ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

1975 ਦੀ ਐਮਰਜੈਂਸੀ : ਜੇਲ੍ਹ ਯਾਤਰਾ ਦੀਆਂ ਯਾਦਾਂ

Posted On June - 25 - 2019

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ*

25 ਜੂਨ 1975 ਦਾ ਦਿਨ ਭਾਰਤ ਦੇ ਇਤਿਹਾਸ ਅੰਦਰ ਕਾਲੇ ਦੌਰ ਵਜੋਂ ਅੰਕਿਤ ਹੈ। ਦੇਸ਼ ਅੰਦਰ ਆਰਥਿਕ ਅਤੇ ਰਾਜਨੀਤਕ ਤੌਰ ’ਤੇ ਘਿਰੀ ਤੱਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਸੰਸਾਰ ਦੇ ਸਭ ਤੋਂ ਵੱਡੇ ਜਮਹੂਰੀਅਤ ਵਾਲੇ ਮੁਲਕ ਦੇ ਸੰਵਿਧਾਨਕ ਢਾਂਚੇ ਨੂੰ ਤਹਿਸ-ਨਹਿਸ ਕਰਕੇ ਅਣਮਿੱਥੇ ਸਮੇਂ ਲਈ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਇਸ ਨਾਲ ਸੰਵਿਧਾਨਕ ਤੇ ਜਮਹੂਰੀ ਅਧਿਕਾਰ ਮੁਅੱਤਲ ਕਰ ਦਿੱਤੇ ਗਏ। ਮੁਲਕ ਅੰਦਰ ਚਾਰੇ ਪਾਸੇ ਡਰ, ਭੈਅ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ, ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਤੇ ਸਰਕਾਰੀ ਫ਼ੈਸਲੇ ਵਿਰੁੱਧ ਅਪੀਲ, ਦਲੀਲ ਦਾ ਦੌਰ ਖ਼ਤਮ ਹੋ ਚੁੱਕਿਆ ਸੀ। ਸਾਰਾ ਦੇਸ਼ ਜੇਲ੍ਹ ਖਾਨਾ ਜਾਪਣ ਲੱਗਿਆ ਸੀ ।
ਦੇਸ਼ ਵਿਚ ਐਮਰਜੈਂਸੀ ਲੱਗਣ ਦੇ ਚੌਥੇ-ਕੁ-ਦਿਨ ਮੈਂ ਪਟਿਆਲੇ ਤੋਂ ਚੰਦੂਮਾਜਰਾ ਜਾਣ ਲਈ ਬੱਸ ਫੜ ਕੇ ਜਿਵੇਂ ਹੀ ਰਾਜਪੁਰੇ ਬੱਸ ਅੱਡੇ ’ਤੇ ਉਤਰਿਆ ਤਾਂ ਪੁਲੀਸ ਦੀ ਟੀਮ ਨੇ ਮੈਨੂੰ ਘੇਰਾ ਪਾ ਕੇ ਦਬੋਚ ਲਿਆ। ਮੇਰੇ ਵੱਲੋਂ ਪੁਲੀਸ ਨੂੰ ਕਾਰਨ ਪੁੱਛਣ ’ਤੇ ਥਾਣੇਦਾਰ ਨੇ ਹਵਾਲਾ ਦਿੰਦਿਆਂ ਕਿਹਾ ਕਿ ਥਾਣੇ ਵਿਚ ਬੈਠੇ ਡੀ.ਐੱਸ.