ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਅਹਿਮ ਇਤਿਹਾਸਕ ਦਸਤਾਵੇਜ਼

Posted On July - 7 - 2019

ਜਸਦੇਵ ਸਿੰਘ ਲਲਤੋਂ
ਇਕ ਪੁਸਤਕ – ਇਕ ਨਜ਼ਰ

ਪੁਸਤਕ ‘ਕਾਰਵਾਈ ਮੁਕੱਦਮਾ ਸ਼ਹੀਦ ਭਗਤ ਸਿੰਘ ਅਤੇ ਸਾਥੀ (ਵਿਸ਼ੇਸ਼ ਟ੍ਰਿਬਿਊਨਲ ਵਿਚ ਹੋਈ ਕਾਰਵਾਈ)’ (ਕੀਮਤ: 595 ਰੁਪਏ; ਸੰਪਾਦਕ : ਡਾ. ਗੁਰਦੇਵ ਸਿੰਘ ਸਿੱਧੂ; ਲੜੀ ਸੰਪਾਦਕ: ਮਲਵਿੰਦਰਜੀਤ ਸਿੰਘ ਵੜੈਚ, ਹਰੀਸ਼ ਜੈਨ; ਲੋਕਗੀਤ ਪ੍ਰਕਾਸ਼ਨ, ਮੁਹਾਲੀ) ਦੀ ਸਮੱਗਰੀ ਦੇ ਉਰਦੂ ਤਰਜਮੇ ਨੂੰ ਪੰਜਾਬੀ ਲਿਪੀ ਵਿਚ ਦਰਜ ਕਰਨ ਦੀ ਸਖ਼ਤ ਮਿਹਨਤ ਕੀਤੀ ਗਈ ਹੈ। ਲਾਹੌਰ ਸਾਜਿਸ਼ ਕੇਸ- 1930 (ਸਰਕਾਰ ਬਨਾਮ ਸੁਖਦੇਵ ਵਗੈਰਾ ਮੁਲਜ਼ਮਾਨ) ਵਿਚ ਗੋਰੀ ਹਕੂਮਤ ਨੇ ਆਪਣੇ ਮਨਸੂਬੇ ਤਹਿਤ ਇਸ ਮੁਕੱਦਮੇ ਰਾਹੀਂ ਕ੍ਰਾਂਤੀਕਾਰੀ ਲੀਡਰਸ਼ਿਪ ਨੂੰ ਲਾਜ਼ਮੀ ਫਾਂਸੀਆਂ/ਉਮਰ ਕੈਦਾਂ ਤੱਕ ਪਹੁੰਚਾਉਣ ਲਈ, ਨਵਾਂ ਮੋੜ ਕੱਟ ਕੇ, ਪਹਿਲੀ ਵਿਸ਼ੇਸ਼ ਅਦਾਲਤ ਦੀ ਥਾਂ ’ਤੇ, 1 ਮਈ 1930 ਨੂੰ ਵਿਸ਼ੇਸ਼ ਟ੍ਰਿਬਿਊਨਲ ਸਥਾਪਤ ਕੀਤਾ। ਇਸ ਦੇ ਖ਼ਾਸ ਨੁਕਤੇ ਇਹ ਸਨ। ਮੁਲਜ਼ਮਾਂ ਜਾਂ ਉਨ੍ਹਾਂ ਦੇ ਵਕੀਲਾਂ ਦੀ ਗ਼ੈਰਹਾਜ਼ਰੀ ਵਿਚ ਵੀ ਇਸ ਦੀ ਅਦਾਲਤੀ ਕਾਰਵਾਈ ਬੇਰੋਕ ਚੱਲੇਗੀ। ਇਹ ਛੇ ਮਹੀਨੇ ਅੰਦਰ ਮੁਕੱਦਮੇ ਨੂੰ ਸਰਕਾਰ ਲਈ ਚੰਗੇ ਨਤੀਜੇ ’ਤੇ ਪਹੁੰਚਾਏਗਾ। ਇਸ ਕੇਸ ਦਾ ਫ਼ੈਸਲਾ ਕਿਸੇ ਉੱਚ ਅਦਾਲਤ ’ਚ ਵੰਗਾਰਿਆ ਨਹੀਂ ਜਾ ਸਕੇਗਾ। ਭਾਵ ਨਾ ਵਕੀਲ, ਨਾ ਦਲੀਲ, ਨਾ ਅਪੀਲ। ਭਗਤ ਸਿੰਘ ਹੋਰਾਂ ਨੇ ਠੀਕ ਬੁੱਝਿਆ, ‘ਇਹ ਸਾਫ਼ ਹੋ ਗਿਆ ਕਿ ਸਰਕਾਰ ਵੱਲੋਂ ਰਾਜਨੀਤਿਕ ਬੰਦੀਆਂ ਨੂੰ ਬਚਾਉ ਦਾ ਕੋਈ ਮੌਕਾ ਨਹੀਂ ਦਿੱਤਾ ਜਾ ਸਕਦਾ’।
