ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਇਕ ਫੁੱਲ ਮੰਗਿਆ…

Posted On July - 14 - 2019

ਕਾਨਾ ਸਿੰਘ

ਕੁਝ ਵੀ ਖਰੀਦਾਂ, ਨਾਲ ਝੂੰਗਾ ਮੰਗਣਾ ਮੇਰੀ ਆਦਤ ਜਿਹੀ ਹੈ। ਇਸ ਆਦਤ ਦੀ ਉਮਰ ਮੇਰੇ ਬਰਾਬਰ ਦੀ ਹੈ। ਬਚਪਨ ਵਿਚ ਕੁਲਫ਼ੀ ਲੈਣੀ, ਟਕੇ ਦੀ। ਕੁਲਫ਼ੀ ਤਾਂ ਰੌਣਕੀ ਰਾਮ ਪਿੱਪਲ ਦੇ ਪੱਤੇ ਉਪਰ ਪਾ ਕੇ ਦੇਂਦਾ ਸੀ ਪਰ ਝੂੰਗਾ ਲੈਣ ਲਈ ਅਸੀਂ ਅੱਗੇ ਪੁੱਠੀ ਤਲੀ ਕਰ ਦੇਂਦੇ ਤੇ ਉਹ ਛੁਰੀ, ਕਰਦ ਨਾਲ ਨਿੱਕੀ ਜਿਹੀ ਕਾਤਰ ਚਿਪਕਾ ਦੇਂਦਾ। ਇਸ ਕਾਤਰ ਦੇ ਚੱਟਣ ਦਾ ਆਨੰਦ ਕੁਲਫ਼ੀ ਤੋਂ ਵੀ ਸਵਾਇਆ ਹੁੰਦਾ ਸੀ।
ਮੋਤੀ ਆਉਂਦਾ ਸੀ ਸ਼ਾਮੀਂ, ਪਕੌੜਿਆਂ ਦੇ ਛਾਬੇ ਨਾਲ। ਟਕੇ ਦੀ ਗੋਭੀ, ਟਕੇ ਦਾ ਆਲੂ। ਟਕਾ ਹੀ ਤਾਂ ਮਿਲਦਾ ਸੀ ਸ਼ਾਮ ਦੀ ਖਰਚੀ ਦਾ।
‘ਤੇ ਝੂੰਗਾ?’ ਜ਼ਰੂਰ ਮੰਗਦੇ। ਮਿਰਚ, ਮੇਥੀ ਜਾਂ ਪਿਆਜ਼ ਦੀ ਪਕੌੜੀ ਜਿਹੀ ਦੇ ਦੇਂਦਾ ਉਹ ਝੂੰਗੇ ਵਜੋਂ। ਅਸੀਂ ਲੈ ਕੇ ਖ਼ੁਸ਼ ਤੇ ਮੋਤੀ ਦੇ ਕੇ ਖ਼ੁਸ਼।
ਦੋਹਾਂ ਵੱਡੀਆਂ ਭੈਣਾਂ ਦੇ ਵਿਆਹ ਸੁੱਧੇ ਹੋਏ ਸਨ। ਘਰ ਵਿਚ ਹੀ ਦਰਜ਼ੀ ਬੈਠੇ ਹੋਏ ਸਨ, ਉਨ੍ਹਾਂ ਦੇ ਦਾਜਲ ਸੂਟ ਸਿਉਣ ਵਾਸਤੇ। ਬਾਲੜੀ ਸਾਂ ਮੈਂ ਤਿੰਨ ਕੁ ਵਰ੍ਹਿਆਂ ਦੀ। ਦੋ ਸੂਟਾਂ ਦੇ ਵੇਤਰਣ ਨਾਲ ਬਚਦੇ ਟੋਟੇ ਵਿਚੋਂ ਮੇਰਾ ਫਰਾਕ ਅਤੇ ਰਿਬਨ ਨਿਕਲ ਆਉਂਦਾ। ਪੂਰੀ ਟਰੰਕੀ ਤਿਆਰ ਹੋ ਗਈ ਸਿਲਮੇ-ਸਿਤਾਰਿਆਂ ਜੜੀ ਫਰਾਕਾਂ ਦੀ ਤੇ ਇਸ ਝੂੰਗੇ ਦੇ ਦਾਜ ਨਾਲ ਤਿਆਰ ਬਰ ਤਿਆਰ ਸਾਂ ਮੈਂ ਵੀ ਵਿਆਹ ਲਈ। ‘ਤੱਕੋ ਮੇਰਾ ਦਾਜ’ ਸਭ ਨੂੰ ਵਿਖਾਉਂਦਿਆਂ ਤੇ ਹਸਾਉਂਦਿਆਂ ਮੈਨੂੰ ਰੱਜ ਨਾ ਆਉਂਦਾ।
ਹਾਥੀ ਦੰਦ ਚਿਰਵਾਇਆ ਗਿਆ ਭੈਣਾਂ ਦੇ ਚੂੜਿਆਂ ਲਈ। ਢਾਈ ਚੂੜੇ ਨਿਕਲੇ। ਇਕ ਇਕ ਭੈਣਾਂ ਦਾ ਤੇ ਤੀਜਾ ਨਿੱਕਾ ਚੂੜਾ ਮੇਰਾ ਵੀ, ਝੂੰਗੇ ਵਿਚ ਤਿਆਰ।
ਮੁੰਬਈ ਵਿਚ ਜੇ ਸਬਜ਼ੀ ਖਰੀਦੋ ਤਾਂ ਮਿੱਠੀ ਨਿੰਮ (ਕਰੀ ਪੱਤਾ) ਦੀਆਂ ਦੋ ਤਿੰਨ ਪੱਤੀਆਂ, ਹਰੀ ਮਿਰਚ, ਹਰਾ ਧਨੀਆਂ ਅਤੇ ਅਦਰਕ ਦੀ ਨਿੱਕੀ ਜਿਹੀ ਗੰਢੀ ਨਾਲ ਮੁਫ਼ਤ ਮਿਲਦੀ ਹੈ ਝੂੰਗੇ ਵਜੋਂ। ਪੰਜਾਬ ਵਿਚ ਆ ਕੇ ਵੀ ਮੇਰੀ ਝੂੰਗਾ ਮੰਗਣ ਦੀ ਆਦਤ ਬਰਕਰਾਰ ਹੈ, ਉਂਜ ਦੀ ਉਂਜ। ਹੱਸ ਕੇ ਦੇ ਦੇਂਦੇ ਨੇ ਫੇਰੀ ਵਾਲੇ। ਰੋਜ਼ ਦੀ ਗਾਹਕ ਜੁ ਹੋਈ।

ਕਾਨਾ ਸਿੰਘ

ਛੋਟੇ ਕੱਦ ਅਤੇ ਸੁਬਕ ਸਰੀਰ ਮੇਰੇ ਵਜੂਦ ਕਾਰਨ ਛੇ-ਗਜੀ ਸਾੜ੍ਹੀ ਮੇਰੇ ਲਈ ਲੰਮੇਰੀ ਹੁੰਦੀ ਹੈ। ਸਾੜ੍ਹੀ ਵਿਚੋਂ ਹੀ ਆਰਾਮ ਨਾਲ ਮੇਰਾ ਬਲਾਊਜ਼ ਨਿਕਲ ਆਉਂਦਾ ਹੈ। ਬਲਾਊਜ਼ ਲਈ ਵਾਧੂ ਕੱਪੜਾ ਨਹੀਂ ਖਰੀਦਣਾ ਪੈਂਦਾ। ਜੇ ਸਾੜ੍ਹੀ ਸਣੇ ਬਲਾਊਜ਼ ਪੀਸ ਦੀ ਮਿਲਦੀ ਹੋਵੇ ਤਾਂ ਮੇਰੀ ਪੋਤੀ ਦੀ ਫਰਾਕ ਵੀ ਨਿਕਲ ਆਉਂਦੀ ਹੈ, ਝੂੰਗੇ ਵਿਚ। ਜੇ ਸਾੜ੍ਹੀ ਦੋ-ਰੰਗੀ ਜਾਂ ਬਹੁਰੰਗੀ ਪ੍ਰਿੰਟ ਹੋਵੇ ਤਾਂ ਨਾਲ ਦੇ ਮੈਚਿੰਗ ਦੋ ਬਲਾਊਜ਼ ਵੀ ਬਣ ਜਾਂਦੇ ਹਨ, ਇਕ ਸੂਫ਼ੀਆਨਾ ਅਤੇ ਇਕ ਬਾਰਡਰ ਦੇ ਨਾਲ ਦਾ ਰੰਗਦਾਰ ਜਾਂ ਰੰਗ-ਬਰੰਗਾ, ਝੂੰਗੇ ਵਿਚ ਹੀ।
ਮੇਰਾ ਪਹਿਲਾ ਕਾਵਿ-ਸੰਗ੍ਰਹਿ ‘ਲੋਹਿਓਂ ਪਾਰਸ’ ਸੰਨ 1988 ਵਿਚ ਰਘਬੀਰ ਰਚਨਾ ਪ੍ਰਕਾਸ਼ਨ ਨੇ ਛਾਪਿਆ ਸੀ। ਉਹ ਸਾਲ ਵਿਚ ਹੀ ਹੱਥੋ-ਹੱਥ ਵਿਕ ਗਿਆ। ਉਸ ਤੋਂ ਬਾਅਦ ਮੈਂ ਗਲਪ ਤੇ ਵਾਰਤਕ ਵੱਲ ਰੁੱਝ ਗਈ। ਯਾਦਚਿੱਤਰਾਂ ਦੇ ਸੰਗ੍ਰਹਿ ਦਾ ਖਰੜਾ, ‘ਰੂਹ ਦੇ ਅਨੁਵਾਦ’ ਪੰਜਾਬ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਨੇ ਪ੍ਰਵਾਨ ਕਰਕੇ ਪੇਸ਼ਗੀ ਰਕਮ ਵੀ ਦੇ ਦਿੱਤੀ ਸੀ, ਪਰ ਟੈਕਸਟ ਬੁੱਕ ਬੋਰਡ ਦਾ ਕੰਮ ਠੱਪ ਹੋ ਜਾਣ ਨਾਲ ਮੁਕੰਮਲ ਪਰੂਫ ਰੀਡਿੰਗ ਦੇ ਬਾਵਜੂਦ ਪੁਸਤਕ ਪ੍ਰਕਾਸ਼ਿਤ ਨਹੀਂ ਸੀ ਹੋ ਰਹੀ।
‘ਲੋਕਗੀਤ ਪ੍ਰਕਾਸ਼ਨ ਤੇਰੀ ਕਵਿਤਾ ਦੀ ਕਿਤਾਬ ਦਾ ਦੂਜਾ ਐਡੀਸ਼ਨ ਛਾਪਣਾ ਚਾਹੁੰਦਾ ਹੈ, ਤੂੰ ਜਾ ਕੇ ਮਿਲ’ ਪ੍ਰੇਮ ਪ੍ਰਕਾਸ਼ ਨੇ ਦੱਸਿਆ। ਮੈਂ ਸੁਸਤੀ ਕਰ ਗਈ। ਸਾਲ ਦੋ ਸਾਲ ਗੁਜ਼ਰ ਗਏ। ਫੇਰ ਗੁਲਜ਼ਾਰ ਸੰਧੂ ਨੇ ਵੀ ਇਹੋ ਸੁਨੇਹਾ ਦਿੱਤਾ ਤੇ ਮੈਂ ਤੁਰ ਪਈ ਉਸ ਦੇ ਨਾਲ ਹੀ ਕਹਾਣੀਆਂ ਦੇ ਖਰੜੇ ਅਤੇ ‘ਲੋਹਿਓਂ ਪਾਰਸ’ ਦੀ ਕਾਪੀ ਸਮੇਤ। ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਵੱਲੋਂ ਪ੍ਰਵਾਨਿਤ ‘ਰੂਹ ਦਾ ਅਨੁਵਾਦ’ ਦਾ ਖਰੜਾ ਵੀ ਨਾਲ ਹੀ ਸੀ ਤੇ ਮੈਂ ਉੱਥੋਂ ਹੀ ਓਧਰ ਵੀ ਜਾਣਾ ਸੀ। ਗੱਲਾਂ ਗੱਲਾਂ ਵਿਚ ਜ਼ਿਕਰ ਹੋ ਗਿਆ ਉਸਦਾ ਵੀ। ਜੈਨ ਨੇ ਖਰੜੇ ਉੱਤੇ ਨਜ਼ਰ ਮਾਰੀ ਤੇ ਕਿਹਾ ਕਿ ਉਹ ਮੇਰੇ ਕਾਵਿ ਸੰਗ੍ਰਹਿ ਤੇ ਕਹਾਣੀ ਸੰਗ੍ਰਹਿ ਤੋਂ ਪਹਿਲਾਂ ‘ਰੂਹ ਦਾ ਅਨੁਵਾਦ’ ਛਾਪੇਗਾ। ‘ਪਰ ਇਹ ਤਾਂ ਟੈਕਸਟ ਬੁੱਕ ਬੋਰਡ ਕੋਲ ਠੰਢੇ ਬਸਤੇ ਵਿਚ ਪਈ ਹੋਈ ਹੈ ਤੇ ਰਾਇਲਟੀ ਦੀ ਕਿਸ਼ਤ ਵਜੋਂ ਮੈਂ ਪੇਸ਼ਗੀ ਰਕਮ ਵੀ ਪ੍ਰਵਾਨ ਕਰ ਚੁੱਕੀ ਹਾਂ’ ਮੇਰਾ ਕਿੰਤੂ ਸੀ। ਹਰੀਸ਼ ਜੈਨ ਦਾ ਮਸ਼ਵਰਾ ਸੀ ਕਿ ਮੈਂ ਬੋਰਡ ਨੂੰ ਲਿਖਤੀ ਨੋਟਿਸ ਦਿਆਂ ਕਿ ਜੇ ਫਲਾਣੀ ਤਰੀਕ ਤਕ ਪੁਸਤਕ ਨਹੀਂ ਛਪਦੀ ਤਾਂ ਮੈਂ ਡੀਲ ਰੱਦ ਕਰਦੀ ਹਾਂ। ਪੱਤਰ ਵੀ ਹਰੀਸ਼ ਜੈਨ ਨੇ ਹੀ ਡਰਾਫਟ ਕਰਾਇਆ। ਛੇਤੀ ਹੀ ਪ੍ਰਕਾਸ਼ਿਤ ਹੋ ਗਈ ‘ਰੂਹ ਦਾ ਅਨੁਵਾਦ’ ਤੇ ਸਬੰਧ ਬਣ ਗਿਆ ਪ੍ਰਕਾਸ਼ਕ ਨਾਲ ਅਗਲੀਆਂ ਕਿਤਾਬਾਂ ਦੇ ਛਪਣ ਦਾ ਵੀ, ਝੂੰਗੇ ਵਿਚ ਹੀ। ਮਗਰੋਂ ਹੀ ਪ੍ਰਕਾਸ਼ਿਤ ਹੋਏ ਮੁਲਾਕਾਤਾਂ ਦਾ ਸੰਗ੍ਰਹਿ ‘ਉਕਾਬ ਦੀ ਅੱਖ’, ਸਫ਼ਰਨਾਮਾ ‘ਮੋਹਾਲੀ ਟੂ ਮਾਸਕੋ’, ਸੱਤ ਬਾਲ ਸਾਹਿਤ ਦੀਆਂ ਪੁਸਤਕਾਂ ਪੰਜਾਬੀ ਤੇ ਹਿੰਦੀ ਵਿਚ ਵੀ ਤੇ ਯਾਦਚਿੱਤਰਾਂ ਦਾ ਸੰਗ੍ਰਹਿ ਚਿੱਤ-ਚੇਤਾ ਵੀ। ਮੂਲ ਨਾਲੋਂ ਦੂਣ-ਸਵਾਇਆ ਹੋ ਨਿਬੜਿਆ ਮੇਰੇ ਲਈ ਝੂੰਗਾ।
ਪਰਸੋਂ ਹੀ ਤਾਂ ਗਈ ਸਾਂ ਬੈਂਕ। ਬਾਹਰ ਨਿਕਲੀ ਤਾਂ ਬੈਂਕ ਦੇ ਸੱਜੇ ਹੱਥ ਲੱਗੀ ਦੁਕਾਨ ਤੋਂ ਸਬਜ਼ੀ ਵੀ ਖਰੀਦ ਲੈਣ ਦਾ ਮਨ ਕੀਤਾ। ਮਟਰ, ਭਿੰਡੀ, ਟਮਾਟਰ, ਪਾਲਕ, ਗਾਜਰਾਂ ਤੇ ਪਿਆਜ਼ਾਂ ਨਾਲ ਥੈਲਾ ਭਰ-ਭਕੁੰਨ ਗਿਆ।
‘ਹੱਛਾ ਵੀਰ ਜੀ ਇਕ ਗੋਂਗਲੂ ਵੀ ਦੇ ਦਿਓ ਝੂੰਗੇ ਵਿਚ’ ਆਖਣ ਦੀ ਦੇਰ ਸੀ ਕਿ ਭਾਈ ਗਦਗਦ!
‘ਕਲੇਜੇ ਵਿਚ ਠੰਢ ਪਾ ਦਿੱਤੀ ਏ ਭੈਣ ਜੀ ‘ਝੂੰਗਾ’ ਆਖ ਕੇ। ਕੇਹੇ ਭਾਗਾਂ ਵਾਲੇ ਦਿਨ ਹੋਂਦੇ ਸਨ। ਸਦੀਆਂ ਬਾਅਦ ਸੁਣਿਆ ਹੈ ਲਫ਼ਜ਼ ਝੂੰਗਾ। ਹਿਕ ਕਿਉਂ ਚਾਰ ਲਵੋ, ਸੱਤ ਲਵੋ, ਪਾ ਲਵੋ ਝੋਲੇ ਵਿਚ ਜਿਤਨੇ ਮਰਜ਼ੀ।’
ਸਮਝ ਗਈ, ਉਹ ਵੀ ਪਿੱਛੋਂ ਲਹਿੰਦੇ ਪੰਜਾਬ ਤੋਂ ਸੀ, ਪੋਠੋਹਾਰੀ, ਮੇਰਾ ਹਮਵਤਨੀ।
‘ਵਗਦੀ ਏ ਰਾਵੀ ਵਿਚ ਦੋ ਫੁੱਲ ਕਾਲੇ ਢੋਲਾ
ਇਕ ਫੁੱਲ ਮੰਗਿਆ/ ਗੋਰੀਏ ਸਾਰਾ ਬਾਗ ਹਵਾਲੇ
ਢੋਲਾ…’’
ਗੁਣਗੁਣਾਉਂਦੀ, ਝੂਮਦੀ ਮੈਂ ਘਰ ਵੱਲ ਤੁਰ ਪਈ।

ਸੰਪਰਕ: 95019-44944


Comments Off on ਇਕ ਫੁੱਲ ਮੰਗਿਆ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.