ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਅਸੀਂ ਦੂਈਸ਼ੇਨ ਦੇ ਕੀ ਲਗਦੇ ਹਾਂ…

Posted On July - 5 - 2019

ਪਿਛਲੇ ਕੁਝ ਮਹੀਨਿਆਂ ਵਿਚ ਸਾਡਾ ਜ਼ਿਹਨ ਅਨੇਕਾਂ ਵਾਦਾਂ, ਪ੍ਰਤਿਵਾਦਾਂ, ਚਿੰਤਾਵਾਂ ਦਾ ਕੇਂਦਰ ਬਣਿਆ ਰਿਹਾ। ਚਿੰਤਾ ਸੀ ਕਿ ਅਸੀਂ ਭਾਰਤੀ, ਕੇਂਦਰ ਵਿਚ ਕਿਹੜੀ ਸਰਕਾਰ ਚੁਣਾਂਗੇ? ਪੰਜਾਬੀ ਜੀਅ ਕਿਧਰ ਖੜ੍ਹੇ ਹੋਣਗੇ? ਆਮ ਆਦਮੀ ਪਾਰਟੀ ਆਪਣੀ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਬਣੀ ਜਾਂ ਬਚੀ ਸਾਖ ਗਵਾ ਚੁੱਕੀ ਸੀ।

ਨੀਤੂ ਅਰੋੜਾ

ਪਿਛਲੇ ਕੁਝ ਮਹੀਨਿਆਂ ਵਿਚ ਸਾਡਾ ਜ਼ਿਹਨ ਅਨੇਕਾਂ ਵਾਦਾਂ, ਪ੍ਰਤਿਵਾਦਾਂ, ਚਿੰਤਾਵਾਂ ਦਾ ਕੇਂਦਰ ਬਣਿਆ ਰਿਹਾ। ਚਿੰਤਾ ਸੀ ਕਿ ਅਸੀਂ ਭਾਰਤੀ, ਕੇਂਦਰ ਵਿਚ ਕਿਹੜੀ ਸਰਕਾਰ ਚੁਣਾਂਗੇ? ਪੰਜਾਬੀ ਜੀਅ ਕਿਧਰ ਖੜ੍ਹੇ ਹੋਣਗੇ? ਆਮ ਆਦਮੀ ਪਾਰਟੀ ਆਪਣੀ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਬਣੀ ਜਾਂ ਬਚੀ ਸਾਖ ਗਵਾ ਚੁੱਕੀ ਸੀ। ਧਰਮਵੀਰ ਗਾਂਧੀ, ਸੁਖਪਾਲ ਖਹਿਰਾ ਅਤੇ ਬੈਂਸ ਭਰਾਵਾਂ ਨੇ ਬੀਐੱਸਪੀ ਅਤੇ ਸੀਪੀਆਈ ਨਾਲ ਰਲ ਕੇ ਪੰਜਾਬ ਡੈਮੋਕਰੇਟਿਕ ਐਲਾਇੰਸ ਖੜ੍ਹਾ ਕਰ ਲਿਆ ਸੀ। ਕਾਮਰੇਡ ਮਿੱਤਰਾਂ ਵਿਚ ਚੋਣਾਂ ਦੇ ਬਾਈਕਾਟ ਅਤੇ ‘ਨੋਟਾ’ ਵਿਚੋਂ ਚੋਣ ਬਾਰੇ ਚਰਚਾਵਾਂ ਸੁਣ ਰਹੀ ਸਾਂ।
ਰਾਜਨੀਤੀ ਵਿਚ ਔਰਤਾਂ ਦੀ ਸ਼ਮੂਲੀਅਤ ਦਾ ਸੰਸਾ ਇਸ ਵਰ੍ਹੇ ਪਹਿਲੇ ਕਿਸੇ ਵੀ ਵਰ੍ਹੇ ਨਾਲੋਂ ਜ਼ਿਆਦਾ ਚਿੰਤਨ ਦਾ ਵਿਸ਼ਾ ਬਣਿਆ ਹੋਇਆ ਸੀ। ਚੋਣਾਂ ਵਿਚ ਅਜੇ ਵਕਤ ਸੀ ਜਦੋਂ ‘ਪੁਲਵਾਮਾ’ ਵਾਪਰ ਜਾਂਦਾ ਹੈ। ਜੰਗ ਵਰਗਾ ਮਾਹੌਲ ਸਿਰਜ ਦਿੱਤਾ ਜਾਂਦਾ ਹੈ। ਪੰਜਾਬ ਡਰਨ ਲੱਗਦਾ ਹੈ। ਕੁਝ ਮਿੱਤਰ ਮਿਲ ਕੇ ਸੋਸ਼ਲ ਮੀਡੀਆ ਉਤੇ ਸ਼ਾਂਤੀ ਲਈ ਕੋਸ਼ਿਸ਼ਾਂ ਕਰਦੇ ਹਨ। ਪਾਕਿਸਤਾਨ ਦੀਆਂ ਦੋ ਥੀਏਟਰ ਆਰਟਿਸਟ ਭੈਣਾਂ- ਭਾਰਤੀ ਤੇ ਪਾਕਿਸਤਾਨੀ, ਗੁਆਂਢਣਾਂ ਬਣ ਕੇ ਚੁੰਨੀਆਂ ਵਟਾਉਂਦੀਆਂ ਨਜ਼ਰ ਆਉਂਦੀਆਂ ਹਨ ਅਤੇ ਹਰ ਸੰਵੇਦਨਸ਼ੀਲ ਪੰਜਾਬੀ ਦੇ ਮਨ ਉਤੇ ਛਾ ਜਾਂਦੀਆਂ ਹਨ। ‘ਗੁਆਂਢਣੇ ਗੁਆਂਢਣੇ’ ਦਾ ਸੰਗੀਤ ਹਵਾ ਵਿਚ ਘੁਲਣ ਲੱਗਦਾ ਹੈ।
ਕੁਝ ਦੋਸਤ ਸੋਸ਼ਲ ਮੀਡੀਆ ਉਤੇ ‘ਪੰਜਾਬ ਫਾਰ ਪੀਸ’ ਵਰਗੇ ਗਰੁੱਪ ਬਣਾਉਂਦੇ ਹਨ ਅਤੇ ਲਗਾਤਾਰ ਯਤਨ ਕਰਦੇ ਹਨ ਕਿ ਯੁੱਧ ਨਾ ਲੱਗੇ। ਪੀਸ (ਸ਼ਾਂਤੀ) ਸ਼ਬਦ ਇੰਨੀ ਵਾਰ ਦੁਹਰਾਇਆ ਜਾਂਦਾ ਕਿ ਮੇਰੇ ਅੰਦਰਲਾ ਅਧਿਆਪਕ ਬੇਚੈਨ, ਅਸ਼ਾਂਤ ਹੁੰਦਾ ਗਿਆ। ਰਾਤਾਂ ਦੀ ਨੀਂਦ ਹਰਾਮ ਹੋ ਗਈ। ਮਨਜੀਤ ਟਿਵਾਣਾ ਦਾ ਕੱਸੀ ਰੱਸੀ ਉਤੇ ਤੁਰਦਾ ਉਨੀਂਦਰਾ ਵਰਤਮਾਨ ਯਾਦ ਆਉਂਦਾ ਰਿਹਾ। ਕੁਮਾਰ ਵਿਕਲ ਦਾ ਸੰਬੋਧਨ- ‘ਨਿਰੂਪਮਾ ਦੱਤ, ਮੈਂ ਬਹੁਤ ਉਦਾਸ ਹੂੰ’ ਕੰਨਾਂ ਵਿਚ ਗੂੰਜਣ ਲੱਗਾ।