ਜੱਜ ਕੋਲਡ ਸਟ੍ਰੀਮ ਦੀ ਪ੍ਰਧਾਨਗੀ ਹੇਠ, ਜੱਜ ਸੱਯਦ ਆਗਾ ਹੈਦਰ ਤੇ ਜੱਜ ਜੀ.ਸੀ ਹਿਲਟਨ ਦੀ ਮੈਂਬਰੀ ਵਾਲਾ ਤਿੰਨ ਮੈਂਬਰੀ ਵਿਸ਼ੇਸ਼ ਟ੍ਰਿਬਿਊਨਲ ਕਾਇਮ ਕੀਤਾ ਗਿਆ। ਪੰਜ ਮਈ 1930 ਤੋਂ ਅਦਾਲਤੀ ਕਾਰਵਾਈ ਚੱਲੀ ਜੋ ਇਸ ਪੁਸਤਕ ਦਾ ਵਿਸ਼ਾ-ਵਸਤੂ ਹੈ। 18 ਮੁਲਜ਼ਮ ਇਨਕਲਾਬੀ ਨਾਅਰੇ ਲਾਉਂਦੇ ਤੇ ਗੀਤ ਗਾਉਂਦੇ ਹਾਜ਼ਰ ਹੋਏ। ਉਨ੍ਹਾਂ ਨੇ ਆਰਡੀਨੈਂਸ ਨੂੰ ਚੈਲੇਂਜ ਕਰਦੇ ਹਲਫੀਆ ਬਿਆਨ ਦੇਣ ਲਈ 15 ਦਿਨ ਕਾਰਵਾਈ ਮੁਲਤਵੀ ਕਰਨ ਦੀ ਮੰਗ ਰੱਖੀ ਤੇ ਪੰਜ ਨੇ ਬਚਾਓ ਨੇ ਇੰਤਜ਼ਾਮ ਲਈ ਪਟੀਸ਼ਨ ਰਾਹੀਂ ਪੰਜ ਦਿਨ ਮੰਗੇ। ਲੇਕਿਨ ਰੱਦ ਕੀਤੀਆਂ ਗਈਆਂ। ਮੁਲਜ਼ਮਾਂ ਨੇ ਕਿਹਾ, ‘ਯਹੀ ਕਾਰਨ ਹੈ ਕਿ ਹਮ ਇਸ ਮਜ਼ਾਕੀਆ ਡਰਾਮੇ ਕੀ ਏਕ ਪਾਰਟੀ ਬਨਨੇ ਸੇ ਇਨਕਾਰ ਕਰਤੇ ਹੈਂ ਔਰ ਅਬ ਹਮ ਇਸ ਮੁਕੱਦਮੇ ਕੀ ਕਾਰਵਾਈ ਮੇਂ ਹਿੱਸਾ ਨਹੀਂ ਲੇਂਗੇ’। ਇਕਤਰਫ਼ਾ ਤੌਰ ’ਤੇ ਸਰਕਾਰੀ ਗਵਾਹ ਭੁਗਤਾਉਣ ਦਾ ਬੇਹੱਦ ਲੰਮਾ ਚੌੜਾ ਆਡੰਬਰੀ ਸਿਲਸਿਲਾ ਸ਼ੁਰੂ ਹੋ ਗਿਆ। ਬਹੁਗਿਣਤੀ ਮੁਲਜ਼ਮਾਂ ਨੇ ਵਕੀਲਾਂ ਦੀ ਮੱਦਦ ਲੈਣ ਤੋਂ ਇਨਕਾਰ ਕੀਤਾ।
ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ ਤੇ ਹਿੰ.ਸੋ.ਰੀ. ਆਰਮੀ ਦੀ ਅਗਵਾਈ ’ਚ ਉੱਠ ਰਹੀ ਗੋਰੀ ਹਕੂਮਤ ਵਿਰੋਧੀ ਲਹਿਰ ਨੂੰ ਦਬਾਉਣ ਲਈ ਇਹ ਕੇਸ ਰਚਿਆ ਗਿਆ ਸੀ। ਇਹ ਲਹਿਰ ਦੇਸ਼ ਦੇ ਕਈ ਸੂਬਿਆਂ ਤਕ ਫੈਲ ਚੁੱਕੀ ਸੀ। ਏਸੇ ਪ੍ਰਸੰਗ ’ਚ ਇਸ ਮੁਕੱਦਮੇ ਨੂੰ ਸਰਕਾਰੀ ਮਨਸੂਬੇ ਅਨੁਸਾਰ ਅੰਜਾਮ ਤਕ ਪਹੁੰਚਾਉਣ ਲਈ 607 ਗਵਾਹਾਂ ਦਾ ਤਾਣਾਬਾਣਾ ਬੁਣਿਆ ਗਿਆ ਸੀ। ਇਸ ਕੇਸ ਲਈ ਤਿੰਨ ਤਰ੍ਹਾਂ ਦੇ ਗਵਾਹ ਖੜ੍ਹੇ ਕੀਤੇ ਗਏ- ਪਹਿਲੇ ਪੁਲੀਸ ਅਫ਼ਸਰ/ਕਰਮਚਾਰੀ, ਪੁਲੀਸ ਟਾਊਟਾਂ ਰੂਪ ਪੇਸ਼ੇਵਰ ਬੰਦੇ ਤੇ ਸਰਕਾਰੀ ਵਫ਼ਾਦਾਰ, ਦੂਜੇ ਪੁਲੀਸ ਦੇ ਡਰ/ਦਹਿਸ਼ਤ ਤੇ ਲੋਭ-ਲਾਲਚ ਨਾਲ ਆਮ ਲੋਕਾਂ ’ਚ ਖੜ੍ਹੇ ਕੀਤੇ, ਤੀਜੇ ਘਰ ਦੇ ਭੇਤੀ- ਵਾਅਦਾ ਮੁਆਫ਼ ਸਰਕਾਰੀ ਗਵਾਹ ਬਣੇ।
ਕੇਸ ਵਿਚ 12 ਮਈ 1930 ਨੂੰ ਨਵਾਂ ਮੋੜ ਆਇਆ, ਜਦੋਂ ਨਾਅਰੇ ਲਾਉਂਦੇ ਤੇ ਗੀਤ ਗਾਉਂਦੇ ਮੁਲਜ਼ਮਾਂ ਨੂੰ ਦੇਖ ਕੇ ਜੱਜ ਕੋਲਡ ਸਟਰੀਮ ਦਾ ਪਾਰਾ ਆਸਮਾਨੀਂ ਚੜ੍ਹ ਗਿਆ ਤੇ ਉਸ ਨੇ ਪੁਲੀਸ ਨੂੰ ਹੁਕਮ ਦਿੱਤਾ ਕਿ ਫੌਰੀ ਹੱਥਕੜੀਆਂ ਲਾ ਕੇ ਮੁਲਜ਼ਮਾਂ ਨੂੰ ਜੇਲ੍ਹ ਲੈ ਜਾਓ। ਪੁਲੀਸ ਟੁੱਟ ਕੇ ਪੈ ਗਈ। ਕਈਆਂ ਦੇ ਸੱਟਾਂ ਵੱਜੀਆਂ ਤੇ ਕੁਝ ਬੇਹੋਸ਼ ਹੋ ਗਏ। ਇਨਕਲਾਬੀਆਂ ਨੇ ਐਲਾਨ ਕੀਤਾ ਕਿ ਜਦੋਂ ਤਕ ਕੋਲਡ ਸਟਰੀਮ ਮੁਆਫ਼ੀ ਨਹੀਂ ਮੰਗਦਾ ਜਾਂ ਹਟਾਇਆ ਨਹੀਂ ਜਾਂਦਾ, ਉਦੋਂ ਤਕ ਉਹ ਕਾਰਵਾਈ ’ਚ ਸ਼ਾਮਿਲ ਨਹੀਂ ਹੋਣਗੇ, ਪਰ ਕਾਰਵਾਈ ਬੇਰੋਕ ਚਲਾਈ ਜਾਂਦੀ ਰਹੀ।
ਜੱਜ ਆਗਾ ਹੈਦਰ ਵੱਲੋਂ ਸਰਕਾਰੀ ਗਵਾਹਾਂ ਨੂੰ ਸਮੇਂ-ਸਮੇਂ ਸਿਰ ਵਾਜਬ ਸੁਆਲ ਪੁੱਛਣ ਨਾਲ ਤੇ ਸਰਕਾਰੀ ਵਕੀਲਾਂ ਦੇ ਗ਼ੈਰਵਾਜਬ ਦਖ਼ਲ ਨੂੰ ਰੋਕਣ ਨਾਲ ਹਕੂਮਤ ਨੂੰ ਆਪਣੀ ਮਨਸੂਬਾਬੰਦੀ ਹਿਲਦੀ ਦਿਸੀ। ਸਿੱਟੇ ਵਜੋਂ ਉਸ ਨੂੰ ਟ੍ਰਿਬਿਊਨਲ ’ਚੋਂ ਬਾਹਰ ਕੱਢ ਦਿੱਤਾ ਗਿਆ। ਪੁਨਰਗਠਨ ਰਾਹੀਂ ਕੋਲਡ ਸਟਰੀਮ ਨੂੰ ਲੰਮੀ ਛੁੱਟੀ ਭੇਜ ਕੇ ਤੀਜੇ ਮੈਂਬਰ- ਜੀ.