ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ

Posted On July - 23 - 2019

ਬਲਦੇਵ ਸਿੰਘ (ਸੜਕਨਾਮਾ)

ਜਦੋਂ ਬਾਹਰਲਾ ਬੂਹਾ ਖੜਕਿਆ। ਉਦੋਂ ਮੈਂ ਅਖ਼ਬਾਰ ਦੇ ਮੁੱਖ ਪੰਨੇ ਦੀ ਮੋਟੀ ਸੁਰਖੀ ਵਾਲੀ ਖ਼ਬਰ ਪੜ੍ਹ ਲਈ ਸੀ। ਸੱਤਾ ਧਿਰ ਨੇ ਹਰ ਖੇਤਰ ਵਿਚ ਵਿਕਾਸ ਦੀ ਹਨੇਰੀ ਲਿਆ ਦਿੱਤੀ ਸੀ ਤੇ ਦਰਸਾਏ ਗਏ ਅੰਕੜਿਆਂ ਦੀ ਜਾਦੂਗਰੀ ਨਾਲ ਸੰਮੋਹਿਤ ਹੋਏ ਸੰਸਦ ਮੈਂਬਰਾਂ ਨੇ ਮੇਜ਼ ਥਪਥਪਾ ਕੇ ਅਜੀਬ ਰਿਦਮ ਪੈਦਾ ਕਰਨ ਬਾਰੇ ਲਿਖਿਆ ਸੀ।
ਸਮਾਂ ਕੋਈ ਵੀ ਹੋਵੇ, ਭਾਵੇਂ ਚੋਣ ਪ੍ਰਚਾਰ ਦਾ, ਭਾਵੇਂ ਕਰੋੜਾਂ ਦੇ ਬੜੇ ਕਿਸੇ ਬੁੱਤ ਦੇ ਉਦਘਾਟਨ ਦਾ, ਭਾਵੇਂ ਬੇਮਿਸਾਲ ਹਾਸਲ ਕੀਤੀ ਜਿੱਤ ਦੇ ਧੰਨਵਾਦੀ ਦੌਰੇ ਦਾ ਬੜੀ ਚਤੁਰਾਈ ਨਾਲ ਦੱਸਿਆ ਜਾਂਦਾ ਹੈ, ਦੇਸ਼ ਦੇ 80% ਗ਼ਰੀਬ ਪਰਿਵਾਰਾਂ ਨੂੰ ਲੱਕੜਾਂ ਦੇ ਧੂੰਏਂ ਤੋਂ ਛੁਟਕਾਰਾ ਦੁਆ ਦਿੱਤਾ ਹੈ। 90% ਲੋਕਾਂ ਦੇ ਹਨੇਰੇ ਘਰੀਂ ਬਿਜਲੀ ਪੁੱਜ ਗਈ ਹੈ। ਐਨੇ ਕਰੋੜ ਗ਼ਰੀਬਾਂ ਦੀ ਭਲਾਈ ਲਈ ਖ਼ਰਚ ਕਰਨ ਦੀ ਯੋਜਨਾ ਹੈ। ਐਨੇ ਕਰੋੜ ਨਦੀਆਂ ਸਾਫ਼ ਕਰਨ ਲਈ ਰਾਖਵੇਂ ਕਰ ਦਿੱਤੇ ਗਏ ਹਨ ਤੇ ਅਜਿਹੀ ਲੰਮੀ ਸੂਚੀ ਖ਼ਬਰ ਵਿਚ ਦਰਜ ਸੀ। ਖ਼ਬਰ ਪੜ੍ਹ ਕੇ ਮਹਿਸੂਸ ਹੁੰਦਾ ਸੀ ਕਿ ਹੁਣ ਦੇਸ਼ ਵਿਚ ਨਾ ਕੋਈ ਭੁੱਖਾ ਸੌਵੇਂਗਾ, ਨਾ ਕੋਈ ਬਿਨਾਂ ਛੱਤ ਤੋਂ ਰਹੇਗਾ, ਨਾ ਕੋਈ ਗ਼ਰੀਬ ਰਹੇਗਾ ਕਿਉਂਕਿ ਕਰੋੜਾਂ ਬੈਂਕ ਖ਼ਾਤੇ ‘ਜ਼ੀਰੋ’ ਬੈਲੇਂਸ ਨਾਲ ਖੋਲ੍ਹੇ ਜਾ ਚੁੱਕੇ ਸਨ।
ਅਖ਼ਬਾਰ ਇਕ ਪਾਸੇ ਰੱਖ ਕੇ ਮੈਂ ਬੂਹਾ ਖੋਲ੍ਹਿਆ। ਸਾਹਮਣੇ ਕਲਕੱਤੇ ਦਾ ਮੇਰਾ ਯਾਰ ਬਾਸ਼ਾ ਖੜ੍ਹਾ ਵੇਖ ਕੇ ਮੇਰੇ ਉੱਪਰੋਂ ਅਖ਼ਬਾਰੀ ਖ਼ਬਰ ਦਾ ਪ੍ਰਭਾਵ ਛੂ-ਮੰਤਰ ਹੋ ਗਿਆ। ਬਾਹਾਂ ਖਿਲਾਰ ਕੇ ਮੈਂ ਉਸ ਦਾ ਸਵਾਗਤ ਕੀਤਾ।
ਬਾਸ਼ਾ ਡਰਾਈਵਰ ਸਾਡੇ ਡਰਾਈਵਰ ਭਾਈਚਾਰੇ ਦਾ ਸਦਾ ਚੜ੍ਹਦੀਆਂ ਕਲਾ ਵਿਚ ਰਹਿਣ ਵਾਲਾ ਹੈ। ਕਲਕੱਤੇ ਰਹਿੰਦਿਆਂ ਮੈਂ ਨਹੀਂ ਵੇਖਿਆ, ਉਹ ਕਿਸੇ ਦੁਰਘਟਨਾ ਵੇਲੇ ਘਬਰਾਇਆ ਹੋਵੇ। ਖ਼ੁਸ਼ੀ ਦੇ ਪਲਾਂ ਵਿਚ ਵੀ ਉਹ ਵਧੇਰੇ ਨਹੀਂ ਸੀ ਲਾਚੜਦਾ, ਨਾ ਹੀ ਗੁੱਸੇ ਵਿਚ ਮੈਂ ਕਦੇ ਉਸ ਨੂੰ ਆਪੇ ਤੋਂ ਬਾਹਰ ਹੋਇਆ ਵੇਖਿਆ। ਜਦੋਂ ਬਾਜ਼ਾਰ ਮੰਦਾ ਹੁੰਦਾ। ਡਰਾਈਵਰਾਂ ਅਤੇ ਮਾਲਕਾਂ ਦੇ ਚਿਹਰੇ ਘਬਰਾਏ ਹੁੰਦੇ, ਬਾਸ਼ਾ ਕਹਿੰਦਾ, ‘‘ਜੇ ਉਹ ਦਿਨ (ਚੰਗੇ) ਨਹੀਂ ਰਹੇ ਤਾਂ ਇਹ ਦਿਨ (ਮਾੜੇ) ਵੀ ਨਹੀਂ ਰਹਿਣਗੇ।’’
ਪਰ ਮੈਂ ਹੈਰਾਨ ਹੋਇਆ। ਇਹੋ ਜਿਹਾ ਹਰ ਇਕ ਨੂੰ ਉਂਗਲਾਂ ’ਤੇ ਨਚਾਉਣ ਵਾਲਾ ਬਾਸ਼ਾ ਏਨਾ ਉਦਾਸ। ਬੁਝਿਆ ਬੁਝਿਆ ਚਿਹਰਾ, ਸਰੀਰ ਵੀ ਸੁਸਤ ਜਿਹਾ। ਮੈਂ ਪੁੱਛਿਆ, ‘‘ਸੁੱਖ ਹੈ?’’