ਮੈਂ ਕਿਸ ਨੂੰ ਆਖਾਂ ਕਿ ਮੈਂ ਉਦਾਸ ਹਾਂ, ਚਿੰਤਤ ਹਾਂ। ਕਾਲਜ ਤੋਂ ਛੁੱਟੀ ਨਹੀਂ ਲਈ ਜਾ ਸਕਦੀ। ਚੋਣਾਂ ਕਾਰਨ ਉਨ੍ਹਾਂ ਦੇ ਪੇਪਰ ਵੀ ਜਲਦੀ ਸ਼ੁਰੂ ਹੋਣਗੇ। ਸਿਲੇਬਸ ਬਹੁਤ ਪਏ ਨੇ। ਉਵੇਂ ਉਨੀਂਦਰੇ ਭਰੀਆਂ ਅੱਖਾਂ ਨਾਲ ਵਿਦਿਆਰਥੀਆਂ ਨੂੰ ਸਿਲੇਬਸ ਪੜ੍ਹਾਉਣ ਲਗਦੀ ਹਾਂ। ਪੜ੍ਹਾਇਆ ਨਹੀਂ ਜਾਂਦਾ। ਇਕ ਵਿਦਿਆਰਥਣ ਦਾ ਵੱਟਸਐਪ ਤੇ ਸੁਨੇਹਾ ਆਉਂਦਾ ਹੈ- “ਮੈਮ, ਤੁਸੀਂ ਰੋਏ ਸੀ? ਤੁਹਾਡੀਆਂ ਅੱਖਾਂ ਦੱਸਦੀਆਂ।” ਕੀ ਦੱਸਾਂ ਕਿ ਮੈਂ ਕਿਉਂ ਪਰੇਸ਼ਾਨ ਹਾਂ। ਮੈਨੂੰ ਇਹ ਸੁਆਲ ਵੱਢ ਵੱਢ ਖਾਂਦਾ ਕਿ ਮੈਂ ਕੀ ਕਰ ਸਕਦੀ ਹਾਂ? ਕੋਈ ਅਧਿਆਪਕ ਕੀ ਕਰ ਸਕਦਾ? ਮੈਂ ਲਗਾਤਾਰ ਸੋਚਦੀ ਹਾਂ। ਆਪਣੇ ਆਪ ਨੂੰ ਵਾਜਿਬ ਠਹਿਰਾਉਣ ਦੀ ਕੋਸ਼ਿਸ਼ ਕਰਦੀ ਹਾਂ।
ਇਨ੍ਹਾਂ ਹਾਲਾਤ ਵਿਚੋਂ ‘ਅਧਿਆਪਕ ਦੀ ਕਵਿਤਾ’ ਜਨਮਦੀ ਹੈ। ਜਮਾਤਾਂ ਵਿਚ ਪਿਆਰ ਕਵਿਤਾਵਾਂ ਦਾ ਪਾਠ ਹੋਣ ਲਗਦਾ ਹੈ। ਮੈਂ ਰੋਟੀ ਖਾਂਦੇ ਵਿਦਿਆਰਥੀਆਂ ਦੇ ਡੱਬਿਆਂ ਵਿਚੋਂ ਬੁਰਕੀਆਂ ਖਾਣ ਲਗਦੀ ਹਾਂ। ਬਿਨਾ ਉਨ੍ਹਾਂ ਦੇ ਜਿਸਮ ਦੇ ਰੰਗ, ਲਿੰਗ, ਜਾਤ, ਜਮਾਤ ਬਾਰੇ ਸੋਚਿਆਂ। ਉਹ ਮੈਨੂੰ ਆਪਣਾ ਪੈੱਨ ਫੜਾਉਣ ਲਈ ਆਪਸ ਵਿਚ ਲੜਦੇ ਹਨ ਤਾਂ ਮੈਂ ਦੋਹਾਂ ਦੇ ਪੈੱਨ ਲੈ ਲੈਂਦੀ ਹਾਂ। ਦੋਹਾਂ ਨਾਲ ਹਾਜ਼ਰੀ ਲਾਉਂਦੀ ਹਾਂ। ਉਨ੍ਹਾਂ ਦੀਆਂ ਬੋਤਲਾਂ ਵਿਚੋਂ ਪਾਣੀ ਪੀਂਦੀ ਹਾਂ। ਹੁਣ ਉਹ ਆਪਣੇ ਟਿਫ਼ਨ ਹੀ ਮੇਰੇ ਸਾਹਮਣੇ ਨਹੀਂ ਖੋਲ੍ਹਦੇ, ਦਿਲ ਵੀ ਖੋਲ੍ਹ ਦਿੰਦੇ ਹਨ।
