ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਅਥਲੈਟਿਕਸ: ਭਾਰਤ ਲਈ ਆਸ ਦੀ ਕਿਰਨ ਬਣੀ ਗੋਲਡਨ ਗਰਲ ਹਿਮਾ ਦਾਸ

Posted On July - 27 - 2019

ਨਵਦੀਪ ਸਿੰਘ ਗਿੱਲ
ਅਥਲੈਟਿਕਸ ਟਰੈਕ ਵਿੱਚ ਇਸ ਵੇਲੇ ਭਾਰਤ ਦੀ ਹਿਮਾ ਦਾਸ ਦੀ ਗੁੱਡੀ ਸਿਖ਼ਰ ‘ਤੇ ਹੈ। 19 ਵਰ੍ਹਿਆਂ ਦੀ ਹਿਮਾ ਨੇ ਹਾਲ ਹੀ ਵਿੱਚ ਇੱਕ ਮਹੀਨੇ ਦੇ ਵਕਫ਼ੇ ਦੌਰਾਨ ਕੌਮਾਂਤਰੀ ਪੱਧਰ ‘ਤੇ ਪੰਜ ਸੋਨ ਤਮਗੇ ਜਿੱਤੇ ਹਨ। ਇਹ ਪਹਿਲਾ ਮੌਕਾ ਨਹੀਂ ਸੀ ਜਦੋਂ ਉਸ ਨੇ ਆਪਣੇ ਪ੍ਰਦਰਸ਼ਨ ਨਾਲ ਦੇਸ਼ ਵਾਸੀਆਂ ਦੇ ਦਿਲਾਂ ਉੱਤੇ ਰਾਜ ਕੀਤਾ ਹੋਵੇ। ਪਿਛਲੇ ਸਾਲ 2018 ‘ਚ ਉਹ ਪਹਿਲੀ ਵਾਰ ਉਸ ਵੇਲੇ ਸੁਰਖ਼ੀਆਂ ਵਿੱਚ ਆਈ ਜਦੋਂ ਉਸ ਨੇ ਫਿਨਲੈਂਡ ਵਿਚ ਹੋਈ ਅੰਡਰ-20 ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਪਹਿਲੀ ਵਾਰ 400 ਮੀਟਰ ਦੌੜ ‘ਚ ਸੋਨ ਤਮਗਾ ਜਿੱਤਿਆ। ਇਸ ਤੋਂ ਬਾਅਦ ਜਕਾਰਤਾ ਵਿਖੇ ਏਸ਼ਿਆਈ ਖੇਡਾਂ ਵਿੱਚ ਉਸ ਨੇ ਦੋ ਸੋਨੇ ਤੇ ਇਕ ਚਾਂਦੀ ਦਾ ਤਮਗਾ ਜਿੱਤਿਆ ਤੇ 400 ਮੀਟਰ ਦੌੜ ਵਿੱਚ ਨਵਾਂ ਕੌਮੀ ਰਿਕਾਰਡ ਬਣਾਇਆ ਸੀ। ਅਥਲੈਟਿਕਸ ਦੇ ਸਖ਼ਤ ਮੁਕਾਬਲਿਆਂ ਨੂੰ ਦੇਖਦਿਆਂ ਭਾਰਤ ਨੇ ਹਾਲੇ ਤੱਕ ਓਲੰਪਿਕ ਖੇਡਾਂ ਵਿੱਚ ਤਮਗਾ ਜਿੱਤਣ ਦਾ ਖਾਤਾ ਨਹੀਂ ਖੋਲ੍ਹਿਆ। ਹੁਣ ਤੱਕ ਸਿਰਫ਼ ਮਿਲਖਾ ਸਿੰਘ ਤੇ ਪੀ.