ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਅਦਭੁੱਤ ਪਸਾਰਾ ਜੀਵਨ ਲੈਅ ਦਾ

Posted On July - 27 - 2019

ਕਰਨੈਲ ਸਿੰਘ ਸੋਮਲ
ਗਹੁ ਨਾਲ ਵੇਖਦਿਆਂ ਚੁਫ਼ੇਰੇ ਜੀਵਨ-ਲੈਅ ਦਾ ਪਸਾਰਾ ਪ੍ਰਤੀਤ ਹੁੰਦਾ ਹੈ। ਪਤਝੜ ਮੁੱਕਣ ਨੂੰ ਹੁੰਦੀ ਹੈ ਕਿ ਰੁੱਖਾਂ ਦੀਆਂ ਟਹਿਣੀਆਂ ’ਤੇ ਨਿਕਲਦੇ ਨਵੇਂ ਨਵੇਂ ਪੱਤੇ ਨਜ਼ਰੀਂ ਪੈਂਦੇ ਹਨ। ਕੁਝ ਦਿਨਾਂ ਵਿਚ ਹੀ ਉਹ ਆਪਣੇ ਪੂਰੇ ਆਕਾਰ ਵਿਚ ਆ ਜਾਂਦੇ ਹਨ। ਹਰ ਪੱਤੇ ਦੀ ਸ਼ਕਲ ਤੇ ਦਿੱਖ ਵਿਚ ਅਨੋਖੀ ਕਲਾਕਾਰੀ ਦਿਖਾਈ ਦਿੰਦੀ ਹੈ। ਕਿਤੇ ਗੁਲਾਈ, ਕਿਤੇ ਕਟਾਉ ਤੇ ਕਿਤੇ ਨੋਕਾਂ ਜਿਹੀਆਂ। ਰੁੱਖ ਦੀਆਂ ਟਹਿਣੀਆਂ ਦਾ ਆਕਾਰ-ਪ੍ਰਕਾਰ ਵੇਖੀਏ ਅਜਬ ਇਕਸੁਰਤਾ ਦਿੱਸਦੀ ਹੈ। ਥੋੜ੍ਹੀ ਥੋੜ੍ਹੀ ਵਿੱਥ ’ਤੇ ਨਵੀਂ ਟਹਿਣੀ ਨਿਕਲਣ ਲੱਗਦੀ ਹੈ। ਕੋਈ ਖੱਬੇ ਪਾਸੇ ਨੂੰ ਤੁਰਦੀ ਹੈ ਤੇ ਕੋਈ ਸੱਜੇ ਪਾਸੇ ਨੂੰ। ਸਮੁੱਚਾ ਰੁੱਖ ਜੀਵੰਤ ਕਲਾ-ਕ੍ਰਿਤੀ ਜਾਪਦਾ ਹੈ। ਇਸ ਨੂੰ ਕਦੇ ਵੀ ਨਿਹਾਰੋ ਵੱਖਰਾ ਨਜ਼ਾਰਾ ਨਜ਼ਰ ਪੈਂਦਾ ਹੈ। ਕਦੇ ਸਮੀਰ ਚੱਲਣ ’ਤੇ ਇਸ ਦਾ ਪੱਤਾ-ਪੱਤਾ ਲਰਜ਼ ਉੱਠਦਾ ਹੈ। ਬਨਸਪਤੀ ਵਿਚ ਅਜਿਹੇ ਅਨੋਖੇ ਦ੍ਰਿਸ਼ ਬੜੇ ਕੀਲਵੇਂ ਹੁੰਦੇ ਹਨ।