… ਸੋਚਦੀ ਹਾਂ, ਇਕ ਦਿਨ ਉਹ ਇਨ੍ਹਾਂ ਨੂੰ ਆਪਣੇ ਹਿੰਸਕ ਨਾਅਰਿਆਂ ਵਿਚ ਸ਼ਾਮਲ ਕਰਨ ਲਈ ਆਉਂਣਗੇ। ਹਾਂ, ਮੈਂ ਇਸ ਤਰ੍ਹਾਂ ਸੋਚਦੀ ਹਾਂ। ਇਨ੍ਹਾਂ ਦੇ ਬੂਹਿਆਂ, ਦਿਲਾਂ, ਗਲੀਆਂ, ਮੁਹੱਲਿਆਂ ਵਿਚ ਹਿੰਸਾ ਭਰੇ ਹੱਥ ਦਸਤਕ ਕਰਨਗੇ ਤਾਂ ਇਹ ਕੀ ਕਰਨਗੇ? ਮੈਂ ਉਸ ਦਿਨ ਲਈ ਇਨ੍ਹਾਂ ਨੂੰ ਤਿਆਰ ਕਰਨਾ ਹੈ। ਉਸ ਦਿਨ ਇਨ੍ਹਾਂ ਵਿਦਿਆਰਥੀਆਂ ਦਾ ਹੁੰਗਾਰਾ ਕੀ ਹੋਵੇਗਾ, ਇਹ ਅਸੀਂ ਅਧਿਆਪਕਾਂ ਨੇ ਅੱਜ ਤੈਅ ਕਰਨਾ ਹੈ। ਇਹ ਅਸੀਂ ਹੀ ਤੈਅ ਕਰਦੇ ਹਾਂ। ਅਸੀਂ ਥੋੜ੍ਹਾ ਘੱਟ ਬੋਝ ਮਹਿਸੂਸ ਕਰਨਾ ਚਾਹੀਏ ਤਾਂ ਪਹਿਲੇ ਵਾਕ ਵਿਚ ‘ਹੀ’ ਦੀ ਥਾਵੇਂ ‘ਵੀ’ ਰੱਖ ਸਕਦੇ ਹਾਂ।
… ਸੋਚਦੀ ਹਾਂ, ਜਦੋਂ ਅਜਿਹੀ ਕੋਈ ਦਸਤਕ ਸਾਡੇ ਵਿਦਿਆਰਥੀਆਂ ਨੂੰ ਬੁਲਾ ਰਹੀ ਹੋਵੇ ਤਾਂ ਇਨ੍ਹਾਂ ਦੀ ਜ਼ੁਬਾਨ ਉਤੇ ਪਿਆਰ ਦੇ ਗੀਤ ਹੋਣ ਅਤੇ ਹੱਥਾਂ ਵਿਚ ਮੁਹੱਬਤ ਦੇ ਫੁੱਲ। ਇਹ ਹਰ ਤਪਦੀ ਆਵਾਜ਼ ਨੂੰ ਆਪਣੇ ਸੀਨੇ ਨਾਲ ਲਾ ਠਾਰ ਸਕਦੇ ਹੋਣ ਅਤੇ ਹਰ ਨਫ਼ਰਤ ਨੂੰ ਮੁਹੱਬਤ ਨਾਲ ਵੰਗਾਰ ਸਕਦੇ ਹੋਣ। ਇਨ੍ਹਾਂ ਦਿਨਾਂ ਵਿਚ ਆਮਿਰ ਖਾਨ ਦੁਆਰਾ ਬਣਾਈ ਦਸਤਾਵੇਜ਼ੀ ਫਿਲਮ ‘ਰੂ-ਬ-ਰੂ ਰੌਸ਼ਨੀ’ ਬਾਰੇ ਸ਼ਾਇਰ ਮਿੱਤਰ ਤੋਂ ਪਤਾ ਲਗਦਾ।
‘ਰੂ-ਬ-ਰੂ ਰੌਸ਼ਨੀ’ ਦੇਖਦੀ ਹਾਂ ਤਾਂ ਤਕਰੀਬਨ ਦੋ ਕੁ ਘੰਟਿਆਂ ਦੀ ਇਹ ਫਿਲਮ ਦੇਖਦਿਆਂ ਮੇਰੀਆਂ ਅੱਖਾਂ ਸੁੱਕਦੀਆਂ ਨਹੀਂ। ਇਹ ਫਿਲਮ ਅੰਦਰਲੀ ਸਾਰੀ ਮੈਲ ਧੋ ਦਿੰਦੀ ਹੈ। ਹਿੰਸਾ ਦੇ ਪਨਪ ਰਹੇ ਸੱਭਿਆਚਾਰ ਖ਼ਿਲਾਫ਼ ਇਹ ਫਿਲਮ ਵੱਡਾ ਤੇ ਕਾਰਗਰ ਬਦਲ ਪੇਸ਼ ਕਰਦੀ ਹੈ। ਮਨੁੱਖ ਨੂੰ ਮਨੁੱਖ ਹੋਣ ਦੇ ਰਾਹ ਪਾਉਂਦੀ ਹੈ। ਬਹੁਤ ਸਾਰੇ ਬੋਝਾਂ ਤੋਂ ਮੁਕਤ ਕਰਦੀ ਹੈ। ਮੈਂ ਅਧਿਆਪਕ ਦੋਸਤਾਂ ਨੂੰ ਇਹ ਫਿਲਮ ਦੇਖਣ ਲਈ ਆਖਦੀ ਹਾਂ। ਅਸੀਂ ਇਹ ਫਿਲਮ ਕਾਲਜ ਵਿਚ ਵਿਦਿਆਰਥੀਆਂ ਨੂੰ ਦਿਖਾਉਂਦੇ ਹਾਂ। ਪਤਾ ਨਹੀਂ ਕੌਣ ਕਿੰਨਾ ਪਿਘਲਦਾ ਪਰ ਤਰਲਤਾ ਨਜ਼ਰ ਆਉਣ ਲਗਦੀ ਹੈ। ਵਿਦਿਆਰਥੀ ਇਕ ਦੂਜੇ ਦੀਆਂ ਸਮੱਸਿਆਵਾਂ ਬਾਰੇ ਫਿਕਰਮੰਦ ਹੁੰਦੇ ਹਨ। ਉਨ੍ਹਾਂ ਦੇ ਹੱਲ ਲਈ ਸਾਥੋਂ ਰਾਵਾਂ ਮੰਗਦੇ ਹਨ।
… ਥੋੜ੍ਹਾ ਧਰਵਾਸ ਹੁੰਦਾ ਕਿ ਉਹ ਹਿੰਸਾ ਦਾ ਸਾਹਮਣਾ ਮੁਹੱਬਤ ਨਾਲ ਹੀ ਕਰਨਗੇ। ਮੈਂ ‘ਗੁਆਂਢਣੇ ਗੁਆਂਢਣੇ’ ਵਾਲਾ ਗੀਤ ਉਨ੍ਹਾਂ ਨੂੰ ਯਾਦ ਕਰਨ ਲਈ ਆਖਦੀ ਹਾਂ। ਸਿਲੇਬਸ ਰਹਿੰਦਾ ਹੈ ਤਾਂ ਰਹਿ ਜਾਵੇ! ਉਨ੍ਹਾਂ ਨੂੰ ਕਵਿਤਾਵਾਂ ਯਾਦ ਕਰਨ ਲਈ ਆਖਦੀ ਹਾਂ। ਆਪਣੀਆਂ ਕਹਾਣੀਆਂ ਸੁਣਾਉਣ ਦਾ ਮੌਕਾ ਦਿੰਦੀ ਹਾਂ। ਮੇਰੇ ਲਈ ਮੇਰੇ ਕਿਸੇ ਵੀ ਵਿਦਿਆਰਥੀ ਦੀ ਕਥਾ ਕਿਸੇ ਹੋਰ ਪਾਤਰ ਤੋਂ ਛੋਟੀ ਨਹੀਂ ਹੈ। ਉਹ ਮੇਰੇ ਨਿੱਕੇ ਨਿੱਕੇ ‘ਜ਼ੋਰਬੇ’ ਹਨ, ਮੇਰੇ ਸਾਹਮਣੇ। ਮੇਰੀਆਂ ਵਿਦਿਆਰਥਣਾਂ ਜੋ ਲੋਕਾਂ ਦੇ ਕੱਪੜੇ ਸਿਉਂ ਕੇ ਆਪਣੀ ਪੜ੍ਹਾਈ ਦਾ ਖਰਚ ਕੱਢਦੀਆਂ ਹਨ, ਮੈਂ ਉਨ੍ਹਾਂ ਨੂੰ ਬਚਿੰਤ ਕੌਰ ਦੀ ਸਵੈ ਜੀਵਨੀ ‘ਪਗਡੰਡੀਆਂ’ ਫੜਾ ਦਿੰਦੀ ਹਾਂ। ਉਹ, ਜਿਸ ਦੇ ਘਰਦੇ ਉਸ ਦੀ ਪੜ੍ਹਾਈ ਛੁਡਵਾ ਕੇ ਵਿਆਹੁਣ ਨੂੰ ਫਿਰਦੇ ਹਨ, ਉਸ ਨੂੰ ਚੰਗੇਜ਼ ਆਇਤਮਾਤੋਵ ਦਾ ਨਾਵਲਿਟ ‘ਪਹਿਲਾ ਅਧਿਆਪਕ’ ਪੜ੍ਹਨ ਨੂੰ ਆਖਦੀ ਹਾਂ।
ਮੇਰੇ ਕਾਲਜ ਦੀਆਂ ਜਮਾਤਾਂ ਵਿਚ ਹੀ ਨਹੀਂ, ਸਾਡੇ ਸਾਰੇ ਸਕੂਲਾਂ ਕਾਲਜਾਂ ਦੀਆਂ ਜਮਾਤਾਂ ਵਿਚ ਅਜਿਹੀਆਂ ਕੁੜੀਆਂ ਬੈਠੀਆਂ ਹੁੰਦੀਆਂ ਹਨ ਕਿ ਜੇ ਅਸੀਂ ਧਿਆਨ ਨਾ ਦੇਈਏ ਤਾਂ ਕੱਲ੍ਹ ਸ਼ਾਇਦ ਉਹ ਗੈਰ ਹਾਜ਼ਰ ਹੋਣਗੀਆਂ, ਪਰਸੋਂ ਚੂੜੇ ਵਾਲੀ ਬਾਂਹ ਨਾਲ ਆਪਣਾ ਨਾਮ ਕਟਾਉਣ ਆਉਣਗੀਆਂ ਜਾਂ ਹੋ ਸਕਦਾ, ਸਾਨੂੰ ਲੰਮੀ ਗੈਰ ਹਾਜ਼ਰੀ ਕਾਰਨ ਉਨ੍ਹਾਂ ਦੇ ਨਾਮ ਕੱਟਣੇ ਪੈਣ। ਮੈਂ ਆਪਣੇ ਸਮੇਤ ਸਾਰੇ ਅਧਿਆਪਕਾਂ ਨੂੰ ਇਹ ਸੁਆਲ ਕਰਦੀ ਹਾਂ ਕਿ ਆਓ, ਆਪਣੇ ਕਾਲਜੇ ਉਤੇ ਹੱਥ ਰੱਖ ਕੇ ਆਪਣੇ ਆਪ ਤੋਂ ਪੁੱਛੀਏ ਕਿ ਕੀ ਆਪਾਂ ਕਦੇ ਕਿਸੇ ‘ਅਲਤਿਨਾਈ’ (‘ਪਹਿਲਾ ਅਧਿਆਪਕ’ ਦੀ ਵਿਦਿਆਰਥਣ) ਨੂੰ ਉਸ ਦੀ ਚਾਚੀ ਤੋਂ ਬਚਾਇਆ ਹੈ? ਕਦੇ ਕਿਸੇ ਬੱਚੀ ਨੂੰ ਉਸੇ ਦੇ ਮਾਂ-ਬਾਪ, ਭਰਾਵਾਂ, ਚਾਚਿਆਂ, ਤਾਇਆਂ ਜਾਂ ਜੀਜਿਆਂ ਤੋਂ ਬਚਾਇਆ ਹੈ?