ਟੀ. ਊਸ਼ਾ ਚੌਥੇ ਅਤੇ ਗੁਰਬਚਨ ਸਿੰਘ ਰੰਧਾਵਾ ਪੰਜਵੇਂ ਸਥਾਨ ਤੱਕ ਹੀ ਅੱਪੜ ਸਕੇ ਹਨ। ਗੋਲਡਨ ਗਰਲ ਵਜੋਂ ਮਸ਼ਹੂਰ ਹੋਈ ਹਿਮਾ ਦਾਸ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਆਉਂਦੇ ਸਮੇਂ ਵਿੱਚ ਉਸ ਕੋਲੋਂ ਵੱਡੀਆ ਆਸਾਂ ਲਗਾਈਆਂ ਜਾ ਰਹੀ ਹਨ।
ਆਸਾਮ ਦੇ ਨਗਾਂਓ ਜ਼ਿਲ੍ਹੇ ਦੀ ਤਹਿਸੀਲ ਢਿੰਗ ਨੇੜਲੇ ਪਿੰਡ ਕੰਧੂਲਿਮਾਰੀ ਦੇ ਸਾਧਾਰਨ ਕਿਸਾਨ ਪਰਿਵਾਰ ਰਣਜੀਤ ਦਾਸ ਤੇ ਜੋਨਾਲੀ ਦਾਸ ਦੇ ਘਰ 9 ਜਨਵਰੀ 2000 ਨੂੰ ਜਨਮੀ ਹਿਮਾ ਦਾਸ ਪੰਜ ਬੱਚਿਆਂ ‘ਚੋਂ ਸਭ ਤੋਂ ਛੋਟੀ ਹੈ। ਹਿਮਾ ਦਾ ਬਚਪਨ ਬਹੁਤ ਸੰਘਰਸ਼ਪੂਰਨ ਤੇ ਤੰਗੀਆਂ-ਤੁਰਸ਼ੀਆਂ ਵਿੱਚ ਗੁਜ਼ਰਿਆ। ਸਕੂਲ ਵਿੱਚ ਉਹ ਮੁੰਡਿਆਂ ਨਾਲ ਫੁਟਬਾਲ ਖੇਡਦੀ ਤੇ ਘਰੇ ਆਪਣੇ ਮਾਪਿਆਂ ਦੇ ਕੰਮ ਵਿੱਚ ਹੱਥ ਵੰਡਾਉਂਦੀ। 12 ਸਾਲ ਦੀ ਉਮਰੇ ਉਹ ਆਪਣੇ ਪਿਤਾ ਨਾਲ ਝੋਨੇ ਦੇ ਖੇਤਾਂ ਵਿੱਚ ਕੰਮ ਕਰਦੀ। ਜਦੋਂ ਵੀ ਉਸ ਦੇ ਪਿਤਾ ਨੇ ਦਮ ਲੈਣਾ ਹੁੰਦਾ ਤਾਂ ਹਿਮਾ ਸਾਥ ਨਿਭਾਉਂਦੀ। ਖੇਤੋਂ ਸਾਈਕਲ ‘ਤੇ ਸਾਮਾਨ ਢੋਂਹਦੀ। ਨੌਵੀਂ ਕਲਾਸ ਵਿੱਚ ਪੜ੍ਹਦਿਆਂ ਉਸ ਦੀ ਕਮਜ਼ੋਰ ਸਿਹਤ ਕਾਰਨ ਹਸਪਤਾਲ ਵੀ ਦਾਖ਼ਲ ਕਰਵਾਇਆ ਗਿਆ। ਖੇਡਾਂ ਵਿੱਚ ਹਿਮਾ ਫੁਟਬਾਲ ਨੂੰ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ ਪਰ ਢਿੰਗ ਪਬਲਿਕ ਹਾਈ ਸਕੂਲ ਵਿੱਚ ਉਸ ਦੇ ਸਰੀਰਕ ਸਿੱਖਿਆ ਅਧਿਆਪਕ ਸ਼ਮਸੁਲ ਹਾਕ ਨੇ ਕੁੜੀਆਂ ਦੀ ਫੁਟਬਾਲ ਵਿੱਚ ਜ਼ਿਆਦਾ ਸੰਭਾਵਨਾ ਨਾ ਹੋਣ ਕਾਰਨ ਉਸ ਨੂੰ ਅਥਲੈਟਿਕਸ ਵੱਲ ਤੋਰਿਆ। ਅਥਲੈਟਿਕਸ ਵਿੱਚ ਉਸ ਦੀ ਸਪੀਡ ਨੂੰ ਦੇਖਦਿਆਂ 200 ਤੇ 400 ਮੀਟਰ ਦੌੜ ਸ਼ੁਰੂ ਕੀਤੀ। ਅਪਰੈਲ 2018 ਦੀਆਂ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਉਸ ਨੇ ਪਹਿਲੀ ਵਾਰ ਭਾਰਤ ਦੀ ਵੱਡੇ ਕੌਮਾਂਤਰੀ ਮੁਕਾਬਲੇ ਵਿੱਚ ਪ੍ਰਤੀਨਿਧਤਾ ਕੀਤੀ। 400 ਮੀਟਰ ਦੌੜ ਵਿੱਚ ਉਸ ਨੇ 51.32 ਸਕਿੰਟ ਦਾ ਸਮਾਂ ਕੱਢਦਿਆਂ ਫਾਈਨਲ ਵਿੱਚ ਛੇਵਾਂ ਸਥਾਨ ਹਾਸਲ ਕੀਤਾ। ਸੋਨ ਤਮਗਾ ਜੇਤੂ ਤੋਂ ਉਹ 1.17 ਸਕਿੰਟ ਦੇ ਫ਼ਰਕ ਨਾਲ ਪਿੱਛੇ ਸੀ। 4 ਗੁਣਾਂ 400 ਮੀਟਰ ਰਿਲੇਅ ਦੌੜ ਵਿੱਚ ਉਸ ਦੀ ਟੀਮ ਨੇ ਫਾਈਨਲ ਵਿੱਚ ਸੱਤਵਾਂ ਸਥਾਨ ਹਾਸਲ ਕੀਤਾ। 200 ਮੀਟਰ ਦੌੜ ਦੇ ਸੈਮੀ ਫਾਈਨਲ ਵਿੱਚ ਫਾਊਲ ਸਟਾਰਟ ਕਾਰਨ ਉਹ ਬਾਹਰ ਹੋ ਗਈ।
18 ਵਰ੍ਹਿਆਂ ਦੀ ਉਮਰੇ ਸੀਨੀਅਰ ਵਰਗ ਦੇ ਮੁਕਾਬਲੇ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਦਾ ਤਜ਼ਰਬਾ ਉਸ ਨੂੰ ਤਿੰਨ ਮਹੀਨਿਆਂ ਬਾਅਦ ਫਿਨਲੈਂਡ ਵਿਖੇ ਕੰਮ ਆਇਆ ਜਦੋਂ ਉਸ ਨੇ ਅੰਡਰ-20 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 400 ਮੀਟਰ ਦੌੜ ‘ਚ ਸੋਨ ਤਮਗਾ ਜਿੱਤਿਆ। ਇਥੇ ਉਸ ਨੇ 51.46 ਸਕਿੰਟ ਵਿੱਚ ਦੌੜ ਪੂਰੀ ਕੀਤੀ। ਹੌਲੀ ਸ਼ੁਰੂਆਤ ਕਰ ਕੇ 300 ਮੀਟਰ ਤੋਂ ਬਾਅਦ ਉਹ ਚੌਥੇ ਨੰਬਰ ਉੱਤੇ ਚੱਲ ਰਹੀ ਸੀ। ਆਖ਼ਰੀ 100 ਮੀਟਰ ਵਿੱਚ ਉਸ ਨੇ ਅਜਿਹੀ ਜਾਨ ਲਗਾਈ ਕਿ ਤਿੰਨ ਅਥਲੀਟਾਂ ਨੂੰ ਪਛਾੜ ਕੇ ਸੋਨ ਤਮਗਾ ਜਿੱਤਿਆ। ਇਸ ਮੁਕਾਬਲੇ ਦੇ ਟਰੈਕ ਈਵੈਂਟ ਦੇ ਇਤਿਹਾਸ ਵਿੱਚ ਇਹ ਭਾਰਤ ਦਾ ਪਹਿਲਾ ਸੋਨ ਤਮਗਾ ਸੀ। ਹਿਮਾ ਦੀ ਪੂਰੇ ਦੇਸ਼ ਵਿੱਚ ਗੁੱਡੀ ਚੜ੍ਹ ਗਈ। ਆਸਾਮ ਦੇ ਮੁੱਖ ਮੰਤਰੀ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੱਕ, ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਤੱਕ ਸਭ ਨੇ ਉਸ ਨੂੰ ਇਸ ਮਾਣਮੱਤੀ ਪ੍ਰਾਪਤੀ ’ਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਬਾਅਦ ਹਿਮਾ ਦੀ ਵਾਰੀ ਸੀਨੀਅਰ ਵਰਗ ਵਿੱਚ ਕੁਝ ਖੱਟਣ ਦੀ ਸੀ। ਦੋ ਮਹੀਨਿਆਂ ਬਾਅਦ ਹੀ ਜਕਾਰਤਾ ਵਿਖੇ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਂਦਿਆਂ ਹਿਮਾ ਦਾਸ ਨੇ ਮਹਿਲਾਵਾਂ ਦੀ 4 ਗੁਣਾਂ 400 ਮੀਟਰ ਦੌੜ ਅਤੇ ਪਹਿਲੀ ਵਾਰ ਸ਼ਾਮਲ ਹੋਏ ਈਵੈਂਟ ਮਿਕਸਡ 4 ਗੁਣਾਂ 400 ਮੀਟਰ ਰਿਲੇਅ ਦੌੜ ਵਿੱਚ ਸੋਨ ਤਮਗਾ ਜਿੱਤਿਆ। ਦੋਹਰੇ ਸੋਨ ਤਮਗੇ ਦੇ ਨਾਲ ਉਸ ਨੇ ਮਹਿਲਾਵਾਂ ਦੇ 400 ਮੀਟਰ ਵਿਅਕਤੀਗਤ ਈਵੈਂਟ ਵਿੱਚ ਦੂਜੇ ਨੰਬਰ ‘ਤੇ ਰਹਿੰਦਿਆਂ ਚਾਂਦੀ ਖੱਟੀ। 400 ਮੀਟਰ ਦੀ ਹੀਟ ਵਿੱਚ 51 ਸਕਿੰਟ ਦਾ ਸਮਾਂ ਕੱਢਦਿਆਂ ਹਿਮਾ ਦਾਸ ਨੇ ਮਨਜੀਤ ਕੌਰ ਦਾ 14 ਵਰ੍ਹੇ ਪੁਰਾਣਾ ਕੌਮੀ ਰਿਕਾਰਡ ਵੀ ਤੋੜਿਆ। ਫਾਈਨਲ ਵਿੱਚ ਉਸ ਨੇ 50.79 ਸਕਿੰਟ ਦਾ ਸਮਾਂ ਕੱਢ ਕੇ ਨਵਾਂ ਕਾਇਮ ਕੀਤਾ ਕੌਮੀ ਰਿਕਾਰਡ ਹੋਰ ਸੁਧਾਰਿਆ।