ਪੰਛੀ ਤੁਰਦੇ ਹੋਣ ਜਾਂ ਉੱਡਦੇ ਉਨ੍ਹਾਂ ਦੀ ਹਰ ਮੁਦਰਾ ਲੈਅ ਮਈ ਹੁੰਦੀ ਹੈ। ਧਰਤੀ ’ਤੇ ਵਿਚਰਦੇ ਹੋੋਰ ਜੀਵਾਂ ਵਿਚ ਵੀ ਇਹ ਜੀਵਨ ਲੈਅ ਪ੍ਰਤੀਤ ਹੁੰਦੀ ਹੈ। ਦੂਰੋਂ ਹੀ ਦਿੱਸ ਪੈਂਦੀਆਂ ਪਰਬਤ ਲੜੀਆਂ ਤੋਂ ਇਨ੍ਹਾਂ ਦੇ ਲੈਅ ਮਈ ਹੋਣ ਦਾ ਪ੍ਰਭਾਵ ਮਿਲਦਾ ਹੈ। ਰੁੱਤ-ਚੱਕਰ ਤੇ ਦਿਨ-ਰਾਤ ਦਾ ਚੱਕਰ, ਚੰਨ-ਸੂਰਜ ਦੀ ਲੁਕਣ-ਮੀਚੀ, ਚਾਨਣ ਤੇ ਹਨੇਰਿਆਂ ਦੀ ਖੇਡ ਇੰਜ ਕਿੰਨੀ ਪ੍ਰਕਾਰ ਦੀਆਂ ਲੈਆਂ ਜਨਮ ਲੈਂਦੀਆਂ ਹਨ। ਅਸਲ ਵਿਚ ਸਾਰੇ ਬ੍ਰਹਿਮੰਡ ਵਿਚ ਇਕ ਅੰਦਰੂਨੀ ਲੈਅ ਵਿਦਮਾਨ ਹੈ।
ਮਨੁੱਖ ਦੇ ਕੰਮਾਂ-ਕਾਰਾਂ ਤੇ ਸਮਾਜਿਕ ਸਰਗਰਮੀਆਂ ਦੀ ਸੋਹਣੀ ਲੈਅ ਕੁਦਰਤ ਦੇ ਵਰਤਾਰਿਆਂ ਦੇ ਸਮ-ਵਿੱਥ ਚੱਲਦੀ ਹੈ। ਕੰਮ ਜਦੋਂ ਕਲਾ ਬਣ ਜਾਂਦਾ ਹੈ, ਉਸ ਵਿਚ ਲੈਅ ਦਾ ਝਲਕਾਰਾ ਪੈਂਦਾ ਹੈ। ਘਰਾਂ ਵਿਚਲੇ ਕੰਮਾਂ-ਕਾਰਾਂ ਨੂੰ ਹੀ ਲਈਏ ਦੁਧਾਰੂ ਦੀ ਧਾਰ ਕੱਢਣਾ, ਦੁੱਧ ਰਿੜਕਣਾ, ਸੇਵੀਆਂ ਵੱਟਣਾ, ਫੁਲਕੇ ਲਾਹੁਣੇ, ਘਰ ਦੀ ਸਫ਼ਾਈ ਕਰਨੀ ਆਦਿ ਕੰਮ ਜਦੋਂ ਚਾਅ ਨਾਲ ਕੀਤੇ ਜਾਂਦੇ ਹਨ ਤਾਂ ਇਹ ਸਿਲਸਿਲਾ ਲੈਅ ਵਾਲਾ ਹੋ ਜਾਂਦਾ ਹੈ। ਖੇਤਾਂ ਵਿਚ ਕਿਸਾਨ ਦੇ ਅਨੇਕਾਂ ਕੰਮਾਂ ਵਿਚ ਵੀ ਧਿਆਨ ਖਿੱਚਦੀ ਲੈਅ ਹੁੰਦੀ ਹੈ। ਕਿਰਤੀ ਆਪਣੇ ਕੰਮ ਦੀ ਲੈਅ ਨੂੰ ‘ਚਾਲ’ ਆਖਦੇ ਹਨ। ਆਮ ਮਨੁੱਖ ਵੀ ਆਪਣੇ ਕਾਰਜਾਂ ਨੂੰ ਇਕਾਗਰਚਿਤ ਹੋ ਕੇ ਆਰੰਭਦਾ ਤੇ ਉਨ੍ਹਾਂ ਦੇ ਸਿਰੇ ਚੜ੍ਹਨ ’ਤੇ ਸ਼ੁਕਰ ਮਨਾਉਂਦਾ ਹੈ। ਕਹਿ ਸਕਦੇ ਹਾਂ ਕਿ ਮਨੁੱਖ ਜਦੋਂ ਆਪੇ ਨਾਲ ਇਕਸੁਰ ਹੁੰਦਾ ਹੈ ਤਦ ਉਸ ਦਾ ਹਰ ਥਾਂ ਪਸਰੀ ਜੀਵਨ ਲੈਅ, ਭਾਵ ਬ੍ਰਹਿਮੰਡ ਵਿਚ ਵਿਦਮਾਨ ਲੈਅ ਨਾਲ ਸੁਰਮੇਲ ਸੁਭਾਵਿਕ ਹੀ ਬੈਠ ਜਾਂਦਾ ਹੈ।
ਮਨੁੱਖ ਦੇ ਵਿਕਾਸ ਦੀ ਕਹਾਣੀ ਉਸ ਦੇ ਸੂਝ-ਬੂਝ ਅਤੇ ਉੱਦਮ ਨਾਲ ਆਪਣੇ ਆਪ ਨੂੰ ਨਵੀਆਂ ਪ੍ਰਸਥਿਤੀਆਂ ਅਨੁਸਾਰ ਢਾਲਦੇ ਰਹਿਣ ਦੀ ਹੈ। ਜੀਵਨ ਲੈਅ ਅਨੇਕਾਂ ਵਾਰੀ ਟੁੱਟਣ ਨੂੰ ਹੁੰਦੀ ਰਹੀ ਹੈ। ਬਿਮਾਰੀ, ਬੇਰੁਜ਼ਗਾਰੀ, ਹੜ੍ਹ, ਸੋਕੇ, ਸੁਨਾਮੀਆਂ, ਜੰਗ-ਯੁੱਧ, ਜ਼ੁਲਮ, ਅਮੀਰ-ਗ਼ਰੀਬ ਦਾ ਪਾੜਾ, ਮਜ਼ਹਬੀ ਕੱਟੜਤਾ, ਅੰਧਵਿਸ਼ਵਾਸੀ, ਅਨਪੜ੍ਹਤਾ ਜਿਹੀਆਂ ਹਾਲਤਾਂ ਲੁਕਾਈ ਦੀ ਜੀਵਨ ਲੈਅ ਨੂੰ ਝਟਕੇ ਦਿੰਦੀਆਂ ਹਨ, ਪਰ ਦੂਰ ਦੀ ਸੋਚਣ ਵਾਲੇ ਸਿਰੜੀ ਤੇ ਸਿਦਕੀ ਲੋਕਾਂ ਸਦਕਾ ਇਹ ਲੈਅ ਮੁੜ ਜੁੜਦੀ ਰਹੀ ਹੈ ਤੇ ਅਕਸਰ ਵਧੇਰੇ ਮਜ਼ਬੂਤੀ ਨਾਲ। ਜੀਵਨ ਲੈਅ ਚਰਖੇ ਦੀ ਤੰਦ ਵਾਂਗ ਹੀ ਸਮਝਣੀ ਚਾਹੀਦੀ ਹੈ। ਇਹ ਜਦੋਂ ਵੀ ਟੁੱਟਦੀ ਹੈ, ਕੱਤਣ ਵਾਲੀ ਉਸ ਨੂੰ ਝੱਟ ਜੋੜ ਦਿੰਦੀ ਹੈ। ਇਹ ਮੁੜ-ਮੁੜ ਟੁੱਟੇ ਤਾਂ ਉਹ ਵੇਖਦੀ ਹੈ ਕਿ ਕਿਤੇ ਤੱਕਲੇ ਵਿਚ ਵਲ਼ ਤਾਂ ਨਹੀਂ ਪਿਆ, ਮਾਲ੍ਹ ਢਿੱਲੀ ਤਾਂ ਨਹੀਂ ਹੈ। ਫਿਰ ਉਹ ਚਰਮਖਾਂ ਤਕ ਨੂੰ ਵੀ ਪਰਖਦੀ ਹੈ। ਇਵੇਂ ਮਨੁੱਖ ਜੀਵਨ ਲੈਅ ਨੂੰ ਯਕੀਨੀ ਬਣਾਉਣ ਲਈ ਯਤਨਸ਼ੀਲ ਰਿਹਾ ਹੈ।
ਅਜੋਕੇ ਸਮੇਂ ਵਿਚ ਮਨੁੱਖ ਦੀ ਸੰਗਤੀ ਨਾ ਕੁਦਰਤ ਨਾਲ ਠੀਕ ਬੈਠਦੀ ਹੈ ਅਤੇ ਨਾ ਆਪਣੇ ਸਮਾਜਿਕ ਆਲੇ-ਦੁਆਲੇ ਨਾਲ। ਕਈ ਵਾਰੀ ਤਾਂ ਜਾਪਦਾ ਹੈ ਕਿ ਉਸ ਦਾ ਖ਼ੁਦ ਆਪਣੇ ਨਾਲ ਵੀ ਤਾਲਮੇਲ ਨਹੀਂ ਬਣ ਰਿਹਾ। ਇਸ ਕਰਕੇ ਉਸ ਨੂੰ ਜਿਊਣ ਵਿਚ ਡਾਢੀ ਔਖ ਮਹਿਸੂਸ ਹੁੰਦੀ ਹੈ। ਉਂਜ ਲੈਅ ਕਿਤੇ ਵੀ ਟੁੱਟੇ ਸੁਖਦ ਅਹਿਸਾਸਾਂ ਦੀ ਤੋਟ ਆਉਣ ਲੱਗਦੀ ਹੈ।
ਪੰਜਾਬ ’ਤੇ ਜਦੋਂ ਜਰਵਾਣੇ ਚੜ੍ਹ ਆਉਂਦੇ ਤਾਂ ਜੀਵਨ ਲੈਅ ਟੁੱਟੂੰ ਟੁੱਟੂੰ ਕਰਦੀ। ਪੰਜਾਬੀ ਉਨ੍ਹਾਂ ਧਾੜਵੀਆਂ ਦਾ ਡਟ ਕੇ ਮੁਕਾਬਲਾ ਕਰਦੇ ਰਹੇ। ਆਪਣੀ ਅਣਖ ਲਈ ਮਰ ਮਿਟਣਾ ਅਸਲ ਵਿਚ ਜੀਵਨ ਲੈਅ ਨੂੰ ਹਰ ਹਾਲਤ ਵਿਚ ਕਾਇਮ ਰੱਖਣ ਲਈ ਜੂਝਣਾ ਹੁੰਦਾ ਹੈ। ਨੇੜਲੇ ਸਮੇਂ ਵਿਚ ਸੰਤਾਲੀ ਦੀ ਵੰਡ ਹੋਈ ਤਾਂ ਜੀਵਨ ਲੈਅ ਨੇ ਬਹੁਤ ਝਟਕੇ ਖਾਧੇ। ਹੁਣ ਜਿਹੜੀ ਹੋਣੀ ਨੂੰ ਅਸੀਂ ਭੋਗ ਰਹੇ ਹਾਂ, ਇਸ ਵਿਚ ਖ਼ੁਦਕੁਸ਼ੀਆਂ, ਜਬਰ-ਜਨਾਹ, ਹਿੰਸਾ, ਹਾਦਸੇ, ਫ਼ਲ-ਸਬਜ਼ੀਆਂ ਤੇ ਖਾਣ-ਪੀਣ ਵਾਲੀਆਂ ਹੋਰ ਵਸਤਾਂ ਵਿਚ ਪਰੋਸੀ ਜਾਂਦੀ ਜ਼ਹਿਰ, ਵਧ ਰਹੀ ਤਪਸ਼, ਨਿਰਮਲ ਪਾਣੀਆਂ ਦੀ ਹੋ ਰਹੀ ਤੋਟ, ਨਫ਼ਰਤ ਦਾ ਬੋਲ-ਬਾਲਾ, ਕਾਮਿਆਂ ਤੋਂ ਦੂਰ ਹੁੰਦਾ ਢੁਕਵਾਂ ਰੁਜ਼ਗਾਰ ਤੇ ਅਜਿਹਾ ਹੋਰ ਬਹੁਤ ਕੁਝ ਹੈ ਜਿਹੜਾ ਜੀਵਨ ਲੈਅ ਨੂੰ ਖੰਡਿਤ ਕਰ ਰਿਹਾ ਹੈ।
