ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਅਕਲ ਵੱਡੀ ਜਾਂ ਸ਼ੇਰ ?

Posted On July - 13 - 2019

ਬਾਲ ਕਹਾਣੀ

ਸੁਰਿੰਦਰ ਕੌਰ ਰੋਮੀ
ਇਕ ਜੰਗਲ ਵਿਚ ਬਹੁਤ ਸਾਰੇ ਜਾਨਵਰ ਰਹਿੰਦੇ ਸਨ। ਇਹ ਸਾਰੇ ਜਾਨਵਰ ਆਪਸ ਵਿਚ ਰਲ-ਮਿਲ ਕੇ ਰਹਿੰਦੇ ਸਨ। ਇਨ੍ਹਾਂ ਦਾ ਰਾਜਾ ਇਕ ਸ਼ੇਰ ਸੀ ਜਿਸਦਾ ਨਾਮ ਸ਼ੇਰੂ ਸੀ। ਸ਼ੇਰੂ ਬਹੁਤ ਜ਼ਿੱਦੀ ਤੇ ਨਿਰਦਈ ਸੀ। ਉਹ ਰੋਜ਼ਾਨਾ ਜਾਨਵਰਾਂ ਦਾ ਸ਼ਿਕਾਰ ਕਰਕੇ ਆਪਣਾ ਪੇਟ ਭਰ ਲੈਂਦਾ ਸੀ। ਅਜਿਹਾ ਕਰਨ ਲਈ ਉਹ ਕਈ ਤਰ੍ਹਾਂ ਦੀਆਂ ਚਾਲਾਕੀਆਂ ਤੇ ਚਾਪਲੂਸੀਆਂ ਤੋਂ ਕੰਮ ਲੈਂਦਾ ਸੀ। ਭੋਲੇ ਜਾਨਵਰ ਉਸ ਦੀਆਂ ਚਾਲਾਕੀਆਂ ਵਿਚ ਆ ਜਾਂਦੇ ਤੇ ਆਪਣੀ ਜਾਨ ਗਵਾ ਲੈਂਦੇ ਸਨ।
ਇਕ ਦਿਨ ਸ਼ੇਰੂ ਦੇ ਮਨ ਵਿਚ ਆਇਆ ਕਿ ਅੱਜ ਹਿਰਨ ਦਾ ਮਾਸ ਖਾਧਾ ਜਾਵੇ। ਉਹ ਰੰਗੀ ਨਾਂ ਦੇ ਇਕ ਹਿਰਨ ਦੇ ਘਰ ਗਿਆ। ਰੰਗੀ ਹਿਰਨ ਦੀ ਇਕ ਲੜਕੀ ਸੀ ਜਿਸਦਾ ਨਾਮ ਸੁੰਦਰੀ ਸੀ। ਜਦੋਂ ਸ਼ੇਰੂ ਨੇ ਸੁੰਦਰੀ ਨੂੰ ਦੇਖਿਆ ਤਾਂ ਮਨ ਵਿਚ ਵਿਆਹ ਕਰਵਾਉਣ ਦੇ ਸੁਪਨੇ ਵੇਖਣ ਲੱਗਾ। ਸ਼ੇਰੂ ਨੂੰ ਆਪਣੇ ਘਰ ਵਿਚ ਵੇਖ ਕੇ ਰੰਗੀ ਹਿਰਨ ਬਹੁਤ ਘਬਰਾ ਗਿਆ। ਰੰਗੀ ਨੂੰ ਡਰਿਆ ਹੋਇਆ ਵੇਖ ਕੇ ਸ਼ੇਰੂ ਨੇ ਕਿਹਾ, ‘ਮੇਰੇ ਤੋਂ ਤੈਨੂੰ ਡਰਨ ਦੀ ਕੋਈ ਲੋੜ ਨਹੀਂ, ਮੈਂ ਤਾਂ ਤੇਰਾ ਹਾਲ-ਚਾਲ ਪੁੱਛਣ ਆਇਆ ਹਾਂ। ਤੇਰੀ ਲੜਕੀ ਹੁਣ ਜਵਾਨ ਹੋ ਗਈ ਹੈ। ਜੇਕਰ ਤੂੰ ਉਸਦਾ ਵਿਆਹ ਮੇਰੇ ਨਾਲ ਕਰ ਦੇਵੇਂ ਤਾਂ ਜੰਗਲ ਦਾ ਅੱਧਾ ਰਾਜ ਤੈਨੂੰ ਦੇ ਦਿਆਂਗਾ। ਸਾਰੇ ਜਾਨਵਰ ਤੇਰੇ ਕੋਲੋਂ ਡਰਿਆ ਕਰਨਗੇ।’ ਸ਼ੇਰੂ ਦੀਆਂ ਇਹ ਗੱਲਾਂ ਸੁਣ ਕੇ ਰੰਗੀ ਹਿਰਨ ਸੋਚਾਂ ਵਿਚ ਪੈ ਗਿਆ। ਉਸਨੇ ਮਨ ਵਿਚ ਸੋਚਿਆ ਕਿ ਸ਼ੇਰੂ ਵਿਆਹ ਦੇ ਬਹਾਨੇ ਮੇਰੀ ਲੜਕੀ ਨੂੰ ਗੁਫ਼ਾ ਵਿਚ ਲੈ ਜਾ ਕੇ ਮਾਰ ਦੇਵੇਗਾ, ਪਰ ਇਸ ਵੇਲੇ ਇਨਕਾਰ ਕਰਨ ਨਾਲ ਉਹ ਗੁੱਸੇ ਵਿਚ ਆ ਕੇ ਸਾਨੂੰ ਮਾਰ ਦੇਵੇਗਾ। ਰੰਗੀ ਨੇ ਅਕਲਮੰਦੀ ਤੋਂ ਕੰਮ ਲੈਂਦਿਆਂ ਸ਼ੇਰੂ ਨੂੰ ਕਿਹਾ, ‘ਇਹ ਤੇ ਮੇਰੇ ਵੱਡੇ ਭਾਗ ਹਨ ਕਿ ਜੰਗਲ ਦਾ ਰਾਜਾ ਮੇਰਾ ਜਵਾਈ ਹੋਵੇਗਾ। ਇਸ ਲਈ ਮੈਨੂੰ ਦੋ ਦਿਨ ਦੀ ਮੁਹਲਤ ਦਿੱਤੀ ਜਾਵੇ ਤਾਂ ਕਿ ਆਪਣੀ ਲੜਕੀ ਨਾਲ ਗੱਲਬਾਤ ਕਰਕੇ ਉਸਨੂੰ ਤੁਹਾਡੇ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਕਰ ਸਕਾਂ।’ ਸ਼ੇਰੂ ਨੇ ਕਿਹਾ, ‘ਚੰਗਾ ਠੀਕ ਹੈ। ਮੈਂ ਫਿਰ ਦੋ ਦਿਨ ਬਾਅਦ ਹੀ ਆਵਾਂਗਾ।’
ਦੂਸਰੇ ਦਿਨ ਰੰਗੀ-ਹਿਰਨ ਮਿੱਕੀ ਖਰਗੋਸ਼ ਨੂੰ ਮਿਲਿਆ ਜੋ ਬਹੁਤ ਚਾਲਾਕ ਅਤੇ ਅਕਲਮੰਦ ਸੀ। ਉਸਨੇ ਸੋਚ-ਸੋਚ ਕੇ ਇਕ ਵਿਉਂਤ ਰੰਗੀ-ਹਿਰਨ ਨੂੰ ਸਮਝਾ ਦਿੱਤੀ, ਜਿਸ ਨਾਲ ਸਾਰੇ ਜਾਨਵਰਾਂ ਦਾ ਸਦਾ ਲਈ ਸ਼ੇਰੂ ਰਾਜੇ ਦਾ ਡਰ ਖ਼ਤਮ ਹੋ ਜਾਵੇਗਾ। ਦੋ ਦਿਨ ਬਾਅਦ ਸ਼ੇਰੂ ਰਾਜਾ ਫੇਰ ਰੰਗੀ ਹਿਰਨ ਦੇ ਘਰ ਗਿਆ ਤੇ ਆਪਣੇ ਵਿਆਹ ਦੀ ਗੱਲ ਕਰਨ ਲੱਗਾ। ਰੰਗੀ ਨੇ ਬੜੀ ਨਿਮਰਤਾ ਨਾਲ ਮਿੱਕੀ ਦੀ ਸਮਝਾਈ ਹੋਈ ਸਕੀਮ ਮੁਤਾਬਕ ਸ਼ੇਰੂ ਨੂੰ ਕਿਹਾ, ‘ਮੇਰੀ ਲੜਕੀ ਆਪ ਜੀ ਨਾਲ ਵਿਆਹ ਕਰਾਉਣ ਲਈ ਤਿਆਰ ਹੈ, ਪਰ ਉਹ ਤੁਹਾਡੇ ਦੰਦਾਂ ਅਤੇ ਨਹੂੰਆਂ ਤੋਂ ਨਫ਼ਰਤ ਕਰਦੀ ਹੈ। ਜੇਕਰ ਤੁਸੀਂ ਆਪਣੇ ਦੰਦ ਅਤੇ ਨਹੂੰ ਕੱਢਵਾ ਦਿਉ ਤਾਂ ਉਹ ਤੁਹਾਡੇ ਨਾਲ ਵਿਆਹ ਕਰਾਉਣ ਨੂੰ ਤਿਆਰ ਹੈ।’ ਇਹ ਸੁਣ ਕੇ ਸ਼ੇਰੂ ਨੇ ਝੱਟ-ਪੱਟ ਬਿਨਾਂ ਸੋਚੇ ਕਹਿ ਦਿੱਤਾ। ‘ਇਹ ਕਿਹੜੀ ਵੱਡੀ ਗੱਲ ਹੈ। ਮੈਂ ਹੁਣੇ ਹੀ ਹਾਥੀ ਡਾਕਟਰ ਨੂੰ ਬੁਲਾ ਕੇ ਸਾਰੇ ਦੰਦ ਅਤੇ ਨਹੂੰ ਕੱਢਵਾ ਦਿੰਦਾ ਹਾਂ।’ ਸ਼ੇਰੂ ਨੇ ਤੁਰੰਤ ਹਾਥੀ ਡਾਕਟਰ ਨੂੰ ਬੁਲਾ ਕੇ ਆਪਣੇ ਦੰਦ ਅਤੇ ਨਹੂੰ ਕੱਢਵਾ ਦਿੱਤੇ। ਦੰਦ ਅਤੇ ਨਹੂੰ ਕੱਢਣ ਨਾਲ ਸ਼ੇਰੂ ਨੂੰ ਬਹੁਤ ਤਕਲੀਫ਼ ਹੋਈ ਅਤੇ ਉਹ ਲਹੂ-ਲੁਹਾਨ ਹੋ ਗਿਆ, ਪਰ ਫਿਰ ਉਸਨੇ ਰੰਗੀ-ਹਿਰਨ ਨੂੰ ਆਪਣੀ ਲੜਕੀ ਦਾ ਉਸ ਨਾਲ ਵਿਆਹ ਕਰਾਉਣ ਲਈ ਕਿਹਾ। ਇਹ ਸੁਣ ਕੇ ਰੰਗੀ ਹਿਰਨ ਬੋਲਿਆ, ‘ਤੁਸੀਂ ਕਿਹੜੇ ਵਿਆਹ ਦੀ ਗੱਲ ਕਰਦੇ ਹੋ? ਮੇਰੀ ਲੜਕੀ ਤੁਹਾਡੇ ਨਾਲ ਵਿਆਹ ਨਹੀਂ ਕਰਵਾਏਗੀ। ਤੁਸੀਂ ਆਪਣੀ ਸਾਰੀ ਤਾਕਤ ਗਵਾ ਬੈਠੇ ਹੋ। ਤੁਸੀਂ ਹੁਣ ਸ਼ਿਕਾਰ ਨਹੀਂ ਕਰ ਸਕਦੇ, ਫਿਰ ਮੇਰੀ ਲੜਕੀ ਨੂੰ ਕੀ ਖਵਾਓਗੇ। ਜਾਓ ਇੱਥੋਂ ਭੱਜ ਜਾਓ ਨਹੀਂ ਤਾਂ ਅਸੀਂ ਤੁਹਾਡਾ ਬੁਰਾ ਹਾਲ ਕਰਾਂਗੇ।’ ਸ਼ੇਰੂ ਹੁਣ ਕੁਝ ਨਾ ਕਰ ਸਕਿਆ। ਉਸਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ। ਸਾਰੇ ਜਾਨਵਰਾਂ ਨੇ ਸੁੱਖ ਦਾ ਸਾਹ ਲਿਆ ਅਤੇ ਸਭ ਨੇ ਮਿੱਕੀ ਖਰਗੋਸ਼ ਦਾ ਧੰਨਵਾਦ ਕੀਤਾ ਜਿਸ ਸੀ ਸਿਆਣਪ ਨਾਲ ਸ਼ੇਰੂ ਦਾ ਸੁਪਨਾ ਪੂਰਾ ਨਾ ਹੋ ਸਕਿਆ।
ਸੰਪਰਕ: 89689-60986


Comments Off on ਅਕਲ ਵੱਡੀ ਜਾਂ ਸ਼ੇਰ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.