ਸਾਲ 2018 ਦੌਰਾਨ ਸੁਨਹਿਰੀ ਪ੍ਰਾਪਤੀਆਂ ਬਦਲੇ ਹਿਮਾ ਦਾਸ ਨੂੰ ਭਾਰਤ ਸਰਕਾਰ ਨੇ ਅਰਜੁਨਾ ਐਵਾਰਡ ਨਾਲ ਸਨਮਾਨਿਆ ਗਿਆ। 1966 ਦੀਆਂ ਏਸ਼ਿਆਈ ਖੇਡਾਂ ਵਿੱਚ 800 ਮੀਟਰ ਦੌੜ ਵਿੱਚ ਸੋਨ ਤਮਗਾ ਜਿੱਤਣ ਵਾਲੇ ਆਸਾਮ ਦੇ ਭੋਗੇਸ਼ਵਰ ਬਰੂਆ ਤੋਂ ਬਾਅਦ ਕੌਮਾਂਤਰੀ ਪੱਧਰ ਦੇ ਕਿਸੇ ਵੀ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਣ ਵਾਲੀ ਉਹ ਆਸਾਮ ਦੀ ਦੂਜੀ ਖਿਡਾਰਨ ਬਣੀ ਹੈ ਜਿਸ ਕਾਰਨ ਆਸਾਮ ਸਰਕਾਰ ਨੇ ਉਸ ਨੂੰ ਖੇਡਾਂ ਦੀ ‘ਬਰਾਂਡ ਅੰਬੈਸਡਰ’ ਨਾਮਜ਼ਦ ਕੀਤਾ। ਯੂਨੀਸੈੱਫ ਵੱਲੋਂ ‘ਯੂਥ ਅੰਬੈਸਡਰ’ ਬਣਨ ਵਾਲੀ ਉਹ ਦੇਸ਼ ਦੀ ਪਹਿਲੀ ਨਾਗਰਿਕ ਬਣੀ। ‘ਐਡੀਡਾਸ’ ਨਾਲ ਉਸ ਨੇ ਇਕਰਾਰਨਾਮੇ ‘ਤੇ ਸਹੀ ਪਾਈ। ਅਗਲੇ ਸਾਲ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਉਹ ਦੇਸ਼ ਦੀ ਸਭ ਤੋਂ ਵੱਡੀ ਉਮੀਦ ਹੈ। ਓਲੰਪਿਕਸ ਦੀਆਂ ਤਿਆਰੀਆਂ ਨੂੰ ਉਸ ਨੇ ਸਿਖ਼ਰ ‘ਤੇ ਪਹੁੰਚਦਿਆਂ ਇਸੇ ਮਹੀਨੇ ਪੰਜ ਲਗਾਤਾਰ ਸੋਨ ਤਮਗੇ ਜਿੱਤ ਕੇ ਆਪਣਾ ਲੋਹਾ ਮਨਵਾਇਆ। ਚਾਰ ਸੋਨ ਤਮਗੇ 200 ਮੀਟਰ ਤੇ ਇਕ ਸੋਨ ਤਮਗਾ 400 ਮੀਟਰ ਦੌੜ ਵਿੱਚ ਜਿੱਤਿਆ। 200 ਮੀਟਰ ਵਿੱਚ ਉਸ ਨੇ 2 ਜੁਲਾਈ ਨੂੰ ਪੋਲੈਂਡ ਵਿਖੇ ਪੋਜ਼ਨਾਨ ਅਥਲੈਟਿਕਸ ਗ੍ਰਾਂ ਪ੍ਰੀ. ਵਿੱਚ 23.65 ਸਕਿੰਟ, 7 ਜੁਲਾਈ ਨੂੰ ਪੋਲੈਂਡ ਵਿਚ ਹੀ ਕੋਟਨੂ ਅਥਲੈਟਿਕਸ ਮੀਟ ਵਿੱਚ 23.97 ਸਕਿੰਟ, 13 ਜੁਲਾਈ ਨੂੰ ਚੈਕ ਗਣਰਾਜ ਵਿਖੇ ਕਲਾਡਨੋ ਅਥਲੈਟਿਕਸ ਮੀਟ ਵਿੱਚ 23.43 ਸਕਿੰਟ ਤੇ 17 ਜੁਲਾਈ ਨੂੰ ਚੈਕ ਗਣਰਾਜ ਵਿਖੇ ਹੀ ਤਾਬੋਰ ਅਥਲੈਟਿਕਸ ਮੀਟ ਵਿੱਚ 23.25 ਸਕਿੰਟ ਦੇ ਸਮੇਂ ਨਾਲ ਸੋਨ ਤਮਗਾ ਜਿੱਤਿਆ। 