ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਇਕ-ਦੂਜੇ ਦੇ ਪੂਰਕ ਆਰਸੀ ਤੇ ਸੁਖਬੀਰ

Posted On July - 21 - 2019

ਜੰਗ ਬਹਾਦੁਰ ਗੋਇਲ

ਸੁਖਬੀਰ (1925-2012) ਬਹੁਮੁਖੀ ਪ੍ਰਤਿਭਾ ਦਾ ਧਨੀ ਸੀ। ਉਹ ਕਵੀ, ਨਾਵਲਕਾਰ, ਕਹਾਣੀਕਾਰ, ਨਿਬੰਧਕਾਰ, ਅਨੁਵਾਦਕ ਅਤੇ ਚਿੰਤਕ ਸੀ। ਆਪਣੇ ਵਸੀਹ ਅਧਿਐਨ, ਵਿਸ਼ਾਲ ਅਨੁਭਵ, ਗਹਿਨ ਚਿੰਤਕ, ਸੁਭਾਅ ਦੀ ਸੰਜੀਦਗੀ ਅਤੇ ਭਾਸ਼ਾ ਦੀ ਅਮੀਰੀ ਸਦਕਾ ਪੰਜਾਬੀ ਸਾਹਿਤ ਵਿਚ ਉਸ ਦੀ ਵੱਖਰੀ ਪਛਾਣ ਸਥਾਪਿਤ ਹੋਈ। ਮੇਰੀ ਉਸ ਨਾਲ ਜਾਣ-ਪਛਾਣ ‘ਆਰਸੀ’ ਰਾਹੀਂ ਹੋਈ ਜਦੋਂ ਮੈਂ ਕਾਲਜ ਵਿਚ ਅਜੇ ਗਿਆਰਵੀਂ-ਬਾਰ੍ਹਵੀਂ ਕਲਾਸ ਵਿਚ ਪੜ੍ਹਦਾ ਸੀ। ਪੰਜਾਬੀ ਦਾ ਇਹ ਨਿਰੋਲ ਸਾਹਿਤਕ ਰਸਾਲਾ ਭਾਪਾ ਪ੍ਰੀਤਮ ਸਿੰਘ ਦੀ ਸਰਪ੍ਰਸਤੀ ਹੇਠ ਦਿੱਲੀ ਤੋਂ ਛਪਦਾ ਸੀ। ਮੇਰੇ ਵਾਂਗ ਅਨੇਕਾਂ ਪਾਠਕ ਹਰ ਮਹੀਨੇ ਸੁਖਬੀਰ ਦੀ ਲਿਖਤ ਪੜ੍ਹਨ ਲਈ ‘ਆਰਸੀ’ ਦਾ ਬੜੀ ਬੇਤਾਬੀ ਨਾਲ ਇੰਤਜ਼ਾਰ ਕਰਦੇ। ਸੁਖਬੀਰ ਦੀ ਲਿਖਤ ਕਦੇ ਆਰਸੀ ਦੇ ਪਹਿਲੇ ਪੰਨੇ ’ਤੇ ਛਪਦੀ ਜੋ ਅਕਸਰ ਸੰਪਾਦਕ ਲਈ ਰਾਖਵਾਂ ਹੁੰਦਾ ਹੈ ਅਤੇ ਕਦੇ ਦੂਜੇ ਪੰਨੇ ’ਤੇ। ਕਦੇ ਲਿਖਤ ਹੇਠਾਂ ਉਸ ਦਾ ਨਾਮ ਦਰਜ ਹੁੰਦਾ ਤੇ ਕਦੇ ਲਿਖਤ ਬੇਨਾਮ ਹੁੰਦੀ। ਪਰ ਬੇਨਾਮ ਰਚਨਾ ਨੂੰ ਪੜ੍ਹ ਕੇ ਵੀ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਇਸ ਦਾ ਲੇਖਕ ਸੁਖਬੀਰ ਹੀ ਹੈ।
ਹੌਲੀ ਹੌਲੀ ‘ਆਰਸੀ’ ਤੇ ਸੁਖਬੀਰ ਇਕ ਦੂਜੇ ਦੇ ਪੂਰਕ ਬਣਾ ਗਏ। ਲਗਭਗ ਚਾਰ ਦਹਾਕਿਆਂ ਤਕ ਉਹ ਆਰਸੀ ਨਾਲ ਜੁੜਿਆ ਰਿਹਾ। ਇਸ ਲੰਮੇ ਸਮੇਂ ਦੌਰਾਨ ਸ਼ਾਇਦ ਹੀ ਸੁਖਬੀਰ ਦੀ ਕਿਸੇ ਰਚਨਾ ਤੋਂ ਬਿਨਾਂ ‘ਆਰਸੀ’ ਨਵਯੁਗ ਪ੍ਰੈਸ ’ਚੋਂ ਛਪ ਕੇ ਬਾਹਰ ਆਇਆ ਹੋਵੇ। ਦੁਨੀਆਂ ਭਰ ਵਿਚ ਕਿਸੇ ਲੇਖਕ ਤੇ ਸੰਪਾਦਕ/ਪ੍ਰਕਾਸ਼ਕ ਦਾ ਰਿਸ਼ਤਾ ਏਨੀ ਦੇਰ ਨਿਭਣਾ ਆਪਣੇ ਆਪ ਵਿਚ ਇਕ ਮਿਸਾਲ ਹੈ। ਮੈਂ ਕਦੇ ਕਦੇ ਹੈਰਾਨ ਹੋ ਕੇ ਸੋਚਦਾ ਹਾਂ ਕਿ ਸੁਖਬੀਰ ਤੇ ਭਾਪਾ ਪ੍ਰੀਤਮ ਸਿੰਘ ਦੀ ਦੋਸਤੀ ਏਨੀ ਲੰਮੀ ਨਿਭੀ ਕਿਵੇਂ? ਉਹ ਇਸ ਲਈ ਕਿਉਂਕਿ ਉਹ ਦੋਵੇਂ ਹੀ ਬੇਹੱਦ ਸੁੱਘੜ-ਸਿਆਣੇ, ਭਲੇ ਤੇ ਦਾਨੇ ਪੁਰਖ ਸਨ। ਉਨ੍ਹਾਂ ਦਾ ਰਿਸ਼ਤਾ ਕਿਸੇ ਨਿੱਜੀ ਸੁਆਰਥ ’ਤੇ ਟਿਕਿਆ ਹੋਇਆ ਨਹੀਂ ਸੀ, ਉਹ ਤਾਂ ਖੁੱਲ੍ਹਦਿਲੀ ਨਾਲ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਖ਼ੈਰ ਮੰਗਦੇ ਸਨ।
ਸੁਖਬੀਰ ਦੀ ਵਿਲੱਖਣ ਕਿਸਮ ਦੀ ਲਿਖਤ ਸਦਕਾ ‘ਆਰਸੀ’ ਦਾ ਹਰ ਪਰਚਾ ਸਾਂਭਣ ਯੋਗ ਹੁੰਦਾ। ਉਹ ਦੁਨੀਆਂ ਦੇ ਸਭ ਤੋਂ ਸਿਆਣੇ ਬੰਦਿਆਂ ਦੀ ਅਕਲ ਦਾ ਨਿਚੋੜ ਜਿਸ ਨਿਪੁੰਨਤਾ ਨਾਲ ਕੱਢਦਾ, ਉਹ ਪਾਠਕਾਂ ਦੇ ਦਿਲਾਂ ਨੂੰ ਕੀਲ ਲੈਂਦਾ ਸੀ। ਉਹ ਹਰ ਮਹੀਨੇ ਕਿਸੇ ਸਿੱਧ-ਪੁਰਖ, ਲੇਖਕ, ਚਿੰਤਕ, ਵਿਗਿਆਨੀ, ਸੰਗੀਤਕਾਰ, ਕਲਾਕਾਰ ਆਦਿ ਨਾਲ ਜੁੜੀ ਕਿਸੇ ਘਟਨਾ ਦਾ ਵਰਣਨ ਕਰਦਾ ਜਾਂ ਉਨ੍ਹਾਂ ਦੇ ਪ੍ਰੇਰਕ ਬਚਨ ਲਿਖਦੇ ਜਿਨ੍ਹਾਂ ਨੂੰ ਪੜ੍ਹਦੇ ਸੀਰਤ ਜਗਮਗਾ ਜਾਂਦੀ। ਇਹ ਉਹ ਪਲ ਹੁੰਦਾ ਜਦੋਂ ਕੋਈ ਮਹਾਨ ਰਹੱਸ ਮੇਰੇ ਸਾਹਮਣੇ ਉਜਾਗਰ ਹੋ ਜਾਂਦਾ। ਮੇਰੇ ਮਨ ਵਿਚ ਸੁਖਬੀਰ ਨੂੰ ਮਿਲਣ ਦੀ ਚਾਹਤ ਪੈਦਾ ਹੁੰਦੀ, ਪਰ ਉਹ ਮੈਨੂੰ ਮੇਰੀ ਪਹੁੰਚ ਤੋਂ ਬਾਹਰ ਜਾਪਦਾ।
ਮੈਂ ਅਜੇ ਕਾਲਜ ਵਿਚ ਹੀ ਪੜ੍ਹਦਾ ਸੀ ਜਦੋਂ ਮੇਰੇ ਬਚਪਨ ਦਾ ਦੋਸਤ ਸੁਰਿੰਦਰ ਸ਼ਰਮਾ ਰੇਲਵੇ ਵਿਚ ਮੁੰਬਈ ਨੌਕਰੀ ਕਰਨ ਲੱਗਿਆ। ਮੁੰਬਈ ਰਹਿੰਦਆਂ ਉਸ ਦੀ ਨੇੜਤਾ ਸੁਖਬੀਰ ਨਾਲ ਹੋਈ ਤੇ ਉਸ ਦੀ ਸੰਗਤ ਵਿਚ ਸੁਰਿੰਦਰ ਨੂੰ ਸਾਹਿਤ ਅਧਿਐਨ ਦੀ ਚੇਟਕ ਲੱਗ ਗਈ। ਉਹ ਜਦੋਂ ਵੀ ਜੈਤੋ ਆਉਂਦਾ ਤਾਂ ਘੰਟਿਆਂਬੱਧੀ ਮੇਰੇ ਨਾਲ ਸੁਖਬੀਰ ਬਾਰੇ ਗੱਲਾਂ ਕਰਦਾ। ਉਸ ਦੀਆਂ ਗੱਲਾਂ ਸੁਣ-ਸੁਣ ਮੈਂ ਸੁਖਬੀਰ ਨੂੰ ਮਿਲਣ ਲਈ ਹੋਰ ਬੇਤਾਬ ਹੋ ਜਾਂਦਾ। ਸ਼ਾਮ ਵੇਲੇ ਅਸੀਂ ਆਪਣੇ ਗੁਆਂਢੀ ਨਾਵਲਕਾਰ ਗੁਰਦਿਆਲ ਸਿੰਘ ਨਾਲ ਸੈਰ ਕਰਨ ਜਾਂਦੇ ਤਾਂ ਜਦੋਂ ਕਦੇ ਵੀ ਸੁਖਬੀਰ ਦਾ ਜ਼ਿਕਰ ਛਿੜਦਾ ਤਾਂ ਗੁਰਦਿਆਲ ਸਿੰਘ ਹਮੇਸ਼ਾ ਇਹ ਗੱਲ ਕਹਿੰਦੇ:
‘‘ਸਾਡੇ ਸਾਰੇ ਪੰਜਾਬੀ ਲੇਖਕਾਂ ’ਚੋਂ ਸੁਖਬੀਰ ਅਤੇ ਨਵਤੇਜ ਸਿੰਘ ਸਭ ਤੋਂ ਵੱਧ ਪੜ੍ਹਦੇ ਹਨ। ਉਨ੍ਹਾਂ ਵਰਗਾ ਵਿਸ਼ਵ ਸਾਹਿਤ ਅਤੇ ਫਲਸਫ਼ੇ ਦਾ ਅਧਿਐਨ ਕਿਸੇ ਵੀ ਹੋਰ ਲੋਖਕ ਨੇ ਨਹੀਂ ਕੀਤਾ।’’
ਵਕਤ ਬੀਤਦਾ ਗਿਆ। ਚਾਲੀ ਵਰ੍ਹਿਆਂ ਤੋਂ ਵੀ ਵੱਧ ਸਮੇਂ ਤਕ ਪੰਜਾਬੀ ਜਗਤ ਦੀ ਸੇਵਾ ਕਰਦੀ ‘ਆਰਸੀ’ 2000 ਵਿਚ ਬੰਦ ਹੋ ਗਈ। 2004 ਦੀ ਕ੍ਰਿਸਮਿਸ ਦੀ ਰਾਤ ਨੂੰ ਇਕ ਸੜਕ ਦੁਰਘਟਨਾ ਵਿਚ ਮੇਰੀਆਂ ਦੋਵੇਂ ਬਾਹਾਂ ਟੁੱਟ ਗਈਆਂ ਸਨ ਤੇ ਮੇਰਾ ਇਕ ਦੋਸਤ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਜਦੋਂ ਮੇਰਾ ਸੱਜਾ ਹੱਥ ਥੋੜ੍ਹਾ-ਬਹੁਤ ਚੱਲਣ ਲੱਗਾ ਤਾਂ ਮੈਂ ਹੌਸਲਾ ਕਰਕੇ ਸੁਖਬੀਰ ਨੂੰ ਖ਼ਤ ਲਿਖਿਆ ਤੇ ਨਾਲ ਹੀ ਮੈਂ ਉਸ ਨੂੰ ਆਪਣੀ ਅੰਗਰੇਜ਼ੀ ’ਚ ਲਿਖੀ ਪੁਸਤਕ ‘ਸਵਾਮੀ ਵਿਵੇਕਾਨੰਦ: ਹਿਜ਼ ਹਿਊਮਨ ਬੌਂਡਜ਼’ ਭੇਜੀ। ਬੱਸ ਫਿਰ ਚਿੱਠੀਆਂ ਦਾ ਸਿਲਸਿਲਾ ਤੁਰ ਪਿਆ। ਸੁਖਬੀਰ ਨੂੰ ਮੇਰੇ ਵੱਲੋਂ ਪੰਜਾਬੀ ਵਿਚ ਲਿਖੀ ਚਿੱਠੀ ਨਾਲ ਇਹ ਹੋਇਆ ਕਿ ਮੈਂ ਪੰਜਾਬੀ ’ਚ ਲਿਖਣਾ ਸ਼ੁਰੂ ਕਰ ਦਿੱਤਾ ਤੇ ‘ਵਿਸ਼ਵ ਸਾਹਿਤ ਦੇ ਸ਼ਾਹਕਾਰ’ ਪੁਸਤਕ ਲੜੀ ਰਾਹੀਂ ਮੇਰੀ ਪੰਜਾਬੀ ਸਾਹਿਤ ਵਿਚ ਪਛਾਣ ਬਣੀ। ਸੁਖਬੀਰ ਨੂੰ ਮਿਲਣ ਦੀ ਮੇਰੀ ਇੱਛਾ 2007 ਵਿਚ ਪੂਰੀ ਹੋਈ ਜਦੋਂ ਮੈਂ ਉਸ ਨੂੰ ਮੁੰਬਈ ਉਚੇਚੇ ਤੌਰ ’ਤੇ ਮਿਲਣ ਗਿਆ। ਮੈਂ ਸੇਵਾਮੁਕਤ ਹੋ ਚੁੱਕਾ ਸੀ ਤੇ ਸੁਖਬੀਰ ਨੇ ਮੈਨੂੰ ਬਾਕੀ ਦੀ ਜ਼ਿੰਦਗੀ ਪੰਜਾਬੀ ਸਾਹਿਤ ਦੇ ਲੇਖੇ ਲਾਉਣ ਦੀ ਪ੍ਰੇਰਣਾ ਦਿੱਤੀ। ਇਕ ਸਾਲ ਬਾਅਦ ਹੀ ਮੈਨੂੰ ਅਜਿਹੀ ਬਿਮਾਰੀ ਨੇ ਘੇਰ ਲਿਆ ਜਿਸ ਨੂੰ ਪੀਜੀਆਈ ਦੇ ਡਾਕਟਰਾਂ ਨੇ ਲਾਇਲਾਜ ਕਹਿ ਕੇ ਹੱਥ ਖੜ੍ਹੇ ਕਰ ਦਿੱਤੇ। ਮੈਂ ਨਾ ਤੁਰ ਸਕਦਾ ਸੀ, ਨਾ ਬੈਠ ਸਕਦਾ ਸੀ। ਹਰ ਵੇਲੇ ਮੇਰੇ ਅੰਗ-ਅੰਗ ਵਿਚ ਅਸਹਿ ਦਰਦ ਰਹਿੰਦਾ। ਮੈਂ ਬੇਹਾਲ ਸੀ। ਇਸ ਦੁਖਦਾਈ ਸਥਿਤੀ ਵਿਚ ਲਗਭਗ ਹਰ ਰੋਜ਼ ਸੁਖਬੀਰ ਮੇਰੇ ਨਾਲ ਘੰਟਾ-ਘੰਟਾ ਫੋਨ ’ਤੇ ਗੱਲਾਂ ਕਰਦਾ। ਗੱਲ ਕਰਦੇ ਦਾ ਗੱਚ ਭਰ ਆਉਂਦਾ। ਉਸ ਦੀ ਪਤਨੀ ਜਸਬੀਰ ਕੌਰ ਨੇ ਹੱਲਾਸ਼ੇਰੀ ਦਿੰਦਿਆਂ ਕਹਿਣਾ, ‘‘ਵੀਰ ਜੀ, ਤੁਸੀਂ ਬਿਲਕੁਲ ਠੀਕ ਹੋ ਜਾਵੋਗੇ, ਕੋਈ ਕ੍ਰਿਸ਼ਮਾ ਜ਼ਰੂਰ ਵਾਪਰੇਗਾ।’’
