ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਅਵੱਲੇ ਰੰਗਕਰਮੀਆਂ ਦੇ ਅਵੱਲੇ ਦਰਸ਼ਕ

Posted On July - 20 - 2019

ਰਾਸ ਰੰਗ

ਡਾ. ਸਾਹਿਬ ਸਿੰਘ

ਸਰਦਾਰ ਨਾਨਕ ਸਿੰਘ ਦੇ ਨਾਵਲ ‘ਕੋਈ ਹਰਿਓ ਬੂਟ ਰਹਿਓ ਰੀ’ ਆਧਾਰਿਤ ਨਾਟਕ ਦਾ ਮੰਚਨ ਕੁਝ ਸਾਲ ਪਹਿਲਾਂ ਵਿਰਸਾ ਵਿਹਾਰ ਅੰਮ੍ਰਿਤਸਰ ਦੀ ਸਟੇਜ ’ਤੇ ਕੀਤਾ ਸੀ। ਮੈਂ ਨਾਇਕ ਦੇ ਪਿਤਾ ਸੇਠ ਸਾਵਣ ਮੱਲ ਦਾ ਕਿਰਦਾਰ ਨਿਭਾ ਰਿਹਾ ਸੀ। ਨਾਟਕ ਖ਼ਤਮ ਹੋਇਆ ਤਾਂ ਸਰਦਾਰ ਕੁਲਵੰਤ ਸਿੰਘ ਸੂਰੀ (ਨਾਨਕ ਸਿੰਘ ਦਾ ਸਪੁੱਤਰ) ਸਟੇਜ ’ਤੇ ਆਏ, ਘੁੱਟ ਜੱਫੀ ਪਾਈ ਤੇ ਫੇਰ ਆਪਣੀਆਂ ਜੇਬਾਂ ਫਰੋਲਣ ਲੱਗੇ, ਜਿੰਨੀ ਨਕਦੀ ਨਿਕਲੀ ਸਾਰੀ ਇਕੱਠੀ ਕਰਕੇ (ਪੰਜ ਹਜ਼ਾਰ) ਮੇਰੀ ਉੱਪਰਲੀ ਜੇਬ ’ਚ ਸਰਕਾ ਦਿੱਤੀ। ਨਾਟਕ ਦੇ ਨਾਇਕ ਦਾ ਕਿਰਦਾਰ ਨਿਭਾਅ ਰਿਹਾ ਕਲਾਕਾਰ ਕੋਲ ਹੀ ਖੜ੍ਹਾ ਸੀ, ਕਹਿੰਦਾ, ‘ਸਰ ਨਾਇਕ ਮੈਂ ਹਾਂ, ਤੁਸੀਂ ਖ਼ਲਨਾਇਕ ਨੂੰ ਇਨਾਮ ਦੇ ਰਹੇ ਹੋ!’ ਸੂਰੀ ਸਾਬ੍ਹ ਕਹਿੰਦੇ, ‘ਮੈਂ ਖ਼ਲਨਾਇਕ ਦਾ ਨਹੀਂ, ਕਿਰਦਾਰ ’ਚ ਜਾਨ ਪਾਉਣ ਵਾਲੇ ਅਦਾਕਾਰ ਦਾ ਸਨਮਾਨ ਕਰ ਰਿਹੈ!’
