ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਅੰਦਰ ਦੀ ਗੱਲ

Posted On July - 14 - 2019

ਐਸ. ਸਾਕੀ
ਕਥਾ ਪ੍ਰਵਾਹ

ਰਮਨ ਕਪੂਰ ਦੀ ਜ਼ਿੰਦਗੀ ਬਹੁਤ ਵਧੀਆ ਟੁਰ ਰਹੀ ਸੀ। ਸਿੰਚਾਈ ਵਿਭਾਗ ਵਿਚ ਅਸਿਸਟੈਂਟ ਕਮਿਸ਼ਨਰ ਦੇ ਅਹੁਦੇ ’ਤੇ ਸੀ ਜਿਸ ਹੇਠ ਬਹੁਤ ਵੱਡਾ ਸਟਾਫ ਕੰਮ ਕਰਦਾ ਸੀ। ਘਰ ਵਿਚ ਪਤਨੀ ਰਾਧਾ ਕਪੂਰ ਸੀ, ਬਹੁਤ ਨੇਕ ਅਤੇ ਚੰਗੇ ਸੁਭਾਅ ਦੀ। ਪਤੀ ਪਤਨੀ ਬਹੁਤ ਪਿਆਰ ਨਾਲ ਰਹਿੰਦੇ ਸਨ।
ਉਨ੍ਹਾਂ ਦਾ ਵਿਆਹ ਹੋਇਆਂ ਤਾਂ ਭਾਵੇਂ ਦਸ ਵਰ੍ਹੇ ਹੋ ਗਏ ਸਨ, ਪਰ ਔਲਾਦ ਕੋਈ ਨਹੀਂ ਸੀ। ਇਸ ਵਿਚ ਕੋਈ ਵੀ ਇਕ ਦੂਜੇ ਨੂੰ ਦੋਸ਼ੀ ਨਾ ਠਹਿਰਾਉਂਦਾ। ਜਦੋਂ ਉਨ੍ਹਾਂ ਦੋਹਾਂ ਨੇ ਡਾਕਟਰਾਂ ਕੋਲੋਂ ਚੈੱਕਅਪ ਕਰਵਾਇਆ ਤਾਂ ਦੋਵੇਂ ਠੀਕ ਸਨ। ਦੋਵੇਂ ਮਾਤਾ-ਪਿਤਾ ਬਣ ਸਕਦੇ ਸਨ। ਇਹ ਤਾਂ ਬੱਸ ਰੱਬ ਦਾ ਭਾਣਾ ਜਾਂ ਰੱਬ ਦਾ ਕਰੋਪ ਸੀ ਕਿ ਦੋਵਾਂ ਦੇ ਠੀਕ ਹੋਣ ’ਤੇ ਵੀ ਉਨ੍ਹਾਂ ਘਰ ਕੋਈ ਬਾਲ ਨਾ ਖੇਡਿਆ।
ਕਈ ਵਾਰੀ ਪਤੀ-ਪਤਨੀ ਬੈਠੇ ਗੱਲਾਂ ਕਰਦੇ। ਪਤੀ ਨੂੰ ਲਿਖਣ ਦਾ ਬਹੁਤ ਸ਼ੌਕ ਸੀ। ਉਹਦਾ ਸਾਹਿਤ ਖੇਤਰ ਵਿਚ ਕਹਾਣੀਕਾਰ ਹੋਣ ਨਾਤੇ ਖ਼ਾਸਾ ਨਾਂ ਸੀ। ਜਦੋਂ ਵੀ ਕੋਈ ਨਵੀਂ ਰਚਨਾ ਉਸ ਦੀ ਕਲਮ ਤੋਂ ਜਨਮ ਲੈਂਦੀ ਤਾਂ ਸਭ ਤੋਂ ਪਹਿਲਾਂ ਉਹ ਪਤਨੀ ਨੂੰ ਸੁਣਾਉਂਦਾ ਕਿਉਂਕਿ ਉਹ ਉਸ ਦੀ ਪਹਿਲੀ ਪਾਠਕ ਤੇ ਆਲੋਚਕ ਸੀ।
ਭਾਵੇਂ ਘਰ ਵਿਚ ਸਭ ਕੁਝ ਸੀ। ਵੱਡੀ ਚੰਗੀ ਨੌਕਰੀ ਸੀ। ਪੈਸੇ ਦੀ ਕੋਈ ਤੰਗੀ ਨਹੀਂ ਸੀ, ਪਰ ਤਾਂ ਵੀ ਦੋਹਾਂ ਨੂੰ ਆਪਣਾ ਜੀਵਨ ਸੁੰਨਾ-ਸੁੰਨਾ ਲੱਗਦਾ ਤੇ ਘਰ ਖਾਲੀ-ਖਾਲੀ ਜਾਪਦਾ ਸੀ।
‘‘ਰਾਧਾ, ਮੈਂ ਇਕ ਗੱਲ ਸੋਚੀ ਹੈ।’’ ਇਕ ਦਿਨ ਸ਼ਾਮੀਂ ਲਾਅਨ ਵਿਚ ਚਾਹ ਪੀਂਦੇ ਹੋਏ ਰਮਨ ਕਪੂਰ ਨੇ ਪਤਨੀ ਨੂੰ ਕਿਹਾ। ਪਤੀ ਦੀ ਗੱਲ ਸੁਣ ਕੇ ਉਹ ਅੱਗੋਂ ਬੋਲੀ ਕੁਝ ਨਹੀਂ ਸਗੋਂ ਇਹ ਜਾਣਨ ਲਈ ਉਸ ਦੇ ਚਿਹਰੇ ਵੱਲ ਵੇਖਣ ਲੱਗੀ ਕਿ ਉਸ ਨੇ ਕੀ ਗੱਲ ਸੋਚੀ ਹੈ।
‘‘ਮੈਂ ਸੋਚਦਾਂ ਅਸੀਂ ਯਤੀਮਖ਼ਾਨੇ ਤੋਂ ਕੋਈ ਬਾਲ ਗੋਦ ਲੈ ਲੈਂਦੇ ਹਾਂ ਤੇ ਉਸ ਨੂੰ ਆਪਣਾ ਪੁੱਤਰ ਬਣਾ ਕੇ ਪਾਲਦੇ ਹਾਂ। ਇਸ ਬਾਰੇ ਤੇਰਾ ਕੀ ਵਿਚਾਰ ਹੈ?’’
ਕੁਝ ਚਿਰ ਰਾਧਾ ਕਪੂਰ ਕੁਝ ਨਹੀਂ ਬੋਲੀ, ਪਰ ਫਿਰ ਸੋਚ ਕੇ ਉਸ ਨੇ ਕਿਹਾ, ‘‘ਤੁਸੀਂ ਠੀਕ ਕਹਿੰਦੇ ਹੋ। ਇਹ ਜ਼ਰੂਰੀ ਤਾਂ ਨਹੀਂ ਕਿ ਆਪਣਾ ਪੈਦਾ ਕੀਤਾ ਬੱਚਾ ਹੀ ਆਪਣਾ ਹੁੰਦੈ। ਕਿਸੇ ਵੀ ਬੱਚੇ ਨੂੰ ਆਪਣਾ ਬਣਾਇਆ ਜਾ ਸਕਦਾ ਹੈ। ਮੈਨੂੰ ਤੁਹਾਡੀ ਗੱਲ ਬਹੁਤ ਠੀਕ ਲੱਗੀ ਹੈ।’’ ਬੱਸ ਫੇਰ ਕੀ ਅਗਲੇ ਦਿਨ ਹੀ ਦੋਵੇਂ ਪਤੀ-ਪਤਨੀ ਯਤੀਮਖ਼ਾਨੇ ਪਹੁੰਚ ਗਏ। ਮੈਨੇਜਰ ਦੇ ਦਫ਼ਤਰ ’ਚ ਜਾ ਕੇ ਉਹ ਦੋਵੇਂ ਮੈਨੇਜਰ ਸਾਹਮਣੇ ਕੁਰਸੀਆਂ ’ਤੇ ਬੈਠ ਗਏ।
‘‘ਹਾਂ ਜੀ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ?’’ ਮੈਨੇਜਰ ਨੇ ਕਿਹਾ।

ਐਸ. ਸਾਕੀ

‘‘ਮੈਨੇਜਰ ਸਾਹਿਬ, ਮੈਂ ਰਮਨ ਕਪੂਰ ਹਾਂ। ਸਿੰਚਾਈ ਵਿਭਾਗ ਵਿਚ ਅਸਿਸਟੈਂਟ ਕਮਿਸ਼ਨਰ ਦੇ ਅਹੁਦੇ ’ਤੇ ਹਾਂ। ਇਹ ਮੇਰੀ ਪਤਨੀ ਰਾਧਾ ਕਪੂਰ ਹੈ। ਸਾਡਾ ਵਿਆਹ ਹੋਇਆਂ ਦਸ ਵਰ੍ਹੇ ਹੋ ਗਏ ਨੇ, ਪਰ ਰੱਬ ਦੀ ਮਰਜ਼ੀ ਸਾਡੇ ਕੋਈ ਬਾਲ ਨਹੀਂ ਹੋਇਆ ਜਦੋਂਕਿ ਅਸੀਂ ਦੋਵੇਂ ਬਿਲਕੁਲ ਤੰਦਰੁਸਤ ਹਾਂ। ਅਸੀਂ ਸੋਚਿਆ ਯਤੀਮਖ਼ਾਨੇ ਤੋਂ ਕੋਈ ਬੱਚਾ ਗੋਦ ਲੈ ਲੈਂਦੇ ਹਾਂ। ਉਸ ਨੂੰ ਆਪਣਾ ਪੁੱਤ ਬਣਾ ਪਾਲਦੇ ਹਾਂ। ਕੀ ਤੁਹਾਡੇ ਕੋਲ ਕੋਈ ਬਹੁਤ ਛੋਟਾ ਮੁੰਡਾ ਹੈ ਜਿਹੜਾ ਮਸਾਂ ਛੇ ਮਹੀਨੇ ਦਾ ਹੋਵੇ? ਤੁਹਾਡੇ ਨਾਲ ਲਿਖਤ ਪੜ੍ਹਤ ਕਰਕੇ ਹੀ ਅਸੀਂ ਬੱਚਾ ਗੋਦ ਲਵਾਂਗੇ! ਉਂਝ ਵੀ ਮੈਂ ਯਤੀਮਖ਼ਾਨੇ ਦੀ ਮਦਦ ਕਰਦਾ ਰਹਾਂਗਾ।’’ ਰਮਨ ਕਪੂਰ ਨੇ ਆਪਣੀ ਜਾਣ-ਪਛਾਣ ਕਰਵਾਉਂਦਿਆਂ ਕਿਹਾ। ‘‘ਹਾਂ ਕਪੂਰ ਸਾਹਿਬ, ਸਮਝੋ ਤੁਹਾਡਾ ਕੰਮ ਬਣ ਗਿਆ। ਆਹ ਕੋਈ ਛੇ ਮਹੀਨੇ ਪਹਿਲਾਂ ਇਕ ਦਿਨ ਜਦੋਂ ਚੌਕੀਦਾਰ ਨੇ ਸਵੇਰ ਵੇਲੇ ਯਤੀਮਖ਼ਾਨੇ ਦਾ ਵੱਡਾ ਗੇਟ ਖੋਲ੍ਹਿਆ ਤਾਂ ਉਸ ਨੇ ਵੇਖਿਆ ਕਿ ਯਤੀਮਖ਼ਾਨੇ ਤੋਂ ਬਾਹਰ ਦਹਿਲੀਜ਼ਾਂ ’ਤੇ ਕੱਪੜੇ ਵਿਚ ਲਿਪਟਿਆ ਇਕ ਨਵਜੰਮਿਆ ਮੁੰਡਾ ਆਪਣਾ ਅੰਗੂਠਾ ਚੂਸ ਰਿਹਾ ਸੀ। ਪਤਾ ਨਹੀਂ ਕਿਹੜੀ ਮਾਂ ਦੀ ਮਜਬੂਰੀ ਸੀ ਜਿਹੜੀ ਆਪਣੇ ਨਵਜੰਮੇ ਬੱਚੇ ਨੂੰ ਇਸ ਤਰ੍ਹਾਂ ਯਤੀਮਖ਼ਾਨੇ ਤੋਂ ਬਾਹਰ ਦਹਿਲੀਜ਼ਾਂ ’ਤੇ ਛੱਡ ਗਈ ਸੀ। ਬੱਸ ਕਪੂਰ ਸਾਹਿਬ, ਅਸੀਂ ਉਸ ਬੱਚੇ ਨੂੰ ਚੁੱਕ ਕੇ ਅੰਦਰ ਲੈ ਆਏ। ਅਸੀਂ ਬਹੁਤ ਕੋਸ਼ਿਸ਼ ਕੀਤੀ। ਅਖ਼ਬਾਰ ਵਿਚ ਬੱਚੇ ਦੀ ਫੋਟੋ ਛਪਵਾਈ, ਪਰ ਬੱਚੇ ਦੀ ਮਾਂ ਦਾ ਪਤਾ ਨਹੀਂ ਲੱਗਿਆ। ਸਾਡੇ ਇੱਥੇ ਰੁਕਮਣੀ ਨਾਂ ਦੀ ਇਕ ਖਿਡਾਵੀ ਕੰਮ ਕਰਦੀ ਹੈ। ਉਸ ਦਾ ਬਾਲ ਅਜੇ ਮਸਾਂ ਦਸ ਦਿਨਾਂ ਦਾ ਹੋਇਆ ਸੀ। ਅਸੀਂ ਬਾਹਰ ਮਿਲਿਆ ਉਹ ਬੱਚਾ ਰੁਕਮਣੀ ਨੂੰ ਸੰਭਾਲ ਦਿੱਤਾ। ਅੱਗੋਂ ਉਹ ਇੰਨੀ ਚੰਗੀ ਕਿ ਆਪਣੇ ਬਾਲ ਦੇ ਨਾਲ ਹੀ ਉਸ ਬਾਲ ਨੂੰ ਵੀ ਦੁੱਧ ਪਿਲਾਵੇ ਜਿਹੜਾ ਯਤੀਮਖ਼ਾਨੇ ਤੋਂ ਬਾਹਰ ਮਿਲਿਆ ਸੀ। ਇਸ ਵੇਲੇ ਉਹ ਬੱਚਾ ਛੇ ਮਹੀਨਿਆਂ ਦਾ ਹੋ ਗਿਆ ਹੈ। ਕਪੂਰ ਸਾਹਿਬ, ਤੁਸੀਂ ਆਪਣਾ ਸਾਰਾ ਵੇਰਵਾ ਦੇ ਜਾਵੋ। ਮੈਂ ਕਾਗਜ਼ ਤਿਆਰ ਕਰਵਾ ਲਵਾਂਗਾ। ਤੁਸੀਂ ਕੱਲ੍ਹ ਆ ਜਾਓ ਬੱਚਾ ਤੁਹਾਨੂੰ ਮਿਲ ਜਾਵੇਗਾ।’’
ਬੱਸ ਫੇਰ ਕੀ ਰਮਨ ਕਪੂਰ ਅਤੇ ਰਾਧਾ ਕਪੂਰ ਖ਼ੁਸ਼ੀ-ਖ਼ੁਸ਼ੀ ਘਰ ਆ ਗਏ। ਫੇਰ ਬਾਕੀ ਦਾ ਬਚਿਆ ਦਿਨ ਅਤੇ ਰਾਤ ਉਨ੍ਹਾਂ ਮਸਾਂ ਹੀ ਕੱਟੀ। ਅਗਲੇ ਦਿਨ ਤਾਂ ਉਹ ਸਵੇਰੇ ਅੱਠ ਵਜੇ ਹੀ ਯਤੀਮਖ਼ਾਨੇ ਪਹੁੰਚ ਗਏ ਜਦੋਂਕਿ ਇਸ ਦਾ ਖੁੱਲ੍ਹਣ ਦਾ ਵਕਤ ਤਾਂ ਸਵੇਰੇ ਨੌਂ ਵਜੇ ਸੀ। ਸਾਰੀ ਕਾਰਵਾਈ ਪੂਰੀ ਕਰਕੇ ਮੈਨੇਜਰ ਨੇ ਬੱਚਾ ਸ੍ਰੀਮਤੀ ਰਾਧਾ ਕਪੂਰ ਦੀ ਝੋਲੀ ਪਾ ਦਿੱਤਾ। ਬੱਚਾ ਗੋਦ ਲੈ ਕੇ ਰਾਧਾ ਕਪੂਰ ਨੂੰ ਇਉਂ ਲੱਗਾ ਜਿਵੇਂ ਦਸ ਵਰ੍ਹਿਆਂ ਦੀ ਸ਼ਾਦੀ ਬਾਅਦ ਉਹ ਮਾਂ ਬਣੀ ਹੈ ਤੇ ਉਸ ਨੇ ਪੁੱਤਰ ਨੂੰ ਜਨਮ ਦਿੱਤਾ ਹੈ।