ਇਕ ਦਿਨ ਮੈਂ ਫੋਨ ’ਤੇ ਸੁਖਬੀਰ ਨੂੰ ਕਿਹਾ, ‘‘ਬੀਬੀ ਜੀ, ਹਮੇਸ਼ਾਂ ਕ੍ਰਿਸ਼ਮਾ ਵਾਪਰਨ ਦੀ ਗੱਲ ਕਰਦੇ ਹਨ, ਪਰ ਮੇਰਾ ਤਾਂ ਕ੍ਰਿਸ਼ਮਿਆਂ ਵਿਚ ਕੋਈ ਯਕੀਨ ਨਹੀਂ ਹੈ।’’
ਸੁਖਬੀਰ ਦਾ ਜਵਾਬ ਸੀ, ‘‘ਕ੍ਰਿਸ਼ਮੇ ਵਾਪਰਦੇ ਹੀ ਉਨ੍ਹਾਂ ਨਾਲ ਜਿਨ੍ਹਾਂ ਦਾ ਇਨ੍ਹਾਂ ਵਿਚ ਵਿਸ਼ਵਾਸ ਨਹੀਂ ਹੁੰਦਾ।’’
ਸੱਚਮੁੱਚ, ਮੇਰੇ ਨਾਲ ਕ੍ਰਿਸ਼ਮਾ ਹੀ ਵਾਪਰਿਆ ਤੇ ਮੈਂ ਨੌਂ-ਬਰ-ਨੌਂ ਹੋ ਗਿਆ। ਮੇਰੇ ਠੀਕ ਹੋਣ ’ਤੇ ਮੈਨੂੰ ਸੁਖਬੀਰ ਤੋਂ ਇਕ ਨਾਯਾਬ ਤੋਹਫ਼ਾ ਮਿਲਿਆ। ਉਸ ਨੇ ਆਪਣੀ ਪੁਸਤਕ ‘ਸਮੁੰਦਰ ਦਾ ਸਿਰਨਾਵਾਂ’ ਮੈਨੂੰ ਸਮਰਪਿਤ ਕੀਤੀ।
ਫਰਵਰੀ 2012 ਦੀ ਜਿਸ ਰਾਤ ਨੂੰ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਉਸ ਦਿਨ ਦੁਪਹਿਰ ਵੇਲੇ ਲਗਪਗ ਡੇਢ ਘੰਟਾ ਉਸ ਨੇ ਮੇਰੇ ਨਾਲ ਫੋਨ ’ਤੇ ਗੱਲਾਂ ਕੀਤੀਆਂ। ਇਹ ਸਾਡੀ ਆਖ਼ਰੀ ਗੱਲਬਾਤ ਸੀ। ਉਹ 22 ਫਰਵਰੀ 2012 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ।

ਫੋਟੋ: ਅਮਰਜੀਤ ਚੰਦਨ

ਹੁਣ ਜਦੋਂ ਭਾਪਾ ਪ੍ਰੀਤਮ ਸਿੰਘ ਤੇ ਸੁਖਬੀਰ ਦੋਵੇਂ ਹੀ ਇਸ ਦੁਨੀਆਂ ’ਚ ਨਹੀਂ ਰਹੇ ਤਾਂ ਉਨ੍ਹਾਂ ਦੀ ਯਾਦ ਨੂੰ ਸਦੀਵੀ ਬਣਾਉਣਾ ਲਈ ਡਾ. ਚੰਦਰ ਮੋਹਨ ਨੇ ‘ਆਰਸੀ ਤੇ ਸੁਖਬੀਰ’ ਪੁਸਤਕ ਦਾ ਬੜਾ ਨਿਪੁੰਨ ਸੰਪਾਦਨ ਕੀਤਾ ਹੈ ਜੋ ‘ਆਰਸੀ’ ਵਿਚ ਛਪੀਆਂ ਸੁਖਬੀਰ ਦੀਆਂ ਲਿਖਤਾਂ ਦਾ ਸੰਗ੍ਰਹਿ ਹੈ। ਭਾਪਾ ਪ੍ਰੀਤਮ ਸਿੰਘ ਦੀ ਵਿਦਵਾਨ ਧੀ ਡਾ. ਰੇਣੁਕਾ ਸਿੰਘ ਨੇ ਬੜੀ ਅਕੀਦਤ ਨਾਲ ਇਸ ਦਾ ਪ੍ਰਕਾਸ਼ਨ ਕੀਤਾ ਹੈ।