ਪੀ. ਨੇ ਤੁਹਾਨੂੰ ਗੱਲ ਕਰਨ ਲਈ ਬੁਲਾਇਆ ਹੈ। ਸ਼ਾਮ ਤਕ ਜਦੋਂ ਡੀ.ਐੱਸ.ਪੀ. ਨਾ ਆਇਆ ਤਾਂ ਥਾਣੇਦਾਰ ਕਹਿਣ ਲੱਗਿਆ ਡਿਪਟੀ ਸਾਹਿਬ ਕੱਲ੍ਹ ਸਵੇਰ ਆਉਣਗੇ ਅਤੇ ਗੱਲਬਾਤ ਕਰਕੇ ਹੀ ਅਗਲਾ ਫ਼ੈਸਲਾ ਕਰਨਗੇ। ਉਸ ਵੇਲੇ ਤਕ ਮੈਨੂੰ ਇਹ ਪਤਾ ਲੱਗ ਚੁੱਕਿਆ ਸੀ ਕਿ ਮੇਰੀ ਹਿਰਾਸਤ ਦਾ ਕਾਰਨ ਮੁਲਕ ਵਿਚ ਲੱਗੀ ਐਮਰਜੈਂਸੀ ਹੀ ਹੈ, ਹੋਰ ਕੋਈ ਨਹੀਂ। ਮੈਨੂੰ ਗ੍ਰਿਫ਼ਤਾਰ ਕਰਨ ਦਾ ਕਾਰਨ ਸੀ ਕਿ ਅਸੀਂ ‘ਪੰਜਾਬ ਸਟੂਡੈਂਟਸ ਯੂਨੀਅਨ’ ਵੱਲੋਂ ਪਟਿਆਲਾ ਇਲਾਕੇ ਵਿਚ ਐਮਰਜੈਂਸੀ ਦਾ ਵਿਰੋਧ ਕਰਨ ਦੀ ਹੱਥ ਲਿਖਤ ਅਪੀਲ ਵੰਡ ਦਿੱਤੀ ਸੀ। ਦੂਜੇ ਦਿਨ ਪੁਲੀਸ ਦਾ ਇਕ ਡੀ. ਐੱਸ.ਪੀ. ਕਹਿਣ ਲੱਗਿਆ ਕਿ ਅਸੀਂ ਤੁਹਾਨੂੰ ਸਿਰਫ਼ ਇਕ ਸ਼ਰਤ ’ਤੇ ਹੀ ਛੱਡ ਸਕਦੇ ਹਾਂ ਕਿ ਤੁਸੀਂ ਐਮਰਜੈਂਸੀ ਦੀ ਹਮਾਇਤ ਵਿਚ ਇਕ ਪ੍ਰੈੱਸ ਬਿਆਨ ਜਾਰੀ ਕਰ ਦਿਓ। ਮੇਰੇ ਨਾਂਹ ਕਰਨ ’ਤੇ ਉਸਨੇ ਧਮਕੀ ਭਰੇ ਲਹਿਜ਼ੇ ਵਿਚ ਬੁਰੇ ਨਤੀਜੇ ਭੁਗਤਣ ਤੋਂ ਬਚਣ ਦੀ ਸਲਾਹ ਦਿੱਤੀ। ਅਗਲੇ ਪੂਰੇ ਪੰਦਰਾਂ ਦਿਨ ਮੈਨੂੰ ਰਾਜਪੁਰੇ ਥਾਣੇ ਵਿਚ ਰੱਖ ਕੇ ਐਮਰਜੈਂਸੀ ਦੀ ਹਮਾਇਤ ਕਰਨ ਲਈ ਮੇਰੇ ’ਤੇ ਹਰ ਤਰ੍ਹਾਂ ਦਾ ਦਬਾਅ ਪਾਇਆ ਗਿਆ। ਉਸ ਵੇਲੇ ਚੰਡੀਗੜ੍ਹ ਵਿਚ ਡੀ.ਆਈ.ਜੀ. ਇੰਟੈਲੀਜੈਂਸ ਵਜੋਂ ਤਾਇਨਾਤ ਕੋਈ ਬਾਵਾ (ਉਪ ਨਾਂ) ਵਾਲਾ ਪੁਲੀਸ ਅਫ਼ਸਰ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਉਚੇਚਾ ਮੈਨੂੰ ਮਨਾਉਣ ਲਈ ਭੇਜਿਆ। ਹਰ ਤਰ੍ਹਾਂ ਦੇ ਡਰਾਵੇ ਅਤੇ ਲਾਲਚ ਦੇ ਕੇ ਸਰਕਾਰ ਮੇਰੇ ਕੋਲੋਂ ਐਮਰਜੈਂਸੀ ਦੀ ਹਮਾਇਤ ਕਰਵਾਉਣ ਵਿਚ ਕਾਮਯਾਬ ਨਾ ਹੋਈ ਤਾਂ ਆਖਰ ਮੇਰੇ ਉੱਤੇ ਮੀਸਾ (ਅੰਦਰੂਨੀ ਸੁਰੱਖਿਆ ਐਕਟ) ਲਾ ਕੇ ਮੈਨੂੰ ਪਟਿਆਲਾ ਜੇਲ੍ਹ ਵਿਚ ਭੇਜ ਦਿੱਤਾ ਗਿਆ।