ਏਸ ਘਟਨਾ ਤੋਂ ਕੁਝ ਮਹੀਨੇ ਬਾਅਦ ਫ਼ਿਰੋਜ਼ਪੁਰ ਲਾਗੇ ਇਕ ਅਤਿ ਦੀ ਗ਼ਰੀਬ ਦਲਿਤ ਬਸਤੀ ’ਚ ਨਾਟਕ ਖੇਡਣ ਗਏ। ਉਨ੍ਹਾਂ ਘਰਾਂ ਦੇ ਵਿਚਾਲੇ ਜਿਹੇ ਹੀ ਨਿੱਕੀ ਜਿਹੀ ਸਟੇਜ ਬਣਾਈ ਹੋਈ ਸੀ। ਮੈਂ ਇਕ ਹੈਂਕੜਬਾਜ਼ ਸਰਦਾਰ ਦਾ ਰੋਲ ਕਰ ਰਿਹਾ ਸੀ, ਜਿਹੜਾ ਇਕ ਦਲਿਤ ਔਰਤ ਨੂੰ ਕੁਝ ਪੈਸਿਆਂ ਬਦਲੇ ਸਮਝੌਤਾ ਕਰਨ ਲਈ ਮਜਬੂਰ ਕਰ ਰਿਹਾ ਹੈ। ਮੈਂ ਜਿਵੇਂ ਹੀ ਉਹ ਕਿਰਦਾਰ ਨਿਭਾਅ ਰਹੀ ਕੁੜੀ ਦਾ ਹੱਥ ਫੜ ਉਹਨੂੰ ਆਪਣੇ ਵੱਲ ਖਿੱਚਿਆ ਤਾਂ ਇਕ ਮੋਟੀ ਗਾਲ੍ਹ ਮੇਰੇ ਕੰਨਾਂ ’ਚ ਪਈ। ਸਟੇਜ ਦੇ ਖੱਬੇ ਪਾਸੇ ਇਕ ਬਿਰਧ ਔਰਤ ਟੁੱਟੇ ਜਿਹੇ ਮੰਜੇ ’ਤੇ ਬੈਠੀ ਨਾਟਕ ਦੇਖ ਰਹੀ ਸੀ। ਤੈਸ਼ ’ਚ ਆ ਕੇ ਉਸਨੇ ਕੋਲ ਪਈ ਡਾਂਗ ਚੁੱਕੀ ਤੇ ਮੰਚ ਵੱਲ ਵਧੀ। ਪ੍ਰਬੰਧਕ ਮੁੰਡੇ ਉਸਨੂੰ ਖਿੱਚ ਕੇ ਮੰਜੇ ’ਤੇ ਬਿਠਾਉਣ ਦੀ ਕੋਸ਼ਿਸ਼ ਕਰਨ, ਪਰ ਉਹ ਬਿਰਧ ਔਰਤ ਅੱਗ ਬਬੂਲਾ ਹੋਈ ਬੋਲੀ ਜਾ ਰਹੀ ਸੀ, ‘ਏਸ ਕੰਜਰ ਦੀ ਹਿੰਮਤ ਕਿਤਰਾਂ ਪਈ ਵਿਹੜੇ ਵਾਲੀ ਕੁੜੀ ਨੂੰ ਹੱਥ ਪਾਉਣ ਦੀ, ਸਿਰ ਪਾੜ ਕੇ ਦੋ ਥਾਈਂ ਕਰ ਦੂੰ…!’ ਉਸ ਦਿਨ ਫਿਰ ਲੱਗਾ ਕੇ ਇਕ ਅਣਖੀ ਮਾਂ ਹੱਥੋਂ ਵੀ ਸਨਮਾਨ ਅਦਾਕਾਰ ਦਾ ਹੀ ਹੋ ਰਿਹਾ ਹੈ। ਇਹੋ ਜਿਹੇ ਜਜ਼ਬਾਤੀ, ਅੱਥਰੇ, ਜੋਸ਼ੀਲੇ ਦਰਸ਼ਕ ਰੰਗਮੰਚ ਦਾ ਅਨਿੱਖੜਵਾਂ ਅੰਗ ਹਨ। ਸ਼ਾਇਦ ਇਹ ਨਾ ਹੋਣ ਤਾਂ ਅਸੀਂ ਹੌਸਲਾ ਹਾਰ ਕੇ ਘਰੋ ਘਰੀ ਬਹਿ ਜਾਈਏ। ਰੰਗਮੰਚ ਦੇ ਪੰਜ ਮਹੱਤਵਪੂਰਨ ਅੰਗ ਹਨ- ਨਾਟਕਕਾਰ, ਨਿਰਦੇਸ਼ਕ, ਅਦਾਕਾਰ, ਦਰਸ਼ਕ ਅਤੇ ਆਲੋਚਕ। ਇਨ੍ਹਾਂ ਸਾਰਿਆਂ ਵਿਚੋਂ ਦਰਸ਼ਕ ਸਭ ਤੋਂ ਮਹੱਤਵਪੂਰਨ ਅਤੇ ਜ਼ਰੂਰੀ ਅੰਗ ਹੈ। ਕਿਸੇ ਪੇਸ਼ਕਾਰੀ ਵਿਚੋਂ ਨਾਟਕਕਾਰ ਗਾਇਬ ਹੋ ਸਕਦਾ ਹੈ। ਅੱਜਕੱਲ੍ਹ ਕਈ ਨਿਰਦੇਸ਼ਕ ਅਜਿਹੇ ਤਜਰਬੇ ਕਰਦੇ ਹਨ ਜਿੱਥੇ ਕਿਸੇ ਵਿਚਾਰ ਨੂੰ ਲੈ ਕੇ ਬਿਨਾਂ ਕਿਸੇ ਬੱਝਵੀਂ ਸਕਰਿਪਟ ਦੇ ਪ੍ਰਯੋਗਸ਼ੀਲ ਪੇਸ਼ਕਾਰੀਆਂ ਹੁੰਦੀਆਂ ਹਨ। ਬਿਨਾਂ ਕਿਸੇ ਨਿਰਦੇਸ਼ਕ ਤੋਂ ਵੀ ਅਦਾਕਾਰ ਪੇਸ਼ਕਾਰੀ ਦੇ ਸਕਦੇ ਹਨ। ਇਸ ਗੱਲ ਦੀ ਸੰਭਾਵਨਾ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਤਕਨੀਕੀ ਯੁੱਗ ਵਿਚ ਕੋਈ ਨਿਰਦੇਸ਼ਕ ਆਪਣੀ ਪੇਸ਼ਕਾਰੀ ਨੂੰ ਬਿਨਾਂ ਕਿਸੇ ਅਦਾਕਾਰ ਤੋਂ ਸਿਰਫ਼ ਮੰਚ ਜੜਤ, ਰੌਸ਼ਨੀ ਪ੍ਰਭਾਵ ਤੇ ਸੰਗੀਤ ਨਾਲ ਵਿਉਂਤ ਲਵੇ, ਨੱਚਦੀਆਂ ਟੱਪਦੀਆਂ ਬੋਲਦੀਆਂ ਲਾਈਟਾਂ ਤੇ ਪਿੱਠਵਰਤੀ ਆਵਾਜ਼ਾਂ ਰੰਗਮੰਚੀ ਸੁਹਜ ਸਿਰਜ ਸਕਦੀਆਂ ਹਨ। ਆਲੋਚਕ ਤੋਂ ਬਿਨਾਂ ਵੀ ਸਰ ਸਕਦਾ ਹੈ, ਪਰ ਦਰਸ਼ਕ ਨਹੀਂ ਤਾਂ ਪੇਸ਼ਕਾਰੀ ਦਿਖਾਵਾਂਗੇ ਕਿਸ ਨੂੰ, ਪਤਾ ਕਿਵੇਂ ਲੱਗੇਗਾ ਕਿ ਮੰਚ ਤੋਂ ਪੇਸ਼ ਹੋ ਰਹੇ ਨਾਟਕ ਦਾ ਪ੍ਰਭਾਵ ਕੀ ਰਿਹਾ? ਦਰਸ਼ਕ ਤੋਂ ਬਿਨਾਂ ਮੰਚ ਅਦਾਕਾਰ ਲਈ ਚੁਣੌਤੀ ਕੀ ਰਹਿ ਜਾਏਗੀ? ਰੰਗਮੰਚ ਨੂੰ ਸੁੱਤਾ ਪਿਆ, ਮੱਕੀ ਦੇ ਦਾਣੇ ਚੱਬਦਾ ਦਰਸ਼ਕ ਨਹੀਂ ਚਾਹੀਦਾ। ਉਸ ਨੂੰ ਤਾਂ ਪਿੰਡ ਦੀ ਸੱਥ ਵਿਚ ਗੂੰਜਦੇ ਹਾਸੇ ਵਰਗਾ ਤੇ ਖੇਤੋਂ ਘਰ ਵੱਲ ਵੱਜਦੀ ਉੱਚੀ ਹਾਕ ਵਰਗਾ ਦਰਸ਼ਕ ਚਾਹੀਦਾ ਹੈ। ਉਹ ਦਰਸ਼ਕ ਜਿਹੜਾ ਵਧੀਆ ਤੇ ਸਾਰਥਕ ਪੇਸ਼ਕਾਰੀ ਤੋਂ ਬਾਅਦ ਕਲਾਕਾਰ ਨੂੰ ਹਿੱਕ ਨਾਲ ਲਾ ਲਏ ਤੇ ਖ਼ਰਾਬ ਜਾਂ ਨਿਰਾਰਥਕ ਪੇਸ਼ਕਾਰੀ ਤੋਂ ਬਾਅਦ ਕਲਾਕਾਰ ਨਾਲ ਵਿਚਾਰਧਾਰਕ ਬਹਿਸ ਦੀ ਧੂਣੀ ਮਘਾ ਸਕਦਾ ਹੋਵੇ। ਰੰਗਮੰਚ ਜ਼ਿੰਦਾ ਕਲਾ ਹੈ, ਇਸ ਨੂੰ ਧੜਕਦੇ ਮਹਿਕਦੇ ਉੱਬਲਦੇ ਜ਼ਿੰਦਾ ਦਰਸ਼ਕ ਹੀ ਭਾਉਂਦੇ ਹਨ।

ਡਾ. ਸਾਹਿਬ ਸਿੰਘ

ਸਟੇਜ ਤੋਂ ਇਤਿਹਾਸਕ ਨਾਟਕ ਪੇਸ਼ ਹੋ ਰਿਹਾ ਹੈ, ਦਵਿੰਦਰ ਦਮਨ ਵਜ਼ੀਰ ਖ਼ਾਨ ਦੀ ਭੂਮਿਕਾ ਨਿਭਾ ਰਹੇ ਹਨ। ਦਮਦਾਰ ਆਵਾਜ਼ ਤੇ ਪ੍ਰਭਾਵਸ਼ਾਲੀ ਅਦਾਕਾਰੀ ਆਪਣਾ ਜਲੌਅ ਸਿਰਜ ਰਹੀ ਹੈ ਕਿ ਅਚਾਨਕ ਇਕ ਪਾਸਿਓਂ ਹਵਾ ਵਿਚ ਸ਼ੂਕਦਾ ਇਕ ਬਰਛਾ ਉਸਦੇ ਚਿਹਰੇ ਦੇ ਸਾਹਮਣਿਓਂ ਲੰਘ ਜਾਂਦਾ ਹੈ। ਕਲਾਕਾਰ ਖੱਬੇ ਸੱਜੇ ਦੇਖਦਾ ਹੈ, ਇਕ ਨਿਹੰਗ ਉਬਲਿਆ ਖੜ੍ਹਾ ਹੈ। ਵਜ਼ੀਰ ਖ਼ਾਨ ਦੇ ਮੂੰਹੋਂ ਛੋਟੇ ਸਾਹਿਬਜ਼ਾਦਿਆਂ ਲਈ ਨਿਕਲੇ ਅਪਸ਼ਬਦ ਉਸ ਤੋਂ ਬਰਦਾਸ਼ਤ ਨਹੀਂ ਹੋਏ ਤੇ ਉਹ ਵਜ਼ੀਰ ਖ਼ਾਨ ’ਤੇ ਟੁੱਟ ਪਿਆ। ਇਹ ਬਹਿਸ ਦਾ ਵਿਸ਼ਾ ਹੈ ਕਿ ਕੀ ਦਰਸ਼ਕ ਦਾ ਇੰਨਾ ਜਜ਼ਬਾਤੀ ਹੋ ਜਾਣਾ ਗੁਣ ਹੈ ਜਾਂ ਔਗੁਣ! ਕੀ ਕਲਾ ਨੂੰ ਪਰਖਣ, ਨਿਰਖਣ, ਸਮਝਣ ਦੇ ਅਭਿਆਸ ਤੋਂ ਅਸੀਂ ਅਜੇ ਵਿਰਵੇ ਹਾਂ ਜਾਂ ਕੁਝ ਹੋਰ। ਪਰ ਇਕ ਗੱਲ ਸਪੱਸ਼ਟ ਹੈ ਕਿ ਰੰਗਮੰਚ ਕਰਨ ਲਈ ਤੇ ਦੇਖਣ ਲਈ ‘ਥੋੜ੍ਹਾ ਜਿਹਾ ਪਾਗਲਪਣ’ ਤਾਂ ਸ਼ਾਇਦ ਲੋੜੀਂਦਾ ਹੀ ਹੈ। ਰੰਗਕਰਮੀਆਂ ਨੂੰ ਅਕਸਰ ਪਾਗਲ ਕਿਹਾ ਜਾਂਦਾ ਹੈ।