‘‘ਬਾਈ ਜੀ ਜਿਊਣ ਦੇ ਸਾਰੇ ਚਾਅ ਈ ਮਰ ਮੁੱਕ ਗਏ।’’ ਬਾਸ਼ੇ ਦੇ ਬੋਲਾਂ ਵਿਚ ਨਾ ਗੜ੍ਹਕ ਨਾ ਮੜ੍ਹਕ।
‘‘ਕੀ ਗੱਲ ਹੋ ਗਈ ਬਾਸ਼ੇ ਤੂੰ ਤਾਂ…।’’
ਬਾਸ਼ੇ ਨੇ ਟੋਕਿਆ, ‘‘ਬਾਈ ਜੀ, ਉਹ ਬਾਸ਼ਾ ਤਾਂ ਕਦੋਂ ਦਾ ਮਰ ਗਿਆ।’’
‘‘ਕਲਕੱਤੇ ਤੋਂ ਕਦੋਂ ਆਇਐ? ਹਾਲ ਕੀ ਹੈ। ਹੁਣ ਕਲੱਕਤੇ ਦਾ?’’ ਮੈਂ ਪੁੱਛਿਆ। ਬਾਸ਼ੇ ਨੇ ਹਾਉਕਾ ਲਿਆ, ‘‘ਉਹ ਰੌਣਕਾਂ ਮੇਲੇ ਪਤਾ ਨਹੀਂ ਕਿੱਧਰ ਚਲੇ ਗਏ। ਕੁਝ ਵਰ੍ਹਿਆਂ ਤੋਂ ਕੋਈ ਟਾਵਾਂ-ਟਾਵਾਂ ਪੰਜਾਬੀ ਟੈਕਸੀ ਚਲਾਉਂਦਾ ਦਿਸ ਪੈਂਦਾ ਸੀ, ਹੁਣ ਉਹ ਵੀ ਨਹੀਂ ਦਿਸਦਾ। ਕਲਕੱਤਾ ਹੁਣ ਬੁੱਢੇ ਪੰਜਾਬੀਆਂ ਦਾ ਨਗਰ ਬਣ ਗਿਆ…।’’
‘‘ਕਿਉਂ ਆਪਣੇ ਪੰਜਾਬੀ ਮੁੰਡੇ ਕਿੱਧਰ ਗਏ?’’ ਮੈਂ ਹੈਰਾਨੀ ਨਾਲ ਪੁੱਛਿਆ।
‘‘ਆਈਲੈੱਟਸ ਕਰਕੇ ਬਾਹਰ ਭੱਜ ਗਏ। ਬਾਕੀ ਰਹਿੰਦੇ ਵੀ ਭੱਜ ਜਾਣਗੇ। ਕੋਈ ਕੈਨੇਡਾ, ਕੋਈ ਨਿਊਜ਼ੀਲੈਂਡ, ਕੋਈ ਆਸਟਰੇਲੀਆ।’’
‘‘ਪੰਜਾਬ ਵਾਲੀ ਬਿਮਾਰੀ ਕਲਕੱਤੇ ਵੀ ਚਲੀ ਗਈ?’’
‘‘ਸਾਰੇ ਦੇਸ਼ ’ਚ ਵੀ ਘੋੜੇ ਆਲਾ ਫਿਰ ਗਿਆ। ਬਾਈ! ਜੇ ਕਿਤੇ ਕੈਨੇਡਾ ਸਿੱਧਾ ਈ ਖੋਲ੍ਹ ਦੇਣ, ਮੈਨੂੰ ਲੱਗਦੈ ਆਪਣੇ ਪੰਜਾਬੀ ਤਾਂ ਬੱਸਾਂ ਦੀਆਂ ਛੱਤਾਂ ਆਂਗੂ ਜਹਾਜ਼ਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਵੀ ਜਾਣ ਨੂੰ ਫਿਰਨਗੇ। ਹੁਣ ਤੂੰ ਦੇਖ ਇੱਧਰੋਂ ਨਵਾਂ ਪੰਜਾਬੀ ਕੋਈ ਕਲਕੱਤੇ ਜਾਂਦਾ ਨੀਂ, ਮੁੰਡੇ ਬਾਹਰ ਭੱਜੀ ਜਾਂਦੇ ਐ, ਰਹਿ ਗਏ ਬੁੱਢੇ, ਆਪੇ ਕਲਕੱਤਾ ਪੰਜਾਬੀ ਬੁੱਢਿਆਂ ਦਾ ਬਣੀ ਜਾਂਦੈ।’’
‘‘ਕਦੋਂ ਆਇਐਂ ਉੱਧਰੋਂ?’’
ਬਾਸ਼ੇ ਨੇ ਫਿਰ ਲੰਮਾ ਸਾਹ ਲੈ ਕੇ ਕਿਹਾ, ‘‘ਆਏ ਨੂੰ ਤਾਂ ਪੰਦਰਾਂ ਦਿਨ ਹੋਗੇ। ਏਥੇ ਆ ਕੇ ਮਨ ਹੋਰ ਵੀ ਖ਼ਰਾਬ ਹੋ ਗਿਆ। ਕੀ ਬਣਾ ’ਤਾ ਪੰਜਾਬ ਨੂੰ ਚਾਰ ਮਾਰਗੀ-ਛੇ ਮਾਰਗੀ ਸੜਕਾਂ, ਪੁਲ, ਸਰਵਿਸ ਰੋਡਾਂ। ਪੁਰਾਣੀਆਂ ਪਛਾਣਾਂ ਵੀ ਖ਼ਤਮ ਕਰ ’ਤੀਆਂ ਇਨ੍ਹਾਂ ਨੇ। ਪਤਾ ਈ ਨੀਂ ਲੱਗਦਾ ਕਿੱਥੇ ਫਿਰਦੇ ਐਂ। ਤੇਰੇ ਕੋਲ ਆਉਣਾ ਸੀ। ਪਤਾ ਈ ਨਹੀਂ ਲੱਗਦਾ, ਬਾਜ਼ਾਰ ਨੂੰ ਕਿੱਥੋਂ ਮੁੜਨੈ। ਨਾ ਕੋਈ ਬੋਰਡ, ਨਾ ਕੋਈ ਸਾਈਨ, ਘੱਲ ਕਲਾਂ ਜਾ ਕੇ ਪਤਾ ਲੱਗਾ ਮੈਂ ਤਾਂ ਮੋਗਾ ਲੰਘ ਆਇਆ, ਉੱਥੋਂ ਮੁੜ ਕੇ ਆਇਐਂ। ਕਹੀ ਜਾਂਦੇ ਐ ਵਿਕਾਸ ਦੀ ਹਨੇਰੀ ਲਿਆ ’ਤੀ, ਕਿੱਥੇ ਹੈ ਵਿਕਾਸ? ਅੱਜ ਤੜਕੇ ਚਾਰ ਵਜੇ ਘਰੋਂ ਨਿਕਲਿਆ। 10-11 ਸਾਲਾਂ ਦੀਆਂ ਬਾਲੜੀਆਂ ਨਾਲ ਉਨ੍ਹਾਂ ਦੀਆਂ ਮਾਵਾਂ, ਵੱਡੇ ਵੱਡੇ ਬੋਰੇ ਮੋਢਿਆਂ ’ਤੇ ਚੁੱਕੀ, ਕੂੜੇ ਦੇ ਢੇਰਾਂ ਵਿਚੋਂ ਕੱਚ, ਪਲਾਸਟਿਕ, ਕਾਗਜ਼ ਲੱਭਣ ਨਿਕਲੀਆਂ ਵੇਖੀਆਂ। ਪਿਛਲੇ 40 ਸਾਲਾਂ ਤੋਂ ਮੈਂ ਜਦੋਂ ਵੀ ਪੰਜਾਬ ਆਉਨੈਂ ਆਹੀ ਕੁਸ਼ ਵੇਖਦਾਂ। ਜਿਹੜੀਆਂ ਬੱਚੀਆਂ ਸੀ, ਉਹ ਮਾਵਾਂ ਬਣ ਗਈਆਂ ਤੇ ਉਨ੍ਹਾਂ ਦੀਆਂ ਬੱਚੀਆਂ ਨੇ ਬੋਰੇ ਚੁੱਕ ਲਏ। …ਹੁਣ ਇਹ ਮਾਵਾਂ ਬਣਨਗੀਆਂ ਤਾਂ ਇਨ੍ਹਾਂ ਦੇ ਬੱਚੇ ਬੋਰੇ ਚੁੱਕ ਲੈਣਗੇ। ਕਿੱਥੇ ਹੈ ਵਿਕਾਸ?’’