‘ਆਰਸੀ ਤੇ ਸੁਖਬੀਰ’ ਕੋਈ ਸਾਧਾਰਨ ਕਿਤਾਬ ਨਹੀਂ। ਇਹ ਤਾਂ ਗਿਆਨ ਦਾ ਖ਼ਜ਼ਾਨਾ ਹੈ। ਇਹ ਪੁਸਤਕ ਕਿੰਨੇ ਹੀ ਦੀਵਿਆਂ ਦੀ ਲੋਅ ਨਾਲ ਪ੍ਰਕਾਸ਼ਮਾਨ ਹੈ। ਇਹ ਜ਼ਿੰਦਗੀ ਦਾ ਚਾਨਣ ਮੁਨਾਰਾ ਹੈ। ਇਸ ਵਿਚ ਅਟੱਲ ਸੱਚਾਈਆਂ ਹਨ ਤੇ ਜ਼ਿੰਦਗੀ ਨੂੰ ਜਿਉਣ ਦੀ ਵਿਧਾ ਹੈ। ਇਹ ਕਿਤਾਬ ਉਨ੍ਹਾਂ ਲਈ ਲਾਜ਼ਮੀ ਹੈ ਜਿਨ੍ਹਾਂ ਦੇ ਦਿਲ ਅੰਦਰ ਬਹੁਤ ਕੁਝ ਜਾਣਨ ਦੀ ਜਗਿਆਸਾ ਹੈ ਤੇ ਉਹ ਆਪਣੀ ਜ਼ਿੰਦਗੀ ਨੂੰ ਇਕ ਕਲਾਕ੍ਰਿਤ ਵਾਂਗ ਸੋਹਣਾ ਬਣਾਉਣਾ ਲੋਚਦੇ ਹਨ। ਜੇ ਕਦੇ ਕੋਈ ਢਹਿੰਦੀਕਲਾ ’ਚ ਮਹਿਸੂਸ ਕਰੇ ਤਾਂ ਉਹ ਕਿਤੋਂ ਵੀ ਕੋਈ ਵਰਕਾ ਖੋਲ੍ਹ ਕੇ ਪੜ੍ਹ ਲਵੇ, ਉਹ ਆਪਣੀ ਮਾਨਸਿਕ ਸਥਿਤੀ ਵਿਚ ਹੈਰਾਨੀਕੁਨ ਤਬਦੀਲੀ ਮਹਿਸੂਸ ਕਰੇਗਾ। ਇਕ ਸਤਰ ਵੀ ਦਵਾਈ ਦੀ ਡੋਜ਼ ਵਾਂਗ ਅਸਰ ਕਰੇਗੀ। ਇਸ ਪੁਸਤਕ ਦਾ ਅੱਖਰ-ਅੱਖਰ ਨਵੀਆਂ ਮੰਜ਼ਿਲਾਂ ਤੇ ਨਵੇਂ ਦਿਸਹੱਦਿਆਂ ਵੱਲ ਇਸ਼ਾਰਾ ਕਰਦਾ ਹੈ। ਵੰਨ-ਸੁਵੰਨੇ ਵਿਸ਼ੇ, ਪ੍ਰੇਰਣਾਦਾਇਕ ਪ੍ਰਸੰਗ ਤੇ ਅਨਮੋਲ ਬਚਨਾਂ ਦੀਆਂ ਕੁਝ ਵੰਨਗੀਆਂ ਪੇਸ਼ ਕੀਤੇ ਬਿਨਾਂ ਰਿਹਾ ਨਹੀਂ ਜਾ ਸਕਦਾ:
w ਕਲੀਮੈਂਟ ਹਾਫਬਾਇਰ ਘਰ-ਘਰ ਜਾ ਕੇ ਗ਼ਰੀਬਾਂ ਲਈ ਦਾਨ ਮੰਗ ਰਿਹਾ ਸੀ।
ਇਕ ਘਰ ਦੇ ਮਾਲਿਕ ਨੇ ਉਸ ਨੂੰ ਹਿਕਾਰਤ ਨਾਲ ਵੇਖਦਿਆਂ ਕਿਹਾ, ‘‘ਦਫ਼ਾ ਹੋ ਜਾ ਇੱਥੋਂ! ਜਦ ਵੇਖੋ, ਕੋਈ ਕੋਈ ਮੰਗਣ ਆ ਜਾਂਦਾ ਏ।’’
ਹਾਫਬਾਇਰ ਉੱਥੇ ਹੀ ਖੜ੍ਹਾ ਰਿਹਾ ਤੇ ਉਸ ਨੇ ਦਾਨ ਲਈ ਫੇਰ ਬੇਨਤੀ ਕੀਤੀ। ਇਸ ’ਤੇ ਘਰ ਦਾ ਮਾਲਿਕ ਤਲਖ਼ ਹੋ ਉਠਿਆ ਤੇ ਉਸ ਨੇ ਮੂੰਹ ’ਤੇ ਥੁੱਕਦਿਆਂ ਕਿਹਾ, ‘‘ਲੈ, ਇਹ ਲੈ ਜਾ।’’
ਹਾਫਬਾਇਰ ਉਸੇ ਸ਼ਾਂਤ ਭਾਵ ਨਾਲ ਖੜ੍ਹਾ ਰਿਹਾ ਤੇ ਉਸ ਨੇ ਹੋਰ ਵੀ ਨਰਮੀ ਨਾਲ ਕਿਹਾ, ‘‘ਇਹ ਤਾਂ ਮੇਰੇ ਲਈ ਹੋਇਆ, ਗ਼ਰੀਬਾਂ ਲਈ ਵੀ ਤਾਂ ਕੁਝ ਦਿਓ।’’
w ਅਮਰੀਕੀ ਹਾਸ ਅਭਿਨੇਤਾ, ਜਿੰਮੀ ਡੂਰਾਂਟੇ ਇਕ ਵਾਰ ਐਡ ਸਲੀਵਨ ਨਾਂ ਦੇ ਪੱਤਰਕਾਰ ਨਾਲ ਨਿਊਯਾਰਕ ਖਾੜੀ ਦੇ ਸਟੇਟਨ ਟਾਪੂ ਦੇ ਇਕ ਹਸਪਤਾਲ ਵਿਚ ਗਿਆ ਜਿੱਥੇ ਉਸ ਨੇ ਦੂਜੀ ਸੰਸਾਰ ਜੰਗ ਦੇ ਜ਼ਖ਼ਮੀ ਫ਼ੌਜੀਆਂ ਦੇ ਮਨਪਰਚਾਵੇ ਲਈ ਇਕ ਪ੍ਰੋਗਰਾਮ ਪੇਸ਼ ਕਰਨਾ ਸੀ। ਉਸੇ ਦਿਨ ਉਸ ਨੇ ਨਿਊਯਾਰਕ ਸ਼ਹਿਰ ਦੇ ਰੇਡੀਓ ’ਤੇ ਵੀ ਦੋ ਪ੍ਰੋਗਰਾਮ ਪੇਸ਼ ਕਰਨੇ ਸਨ। ਯੋਜਨਾ ਇਹ ਸੀ ਕਿ ਫ਼ੌਜੀਆਂ ਦਾ ਮਨਪ੍ਰਚਾਵਾ ਕਰਨ ਪਿੱਛੋਂ ਉਹ ਨਿਸ਼ਚਿਤ ਸਮੇਂ ’ਤੇ ਬੇੜੀ ਵਿਚ ਸਵਾਰ ਹੋ ਕੇ ਨਿਊਯਾਰਕ ਪਹੁੰਚ ਜਾਵੇਗਾ।