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ*

ਜਦੋਂ ਪਟਿਆਲਾ ਜੇਲ੍ਹ ਦੀ ਡਿਉਢੀ ਵਿਚ ਮੈਨੂੰ ਸਮੱਗਲਰਾਂ ਦੇ ਅਹਾਤੇ ਵਿਚ ਬੰਦ ਕਰਨ ਦਾ ਹੁਕਮ ਸੁਣਾਇਆ ਗਿਆ ਤਾਂ ਮੈਂ ਪਹਿਲਾਂ ਤੋਂ ਹੀ ਸਹਿਮਿਆ ਹੋਇਆ ਹੋਰ ਡਰ ਗਿਆ, ਪਰ ਇਹ ਡਰ ਉਸ ਵੇਲੇ ਦੂਰ ਹੋ ਗਿਆ ਜਦੋਂ ਉਨ੍ਹਾਂ ‘ਪਾੜ੍ਹਾ’ ਆਖ ਮੇਰਾ ਸਵਾਗਤ ਕੀਤਾ। ਅਗਲੇ ਹੀ ਦਿਨ ਅਕਾਲੀ ਆਗੂ ਜਸਵਿੰਦਰ ਸਿੰਘ ਬਰਾੜ ਅਤੇ ਬਾਅਦ ਵਿਚ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਐਮਰਜੈਂਸੀ ਖਿਲਾਫ਼ ਇਕ ਸਾਂਝਾ ਐਲਾਨਨਾਮਾ ਜਾਰੀ ਕਰਕੇ ਸ਼ੁਰੂ ਕੀਤੇ ਮੋਰਚੇ ਦੌਰਾਨ ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਆਤਮਾ ਸਿੰਘ, ਬਸੰਤ ਸਿੰਘ ਖਾਲਸਾ ਆਦਿ ਨੇਤਾ ਆਪਣੇ-ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕਰਕੇ ਅਣਮਿੱਥੇ ਸਮੇਂ ਲਈ ਜੇਲ੍ਹ ਆ ਬਿਰਾਜੇ। ਉਸ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ, ਹਿੰਦ ਸਮਾਚਾਰ ਸਮੂਹ ਦੇ ਬਾਨੀ ਲਾਲਾ ਜਗਤ ਨਰਾਇਣ ਅਤੇ ਜਨਤਾ ਪਾਰਟੀ ਦੇ ਸੀਨੀਅਰ ਆਗੂ ਬਲਰਾਮ ਜੀ ਦਾਸ ਟੰਡਨ ਵੀ ਪਟਿਆਲਾ ਜੇਲ੍ਹ ਵਿਚ ਹੀ ਭੇਜ ਦਿੱਤੇ ਗਏ। ਦੇਸ਼ ਉੱਤੇ ‘ਅੰਦਰੂਨੀ ਐਮਰਜੈਂਸੀ’ ਠੋਸੀ ਹੋਣ ਕਰਕੇ ਦੇਸ਼ ਵਿਚ ਅਜਿਹੇ ਹਾਲਾਤ ਪੈਦਾ ਹੋ ਗਏ ਜਿਸਦੇ ਫਲਸਰੂਪ ਸ਼ੁਰੂਆਤੀ ਦੌਰ ਵਿਚ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ, ਧੜਾਧੜ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ, ਅਖ਼ਬਾਰਾਂ ਉੱਤੇ ਲਾਈ ਸੈਂਸਰਸ਼ਿਪ ਅਤੇ ਸਰਕਾਰੀ ਸਾਧਨਾਂ ਰਾਹੀਂ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਕਾਰਨ ਆਮ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ। ਮੇਰੇ ਹੀ ਨੇੜਲੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੇ ਪਰਿਵਾਰ ਨੂੰ ਇਹ ਕਹਿ ਕਿ ਡਰਾਉਣਾ ਸ਼ੁਰੂ ਕਰ ਦਿੱਤਾ ਸੀ, ‘ਪ੍ਰੇਮ ਨੂੰ ਕਹੋ ਕਿ ਐਮਰਜੈਂਸੀ ਦੀ ਹਮਾਇਤ ਦਾ ਬਿਆਨ ਦੇ ਕੇ ਬਾਹਰ ਆ ਜਾਵੇ ਨਹੀਂ ਤਾਂ ਸਾਰੀ ਉਮਰ ਜੇਲ੍ਹ ਵਿਚ ਹੀ ਸੜੂਗਾ।’ ਇੱਥੋਂ ਤਕ ਕਿ ਮੇਰੇ ਸਹੁਰੇ ਪਰਿਵਾਰ ਨੂੰ ਡਰਾ ਕੇ ਰਿਸ਼ਤਾ ਤੜਵਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ। ਇਨ੍ਹਾਂ ਡਰਾਉਣ, ਧਮਕਾਉਣ ਵਾਲਿਆਂ ਵਿਚ ਗਿਆਨੀ ਜ਼ੈਲ ਸਿੰਘ ਦੇ ਮੰਤਰੀ ਮੰਡਲ ਦੇ ਸੀਨੀਅਰ ਵਜ਼ੀਰ ਵੀ ਸ਼ਾਮਲ ਸਨ।
ਹੌਲੀ-ਹੌਲੀ ਪਟਿਆਲੇ ਦੀ ਪੂਰੀ ਜੇਲ੍ਹ ਹੀ ਰਾਜਨੀਤਕ ਰੰਗਤ ਵਿਚ ਰੰਗੀ ਜਾਣ ਕਾਰਨ ਮੈਂ ਪੂਰੀ ਤਰ੍ਹਾਂ ਨਿਰਭੈਅ ਹੋ ਗਿਆ ਅਤੇ ਕਿਸੇ ਵੀ ਕੀਮਤ ’ਤੇ ਐਮਰਜੈਂਸੀ ਦੀ ਹਮਾਇਤ ਨਾ ਕਰਨ ’ਤੇ ਅੜ ਗਿਆ। ਉਂਜ ਵੀ ਉਸ ਸਮੇਂ ਮੀਸਾ ਤਹਿਤ ਨਜ਼ਰਬੰਦ ਕੀਤੇ ਗਏ ਸਾਰੇ ਆਗੂਆਂ ਵਿਚੋਂ ਮੈਂ ਸਭ ਤੋਂ ਛੋਟੀ ਉਮਰ ਦਾ ਹੋਣ ਕਾਰਨ ਸਾਰੇ ਹੀ ਆਗੂਆਂ ਵੱਲੋਂ ਦਿੱਤੇ ਜਾਂਦੇ ਪਿਆਰ ਅਤੇ ਸਤਿਕਾਰ ਸਦਕਾ ਮੇਰੀ ਦ੍ਰਿੜਤਾ ਹੋਰ ਵੀ ਪਰਿਪੱਕ ਹੋ ਗਈ ਸੀ। ਜਿਵੇਂ ਸਮੇਂ ਦਾ ਦੌਰ ਬੀਤਦਾ ਗਿਆ ਤਾਂ ਮੈਨੂੰ ਇਹ ਵਕਤ ਮੇਰੀ ਸ਼ਖ਼ਸੀਅਤ ਉਸਾਰੀ ਵਿਚ ਸਹਾਈ ਹੁੰਦਾ ਜਾਪਣ ਲੱਗਾ। ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਸੀਨੀਅਰ ਆਗੂਆਂ ਦੀ ਸੰਗਤ ਨੇ ਮੇਰੀ ਰਾਜਸੀ ਸੋਚ ਵਿਚ ਤਬਦੀਲੀ ਵੀ ਲਿਆਂਦੀ ਅਤੇ ਸਪੱਸ਼ਟਤਾ ਵੀ। ਬਾਅਦ ਵਿਚ ਜਨਤਾ ਪਾਰਟੀ ਦੇ ਵੱਡੇ ਆਗੂ ਵਜੋਂ ਸਥਾਪਤ ਹੋਏ ਕ੍ਰਿਪਾਲ ਸਿੰਘ ਨੇ ਮੈਨੂੰ ਜੇਲ੍ਹ ਵਿਚ ਰਾਜਨੀਤੀ ਸ਼ਾਸਤਰ ਦੀ ਐੱਮ.ਏ. ਕਰਨ ਲਈ ਉਤਸ਼ਾਹਿਤ ਕਰਨ ਦੇ ਨਾਲ-ਨਾਲ ਪੜ੍ਹਾਉਣ ਵਿਚ ਵੀ ਮਦਦ ਕੀਤੀ।
ਐਮਰਜੈਂਸੀ ਦੌਰਾਨ ਜੇਲ੍ਹ ਵਿਚ ਮੇਰੀ ਨਜ਼ਰਬੰਦੀ ਨੇ ਹੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਮੁੱਢ ਬੰਨ੍ਹਿਆ। ਇਲਾਕਾਈ ਸਾਂਝ ਹੋਣ ਕਾਰਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਿਨਾਂ ਮੇਰੀ ਕਿਸੇ ਹੋਰ ਅਕਾਲੀ ਲੀਡਰ ਨਾਲ ਕੋਈ ਜਾਣ ਪਛਾਣ ਨਹੀਂ ਸੀ ਅਤੇ ਨਾ ਰਾਜਨੀਤੀ ਵਿਚ ਬਹੁਤੀ ਦਿਲਚਸਪੀ ਸੀ। ਇਕ ਸਾਧਾਰਨ ਕਿਸਾਨ ਦਾ ਪੁੱਤ ਹੋਣ ਕਰਕੇ ਰਾਜਨੀਤਕ ਅਹੁਦੇ ਆਪਣੀ ਪਹੁੰਚ ਤੋਂ ਦੂਰ ਲੱਗਦੇ ਸਨ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੜ੍ਹਾਈ ਪੂਰੀ ਹੋਣ ਕਾਰਨ ਮੇਰਾ ਨਿਸ਼ਾਨਾ ਉਸ ਵੇਲੇ ਕਿਸੇ ਕਾਲਜ ਵਿਚ ਲੈਕਚਰਾਰ ਲੱਗਣ ਤਕ ਹੀ ਸੀਮਤ ਸੀ, ਪਰ ਫਿਰੋਜ਼ਪੁਰ ਜੇਲ੍ਹ ਵਿਚ ਪੇਸ਼ੀ ਭੁਗਤਣ ਆਏ ਜਥੇਦਾਰ ਗੁਰਚਰਨ ਸਿਘ ਟੌਹੜਾ ਨੂੰ ਜਦੋਂ ਪਟਿਆਲਾ ਜੇਲ੍ਹ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਆਉਂਦਿਆਂ ਹੀ ਆਪਣਾ ਬਿਸਤਰਾ ਮੇਰੇ ਅਹਾਤੇ ਵਿਚ ਲਵਾ ਲਿਆ। ਉਸ ਤੋਂ ਬਾਅਦ ਜਦੋਂ ਉਹ ਪੇਸ਼ੀ ਭੁਗਤਣ ਪਟਿਆਲਾ ਆਉਂਦੇ ਤਾਂ ਉਹ ਮੇਰੇ ਕੋਲ ਹੀ ਰਹਿੰਦੇ। ਜੇਲ੍ਹ ਦੀ ਇਸ ਨਜ਼ਰਬੰਦੀ ਦੌਰਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਬਣੇ ਅਤਿ ਨੇੜਲੇ ਸਬੰਧਾਂ ਨੇ ਮੈਨੂੰ ਸਰਗਰਮ ਰਾਜਨੀਤੀ ਵਿਚ ਪ੍ਰਵੇਸ਼ ਕਰਵਾ ਦਿੱਤਾ।