ਸੀ ਹਿਲਟਨ ਨੂੰ ਚੇਅਰਮੈਨ ਲਾ ਦਿੱਤਾ, ਜੇ.ਕੇ. ਐਮ.ਟੈੱਪ ਨੂੰ (6 ਬੱਬਰ ਅਕਾਲੀਆਂ ਨੂੰ ਫਾਂਸੀ ਦੇਣ ਵਾਲਾ) ਤੇ ਸਰ ਅਬਦੁੱਲ ਕਾਦਰ (ਪੂਰਾ ਸਰਕਾਰੀ ਵਫ਼ਾਦਾਰ) ਨੂੰ ਮੈਂਬਰ ਲੈ ਲਿਆ ਗਿਆ। ਭਗਤ ਸਿੰਘ ਤੇ ਸਾਥੀਆਂ ਨੇ 25 ਜੂਨ 1930 ਨੂੰ ਦਰਖਾਸਤ ਦਿੱਤੀ ਕਿ ਜਦੋਂ ਤਕ ਹਿਲਟਨ 12. ਮਈ 1930 ਦੇ ਪੁਲੀਸ ਹਮਲੇ ਵਾਲੇ ਹੁਕਮ ਤੋਂ ਵੱਖ ਹੋ ਕੇ ਭਵਿੱਖ ਲਈ ਯਕੀਨ ਨਹੀਂ ਦਿਵਾਉਂਦਾ ਜਾਂ ਹਟਾਇਆ ਨਹੀਂ ਜਾਂਦਾ, ਉਹ ਕਾਰਵਾਈ ਦਾ ਬਾਈਕਾਟ ਜਾਰੀ ਰੱਖਣਗੇ।
ਸਫ਼ਾ 117-18 ’ਤੇ ਦਰਜ ਰਾਮ ਸਰਨ ਦਾਸ ਕਪੂਰਥਲਾ ਦੀ ਗਵਾਹੀ ਸਬੂਤ ਹੈ ਕਿ ਸ਼ਨਾਖਤੀ ਪਰੇਡਾਂ ਮੌਕੇ ਕਿਹੋ ਜਿਹੀ ਮਿਲੀਭੁਗਤ ਹੁੰਦੀ ਸੀ। ਗਵਾਹਾਂ ਦੇ ਝੂਠ ਬਾਰੇ ਜਾਨਣ ਲਈ ਸਫ਼ਾ 452-57 ’ਤੇ ਦਰਜ ਬ੍ਰਹਮ ਦਿੱਤਾ ਕਾਨਪੁਰ ਦੀ ਗਵਾਹੀ ਮਹੱਤਵਪੂਰਨ ਹੈ। ਦਾਲ ’ਚੋਂ ਦਾਣਾ ਵੇਖ ਕੇ ਦਾਲ ਦਾ ਪਤਾ ਲੱਗ ਜਾਂਦਾ ਹੈ।
ਸਮੁੱਚੀਆਂ ਗਵਾਹੀਆਂ ਨੂੰ ਨੀਝ ਨਾਲ ਘੋਖਣ ’ਤੇ ਕ੍ਰਾਂਤੀਕਾਰੀ ਲਹਿਰ ਦੇ ਆਗੂਆਂ ਦੇ ਜੀਵਨ ਤੇ ਜੱਦੋਜਹਿਦ ਬਾਰੇ ਜਾਣਕਾਰੀ ਹਾਸਲ ਹੁੰਦੀ ਹੈ। ਇਸ ਲਹਿਰ ਦੇ ਬਹੁਤੇ ਨੌਜਵਾਨ 18-25 ਸਾਲ ਦੀ ਉਮਰ ’ਚ ਸਕੂਲਾਂ, ਕਾਲਜਾਂ ਤੇ ਪਿੰਡਾਂ ’ਚੋਂ ਆਏ ਸਨ। ਦੇਸ਼ ਸੇਵਾ ਨੂੰ ਸਮਰਪਿਤ, ਸਮਾਜਵਾਦੀ ਵਿਚਾਰਧਾਰਾ ਵਾਲੇ, ਸਾਦਗੀ, ਸਮਰਪਣ, ਇਮਾਨਦਾਰੀ, ਸੁੱਚਾ ਇਖ਼ਲਾਕ, ਦ੍ਰਿੜ੍ਹ ਇਰਾਦਾ ਤੇ ਉਸਾਰੂ ਸੋਚ ਵਾਲੇ ਗੁਣਾਂ ਦੇ ਧਾਰਨੀ ਸਨ। ਘਰ ਪਰਿਵਾਰ ਨੂੰ ਛੱਡ ਕੇ, ਸੀਸ ਤਲੀ ’ਤੇ ਧਰਕੇ, ਕੁਲਵਕਤੀ ਰੂਪ ’ਚ ਦੇਸ਼ ਸੇਵਾ ਕਰਨ ਵਾਲੇ ਸਰਗਰਮ ਗਰੁੱਪ ਦੇ ਮੈਂਬਰ ਬਣਦੇ ਸਨ। ਬਾਕੀ ਵਿਸ਼ਾਲ ਹਮਦਰਦ ਗਰੁੱਪ ਦੇ ਰੂਪ ’ਚ ਕੰਮ ਕਰਦੇ ਸਨ। ਹਰ ਗੁਪਤ ਟਿਕਾਣੇ ਜਾਂ ਬੰਦੇ ਕੋਲੋਂ ਹਥਿਆਰਾਂ ਤੋਂ ਇਲਾਵਾ ਕਿਤਾਬਾਂ ਲਾਜ਼ਮੀ ਬਰਾਮਦ ਹੁੰਦੀਆਂ ਸਨ ਜਿਸ ਤੋਂ ਪਤਾ ਲੱਗਦਾ ਹੈ ਕਿ ਇਨਕਲਾਬੀ ਚੇਤਨਾ ਦੀ ਉਸਾਰੀ ’ਤੇ ਕਿੰਨਾ ਜ਼ੋਰ ਦਿੱਤਾ ਜਾਂਦਾ ਸੀ। ਅੰਤ ’ਚ 10 ਸਤੰਬਰ 1930 ਨੂੰ ਸਰਕਾਰੀ ਗਵਾਹੀਆਂ ਤੇ ਸਰਕਾਰੀ ਬਹਿਸ ਦਾ ਇਕਤਰਫ਼ਾ ਸਿਲਸਿਲਾ ਮੁੱਕਣ ਉਪਰੰਤ 7 ਅਕਤੂਬਰ 1930 ਨੂੰ ਟ੍ਰਿਬਿਊਨਲ ਨੇ ਤਿੰਨ ਇਨਕਲਾਬੀਆਂ- ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਅਤੇ ਨੌਂ ਨੂੰ ਕਾਲੇਪਾਣੀ ਉਮਰਕੈਦ ਜਾਂ ਹੋਰ ਸਜ਼ਾਵਾਂ ਅਤੇ 3 ਨੂੰ ਬਰੀ ਕਰਨ ਦਾ ਫ਼ੈਸਲਾ ਸੁਣਾ ਦਿੱਤਾ।
ਪੁਸਤਕ ਦੇ ਉੱਤਮ ਤੇ ਵੱਡੇ ਕਾਰਜ ਲਈ ਸੰਪਾਦਕ ਡਾ. ਗੁਰਦੇਵ ਸਿੰਘ ਸਿੱਧੂ, ਲੜੀ ਸੰਪਾਦਕ ਮਲਵਿੰਦਰਜੀਤ ਸਿੰਘ ਵੜੈਚ ਅਤੇ ਹਰੀਸ਼ ਜੈਨ ਵਧਾਈ ਦੇ ਹੱਕਦਾਰ ਹਨ। ਇਤਿਹਾਸ ਦੇ ਜਗਿਆਸੂ ਪੰਜਾਬੀ ਇਸ ਨੂੰ ਪੜ੍ਹ ਕੇ ਆਪਣੀ ਚੇਤੰਨਤਾਂ ਨੂੰ ਹੋਰ ਉੱਚਾ ਚੁੱਕ ਸਕਦੇ ਹਨ।
ਸੰਪਰਕ: 0161-2805677


Comments Off on ਅਹਿਮ ਇਤਿਹਾਸਕ ਦਸਤਾਵੇਜ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.