ਫ਼ੌਜੀਆਂ ਨੂੰ ਉਸ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ। ਉਨ੍ਹਾਂ ਦੀ ਖ਼ੁਸ਼ੀ ਵੇਖ ਕੇ ਡੂਰਾਂਟੇ ਨੇ ਪ੍ਰੋਗਰਾਮ ਪੂਰਾ ਹੋਣ ਤੋਂ ਬਾਅਦ ਇਕ ਆਈਟਮ ਪੇਸ਼ ਕੀਤੀ। ਫ਼ੌਜੀ ਹੋਰ ਵੀ ਖ਼ੁਸ਼ ਹੋਏ। ਇਹ ਵੇਖ ਕੇ ਡੂਰਾਂਟੇ ਇਕ ਹੋਰ ਆਈਟਮ ਪੇਸ਼ ਕਰਨ ਦੀ ਤਿਆਰੀ ਕਰਨ ਲੱਗਾ ਤਾਂ ਸਲੀਵਨ ਨੇ ਕਿਹਾ, ‘‘ਪਾਗਲ ਹੋ ਗਿਆ ਏਂ? ਪਹਿਲਾਂ ਹੀ ਦੇਰ ਹੋ ਗਈ ਏ। ਜੇ ਬੇੜੀ ਨਿਕਲ ਗਈ ਤਾਂ ਸਮੇਂ ਸਿਰ ਸ਼ਹਿਰ ਨਹੀਂ ਪਹੁੰਚ ਸਕਾਂਗੇ।’’
‘‘ਰਤਾ ਪਰਦੇ ’ਚੋਂ ਝਾਕ ਕੇ ਪਹਿਲੀ ਪਾਲ ਵੱਲ ਤਾਂ ਵੇਖ!’’ ਡੂਰਾਂਟੇ ਨੇ ਉਸ ਦੀ ਗੱਲ ਨਜ਼ਰਅੰਦਾਜ਼ ਕਰਦਿਆਂ ਕਿਹਾ।
ਸਲੀਵਨ ਨੇ ਵੇਖਿਆ ਤਾਂ ਪਹਿਲੀ ਪਾਲ ਵਿਚ ਉਸ ਨੂੰ ਦੋ ਫ਼ੌਜੀ ਨਜ਼ਰ ਆਏ ਜਿਨ੍ਹਾਂ ਦੀ ਇਕ ਇਕ ਬਾਂਹ ਕੱਟੀ ਹੋਈ ਸੀ ਤੇ ਉਹ ਦੋਵੇਂ ਮਿਲ ਕੇ ਇਕ ਦੂਜੇ ਦੇ ਇਕ ਇਕ ਨਾਲ ਤਾੜੀਆਂ ਵਜਾ ਰਹੇ ਸਨ।
w ਔਗਸਤ ਰੋਦਾਂ ਸੰਸਾਰ ਪ੍ਰਸਿੱਧ ਫਰਾਂਸੀਸੀ ਲੇਖਕ ਬਾਲਜ਼ਾਕ ਦਾ ਬੁੱਤ ਬਣਾ ਚੁੱਕਾ ਤਾਂ ਉਸ ਨੇ ਆਪਣੇ ਇਕ ਵਿਦਿਆਰਥੀ ਨੂੰ ਬੁੱਤ ਵਿਖਾਲਣ ਲਈ ਸੱਦਿਆ।
ਬੁੱਤ ਵਿਚ ਬਾਲਜ਼ਾਕ ਚੋਗਾ ਪਾਈ ਖੜੋਤਾ ਸੀ ਤੇ ਉਸ ਦੇ ਦੋਵੇਂ ਹੱਥ ਆਪਸ ਵਿਚ ਜੁੜੇ ਹੋਏ ਸਨ। ਵਿਦਿਆਰਥੀ ਉਸ ਮਹਾਨ ਕਲਾਕ੍ਰਿਤ ਨੂੰ ਅਚੰਭਿਤ ਹੋਇਆ ਵੇਖਣ ਲੱਗਾ। ਕੁਝ ਚਿਰ ਪਿੱਛੋਂ ਉਸ ਦੀ ਨਜ਼ਰ ਬਾਲਜ਼ਾਕ ਦੇ ਹੱਥਾਂ ’ਤੇ ਪਈ ਤਾਂ ਉੱਥੇ ਹੀ ਟਿਕੀ ਰਹਿ ਗਈ। ਅਖ਼ੀਰ, ਉਸ ਦੇ ਮੂੰਹੋਂ ਨਿਕਲਿਆ, ‘‘ਲਾਜਵਾਬ ਨੇ! ਅੱਜ ਤਕ ਸ਼ਾਇਦ ਹੀ ਕੋਈ ਕਲਾਕਾਰ ਇਹੋ ਜਿਹੇ ਹੱਥ ਬਣਾ ਸਕਿਆ ਹੋਵੇ।’’
ਰੋਦਾਂ ਨੂੰ ਹੈਰਾਨੀ ਹੋਈ ਕਿ ਵਿਦਿਆਰਥੀ ਦੀ ਨਜ਼ਰ ਸਿਰਫ਼ ਹੱਥਾਂ ’ਤੇ ਹੀ ਕਿਉਂ ਟਿਕ ਗਈ ਸੀ, ਭਾਵੇਂ ਉਹ ਜਾਣਦਾ ਸੀ ਕਿ ਹੱਥ ਬਣਾਉਣ ਵਿਚ ਕੋਈ ਉਸ ਦਾ ਮੁਕਾਬਲਾ ਨਹੀਂ ਸੀ ਕਰ ਸਕਦਾ।