ਬਲੇਦਵ ਸਿੰਘ ਸੜਕਨਾਮਾ

ਮੈਂ ਸੋਚੀਂ ਪੈ ਗਿਆ। ਇਹ ਉਹੀ ਬਾਸ਼ਾ ਹੈ? ਅਖ਼ਬਾਰੀ ਖ਼ਬਰ ਵਿਚ ਵਿਕਾਸ ਦੇ ਅੰਕੜਿਆਂ ਨੇ ਮੇਰੇ ਅੰਦਰ ਵੀ ਹਲਚਲ ਕੀਤੀ। ਮੈਂ ਕੁਝ ਬੋਲਣ ਹੀ ਲੱਗਾ ਸੀ, ਬਾਸ਼ਾ ਫਿਰ ਬੋਲਿਆ:
‘‘ਬਾਈ ਮੈਂ ਤੈਨੂੰ ਕਲਕੱਤੇ ਦੀ ਗੱਲ ਹੀ ਦੱਸਦੈਂ। ਇਕ ਦਿਨ ਵਿਹਲਾ ਸੀ। ਆਥਣ ਵੇਲੇ ਘੁੱਟ ਲੱਗੀ ਹੋਈ ਸੀ। ਠੇਕੇ ਦੇ ਬਾਹਰ ਇਕ ‘ਹੱਥ ਰਿਕਸ਼ਾ’ ਵਾਲਾ ਬਜ਼ੁਰਗ ਮਿਲਿਆ। ਮੈਂ ਪੁੱਛਿਆ, ‘‘ਬਾਲ ਬੱਚਾ ਵੀ ਹੈਗਾ ਦਾਦੂ?’’ ਰਿਕਸ਼ੇ ਵਾਲਾ ਕਹਿੰਦਾ, ‘‘ਸਭ ਕੁਝ ਹੈ। ਪੁੱਤਰ ਵੀ ਹੈ, ਲੜਕੀ ਵੀ ਹੈ। ਪੁੱਤਰ ਦਾ ਪੁੱਤਰ ਵੀ ਹੈ।’’
‘‘ਕੀ ਕਰਦੈ ਪੁੱਤਰ?’’ ਮੈਂ ਪੁੱਛਿਆ ਤਾਂ ਬਜ਼ੁਰਗ ਕਹਿੰਦਾ, ‘‘ਪੁੱਤਰ ਵੀ ਰਿਕਸ਼ਾ ਖਿੱਚਦੈ।’’ ਮੈਂ ਪੁੱਛਿਆ, ‘‘ਉਸ ਦਾ ਲੜਕਾ ਤਾਂ ਸਕੂਲ ਪੜ੍ਹਦਾ ਹੋਣੈ?’’ ਉਹ ਕਹਿੰਦਾ, ‘‘ਨਾ ਨਾ ਸਾਡੇ ਹਿੱਸੇ ਪੜ੍ਹਾਈ ਕਿੱਥੇ, ਮੇਰਾ ਪੋਤਰਾ ਵੀ ਰਿਕਸ਼ਾ ਖਿੱਚਣਾ ਸਿੱਖਦੈ।’’ ਬਾਈ ਜੀ ਵੇਖਿਆ, ਵਿਕਾਸ, ਦਾਦਾ, ਪੁੱਤਰ, ਪੋਤਰਾ ਸਭ ਰਿਕਸ਼ਾ ਖਿੱਚਣ ਵਾਲੇ ਤੇ ਸਾਡੇ ਨੇਤਾ ਲੋਕ? ਪੜ੍ਹਦਾਦਾ ਵੀ ਨੇਤਾ, ਪੁੱਤਰ ਵੀ ਨੇਤਾ, ਉਸ ਦਾ ਪੁੱਤਰ ਵੀ ਨੇਤਾ ਤੇ ਅੱਗੋਂ ਜੰਮਣ ਵਾਲੇ ਵੀ ਨੇਤਾ। …ਮੈਂ ਤਾਂ ਬਾਈ ਜੀ ਸੋਚ ਸੋਚ ਕੇ ਆਇਐਂ, ਮੈਂ ਵੀ ਇਹ ਕਿੱਤਾ ਛੱਡ ਦੇਣੈ। ਬਥੇਰੀਆਂ ਸੜਕਾਂ ਗਾਹ ਲਈਆਂ। ਪਤਾ ਨਹੀਂ ਯੂ.