਾਹਿਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.