ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਆਰਫ਼ ਕਾ ਸੁਣ ਵਾਜਾ ਰੇ

Posted On July - 24 - 2019

ਜੈਨ ਮੱਤ ਨਾਲ ਸਬੰਧਤ ਸੰਤ ਫ਼ਕੀਰ ਹਮੇਸ਼ਾ ਇਕ ਥਾਂ ਤੋਂ ਅਗਲੀ ਥਾਂ ਵੱਲ ਸਫ਼ਰ ਕਰਦੇ ਰਹਿੰਦੇ ਸਨ। ਜਾਪਾਨ ਵਿਚ ਇਹ ਪਰੰਪਰਾ ਸੀ ਕਿ ਜਦੋਂ ਕੋਈ ਜੈਨ ਫ਼ਕੀਰ ਰਾਤ ਰੁਕਣ ਲਈ ਜੈਨ ਮੰਦਰ ਪਹੁੰਚਦਾ ਤਾਂ ਉਸ ਨੂੰ ਇਕ ਸ਼ਰਤ ਪੂਰੀ ਕਰਨੀ ਪੈਂਦੀ ਸੀ। ਸ਼ਰਤ ਇਹ ਸੀ ਕਿ ਜੈਨ ਮੰਦਰ ਅੰਦਰਲਾ ਇਕ ਭਿਕਸ਼ੂ ਇਸ ਮਹਿਮਾਨ ਨਾਲ ਬੁੱਧ ਧਰਮ ਬਾਰੇ ਬਹਿਸ ਕਰਦਾ ਸੀ। ਜੇ ਮਹਿਮਾਨ ਫ਼ਕੀਰ ਇਸ ਬਹਿਸ ਨੂੰ ਜਿੱਤ ਲੈਂਦਾ ਤਾਂ ਉਹ ਉਥੇ ਰਾਤ ਗੁਜ਼ਾਰ ਸਕਦਾ ਸੀ ਪਰ ਜੇ ਉਹ ਬਹਿਸ ’ਚ ਹਾਰ ਜਾਂਦਾ ਤਾਂ ਉਸ ਨੂੰ ਆਪਣੇ ਸਫ਼ਰ ’ਤੇ ਤੁਰ ਜਾਣਾ ਪੈਂਦਾ।
ਉੱਤਰੀ ਜਾਪਾਨ ਦੇ ਇਕ ਪਿੰਡ ’ਚ ਦੋ ਭਿਕਸ਼ੂ ਮੰਦਰ ਦੀ ਦੇਖਭਾਲ ਕਰਿਆ ਕਰਦੇ ਸਨ। ਵੱਡਾ ਭਰਾ ਸਿਖਿਅਤ ਤੇ ਸਮਝਦਾਰ ਸੀ। ਛੋਟਾ ਭਰਾ ਮੂਰਖ ਤੇ ਕਾਣਾ ਸੀ।
ਇਕ ਦਿਨ ਫ਼ਕੀਰ ਆਇਆ ਤੇ ਰੁਕਣ ਲਈ ਆਗਿਆ ਮੰਗੀ। ਪਰੰਪਰਾ ਅਨੁਸਾਰ ਉਸ ਨੇ ਦੋਹਾਂ ਭਰਾਵਾਂ ਨੂੰ ਬਹਿਸ ਲਈ ਸੱਦਾ ਦਿੱਤਾ। ਵੱਡਾ ਭਰਾ ਉਸ ਦਿਨ ਪੜ੍ਹਾਈ ਕਰਕੇ ਥੱਕ ਗਿਆ ਸੀ। ਇਸ ਲਈ ਉਸ ਨੇ ਬਹਿਸ ਕਰਨ ਲਈ ਆਪਣੀ ਥਾਂ ਛੋਟੇ ਭਰਾ ਨੂੰ ਭੇਜ ਦਿੱਤਾ। ਨਾਲ ਹੀ ਉਸ ਨੇ ਖ਼ਬਰਦਾਰ ਕੀਤਾ ਕਿ ਬਹਿਸ ਚੁੱਪ ਰਹਿ ਕੇ ਕਰਨੀ ਹੈ।