ਘਰ ਆ ਕੇ ਰਮਨ ਕਪੂਰ ਨੇ ਇਕ ਵੱਡੀ ਸਾਰੀ ਪਾਰਟੀ ਰੱਖੀ ਜਿਸ ਵਿਚ ਉਨ੍ਹਾਂ ਆਪਣੇ ਨੇੜੇ ਦੇ ਜਾਣਨ ਵਾਲਿਆਂ ਨੂੰ ਸੱਦਿਆ।
ਹੌਲੀ ਹੌਲੀ ਫਿਰ ਵਕਤ ਲੰਘਣ ਲੱਗਾ। ਦਸ ਵਰ੍ਹਿਆਂ ਤੋਂ ਵਿਹਲੀ ਰਹਿੰਦੀ ਰਾਧਾ ਕਪੂਰ ਨੂੰ ਤਾਂ ਪੁੱਤਰ ਦਾ ਏਨਾ ਕੰਮ ਮਿਲ ਗਿਆ ਕਿ ਉਸ ਨੂੰ ਪਤਾ ਹੀ ਨਾ ਲੱਗਦਾ ਕਦੋਂ ਦਿਨ ਚੜ੍ਹਦਾ ਤੇ ਕਦੋਂ ਬੀਤ ਜਾਂਦਾ। ਓਧਰ ਰਮਨ ਕਪੂਰ ਜਿਹੜਾ ਪਹਿਲਾਂ ਦਫ਼ਤਰ ਤੋਂ ਛੁੱਟੀ ਕਰਕੇ ਆਪਣੇ ਮਿੱਤਰਾਂ ਘਰ ਚਲਿਆ ਜਾਂਦਾ ਸੀ, ਹੁਣ ਦਫ਼ਤਰ ਵਿਚ ਬੈਠਾ ਇਹੋ ਸੋਚਦਾ ਰਹਿੰਦਾ ਕਿ ਕਦੋਂ ਪੰਜ ਵੱਜਣ ਤੇ ਕਦੋਂ ਉਹ ਸਿੱਧਾ ਤੀਰ ਵਾਂਗ ਘਰ ਪਹੁੰਚੇ।
ਜਦੋਂ ਰਾਧਾ ਕਪੂਰ ਨੇ ਇਕ ਦਿਨ ਘਰ ਆਏ ਪਤੀ ਰਮਨ ਕਪੂਰ ਨੂੰ ਦੁੱਧ ਪਿਲਾਉਣ ਵਾਲੀ ਬੋਤਲ ਲਿਆਉਣ ਲਈ ਆਖਿਆ ਤਾਂ ਉਹ ਬਾਜ਼ਾਰੋਂ ਆਪਣੇ ਮੁਲਕ ਦੀਆਂ ਅਤੇ ਵਿਦੇਸ਼ੀ ਪੰਜ ਛੇ ਬੋਤਲਾਂ ਲੈ ਆਇਆ। ਪੁੱਤਰ ਦੇ ਪਹਿਨਣ ਲਈ ਉਸ ਨੇ ਕੱਪੜਿਆਂ ਦਾ ਢੇਰ ਲਾ ਦਿੱਤਾ। ਉਨ੍ਹਾਂ ਘਰ ਵਿਚ ਪੂਜਾ ਕਰਵਾਈ ਅਤੇ ਬੱਚੇ ਦਾ ਨਾਂ ਅਜੀਤ ਰੱਖਿਆ। ਜਦੋਂ ਅਜੀਤ ਥੋੜ੍ਹਾ ਹੋਰ ਵੱਡਾ ਹੋਇਆ ਤਾਂ ਰਮਨ ਕਪੂਰ ਉਸ ਲਈ ਚਾਬੀ ਵਾਲੇ ਤੇ ਬੈਟਰੀ ਨਾਲ ਚੱਲਣ ਵਾਲੇ ਕਿੰਨੇ ਹੀ ਖਿਡੌਣੇ ਲੈ ਆਇਆ। ਹੌਲੀ ਹੌਲੀ ਜਦੋਂ ਅਜੀਤ ਤਿੰਨ ਵਰ੍ਹਿਆਂ ਦਾ ਹੋ ਗਿਆ ਤਾਂ ਉਸ ਨੂੰ ਸਕੂਲ ਭੇਜਣ ਬਾਰੇ ਸੋਚਿਆ ਗਿਆ। ਘਰ ਦੇ ਨੇੜੇ ਹੀ ਇਕ ਬਹੁਤ ਵੱਡੇ ਅਤੇ ਪ੍ਰਸਿੱਧ ਸਕੂਲ ਵਿਚ ਉਹਦਾ ਦਾਖ਼ਲਾ ਕਰਵਾ ਦਿੱਤਾ। ਰਮਨ ਕਪੂਰ ਆਪ ਸਵੇਰੇ ਅੱਠ ਵਜੇ ਬੱਚੇ ਨੂੰ ਸਕੂਲ ਛੱਡਣ ਜਾਂਦਾ। ਭਾਵੇਂ ਨਰਸਰੀ ਦੇ ਬੱਚਿਆਂ ਦੀ ਛੁੱਟੀ ਤਾਂ ਇਕ ਵਜੇ ਹੁੰਦੀ ਸੀ, ਪਰ ਰਾਧਾ ਕਪੂਰ ਤਾਂ ਬਾਰਾਂ ਵਜੇ ਹੀ ਸਕੂਲ ਪਹੁੰਚ ਜਾਂਦੀ।