ਤਦ ਉਸ ਨੇ ਆਪਣੇ ਇਕ ਹੋਰ ਵਿਦਿਆਰਥੀ ਨੂੰ ਸੱਦਿਆ। ਉਸ ਵਿਦਿਆਰਥੀ ਦੀ ਅੱਖ ਵੀ ਬਾਲਜ਼ਾਕ ਦੇ ਹੱਥਾਂ ’ਤੇ ਹੀ ਟਿਕ ਗਈ ਤੇ ਉਸ ਨੇ ਕਿਹਾ, ‘‘ਇਹੋ ਜਿਹੇ ਹੱਥ ਤਾਂ ਸਿਰਫ਼ ਰੱਬ ਹੀ ਬਣਾ ਸਕਦਾ ਏ।’’
ਜਦ ਤੀਜੇ ਵਿਦਿਆਰਥੀ ਦਾ ਵੀ ਧਿਆਨ ਸਭ ਤੋਂ ਵੱਧ ਉਨ੍ਹਾਂ ਹੱਥਾਂ ਵੱਲ ਹੀ ਗਿਆ ਤਾਂ ਰੋਦਾਂ ਨੇ ਸਟੂਡੀਓ ’ਚੋਂ ਇਕ ਹਥੌੜਾ ਚੁੱਕਿਆ ਤੇ ਬੁੱਤ ਕੋਲ ਜਾ ਕੇ ਉਸ ਦੇ ਹੱਥਾਂ ’ਤੇ ਮਾਰਿਆ। ਹੱਥ ਟੁੱਟ ਕੇ ਡਿੱਗ ਪਏ।
ਤਦ ਰੋਦਾਂ ਨੇ ਵਿਦਿਆਰਥੀਆਂ ਨੂੰ ਕਿਹਾ, ‘‘ਮੈਂ ਹੱਥਾਂ ਨੂੰ ਤੋੜ ਸੁੱਟਿਆ ਏ ਕਿਉਂਕਿ ਇਨ੍ਹਾਂ ਦੀ ਆਪਣੀ ਸੁਤੰਤਰ ਹੋਂਦ ਬਣ ਗਈ ਸੀ। ਇਹ ਬੁੱਤ ਦਾ ਹਿੱਸਾ ਨਹੀਂ ਸਨ ਜਾਪਦੇ। ਅਸਲ ਵਿਚ ਕਿਸੇ ਵੀ ਚੀਜ਼ ਦਾ ਕੋਈ ਹਿੱਸਾ ਉਸ ਨਾਲੋਂ ਜ਼ਿਆਦਾ ਅਹਿਮ ਨਹੀਂ ਹੋਣਾ ਚਾਹੀਦਾ। ਇਹ ਹੱਥ ਬੁੱਤ ਦੀ ਅਹਿਮੀਅਤ ਨੂੰ ਘਟਾਉਂਦੇ ਸਨ, ਸੋ ਮੈਂ ਤੋੜ ਸੁੱਟੇ ਹਨ।’’
w ਆਪਣੇ ਅੰਤਲੇ ਦਿਨਾਂ ਵਿਚ ਨਿਰਾਲਾ ਜੀ ਦੀ ਮਾਨਸਿਕ ਹਾਲਤ ਬਹੁਤ ਖਰਾਬ ਹੋ ਗਈ ਸੀ। ਉਹ ਤੁਲਸੀ ਦਾਸ ਤੇ ਟੈਗੋਰ ਨਾਲ ਇੰਜ ਗੱਲਾਂ ਕਰਦੇ ਜਿਵੇਂ ਇਹ ਲੇਖਕ ਉਨ੍ਹਾਂ ਦੇ ਸਾਹਮਣੇ ਬੈਠੇ ਹੋਣ। ਉਨ੍ਹਾਂ ਨੇ ਬੜੀਆਂ ਮੁਸੀਬਤਾਂ ਸਹੀਆਂ ਤੇ ਗ਼ਰੀਬੀ ਵਿਚ ਬਹੁਤ ਔਖੇ ਦਿਨ ਕੱਟੇ। ਚਾਲੀਆਂ ਸਾਲਾਂ ਤੱਕ ਮੈਂ ਉਨ੍ਹਾਂ ਨੂੰ ਰੱਖੜੀ ਬੰਨ੍ਹਦੀ ਰਹੀ। ਰੱਖੜੀ ਵਾਲੇ ਦਿਨ ਉਹ ਆਉਂਦੇ ਤਾਂ ਮੈਂ ਭੱਜ ਕੇ ਉਨ੍ਹਾਂ ਨੂੰ ਮਿਲਣ ਜਾਂਦੀ। ਤਦੇ ਉਹ ਮੈਥੋਂ ਦੋ ਰੁਪਏ ਮੰਗਦੇ। ‘‘ਕੀ ਕਰਨੇ ਨੇ?’’ ਮੈਂ ਪੁੱਛਦੀ। ਉਹ ਕਹਿੰਦੇ, ‘‘ਇਕ ਰੁਪਿਆ ਰਿਕਸ਼ੇ ਵਾਲੇ ਨੂੰ ਦੇਣਾ ਏ ਤੇ ਇਕ ਤੈਨੂੰ ਰੱਖੜੀ ਦਾ।’’ ਉਹ ਕਵੀ ਵੀ ਮਹਾਨ ਸਨ ਤੇ ਮਨੁੱਖ ਵੀ ਮਹਾਨ ਸਨ। – ਮਹਾਦੇਵੀ ਵਰਮਾ
‘ਆਰਸੀ ਤੇ ਸੁਖਬੀਰ’ ਸੱਚਮੁੱਚ ਅਜਿਹੀ ਪੁਸਤਕ ਹੈ ਜਿਸ ਨੂੰ ਇਕ ਵੇਰਾਂ ਪੜ੍ਹ ਕੇ ਪਰ੍ਹਾਂ ਨਹੀਂ ਰੱਖਿਆ ਜਾ ਸਕਦਾ। ਇਹ ਸਿਰਹਾਣੇ ਰੱਖ ਕੇ ਵਾਰ-ਵਾਰ ਪੜ੍ਹਨ ਵਾਲੀ ਕਿਤਾਬ ਹੈ।