ਇਕ ਦਿਨ ਪੇਸ਼ੀ ਭੁਗਤਣ ਆਏ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਜੇਲ੍ਹ ਦੀ ਡਿਉਢੀ ਵਿਚ ਅਕਾਲੀ ਤੇ ਜਨਸੰਘ ਆਗੂ ਪੁੱਛਣ ਲੱਗੇ ਕਿ ਤੁਹਾਡੇ ਖਿਆਲ ਵਿਚ ਐਮਰਜੈਂਸੀ ਅਜੇ ਕਿੰਨਾ ਕੁ ਸਮਾਂ ਹੋਰ ਚੱਲਗੀ ਤਾਂ ਉਨ੍ਹਾਂ ਸਹਿਜ ਸੁਭਾਅ ਕਿਹਾ ਕਿ ਬਾਰਾਂ ਕੁ ਸਾਲ ਤਾਂ ਹੋਰ ਚੱਲੇਗੀ ਤਾਂ ਉੱਥੇ ਮੌਜੂਦ ਬਟਾਲੇ ਦਾ ਇਕ ਜਨਸੰਘੀ ਆਗੂ ਧਰਮਪਾਲ ਗੱਸ਼ ਖਾ ਕੇ ਹੀ ਧਰਤੀ ’ਤੇ ਡਿੱਗ ਪਿਆ ਅਤੇ ਜਨਸੰਘ ਦਾ ਹੀ ਇਕ ਹੋਰ ਆਗੂ ਪੰਨਾ ਲਾਲ ਨਈਅਰ ਦੇ ਹੱਥ ਵਿਚੋਂ ਚਾਹ ਦੀ ਪਿਆਲੀ ਛੁੱਟ ਕੇ ਹੇਠਾਂ ਡਿੱਗ ਪਈ। ਜਦੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਜਥੇਦਾਰ ਟੌਹੜਾ ਨੂੰ ਮਜ਼ਾਕੀਆ ਲਹਿਜ਼ੇ ਵਿਚ ਹੱਸਦਿਆਂ ਕਿਹਾ, ‘ਤੂੰ ਕਿਹੜਾ ਰੱਬ ਨੂੰ ਮਿਲਕੇ ਆਇਆਂ, ਤੈਨੂੰ ਕੀ ਪਤਾ ਐਮਰਜੈਂਸੀ ਬਾਰਾਂ ਸਾਲ ਚੁੱਕੀ ਨਹੀਂ ਜਾਣੀ?’ ਜਥੇਦਾਰ ਟੌਹੜਾ ਨੇ ਜਵਾਬ ਦਿੰਦਿਆਂ ਕਿਹਾ ਸ੍ਰੀਲੰਕਾ ਦੀ ਪ੍ਰਧਾਨ ਮੰਤਰੀ ਭੰਡਾਰ ਨਾਇਕੇ ਨੇ ਆਪਣੇ ਮੁਲਕ ਵਿਚ ਬਾਰਾਂ ਸਾਲ ਐਮਰਜੈਂਸੀ ਲਾ ਕੇ ਰੱਖੀ ਹੈ, ਉਸੇ ਦੀ ਭੈਣ ਇੰਦਰਾ ਗਾਂਧੀ ਹੈ, ਓਨਾ ਸਮਾਂ ਤਾਂ ਇਹ ਵੀ ਲਾਊਗੀ ਹੀ। ਉਨ੍ਹਾਂ ਦੇ ਇਹ ਕਹਿਣ ’ਤੇ ਮਾਹੌਲ ਥੋੜ੍ਹਾ ਹਲਕਾ ਹੋਇਆ।
ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਅਕਾਲੀ ਆਗੂਆਂ ਨੂੰ 18 ਜਨਵਰੀ, 1977 ਨੂੰ ਰਿਹਾਅ ਕਰ ਦਿੱਤਾ ਗਿਆ, ਪਰ ਮੇਰੀ ਨਜ਼ਰਬੰਦੀ ਜਾਰੀ ਰਹੀ। ਦੇਸ਼ ਅੰਦਰ 16 ਤੋਂ 20 ਮਾਰਚ ਤਕ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ 21 ਮਾਰਚ ਦੀ ਰਾਤ ਨੂੰ ਆਉਣੇ ਸ਼ੁਰੂ ਹੋਏ। ਨਤੀਜਿਆਂ ਦੌਰਾਨ ਸੰਜੇ ਗਾਂਧੀ ਦੇ ਚੋਣ ਹਾਰਨ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਪਤਾ ਲੱਗਾ ਕਿ ਇੰਦਰਾ ਗਾਂਧੀ ਵੀ ਚੋਣ ਹਾਰ ਗਈ, ਹਾਰ ਦੀ ਖ਼ਬਰ ਸੁਣਦਿਆਂ ਸਾਰ ਹੀ ਜੇਲ੍ਹ ਵਿਚ ਖੁਸ਼ੀ ਦਾ ਮਾਹੌਲ ਹੋ ਗਿਆ। ਅਗਲੇ ਦਿਨ 22 ਮਾਰਚ ਨੂੰ ਸਵੇਰੇ ਸੱਤ ਵਜੇ ਕੇਂਦਰੀ ਮੰਤਰੀ ਮੰਡਲ ਵੱਲੋਂ ਐਮਰਜੈਂਸੀ ਹਟਾਉਣ ਦਾ ਐਲਾਨ ਹੋਣ ਨਾਲ ਮੇਰੀ ਰਿਹਾਈ ਦਾ ਰਾਹ ਵੀ ਪੱਧਰਾ ਹੋ ਗਿਆ। ਇਸ ਕਾਲੇ ਦੌਰ ਦੌਰਾਨ 21 ਮਹੀਨਿਆਂ ਦੀ ਜੇਲ੍ਹ ਕੱਟਣ ਤੋਂ ਬਾਅਦ 22 ਮਾਰਚ, 1977 ਨੂੰ ਮੇਰੀ ਵੀ ਰਿਹਾਈ ਦੇ ਹੁਕਮ ਆ ਗਏ। ਦੇਸ਼ ਅੰਦਰ ਲਗਾਤਾਰ 21 ਮਹੀਨੇ ਚੱਲੀ ਇਸ ਐਮਰਜੈਂਸੀ ਨੇ ਜਿੱਥੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ, ਰਾਜਨੀਤਕ ਅਤੇ ਆਰਥਿਕ ਤੌਰ ’ਤੇ ਦੇਸ਼ ਦਾ ਘਾਣ ਕੀਤਾ, ਉੱਥੇ ਹੀ ਐਮਰਜੈਂਸੀ ਦੇ ਇਸ ਦੌਰ ਨੇ ਮੁਲਕ ਦੇ ਇਤਿਹਾਸ ਵਿਚ ਨਵੀਆਂ ਪੈੜਾ ਛੱਡਦਿਆਂ ਅਨੇਕਾਂ ਉੱਘੇ ਸਮਾਜਿਕ, ਰਾਜਨੀਤਕ, ਚਿੰਤਕ ਅਤੇ ਬੁੱਧੀਜੀਵੀਆਂ ਨੂੰ ਸੌਗਾਤ ਵਜੋਂ ਦੇਸ਼ ਦੇ ਹਵਾਲੇ ਕੀਤਾ।

*ਸਾਬਕਾ ਲੋਕ ਸਭਾ ਮੈਂਬਰ
ਸੰਪਰਕ: 98889-00070


Comments Off on 1975 ਦੀ ਐਮਰਜੈਂਸੀ : ਜੇਲ੍ਹ ਯਾਤਰਾ ਦੀਆਂ ਯਾਦਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.