ਰਮਨ ਕਪੂਰ ਆਪ ਦਫ਼ਤਰ ਤੋਂ ਘਰ ਆ ਕੇ ਪਹਿਲਾਂ ਪੁੱਤ ਅਜੀਤ ਦਾ ਹੋਮਵਰਕ ਕਰਵਾਉਂਦਾ। ਉਹ ਉਸ ਨੂੰ ਇਸ ਤਰ੍ਹਾਂ ਪੜ੍ਹਾਉਂਦਾ ਜਿਵੇਂ ਉਹ ਯੂਨੀਵਰਸਿਟੀ ਦਾ ਵਿਦਿਆਰਥੀ ਹੋਵੇ। ਬੱਸ ਫੇਰ ਕੀ ਵਕਤ ਲੰਘਦਾ ਗਿਆ ਅਤੇ ਅਜੀਤ ਕਪੂਰ ਨੇ ਹਾਈ ਸਕੂਲ ਪਾਸ ਕਰ ਇੰਜੀਨੀਅਰਿੰਗ ਕਾਲਜ ਵਿਚ ਦਾਖ਼ਲਾ ਲੈ ਲਿਆ। ਉਹ ਮਾਪਿਆਂ ਨੂੰ ਬਹੁਤ ਪਿਆਰ ਕਰਦਾ ਸੀ। ਉਸ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਉਹ ਉਸ ਦੇ ਜਨਮ ਦੇਣ ਵਾਲੇ ਮਾਤਾ ਪਿਤਾ ਨਹੀਂ ਸਨ।
ਉਹ ਤਾਂ ਇਕ ਵਾਰੀ ਰਮਨ ਕਪੂਰ ਦੀ ਤਾਈ ਉਨ੍ਹਾਂ ਘਰ ਆਈ। ਜਦੋਂ ਉਸ ਨੇ ਅਜੀਤ ਨੂੰ ਵੇਖਿਆ ਤਾਂ ਉਸ ਨੇ ਰਾਧਾ ਕਪੂਰ ਨੂੰ ਕਹਿ ਹੀ ਦਿੱਤਾ, ‘‘ਬਹੂ ਤੇਰਾ ਤਾਂ ਕਮਾਲ ਹੈ। ਤੂੰ ਤਾਂ ਯਤੀਮਖ਼ਾਨੇ ਤੋਂ ਗੋਦ ਲਏ ਬੱਚੇ ਨੂੰ ਵੀ ਆਪਣਾ ਪੁੱਤ ਬਣਾ ਕਿਵੇਂ ਚਾਅ ਨਾਲ ਪਾਲਿਆ, ਇਸ ਤਰ੍ਹਾਂ ਤਾਂ ਇਹਦੀ ਅਸਲੀ ਮਾਂ ਵੀ ਨਾ ਕਰਦੀ।’’
ਉਸ ਦੀ ਕਹੀ ਇਹ ਗੱਲ ਨਾਲ ਦੇ ਕਮਰੇ ਵਿਚ ਪੜ੍ਹਾਈ ਕਰ ਰਹੇ ਅਜੀਤ ਕਪੂਰ ਨੇ ਸੁਣੀ ਤਾਂ ਉਸ ਨੂੰ ਇਕ ਵਾਰੀ ਤਾਂ ਧੱਕਾ ਜਿਹਾ ਲੱਗਾ। ਬੱਸ ਫੇਰ ਕੀ, ਅਜੀਤ ਨੇ ਰਾਧਾ ਕਪੂਰ ਨੂੰ ਇਸ ਬਾਰੇ ਪੁੱਛਿਆ ਜਿਸ ਨੂੰ ਉਹ ਹੁਣ ਤੀਕ ਆਪਣੀ ਜਨਮਦਾਤੀ ਸਮਝਦਾ ਸੀ। ਇਸ ’ਤੇ ਉਸ ਨੂੰ ਪੁੱਤ ਨੂੰ ਸਾਰੀ ਕਹਾਣੀ ਦੱਸਣੀ ਪਈ।
ਇਸ ਤੋਂ ਬਾਅਦ ਤਾਂ ਅਜੀਤ ਆਪਣੇ ਅਸਲੀ ਸਮਝੇ ਜਾਂਦੇ ਮਾਪਿਆਂ ਨੂੰ ਪਹਿਲਾਂ ਨਾਲੋਂ ਵੀ ਵੱਧ ਪਿਆਰ ਕਰਨ ਲੱਗਾ ਜਿਨ੍ਹਾਂ ਪਤਾ ਨਹੀਂ ਕਿਸ ਮਾਂ ਰਾਹੀਂ ਕੂੜਾ ਸਮਝ ਯਤੀਮਖ਼ਾਨੇ ਦੇ ਬਾਹਰ ਸੁੱਟ ਦਿੱਤੇ ਬਾਲ ਨੂੰ ਏਨੇ ਪਿਆਰ ਨਾਲ ਪਾਲਿਆ ਸੀ।
ਫੇਰ ਇੰਜੀਨੀਅਰਿੰਗ ਕਰਦੇ ਵੇਲੇ ਅਜੀਤ ਕਪੂਰ ਦੇ ਜੀਵਨ ਵਿਚ ਉਹਦੇ ਨਾਲ ਪੜ੍ਹਦੀ ਰੋਜ਼ੀ ਨਾਂ ਦੀ ਇਕ ਕੁੜੀ ਆਈ ਜਿਹੜੀ ਇਕ ਸਾਧਾਰਨ ਜਿਹੇ ਪਰਿਵਾਰ ਦੀ ਸੀ। ਉਨ੍ਹਾਂ ਦੀ ਮਾਲੀ ਹਾਲਤ ਚੰਗੀ ਨਹੀਂ ਸੀ।
ਇੰਜੀਨੀਅਰਿੰਗ ਕਰਨ ਬਾਅਦ ਭਾਵੇਂ ਰਮਨ ਕਪੂਰ ਅਤੇ ਰਾਧਾ ਕਪੂਰ ਨੂੰ ਉਹ ਕੁੜੀ, ਉਹ ਘਰ-ਪਰਿਵਾਰ ਬਹੁਤਾ ਪਸੰਦ ਨਹੀਂ ਸੀ, ਪਰ ਤਾਂ ਵੀ ਪੁੱਤ ਦੀ ਖ਼ੁਸ਼ੀ ਲਈ ਉਨ੍ਹਾਂ ਨੂੰ ਉਸ ਕੁੜੀ ਨੂੰ ਘਰ ਦੀ ਨੂੰਹ ਬਣਾਉਣਾ ਹੀ ਪਿਆ।
ਫੇਰ ਅਜੀਤ ਕਪੂਰ ਅਤੇ ਰੋਜ਼ੀ ਕਪੂਰ ਨੂੰ ਇੰਜੀਨੀਅਰ ਵਜੋਂ ਪਿਤਾ ਦੇ ਵਿਭਾਗ ਵਿਚ ਨੌਕਰੀ ਮਿਲ ਗਈ। ਓਧਰ ਰੋਜ਼ੀ ਤਾਂ ਘਰ ਵਿਚ ਰਹਿੰਦਿਆਂ ਵੀ ਕਿਸੇ ਕੰਮ ਨੂੰ ਹੱਥ ਨਾ ਲਾਵੇ। ਫੇਰ ਸਾਰਾ ਕੁਝ ਰਾਧਾ ਨੂੰ ਹੀ ਕਰਨਾ ਪਵੇ। ਉਹ ਤਾਂ ਸੱਸ ਨਾਲ ਬੋਲੇ ਵੀ ਠੀਕ ਨਾ। ਭਾਵੇਂ ਘਰ ਵਿਚ ਕੰਮ ਕਰਨ ਲਈ ਰਮਨ ਕਪੂਰ ਦੇ ਦਫ਼ਤਰ ਦਾ ਇਕ ਬੰਦਾ ਆਉਂਦਾ ਸੀ, ਪਰ ਉਹ ਤਾਂ ਬੱਸ ਘਰ ਦੀ ਸਫ਼ਾਈ ਕਰ ਚਲਿਆ ਜਾਂਦਾ। ਰੋਜ਼ੀ ਤਾਂ ਰਸੋਈ ਵਿਚ ਜਾਵੇ ਹੀ ਨਾ।
ਜਦੋਂ ਰਾਧਾ ਕਪੂਰ ਨੇ ਨੂੰਹ ਦੇ ਵਰਤਾਓ ਬਾਰੇ ਪਤੀ ਨਾਲ ਗੱਲ ਕੀਤੀ ਤਾਂ ਉਸ ਨੇ ਰਾਧਾ ਨੂੰ ਚੁੱਪ ਰਹਿਣ ਬਾਰੇ ਆਖਿਆ। ਉਹ ਨਹੀਂ ਸੀ ਚਾਹੁੰਦਾ ਕਿ ਇਸ ਗੱਲ ਦਾ ਜਦੋਂ ਪੁੱਤ ਨੂੰ ਪਤਾ ਲੱਗੇ ਤਾਂ ਉਹ ਦੁਖੀ ਹੋਵੇ। ਉਹ ਆਪਣੇ ਪੁੱਤਰ ਨੂੰ ਬਹੁਤ ਪਿਆਰ ਕਰਦੇ ਸਨ। ਓਧਰ ਪੁੱਤ ਵੀ ਉਨ੍ਹਾਂ ਨਾਲ ਦਿਲੋਂ ਜੁੜਿਆ ਹੋਇਆ ਸੀ। ਇਸ ਲਈ ਉਹ ਇਕ ਦੂਜੇ ਨੂੰ ਭੋਰਾ ਵੀ ਦੁੱਖ ਨਹੀਂ ਦੇ ਸਕਦੇ ਸਨ।
ਫੇਰ ਵਕਤ ਲੰਘਦਿਆਂ ਰਮਨ ਕਪੂਰ ਨੂੰ ਸੱਠ ਹਜ਼ਾਰ ਰੁਪਏ ਮਹੀਨੇ ਦੀ ਪੈਨਸ਼ਨ ਮਿਲ ਗਈ। ਇਹ ਸਾਰੇ ਪੈਸੇ ਰਾਧਾ ਕਪੂਰ ਆਪਣੀ ਨੂੰਹ ਨੂੰ ਫੜਾ ਦਿੰਦੀ ਸੀ ਜਿਹੜੀ ਘਰ ਦੇ ਨੌਕਰ ਦੀ ਮਦਦ ਨਾਲ ਘਰ ਟੋਰਦੀ ਸੀ।
ਰਮਨ ਕਪੂਰ ਅਤੇ ਰਾਧਾ ਕਪੂਰ ਫੇਰ ਵਿਹਲੇ ਹੋ ਗਏ। ਕਈ ਵਾਰੀ ਉਹ ਪਹਿਲਾਂ ਵਾਂਗ (ਜਦੋਂ ਤੀਕ ਉਨ੍ਹਾਂ ਅਜੀਤ ਕਪੂਰ ਨੂੰ ਗੋਦ ਨਹੀਂ ਲਿਆ ਸੀ) ਚਾਹ ਪੀਂਦੇ ਹੋਏ ਇਕੱਠੇ ਬੈਠੇ ਬੀਤੇ ਵਕਤ ਦੀਆਂ ਗੱਲਾਂ ਕਰਨ ਲੱਗਦੇ। ਫੇਰ ਉਨ੍ਹਾਂ ਦੀਆਂ ਗੱਲਾਂ ਉੱਥੇ ਪਹੁੰਚ ਜਾਂਦੀਆਂ ਜਦੋਂ ਉਨ੍ਹਾਂ ਛੇ ਮਹੀਨੇ ਦੇ ਅਜੀਤ ਨੂੰ ਗੋਦ ਲਿਆ ਸੀ। ਕਿਵੇਂ ਸਵੇਰੇ ਅੱਠ ਵਜੇ ਹੀ ਉਹ ਯਤੀਮਖ਼ਾਨੇ ਪਹੁੰਚ ਗਏ ਸਨ।
ਹੌਲੀ ਹੌਲੀ ਨੂੰਹ ਦੀ ਜ਼ਿਆਦਤੀ ਦਾ ਪਹਿਲਾਂ ਘਰ ਵਿਚ ਰਹਿੰਦੇ ਨੌਕਰ ਨੂੰ ਪਤਾ ਲੱਗਾ। ਫੇਰ ਉਸ ਰਾਹੀਂ ਇਹ ਗੱਲ ਘਰ ਦੇ ਨੇੜੇ ਰਹਿੰਦੇ ਲੋਕਾਂ ਤੀਕ ਪਹੁੰਚ ਗਈ, ਪਰ ਰਮਨ ਕਪੂਰ ਅਤੇ ਰਾਧਾ ਕਪੂਰ ਦੇ ਮੂੰਹ ’ਤੇ ਕੋਈ ਕੁਝ ਨਾ ਕਹਿੰਦਾ। ਇਸ ਗੱਲ ਦਾ ਅਜੀਤ ਕਪੂਰ ਨੂੰ ਭੋਰਾ ਵੀ ਪਤਾ ਨਾ ਲੱਗਾ। ਉਹ ਤਾਂ ਇਸ ਗੱਲ ’ਤੇ ਖ਼ੁਸ਼ ਸੀ ਕਿ ਉਹਦੀ ਪਤਨੀ ਠੀਕ ਘਰ ਟੋਰ ਰਹੀ ਸੀ। ਉਹ ਆਪਣੇ ਤਨਖ਼ਾਹ ਦੇ ਪੈਸੇ ਆਪਣੇ ਖਾਤੇ ਵਿਚ ਜਮ੍ਹਾਂ ਕਰਵਾ ਲੈਂਦਾ। ਇਕ ਦਿਨ ਰਮਨ ਕਪੂਰ ਨੂੰ ਅਜਿਹਾ ਦਿਲ ਦਾ ਦੌਰਾ ਪਿਆ ਕਿ ਉਹ ਸੰਭਲਿਆ ਹੀ ਨਾ। ਡਾਕਟਰ ਦੇ ਜਾਂਦੇ ਵੇਲੇ ਉਸ ਨੇ ਰਾਹ ਵਿਚ ਦਮ ਤੋੜ ਦਿੱਤਾ।
ਰਮਨ ਕਪੂਰ ਦੀ ਮ੍ਰਿਤਕ ਦੇਹ ਨੂੰ ਭੁੰਜੇ ਪਈ ਵੇਖ ਰਾਧਾ ਕਪੂਰ ਤਾਂ ਧਾਹਾਂ ਮਾਰ ਮਾਰ ਰੋਵੇ। ਆਂਢ-ਗੁਆਂਢ ਅਤੇ ਦੂਜੇ ਜਾਣਨ ਵਾਲਿਆਂ ਦੀਆਂ ਵੀ ਅੱਖਾਂ ਭਰੀਆਂ ਹੋਈਆਂ ਸਨ। ਅਜੀਤ ਕਪੂਰ ਤੋਂ ਵੀ ਪਿਉ ਨੂੰ ਵੇਖ ਆਪਣਾ ਰੋਣਾ ਠੱਲ੍ਹਿਆ ਨਹੀਂ ਜਾ ਰਿਹਾ ਸੀ, ਪਰ ਉਨ੍ਹਾਂ ਵਿਚ ਬੈਠੀ ਰੋਜ਼ੀ ਕਪੂਰ ਤਾਂ ਇਉਂ ਚੁੱਪ ਸੀ ਜਿਵੇਂ ਕੁਝ ਵੀ ਨਾ ਹੋਇਆ ਹੋਵੇ। ਰਮਨ ਕਪੂਰ ਦਾ ਸਸਕਾਰ ਕਰ ਦਿੱਤਾ ਗਿਆ।
ਫੇਰ ਰਮਨ ਕਪੂਰ ਦੀ ਸੱਠ ਹਜ਼ਾਰ ਰੁਪਏ ਮਹੀਨੇ ਦੀ ਪੈਨਸ਼ਨ ਰਾਧਾ ਕਪੂਰ ਨੂੰ ਮਿਲਣ ਲੱਗੀ ਜਿਹੜੀ ਉਹ ਹਰ ਵਾਰੀ ਨੂੰਹ ਨੂੰ ਫੜਾ ਦਿੰਦੀ ਸੀ। ਫੇਰ ਇਕ ਵਾਰੀ ਰਾਧਾ ਕਪੂਰ ਬਹੁਤ ਬਿਮਾਰ ਹੋ ਗਈ। ਐਵੇਂ ਤਾਪ ਚੜ੍ਹ ਗਿਆ। ਅਸਲ ਵਿਚ ਤਾਂ ਉਹ ਉਸੇ ਦਿਨ ਤੋਂ ਢਿੱਲੀ ਰਹਿਣ ਲੱਗੀ ਸੀ ਜਿਸ ਦਿਨ ਦਾ ਰਮਨ ਕਪੂਰ ਪਰਲੋਕ ਸਿਧਾਰ ਗਿਆ ਸੀ। ਉਸ ਨੂੰ ਤਾਂ ਕੁਝ ਵੀ ਚੰਗਾ ਨਾ ਲੱਗਦਾ। ਮਨ ’ਚ ਆਉਂਦਾ ਰੱਬ ਚੁੱਕ ਲਵੇ। ਫੇਰ ਇਕੱਲਾ ਰਹਿਣਾ ਵੀ ਕਾਹਦਾ ਰਹਿਣਾ, ਪਰ ਮੂੰਹੋਂ ਮੰਗਿਆਂ ਮੌਤ ਕਦੋਂ ਮਿਲਦੀ ਹੈ। ਸੱਸ ਦੇ ਢਿੱਲੀ ਹੋਣ ’ਤੇ ਰੋਜ਼ੀ ਕਪੂਰ ਦੇ ਤਾਂ ਜਿਵੇਂ ਹੱਥ ਪੈਰ ਹੀ ਫੁੱਲ ਗਏ।