ਮੈਂ ਅਜਿਹੇ ਅਧਿਆਪਕਾਂ ਨੂੰ ਜਾਣਦੀ ਹਾਂ ਜਿਨ੍ਹਾਂ ਨੇ ਅਜਿਹਾ ਕੀਤਾ ਹੈ ਅਤੇ ਅਜਿਹਿਆਂ ਨੂੰ ਵੀ ਜਿਹੜੇ ਆਪ ਹੀ ਤਾਏ, ਚਾਚੇ ਬਣ ਜਾਂਦੇ ਹਨ। ਅਸੀਂ ਭਾਰਤ ਅਤੇ ਪੰਜਾਬ ਨੂੰ ਲੈ ਕੇ ਬਹੁਤ ਚਿੰਤਾ ਵਿਚ ਹਾਂ। ਸਾਡੇ ਕੋਲ ਚੀ ਗੁਵੇਰਾ ਨਹੀਂ ਹੈ, ਫੀਡਲ ਕਾਸਤਰੋ ਕਿੱਥੇ ਹੈ, ਭਗਤ ਸਿੰਘ ਕਿਉਂ ਨਹੀਂ ਦੁਬਾਰਾ ਜੰਮ ਪੈਂਦਾ? ਇਸ ਸਭ ਕਾਸੇ ਲਈ ਚਿੰਤਤ ਹੋਣਾ ਬਣਦਾ ਹੈ ਪਰ ਮੈਂ ਸਭ ਤੋਂ ਵਧੇਰੇ ‘ਦੂਈਸ਼ੇਨ’ (ਪਹਿਲਾ ਅਧਿਆਪਕ ਦਾ ਨਾਇਕ) ਲਈ ਚਿੰਤਤ ਹਾਂ। ਸਾਡੇ ਦੂਈਸ਼ੇਨ ਕਿੱਥੇ ਹਨ? ਵੱਡਾ ਸੁਆਲ ਜਿਸ ਨੂੰ ਅਸੀਂ ਅਕਸਰ ਸੰਬੋਧਿਤ ਹੁੰਦੇ ਹਾਂ, ਉਹ ਇਹ ਹੈ ਕਿ ਅਸੀਂ ਨਾਨਕ ਦੇ ਕੀ ਲਗਦੇ ਹਾਂ? ਅਧਿਆਪਕ ਲਈ ਵੱਡਾ ਸੁਆਲ ਇਹ ਵੀ ਹੋਣਾ ਚਾਹੀਦਾ ਕਿ ਅਸੀਂ ‘ਦੂਈਸ਼ੇਨ’ ਦੇ ਕੀ ਲਗਦੇ ਹਾਂ?
ਯਕੀਨ ਕਰੋ, ਜਦੋਂ ਤੱਕ ‘ਦੂਈਸ਼ੇਨ’ ਨਹੀਂ ਹੋਣਗੇ ਜਾਂ ਸਾਡਾ ਦੂਈਸ਼ੇਨ ਨਾਲ ਰਿਸ਼ਤਾ ਸਾਫ ਨਹੀਂ ਹੋਵੇਗਾ, ਬਹੁਤ ਸਾਰੀਆਂ ‘ਅਲਤਿਨਾਈਆਂ’(ਦੂਈਸ਼ੇਨ ਦੀ ਵਿਦਿਆਰਥਣ) ਬੁੱਢਿਆਂ ਨਾਲ ਵਿਆਹੀਆਂ ਜਾਂਦੀਆਂ ਰਹਿਣਗੀਆਂ, ਪੜ੍ਹਾਈਆਂ ਵਿਚਕਾਰ ਛੁੱਟਦੀਆਂ ਰਹਿਣਗੀਆਂ ਅਤੇ ਬਹੁਤ ਸਾਰੀ ਪ੍ਰਤਿਭਾ ਰੁਲਦੀ ਰਹੇਗੀ। ਪਿਰਾਮਿਡਾਂ ਦਾ ਖਜ਼ਾਨਾ ਪਿਰਾਮਡਾਂ ਥੱਲੇ ਹੀ ਦੱਬਿਆ ਰਹੇਗਾ, ਜਦੋਂ ਤੱਕ ਅਸੀਂ ਕੁਦਰਤ ਦੀ ਸਾਜ਼ਿਸ਼ ਵਿਚ ਦਖਲਅੰਦਾਜ਼ੀ ਨਹੀਂ ਕਰਦੇ।
ਤੁਹਾਨੂੰ ਰਾਜ਼ ਦੀ ਗੱਲ ਦੱਸਾਂ: ਮੇਰੀਆਂ ਕੁਝ ਜਮਾਤਾਂ ਵਿਚ ‘ਸੁਪਨਸਾਜ਼’ (ਪਾਓਲੋ ਕੋਹਲੇ ਦਾ ਨਾਵਲ) ਦਾ ਨਾਇਕ ਸਾਂਤਿਆਗੋ ਵੀ ਆਪਣੇ ਸੁਪਨਿਆਂ ਸਮੇਤ ਬੈਠਾ ਨਜ਼ਰ ਆਉਂਦਾ ਹੈ। ਮੈਨੂੰ ਯਕੀਨ ਹੈ, ਇਹ ਸੁਪਨਸਾਜ਼ ਹਰ ਕਾਲਜ ਹਰ ਸਕੂਲ ਵਿਚ, ਹਰ ਜਮਾਤ ਹਰ ਬੈਂਚ ਉਤੇ ਬੈਠੇ ਹੁੰਦੇ ਹਨ; ਤੇ ਤੁਸੀਂ ਕਲਪਨਾ ਕਰੋ, ਕਿਹੋ ਜਿਹਾ ਕਮਾਲ ਵਾਪਰਦਾ ਹੈ ਜਦੋਂ ਤੁਸੀਂ ਉਸ ਦੇ ਹੱਥ ਵਿਚ ਪਾਓਲੋ ਕੋਹਲੇ ਦਾ ‘ਸੁਪਨਸਾਜ਼’ ਫੜਾ ਦਿੰਦੇ ਹੋ। ਤੁਹਾਨੂੰ ਸਗਲ ਕੁਦਰਤ ਉਦੋਂ ਹੀ ਇਸ ਸਾਜ਼ਿਸ਼ ਵਿਚ ਸ਼ਾਮਲ ਨਜ਼ਰ ਆਉਂਦੀ ਹੈ ਜਦੋਂ ਤੁਸੀਂ ਆਪ ਸ਼ਾਮਲ ਹੁੰਦੇ ਹੋ। ਉਦੋਂ ਯਕੀਨ ਹੋਣ ਲੱਗਦਾ ਹੈ ਕਿ ਖਜ਼ਾਨਾ ਕਿਸੇ ਵੀ ਦੂਰ ਦੇਸ਼ ਵਿਚ ਕਿਉਂ ਨਾ ਦੱਬਿਆ ਹੋਵੇ, ਮੇਰਾ ‘ਸਾਂਤਿਆਗੋ’ ਉਸ ਨੂੰ ਲੱਭ ਲਵੇਗਾ।
ਜਦੋਂ ਮੈਂ ਆਪਣੀ ਜਮਾਤ ਵਿਚ ਬੈਠੀਆਂ ਅਲਤਿਨਾਈਆਂ, ਸਾਂਤਿਆਗੋ, ਜ਼ੋਰਬੇ ਦੇਖਦੀ ਹਾਂ ਅਤੇ ਦੂਈਸ਼ੇਨ ਵਰਗੇ ਅਧਿਆਪਕ ਨੂੰ ਆਪਣੇ ਲਈ ਆਦਰਸ਼ ਦੇ ਰੂਪ ਵਿਚ ਚਿਤਵਦੀ ਹਾਂ ਤਾਂ ਭਵਿੱਖ ਬਹੁਤਾ ਡਰਾਉਣਾ ਨਹੀਂ ਲੱਗਦਾ। ਹੁਣ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਅਸੀਂ ਆਪਣੇ ਹੀ ਹੱਥੋਂ ਹਾਰ ਚੁੱਕੇ ਹਾਂ। ਦੂਈਸ਼ੇਨ ਕੋਲ ਅਗਲਾ ਰਾਹ ਹੈ। ਆਓ! ਆਪੋ-ਆਪਣੀ ਤੋਤੋਚਾਨ, ਅਲਤਿਨਾਈ ਤੇ ਸਾਂਤਿਆਗੋ ਕੋਲ ਚੱਲੀਏ। ਅਧਿਆਪਕ ਹੋਣਾ ਇੰਨਾ ਖੂਬਸੂਰਤ ਅਹਿਸਾਸ ਹੈ ਕਿ ਇਸ ਤੋਂ ਹਜ਼ਾਰਾਂ ਜਨਮ ਕੁਰਬਾਨ ਕੀਤੇ ਜਾ ਸਕਦੇ ਹਨ, ਤੇ ਵਿਸ਼ਵਾਸ ਕਰਿਓ! ਇਸ ਰਸਤੇ ਉਤੇ ਚਲਦਿਆਂ ਅਸੀਂ ਨਿਰਾਸ਼ ਨਹੀਂ ਹੋਵਾਂਗੇ।

ਸੰਪਰਕ: 78883-25800


Comments Off on ਅਸੀਂ ਦੂਈਸ਼ੇਨ ਦੇ ਕੀ ਲਗਦੇ ਹਾਂ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.