ਛੋਟਾ ਭਰਾ ਉਸ ਅਜਨਬੀ ਫ਼ਕੀਰ ਨੂੰ ਮੰਦਰ ਲੈ ਆਇਆ ਤੇ ਚੁੱਪ ਕਰਕੇ ਬੈਠ ਗਿਆ।
ਕੁਝ ਦੇਰ ਬਾਅਦ ਉਹ ਰਾਹੀ ਉਠਿਆ ਅਤੇ ਵੱਡੇ ਭਰਾ ਕੋਲ ਆਇਆ। ਉਸ ਨੇ ਵੱਡੇ ਭਰਾ ਨੂੰ ਕਿਹਾ,‘‘ਉਸ ਨੌਜਵਾਨ ਦੀ ਬੁੱਧੀ ਉੱਚੇ ਪੱਧਰ ਦੀ ਹੈ। ਉਸ ਨੇ ਮੈਨੂੰ ਬਹਿਸ ’ਚ ਹਰਾ ਦਿੱਤਾ ਹੈ।’’
ਵੱਡੇ ਭਰਾ ਨੇ ਕਿਹਾ, ‘‘ਤੁਹਾਡੇ ਵਿਚਕਾਰ ਜੋ ਚਰਚਾ ਹੋਈ, ਉਹ ਮੈਂ ਵੀ ਸੁਣਨਾ ਚਾਹੁੰਦਾ ਹਾਂ।’’
ਰਾਹੀ ਨੇ ਕਿਹਾ, ‘‘ਪਹਿਲਾਂ ਮੈਂ ਆਪਣੀ ਇਕ ਉਂਗਲ ਦਿਖਾਈ, ਜੋ ਕਿ ਮਹਾਤਮਾ ਬੁੱਧ ਦੀ ਪ੍ਰਤੀਕ ਸੀ। ਜਵਾਬ ਵਿਚ ਤੇਰੇ ਭਰਾ ਨੇ ਦੋ ਉਂਗਲਾਂ ਦਿਖਾਈਆਂ। ਅਸਲ ਵਿਚ ਉਹ ਬੁੱਧ ਤੇ ਉਸ ਦੀ ਸਿੱਖਿਆ ਦੀ ਮਹੱਤਤਾ ਦੱਸ ਰਿਹਾ ਸੀ। ਫਿਰ ਮੈਂ ਤਿੰਨ ਉਂਗਲਾਂ ਦਿਖਾਈਆਂ, ਜੋ ਕਿ ਬੁੱਧ, ਉਸ ਦੀ ਸਿੱਖਿਆ ਅਤੇ ਉਸ ਦੇ ਅਨੁਯਾਈਆਂ ਨੂੰ ਪ੍ਰਗਟ ਕਰਦੀਆਂ ਸਨ। ਇਸ ਦੇ ਜਵਾਬ ਵਿਚ ਉਸ ਨੇ ਮੇਰੇ ਮੂੰਹ ’ਤੇ ਚਪੇੜ ਮਾਰੀ, ਜਿਸ ਦਾ ਭਾਵ ਸੀ ਕਿ ਤਿੰਨੇ ਇਕੋ ਸਰੋਤ ਵਿਚੋਂ ਪੈਦਾ ਹੁੰਦੇ ਹਨ।’’
ਇੰਨੀ ਗੱਲ ਕਹਿ ਕਿ ਉਹ ਰਾਹੀ ਬਾਹਰ ਤੁਰ ਗਿਆ।
ਉਸ ਸਮੇਂ ਛੋਟਾ ਭਰਾ ਦੌੜਦਾ ਹੋਇਆ ਆਇਆ ਤੇ ਕਹਿਣ ਲੱਗਾ, ‘‘ਉਹ ਬੰਦਾ ਕਿੱਥੇ ਗਿਆ?’’