ਉਸ ਵਿਚ ਇਕ ਬਦਲਾਅ ਆ ਗਿਆ। ਘਰ ਵਿਚ ਰਹਿੰਦੀ ਰੋਜ਼ੀ ਕਪੂਰ ਤਾਂ ਇਕੋ ਵਾਰੀ ਬਦਲ ਗਈ। ਉਹ ਨਹੀਂ ਸੀ ਚਾਹੁੰਦੀ ਉਹਦੀ ਸੱਸ ਨੂੰ ਕੁਝ ਹੋ ਜਾਵੇ। ਉਸ ਨੇ ਤਾਂ ਸੱਸ ਨਾਲ ਉਲਟੀ ਸਿੱਧੀ ਭਾਸ਼ਾ ਬੋਲਣੀ ਇਕੋ ਵਾਰੀ ਬੰਦ ਕਰ ਦਿੱਤੀ। ਉਹ ਤਾਂ ਦਿਨ ਰਾਤ ਸੱਸ ਦੀ ਸੇਵਾ ਕਰੇ। ਕਦੇ ਕਿਸੇ ਡਾਕਟਰ ਨੂੰ ਦਿਖਾਵੇ ਕਦੇ ਕਿਸੇ ਮਹਿੰਗੇ ਡਾਕਟਰ ਨੂੰ ਘਰ ਸੱਦੇ।
ਉਹ ਤਾਂ ਇਕ ਗੁਆਂਢੀ ਦੇ ਕਿਹਾਂ ਸੱਸ ਨੂੰ ਕਿਸੇ ਵੈਦ ਕੋਲ ਵੀ ਲੈ ਗਈ। ਉਹ ਤਾਂ ਇਕ ਟੰਗ ਦੇ ਭਾਰ ਖੜ੍ਹੀ ਹੋ ਸੱਸ ਦੀ ਸੇਵਾ ਕਰੇ, ਪਰ ਕਰਨੀ ਰੱਬ ਦੀ, ਰਾਧਾ ਕਪੂਰ ਵੀ ਪਤੀ ਵਾਂਗ ਟੁਰਦੀ ਬਣੀ।
ਇਸ ਵਾਰੀ ਫੇਰ ਸਾਰਾ ਆਂਢ-ਗੁਆਂਢ, ਸਾਰੇ ਜਾਣਕਾਰ, ਸਾਰੇ ਰਿਸ਼ਤੇਦਾਰ ਉਨ੍ਹਾਂ ਦੇ ਘਰ ਜੁੜੇ ਬੈਠੇ ਸਨ। ਮਾਹੌਲ ਗ਼ਮਗੀਨ। ਸੱਸ ਦੀ ਮ੍ਰਿਤਕ ਦੇਹ ਨੂੰ ਵੇਖ ਕੇ ਰੋਜ਼ੀ ਕਪੂਰ ਤਾਂ ਸਭ ਤੋਂ ਵੱਧ ਉੱਚੀ ਆਵਾਜ਼ ਨਾਲ ਰੋਵੇ। ਸਾਰੀਆਂ ਔਰਤਾਂ ਸਾਰੇ ਮਰਦ ਹੈਰਾਨ ਕਿ ਇਹ ਸਭ ਕਿਵੇਂ ਹੋ ਗਿਆ? ਇਸ ਔਰਤ ਨੇ ਸਹੁਰੇ ਦੇ ਪਰਲੋਕ ਸਿਧਾਰ ਗਿਆਂ ’ਤੇ ਉਫ਼ ਤੀਕ ਨਹੀਂ ਸੀ ਕੀਤੀ, ਪਰ ਹੁਣ ਸੱਸ ਦੇ ਚਲੇ ਜਾਣ ’ਤੇ ਇਹ ਵਿਰਲਾਪ ਕਿਉਂ?
ਅੰਦਰ ਦੀ ਗੱਲ ਦਾ ਤਾਂ ਬੱਸ ਰੋਜ਼ੀ ਕਪੂਰ ਨੂੰ ਹੀ ਪਤਾ ਸੀ। ਸੱਸ ਦੇ ਮਰਿਆਂ ਉਹਦੇ ਪਤੀ ਰਮਨ ਕਪੂਰ ਦੀ ਮਿਲਦੀ ਸੱਠ ਹਜ਼ਾਰ ਰੁਪਏ ਦੀ ਪੈਨਸ਼ਨ ਬੰਦ ਜੋ ਹੋ ਗਈ ਸੀ।
ਸੰਪਰਕ: 0061-403-848-789


Comments Off on ਅੰਦਰ ਦੀ ਗੱਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.