ਜਿਨ੍ਹਾਂ ਦਰਸ਼ਕਾਂ ਦੇ ਸਾਹਮਣੇ ਅਕਸਰ ਨਾਟਕ ਪੇਸ਼ ਹੁੰਦੇ ਰਹਿੰਦੇ ਹਨ, ਉਨ੍ਹਾਂ ਦੀ ਆਮਤੌਰ ’ਤੇ ਸਮਝ ਵੀ ਵਿਕਸਤ ਹੋ ਜਾਂਦੀ ਹੈ। ਉਹ ਵੱਖੋ ਵੱਖਰੇ ਵਿਸ਼ਿਆਂ ’ਤੇ ਆਧਾਰਿਤ ਨਾਟਕ ਦੇਖਣ, ਮਾਨਣ, ਸਮਝਣ ਦੇ ਆਦੀ ਹੋ ਜਾਂਦੇ ਹਨ, ਪਰ ਜੋ ਦਰਸ਼ਕ ਕਦੀ ਕਦੀ ਇਸ ਕਲਾ ਦਾ ਆਨੰਦ ਮਾਣਦੇ ਹਨ, ਉਹ ਕਈ ਵਾਰ ਉਪਭਾਵੁਕ ਹੋ ਜਾਂਦੇ ਹਨ। ਪੰਜਾਬ ’ਚ ਹੁੰਦੇ ਇਨਕਲਾਬੀ ਰੰਗਤ ਵਾਲੇ ਕੁਝ ਨਾਟ ਮੇਲਿਆਂ ਵਿਚ ਜੋ ਦਰਸ਼ਕ ਪਹੁੰਚਦੇ ਹਨ, ਉਨ੍ਹਾਂ ਦੀ ਵੱਡੀ ਗਿਣਤੀ ਇਕ ਖ਼ਾਸ ਰੰਗ ਦੀ ਪਸੰਦ ਦਾ ਖੋਲ ਪਹਿਨ ਕੇ ਬੈਠਦੇ ਹਨ ਤੇ ਫਿਰ ਮੰਚ ਤੋਂ ਦਿਖਾਈ ਜਾ ਰਹੀ ਨਿੱਕੀ ਜਿਹੀ ਵੀ ਸੂਖਮ ਸੁਹਜਾਤਮਿਕ ਗੱਲ ਨੂੰ ਹਜ਼ਮ ਕਰਨ ਦੇ ਸਮਰੱਥ ਨਹੀਂ ਰਹਿੰਦੇ। ਬੰਗਾਲ ਦਾ ਪ੍ਰਸਿੱਧ ਨਾਟਕਕਾਰ ਨਿਰਦੇਸ਼ਕ ਬਾਦਲ ਸਿਰਕਾਰ ਆਪਣੇ ਦਰਸ਼ਕਾਂ ਨੂੰ ਹਮੇਸ਼ਾਂ ਖ਼ਾਸ ਤਰ੍ਹਾਂ ਦੇ ਅਭਿਆਸ ਵਿਚੋਂ ਲੰਘਾਉਂਦਾ ਸੀ, ਦਰਸ਼ਕ ਤੇ ਰੰਗਮੰਚ ਵਿਚਲਾ ਫ਼ਰਕ ਮਿਟਾਉਣ ਦੀ ਕੋਸ਼ਿਸ਼ ਕਰਦਾ ਸੀ ਅਤੇ ਦਰਸ਼ਕ ਦੀ ਸਮਝ ਦਾ ਵੀ ਮੌਕੇ ’ਤੇ ਜਾਇਜ਼ਾ ਲੈਂਦਾ ਸੀ। ਸਾਨੂੰ ਵੀ ਇਸ ਤਰ੍ਹਾਂ ਦਾ ਅਭਿਆਸ ਕਰਨ ਦੀ ਲੋੜ ਹੈ, ਪਰ ਰੰਗਮੰਚ ਦਾ ਖਾਸਾ ਜਨੂੰਨੀ ਹੈ, ਇਸ ਜਨੂੰਨ ਨੂੰ ਪ੍ਰਣਾਏ ਲੋਕ ਅਵੱਲੇ ਹੀ ਰਹਿਣਗੇ ਤੇ ਅਵੱਲੇ ਰੰਗਮੰਚ ਪ੍ਰੇਮੀ ਹਮੇਸ਼ਾਂ ਉਨ੍ਹਾਂ ਦੀ ਪਹਿਲੀ ਪਸੰਦ ਬਣੇ ਰਹਿਣਗੇ।

ਸੰਪਰਕ: 98880-11096


Comments Off on ਅਵੱਲੇ ਰੰਗਕਰਮੀਆਂ ਦੇ ਅਵੱਲੇ ਦਰਸ਼ਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.