ਪੀ., ਬਿਹਾਰ ਜਾਂ ਹੋਰ ਕਿੱਥੋਂ ਕਦੋਂ ਭੀੜ ਨੇ ਘੇਰ ਲੈਣਾ, ਕਦੋਂ ਬਹਾਨਾ ਬਣਾ ਲੈਣਾ… ਤੇ ਫੇਰ ਨਾ ਟਰੱਕ ਸਲਾਮਤ ਨਾ ਮੈਂ। ਮੇਰਾ ਮੁੰਡਾ ਕਹਿੰਦਾ ਸੀ, ਮੇਰਾ ਡਰਾਈਵਿੰਗ ਲਾਈਸੈਂਸ ਬਣਵਾ ਦੇ। ਮੈਂ ਆਖਿਆ ਕਦੇ ਵੀ ਨਹੀਂ। ਪਲੱਸ ਟੂ ਹੋ ਜਾਣੀ ਐਂ। ਆਈਲੈੱਟਸ ਕਰਕੇ ਕੈਨੇਡਾ ’ਚ ਬੇਰੀਆਂ ਤੋੜ। ਏਥੇ ਡਿਗਰੀਆਂ ਚੁੱਕੀ ਫਿਰੇਂਗਾ। ਨੌਕਰੀ ਮਿਲਣੀ ਨੀਂ, ਫੇਰ ਡਰੱਗ ਲਵੇਂਗਾ ਜਾਂ ਕਿਸੇ ਗੈਂਗ ’ਚ ਰਲੇਂਗਾ। ਬਸ! ਆਹੀ ਸੋਚ ਸੋਚ ਮਨ ਬਹੁਤ ਉਦਾਸ ਰਹਿੰਦੈ। ਪਤਾ ਨਹੀਂ ਕਿੱਧਰ ਗਏ ਉਹ ਦਿਨ ਚਿੱਤ ਖਿੜਦਾ ਈ ਨੀਂ।’’
ਮੇਰੇ ਜ਼ਿਹਨ ’ਚ ਫਿਰ ਸਰਕਾਰੀ ਅੰਕੜੇ ਉੱਭਰੇ। ਐਨੇ ਮਿਲੀਅਨ, ਹਾਇਰ ਐਜੂਕੇਸ਼ਨ ਲਈ, ਐਨੇ ਮਿਲੀਅਨ ਨੌਜਵਾਨਾਂ ਦੀ ਭਲਾਈ ਲਈ, ਐਨੇ ਮਿਲੀਅਨ… ਮਿਲੀਅਨ…।
ਖ਼ਬਰਾਂ ਤਾਂ ਹੋਰ ਵੀ ਸਨ, ਇੰਨੇ ਬੱਚੇ ‘ਚਮਕੀ’ ਬੁਖਾਰ ਨਾਲ ਮਰ ਗਏ। ਕਿਤੇ ਭੀੜ ਨੇ ਵੀ ਇਕ ਵਿਅਕਤੀ ਕੁੱਟ-ਕੁੱਟ ਕੇ ਮਾਰ ਦਿੱਤਾ। ਕਿਤੇ ਇਕ ਧੀ ਨੂੰ ਆਪਣੇ ਨੇਤਾ ਪਿਤਾ ਤੋਂ ਹੀ ਜਾਨੋਂ ਮਾਰਨ ਦਾ ਖ਼ਤਰਾ ਹੈ। ਇਸ ਤਰ੍ਹਾਂ ਦੇ ਵਿਕਾਸ ਦੀਆਂ ਹੋਰ ਵੀ ਖ਼ਬਰਾਂ ਸਨ।
ਬਾਸ਼ੇ ਨੇ ਅਚਾਨਕ ਕਿਹਾ, ‘‘ਉੱਠ ਬਾਹਰ ਚੱਲੀਏ। ਮੂਡ ਠੀਕ ਕਰੀਏ।’’ ਫਿਰ ਮੈਂ ਸਰਕਾਰੀ ਵਿਕਾਸ ਦੇ ਅੰਕੜਿਆਂ ਦੀ ਉਲਝਣ ਵਿਚੋਂ ਨਿਕਲਣ ਲਈ, ਉਸ ਦੇ ਨਾਲ ਤੁਰ ਪਿਆ।

ਸੰਪਰਕ: 98147-83069


Comments Off on ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.