400 ਮੀਟਰ ਵਿੱਚ ਉਸ ਨੇ 20 ਜੁਲਾਈ ਨੂੰ ਚੈਕ ਗਣਰਾਜ ਵਿਖੇ ਅਥਲੈਟਿਕਸ ਮੀਟ ਵਿੱਚ 52.07 ਸਕਿੰਟ ਦੇ ਸਮੇਂ ਨਾਲ ਸੋਨ ਤਮਗਾ ਜਿੱਤਿਆ।
‘ਢਿੰਗ ਐਕਸਪ੍ਰੈਸ’ ਵਜੋਂ ਮਕਬੂਲ ਹੋਈ ਉਤਰ-ਪੂਰਬੀ ਭਾਰਤ ਦੀ ਇਸ ਅਥਲੀਟ ਵੱਲੋਂ ਹੁਣ ਤੱਕ 100 ਮੀਟਰ ਵਿੱਚ 11.74 ਸਕਿੰਟ, 200 ਮੀਟਰ ਵਿੱਚ 23.10 ਸਕਿੰਟ ਤੇ 400 ਮੀਟਰ ਵਿੱਚ 50.79 ਸਕਿੰਟ ਦਾ ਕੱਢਿਆ ਸਮਾਂ ਸਰਵੋਤਮ ਹੈ। ਹਿਮਾ ਦਾਸ ਜਿੰਨੀ ਖਿਡਾਰਨ ਵਧੀਆ ਹੈ ਉਨੀ ਹੀ ਇਨਸਾਨ ਵੀ। ਹਾਲ ਹੀ ਵਿੱਚ ਹੜ੍ਹਾਂ ਦੀ ਮਾਰ ਝੱਲ ਰਹੇ ਆਸਾਮ ਦੀ ਮੱਦਦ ਉਸ ਨੇ ਟਵਿੱਟਰ ਹੈਂਡਲ ਤੋਂ ਵਪਾਰਕ ਕੰਪਨੀਆਂ ਤੇ ਦਾਨੀਆਂ ਤੋਂ ਸਹਾਇਤਾ ਵੀ ਮੰਗੀ ਅਤੇ ਆਪਣੇ ਵਿੱਤ ਤੋਂ ਵੱਧ ਕੇ ਮੱਦਦ ਕਰਦਿਆਂ ਆਪਣੀ ਅੱਧੀ ਤਨਖ਼ਾਹ ਮੁੱਖ ਮੰਤਰੀ ਰਾਹਤ ਫੰਡ ਲਈ ਦਾਨ ਵੀ ਕੀਤੀ। ਇਹ ਗੁਣ ਉਸ ਵਿੱਚ ਛੋਟੀ ਹੁੰਦਿਆਂ ਹੀ ਸੀ। ਪਿਤਾ ਨਾਲ ਖੇਤੀਬਾੜੀ ਦੇ ਕੰਮ ਵਿੱਚ ਸਾਥ ਦੇਣ ਤੋਂ ਇਲਾਵਾ ਉਸ ਨੇ ਸਕੂਲ ਪੜ੍ਹਦਿਆਂ ਪਿੰਡ ਵਾਲਿਆਂ ਨਾਲ ਰਲ ਕੇ ਸ਼ਰਾਬ ਦੇ ਠੇਕੇ ਨੂੰ ਪਿੰਡ ਤੋਂ ਬਾਹਰ ਕਢਾਉਣ ਵਿੱਚ ਅਗਵਾਈ ਕੀਤੀ ਸੀ।
ਸੰਪਰਕ: 97800-36216


Comments Off on ਅਥਲੈਟਿਕਸ: ਭਾਰਤ ਲਈ ਆਸ ਦੀ ਕਿਰਨ ਬਣੀ ਗੋਲਡਨ ਗਰਲ ਹਿਮਾ ਦਾਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.