ਹਰੇ-ਭਰੇ ਰੁੱਖਾਂ ’ਤੇ ਭਾਂਤ-ਸੁਭਾਂਤੇ ਪੰਛੀ ਕਲੋਲਾਂ ਕਰਦੇ ਹਨ। ਪੰਛੀਆਂ ਦੀ ਜੀਵਨ ਲੈਅ ਤੇ ਰੁੱਖਾਂ ਦੀ ਜੀਵਨ ਲੈਅ ਪਰਸਪਰ ਇਕਸੁਰਤਾ ਨਾਲ ਕੁਦਰਤ ਦਾ ਸਿਮਰਨ ਕਰਦੀ ਹੈ। ਰੁੱਖਾਂ ’ਤੇ ਕੁਹਾੜਾ ਚੱਲੀ ਜਾਵੇ, ਸ਼ਿਕਾਰੀ ਦੀ ਗੋਲੀ ਪਰਿੰਦਿਆਂ ਨੂੰ ਨਿਸ਼ਾਨਾ ਬਣਾਉਂਦੀ ਰਹੇ, ਤਦ ਜੀਵਨ ਲੈਅ ਦਾ ਸਾਹ ਟੁੱਟਣ ਲੱਗਦਾ ਹੈ। ਅੱਜ ਮਨੁੱਖ ਦੀ ਜੀਵਨ ਲੈਅ ਦੇ ਦੋਖੀ ਜਿਸ ਤਰ੍ਹਾਂ ਦੇ ਨਿਸ਼ਾਨੇ ਮਾਰ ਰਹੇ ਹਨ, ਉਹ ਹਰ ਆਮ ਦੇ ਨਜ਼ਰੀਂ ਨਹੀਂ ਪੈਂਦੇ। ਉਨ੍ਹਾਂ ਦੇ ਦਾਅ-ਪੇਚ ਅਦਿੱਖ ਹੋਣ ਦੇ ਨਾਲ ਨਾਲ ਘਾਤਕ ਵੀ ਬੜੇ ਹਨ।

ਡਾ. ਕਰਨੈਲ ਸਿੰਘ ਸੋਮਲ

ਦਰਿਆ ਆਪਣੇ ਸਫ਼ਰ ਦੇ ਹਰ ਪੜਾਅ ’ਤੇ ਨਵੀਂ ਲੈਅ ਅਖ਼ਤਿਆਰ ਕਰਦਾ ਹੈ। ਮਨੁੱਖ ਕੋਲ ਤਾਂ ਦਿਲ-ਦਿਮਾਗ਼ ਵੀ ਹੁੰਦਾ ਹੈ। ਉਸ ਤੋਂ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਸੁਚੇਤ ਹੋ ਕੇ ਬਦਲਦੇ ਹਾਲਾਤ ਅਨੁਸਾਰ ਹਾਂ-ਵਾਚੀ ਪੈਂਤੜੇ ਅਪਣਾਵੇ। ਜੀਵਨ ਲੈਅ ਦੇ ਬਣੇ ਰਹਿਣ ਨਾਲ ਹਰੇਕ ਨੂੰ ਉਹ ਸੁੱਖ ਮਿਲਦਾ ਹੈ, ਜਿਸ ਲਈ ‘ਸਵਰਗ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਮਨੁੱਖੀ ਊਰਜਾ ਦਾ ਬਿਖਰਨਾ ਤੇ ਖੰਡਿਤ ਹੋਣਾ ਜੀਵਨ ਲੈਅ ਲਈ ਵਿਘਨਕਾਰੀ ਬਣਦਾ ਹੈ। ਦੂਜੇ ਬੰਨੇ ਜੀਵਨ ਲੈਅ ਨੂੰ ਸਾਂਭਣ ਹਿੱਤ ਵੀ ਬਹੁਤ ਕੁਝ ਹੁੰਦਾ ਆਇਆ ਹੈ। ਮਸਲਨ, ਪਿੱਛੇ ਜਿਹੇ ਕਿਸੇ ਕਿਸਾਨ ਦੀ ਖੇਤ ਖੜ੍ਹੀ ਪੱਕੀ ਕਣਕ ਨੂੰ ਅਜਿਹੀ ਅੱਗ ਲੱਗੀ ਕਿ ਇਕ ਦਾਣਾ ਵੀ ਨਾ ਬਚਿਆ। ਪਿੰਡ ਵਾਸੀਆਂ ਨੇ ਆਪੇ ਹੀ ਆਪਣੀ ਆਪਣੀ ਫ਼ਸਲ ਵਿਚੋਂ ਦਾਣੇ ਤੇ ਤੂੜੀ ਟਰਾਲੀਆਂ ਭਰ ਕੇ ਅਗਲੇ ਦੇ ਘਰ ਢੇਰੀ ਕਰ ਦਿੱਤੇ। ਸਾਡੇ ਗੁਰੂ ਸਾਹਿਬਾਨ, ਸੰਤਾਂ-ਭਗਤਾਂ, ਸ਼ਹੀਦਾਂ ਨੇ ਸਾਨੂੰ ਜੀਵਨ-ਉਨਮੁਖ ਸੋਚ ਤੇ ਜੀਵਨ-ਦ੍ਰਿਸ਼ਟੀ ਦਿੱਤੀ ਹੈ। ਇਸ ਤੋਂ ਔਖੇ ਤੋਂ ਔਖੇ ਸਮਿਆਂ ਵਿਚ ਵੀ ਸਾਡੀ ਜੀਵਨ ਲੈਅ ਕਾਇਮ ਰਹੀ ਹੈ।
ਚੇਤਿਆਂ ਵਿਚ ਵੱਸ ਜਾਣ ਵਾਲੇ ਦ੍ਰਿਸ਼ਾਂ ਦੀ ਚਾਹਤ ਨਾਲ ਕਿਸੇ ਸੈਰ-ਸਪਾਟੇ ’ਤੇ ਜਾਂਦਿਆਂ ਰਾਹ ਵਿਚ ਵੀ ਜੀਵਨ ਲੈਅ ਨੂੰ ਬਲ ਬਖ਼ਸ਼ਦਾ ਬੜਾ ਕੁਝ ਨਜ਼ਰੀਂ ਪੈਂਦਾ ਰਹਿੰਦਾ ਹੈ। ਫੁਰਸਤ ਦੇ ਪਲਾਂ ਵਿਚ ਨਿੱਸਲ ਹੁੰਦਾ ਕਿਸਾਨ ਵੀ ਭਰਵੀਂ ਫ਼ਸਲ ਦੇ ਦ੍ਰਿਸ਼ ਚਿਤਵਦਾ ਰੁਮਾਂਚਿਤ ਹੋ ਜਾਂਦਾ ਹੈ। ਘਰ ਵਿਚ ਕੰਮ-ਧੰਦੇ ਕਰਦੀ ਸੁਆਣੀ ਕਦੇ ਲੰਘਦੀ ਜਾਂਦੀ, ਕੰਧ ’ਤੇ ਲਟਕਦੇ ਸ਼ੀਸ਼ੇ ਵਿਚੋਂ ਆਪਣੇ ਆਪ ਨੂੰ ਨਿਹਾਰਦੀ ਸਿਹਰ ਉੱਠਦੀ ਹੈ। ਜੀਵਨ ਲੈਅ ਇਵੇਂ ਹੀ ਆਪਣੇ ਅਜਿੱਤ ਰਹਿਣ ਦਾ ਸੁਨੇਹਾ ਦਿੰਦੀ ਤੁਰੀ ਜਾਂਦੀ ਹੈ।
ਸੰਪਰਕ: 88476-47101


Comments Off on ਅਦਭੁੱਤ ਪਸਾਰਾ ਜੀਵਨ ਲੈਅ ਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.