‘‘ਮੈਨੂੰ ਪਤਾ ਲੱਗ ਚੁੱਕਾ ਹੈ ਕਿ ਤੂੰ ਉਸ ਨੂੰ ਬਹਿਸ ’ਚ ਹਰਾ ਦਿੱਤਾ ਹੈ।’’ ਵੱਡੇ ਨੇ ਕਿਹਾ।
ਛੋਟਾ ਗੁੱਸੇ ਨਾਲ ਬੋਲਿਆ, ‘‘ਜਿੱਤ-ਜੁੱਤ ਛੱਡ ਪਰ੍ਹੇ। ਮੈਂ ਤਾਂ ਉਸ ਦੀ ਹਾਲੇ ਖੜਕਾਈ ਕਰਨੀ ਹੈ।
ਵੱਡੇ ਭਰਾ ਨੇ ਪੁੱਛਿਆ, ‘‘ਆਪਣੀ ਬਹਿਸ ਦੀ ਗੱਲ ਤਾਂ ਦੱਸ। ਬਹਿਸ ਕਿਵੇਂ ਰਹੀ।’’
ਛੋਟੇ ਨੇ ਕਿਹਾ ‘‘ਬਹਿਸ ਕਿੱਥੇ ਹੋਈ। ਉਹ ਤਾਂ ਮੈਨੂੰ ਦੇਖਦੇ ਸਾਰ ਹੀ ਇਕ ਉਂਗਲ ਦਿਖਾਣ ਲੱਗ ਪਿਆ। ਅਸਲ ਵਿਚ ਉਹ ਮੇਰੀ ਬੇਇਜ਼ਤੀ ਕਰ ਰਿਹਾ ਸੀ ਕਿ ਮੇਰੀ ਇਕ ਅੱਖ ਹੈ। ਪਰ ਮੈਂ ਸੋਚਿਆ ਕਿ ਉਹ ਅਜਨਬੀ ਹੈ। ਇਸ ਲਈ ਮੈਂ ਨਿਮਰਤਾ ਨਾਲ ਦੋ ਉਂਗਲਾ ਦਿਖਾਈਆਂ। ਮੈਂ ਉਸ ਨੂੰ ਇਸ਼ਾਰੇ ਨਾਲ ਮੁਬਾਰਕਾਂ ਦਿੱਤੀਆਂ ਸਨ ਕਿ ਚਲੋ ਉਸ ਦੀਆਂ ਤਾਂ ਦੋਵੇਂ ਅੱਖਾਂ ਸਲਾਮਤ ਹਨ। ਪਰ ਉਸ ਜਾਹਲ ਨੇ ਤਿੰਨ ਉਂਗਲਾਂ ਦਿਖਾ ਕੇ ਇਸ਼ਾਰਾ ਕੀਤਾ ਕਿ ਦੋਹਾਂ ਦੀਆਂ ਮਿਲਾ ਕੇ ਤਿੰਨ ਅੱਖਾਂ ਹੀ ਬਣਦੀਆਂ ਹਨ। ਇਸ ਗੱਲ ਨਾਲ ਮੇਰਾ ਤਾਂ ਸਿਰ ਘੁੰਮ ਗਿਆ ਤੇ ਮੈਂ ਉਸ ਨੂੰ ਚਪੇੜ ਮਾਰ ਦਿੱਤੀ। ਮੈਂ ਹਾਲੇ ਹੋਰ ਲਾਣੀਆਂ ਸਨ, ਪਰ ਉਹ ਉਥੋਂ ਨੱਠ ਗਿਆ ਤੇ ਬਹਿਸ ਵਿਚ ਹੀ ਰਹਿ ਗਈ।’’
-ਪਰਮਿੰਦਰ ਸੋਢੀ
ਸੰਪਰਕ: +81-90596-68670


Comments Off on ਆਰਫ਼ ਕਾ ਸੁਣ ਵਾਜਾ ਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.