ਪੰਜਾਬੀ ਦੇ ਪ੍ਰਸਿੱਧ ਲੇਖਕ ਜਸਬੀਰ ਭੁੱਲਰ ਨੇ ਇਹ ਪੁਸਤਕ ਪੜ੍ਹਨ ਤੋਂ ਬਾਅਦ ਸੁਖਬੀਰ ਦੇ ਬੇਟੇ ਨਵਰਾਜ ਨੂੰ ਇਕ ਖ਼ਤ ਲਿਖਿਆ: ‘ਤੁਸੀਂ ਤਾਂ ਖੁੱਲ੍ਹ ਜਾ ਸਿਮ-ਸਿਮ ਦਾ ਮੰਤਰ ਹੀ ਮੈਨੂੰ ਸੌਂਪ ਦਿੱਤਾ ਹੈ। ਕੀਮਤੀ ਖਜ਼ਾਨੇ ਦੇ ਬੂਹੇ ਮੇਰੇ ਸਾਹਮਣੇ ਖੁੱਲ੍ਹੇ ਪਏ ਨੇ। ਲਾਲਚੀ ਹਾਂ, ਬੁੱਕ ਭਰ ਭਰ ਚੁੱਕ ਰਿਹਾ ਹਾਂ। ਦਿਨ-ਬ-ਦਿਨ ਅਮੀਰ ਹੋਈ ਜਾ ਰਿਹਾ ਹਾਂ, ਹੋਰ ਅਮੀਰ ਹੋਈ ਜਾ ਰਿਹਾ ਹਾਂ। ‘ਆਰਸੀ ਤੇ ਸੁਖਬੀਰ’ ਇਕ ਉਹ ਕਿਤਾਬ ਹੈ ਜਿਹੜੀ ਮੈਂ ਕਦੇ ਕਿਸੇ ਨੂੰ ਨਹੀਂ ਦੇਣਾ ਚਾਹੁੰਦਾ, ਪਰ ਮੈਂ ਚਾਹੁੰਦਾ ਹਾਂ ਕਿ ਇਹ ਕਿਤਾਬ ਹਰ ਕਿਸੇ ਕੋਲ ਜਾਵੇ। ਇਸ ਕਿਤਾਬ ਵਿਚ ਸੁਖਬੀਰ ਜੀ ਮੈਨੂੰ ਜਿਊਂਦੇ-ਜਾਗਦੇ ਲੱਭ ਪਏ ਨੇ।’

ਸੰਪਰਕ: 98551-23499

ਸੁਖਬੀਰ ਵੱਲੋਂ ਇਕੱਤਰ ਵਿਚਾਰ

* ਆਦਮੀ ਦੀਆਂ ਸਾਰੀਆਂ ਮੁਸੀਬਤਾਂ ਦਾ ਕਾਰਨ ਹੈ ਕਿ ਉਹ ਇਕੱਲਾ ਨਹੀਂ ਰਹਿ ਸਕਦਾ।
– ਬਲੇਜ਼ ਪਾਸਕਲ
* ਆਦਮੀ ਨੇ ਜਿਉਣ ਲਈ ਜਨਮ ਲਿਆ ਹੈ ਨਾ ਕਿ ਜਿਉਣ ਦੀ ਤਿਆਰੀ ਕਰਨ ਲਈ।
– ਪਾਸਤਰਕਾਕ
* ਵਿਆਹ ਇਕ ਲਫ਼ਜ਼ ਨਹੀਂ ਸਗੋਂ ਇਕ ਫਿਕਰਾ ਹੈ। – ਐਚ.ਡਬਲਿਊ. ਟਾਮਸਨ
* ਇਕ ਪੁਜਾਰੀ ਬਿਨਾਂ ਕੰਮ ਕੀਤਿਆਂ, ਉਨ੍ਹਾਂ ਲੋਕਾਂ ਦੇ ਸਿਰ ’ਤੇ ਜਿਉਂਦਾ ਹੈ ਜੋ ਜਿਉਣ ਲਈ ਕੰਮ ਕਰਦੇ ਹਨ। – ਵਾਲਤੇਯਰ
* ਲੋਕ ਪਲੇਗ ਦਾ ਜ਼ਿਕਰ ਕਰਨ ’ਤੇ ਡਰ ਨਾਲ ਕੰਬਣ ਲੱਗਦੇ ਹਨ, ਪਰ ਸਿਕੰਦਰ ਤੇ ਨੈਪੋਲੀਅਨ ਵਰਗੇ ਸੰਘਾਰਕਾਂ ਦਾ ਜ਼ਿਕਰ ਉਹ ਖ਼ੁਸ਼ੀ ਤੇ ਇੱਜ਼ਤ ਨਾਲ ਕਰਦੇ ਹਨ। – ਖ਼ਲੀਲ ਜਿਬਰਾਨ
* ਜਦੋਂ ਮੈਂ ਬੱਚਾ ਸਾਂ ਤਾਂ (ਮਹਾਨ ਕਲਾਕਾਰ) ਰਾਫੇਲ ਵਰਗੇ ਚਿੱਤਰ ਬਣਾ ਸਕਦਾ ਸੀ, ਪਰ ਬੱਚਿਆਂ ਵਰਗੇ ਚਿੱਤਰ ਬਣਾਉਣੇ ਸਿੱਖਣ ਲਈ ਮੈਂ ਪੂਰੀ ਜ਼ਿੰਦਗੀ ਲਾ ਦਿੱਤੀ। – ਪਿਕਾਸੋ


Comments Off on ਇਕ-ਦੂਜੇ ਦੇ ਪੂਰਕ ਆਰਸੀ ਤੇ ਸੁਖਬੀਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.